ਅਭਿਜੀਤ ਨੇ ਜਿੱਤਿਆ ਦਿੱਲੀ ਇੰਟਰਨੈਸ਼ਨਲ ਗ੍ਰੈਂਡ ਮਾਸਟਰ

01/17/2020 2:00:12 AM

ਨਵੀਂ ਦਿੱਲੀ - ਦਿੱਲੀ ਇੰਟਰਨੈਸ਼ਨਲ ਸ਼ਤਰੰਜ ਨੂੰ ਆਖਿਰਕਾਰ ਲੰਬੇ ਸਮੇਂ ਤੋਂ ਬਾਅਦ ਕੋਈ ਭਾਰਤੀ ਜੇਤੂ ਮਿਲਿਆ ਹੈ। ਆਖਰੀ 10ਵੇਂ ਰਾਊਂਡ ਵਿਚ ਪਹਿਲੇ ਬੋਰਡ 'ਤੇ ਅਭਿਜੀਤ ਗੁਪਤਾ ਨੇ ਬੇਲਾਰੂਸ ਦੇ ਅਲੈਕਸੇਜ ਅਲੈਕਸਾਂਦ੍ਰੋਵ ਨੂੰ ਹਰਾਉਂਦਿਆਂ ਖਿਤਾਬ ਆਪਣੇ ਨਾਂ ਕਰ ਲਿਆ। ਅੱਜ ਜਦੋਂ ਮੈਚ ਸ਼ੁਰੂ ਹੋਇਆ ਤਾਂ ਅਭਿਜੀਤ 7.5 ਅਤੇ ਅਲੈਕਸੇਜ 8 ਅੰਕਾਂ 'ਤੇ ਸੀ, ਅਜਿਹੇ ਵਿਚ ਅਭਿਜੀਤ ਨੂੰ ਕਿਸੇ ਵੀ ਕੀਮਤ 'ਤੇ ਜਿੱਤ ਦੀ ਲੋੜ ਸੀ ਅਤੇ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਅਭਿਜੀਤ ਨੇ ਨਿਮਜੋ ਇੰਡੀਅਨ ਵਿਰੁੱਧ ਅਲੈਕਸੇਜ ਦੇ ਰਾਜੇ ਉੱਪਰ ਜ਼ੋਰਦਾਰ ਹਮਲਾ ਕਰਦਿਆਂ 37 ਚਾਲਾਂ ਵਿਚ ਜਿੱਤ ਦਰਜ ਕਰ ਲਈ।
ਹਾਰ ਜਾਣ ਤੋਂ ਬਾਅਦ ਅਲੈਕਸੇਜ 8 ਅੰਕਾਂ 'ਤੇ 4 ਹੋਰਨਾਂ ਖਿਡਾਰੀਆਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਪਹੁੰਚ ਗਿਆ ਪਰ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਉਹ ਦੂਜੇ ਸਥਾਨ 'ਤੇ ਰਿਹਾ, ਜਦਕਿ ਰੂਸ ਦਾ ਪਾਵੇਲ ਪੋਂਕਰਟੋਵ, ਜਾਰਜੀਆ ਦਾ ਲੇਵਨ ਪੰਟੁਸੂਲੀਆ ਅਤੇ ਭਾਰਤ ਦਾ ਐੱਸ. ਪ੍ਰਣੇਸ਼ ਕ੍ਰਮਵਾਰ ਤੀਜੇ ਅਤੇ 5ਵੇਂ ਸਥਾਨ 'ਤੇ ਰਹੇ। ਭਾਰਤ ਦੇ 13 ਸਾਲਾ ਐੱਮ. ਪ੍ਰਣੇਸ਼ ਨੂੰ ਉਸਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਗ੍ਰੈਂਡ ਮਾਸਟਰ ਨਾਰਮ ਮਿਲਿਆ ਅਤੇ ਅਮੇਯ ਆਡੀ ਭਾਰਤ ਦਾ ਨਵੀਨ ਇੰਟਰਨੈਸ਼ਨਲ ਮਾਸਟਰ ਬਣ ਗਿਆ।

Gurdeep Singh

This news is Content Editor Gurdeep Singh