ਅਭਿਜੀਤ-ਸਵਾਤੀ ਬਣੇ ਕਾਮਨਵੈਲਥ ਸ਼ਤਰੰਜ ਚੈਂਪੀਅਨ

07/11/2017 2:51:49 AM

ਨਵੀਂ ਦਿੱਲੀ— ਗ੍ਰੈਂਡ ਮਾਸਟਰ ਤੇ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਅਭਿਜੀਤ ਗੁਪਤਾ ਨੇ ਨਵਾਂ ਇਤਿਹਾਸ ਰਚਦਿਆਂ ਰਿਕਾਰਡ ਚੌਥੀ ਵਾਰ ਕਾਮਨਵੈਲਥ ਸ਼ਤਰੰਜ ਚੈਂਪੀਅਨਸ਼ਿਪ ਜਿੱਤਣ ਦਾ ਕਾਰਨਾਮਾ ਕਰ ਦਿੱਤਾ। ਆਸਟ੍ਰੇਲੀਆ ਦੇ ਇੰਟਰਨੈਸ਼ਨਲ ਮਾਸਟਰ ਐਲਕਜ਼ੈਂਡਰ ਵਹੋਲ ਨੂੰ ਹਰਾਉਂਦਿਆਂ ਉਸ ਨੇ ਇਹ ਖਿਤਾਬੀ ਜਿੱਤ ਦਰਜ ਕੀਤੀ। ਅਭਿਜੀਤ ਲਈ ਇਹ ਚੌਥਾ ਸੋਨ ਤਮਗਾ ਹੈ ਤੇ ਅਜਿਹਾ ਕਰਕੇ ਉਸ ਨੇ ਇੰਗਲੈਂਡ ਦੇ ਧਾਕੜ ਗ੍ਰੈਂਡ ਮਾਸਟਰ ਨਾਈਜਲ ਸ਼ਾਰਟ ਨੂੰ ਪਛਾੜ ਦਿੱਤਾ ਹੈ।  ਭਾਰਤ ਨੇ ਪੁਰਸ਼ ਤੇ ਮਹਿਲਾ ਦੋਵਾਂ ਵਰਗਾਂ 'ਚ ਕਲੀਨ ਸਵੀਪ ਕਰਦਿਆਂ ਤਿੰਨੋਂ ਤਮਗਿਆਂ 'ਤੇ ਕਬਜ਼ਾ ਕੀਤਾ। ਦੂਜੇ ਸਥਾਨ 'ਤੇ ਵੈਭਵ ਸੂਰੀ ਰਿਹਾ, ਜਿਸ ਨੇ ਕੁਲ 7 ਅੰਕ ਬਣਾਏ ਤੇ 7 ਅੰਕਾਂ ਨਾਲ ਹੀ ਤੇਜਸ ਬਾਕਰੇ ਤੀਜੇ ਸਥਾਨ 'ਤੇ ਰਿਹਾ।  ਮਹਿਲਾ ਵਰਗ ਵਿਚ ਇਹ ਖਿਤਾਬ ਇਸ ਵਾਰ ਭਾਰਤੀ ਗ੍ਰੈਂਡ ਮਾਸਟਰ ਸਵਾਤੀ ਘਾਟੇ ਨੇ ਆਪਣੇ ਨਾਂ ਕਰਦਿਆਂ ਸੋਨ ਤਮਗੇ 'ਤੇ ਕਬਜ਼ਾ ਕੀਤਾ। ਮੈਰੀ ਗੋਮਸ ਨੇ ਚਾਂਦੀ ਤਮਗਾ ਤਾਂ ਪਿਛਲੀ ਵਾਰ ਦੀ ਸੋਨ ਤਮਗਾ ਜੇਤੂ ਤਨੀਆ ਸਚਦੇਵਾ ਨੇ ਸ਼ੁਰੂਆਤ ਦੇ ਖਰਾਬ ਪ੍ਰਦਰਸ਼ਨ ਤੋਂ ਉੱਭਰ ਕੇ ਅੰਤ ਕਾਂਸੀ ਤਮਗਾ ਆਪਣੇ ਨਾਂ ਕੀਤਾ।