44ਵੀਂ ਰਾਸ਼ਟਰੀ ਮਹਿਲਾ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ : ਪਦਮਿਨੀ ਫਿਰ ਸਿੰਗਲ ਬੜ੍ਹਤ ''ਤੇ

12/01/2017 9:31:40 AM

ਸੂਰਤ, (ਬਿਊਰੋ)— ਭਾਰਤ ਦੀਆਾਂ ਚੋਟੀ ਦੀਆਂ ਖਿਡਾਰਨਾਂ ਵਿਚਾਲੇ ਚੱਲ ਰਹੀ 44ਵੀਂ ਰਾਸ਼ਟਰੀ ਮਹਿਲਾ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ ਵਿਚ ਵੀਰਵਾਰ ਨੂੰ ਜਦੋਂ ਮੁਕਾਬਲਾ ਸ਼ੁਰੂ ਹੋਇਆ ਤਾਂ ਪੀ. ਐੱਸ. ਪੀ. ਬੀ. ਦੀ ਪਦਮਿਨੀ ਰਾਊਤ, ਤਾਮਿਲਨਾਡੂ ਦੀ ਨੰਧਿਧਾ ਪੀ. ਵੀ. ਤੇ ਏਅਰ ਇੰਡੀਆ ਦੀ ਮੀਨਾਕਸ਼ੀ ਸੁਬਰਾਮਣੀਅਮ 4 ਅੰਕਾਂ ਨਾਲ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਸਨ ਪਰ ਜਦੋਂ ਨਤੀਜਾ ਆਇਆ ਤਾਂ ਹੁਣ ਸਿਰਫ ਪਦਮਿਨੀ 5 ਅੰਕਾਂ ਨਾਲ ਸਿੰਗਲ ਬੜ੍ਹਤ 'ਤੇ ਜਾ ਪਹੁੰਚੀ ਹੈ।

ਸਭ ਤੋਂ ਪਹਿਲਾਂ ਗੱਲ ਕਰੀਏ ਵੀਰਵਾਰ ਦੇ ਮਹੱਤਵਪੂਰਨ ਮੁਕਾਬਲੇ ਦੀ, ਜਿਹੜਾ ਕਿ ਪਦਮਿਨੀ ਤੇ ਨੰਧਿਧਾ ਵਿਚਾਲੇ ਖੇਡਿਆ ਗਿਆ। ਕਾਲੇ ਮੋਹਰਿਆਂ ਨਾਲ ਖੇਡ ਰਹੀ ਪਦਮਿਨੀ ਨੇ ਕਿੰਗ ਪਾਨ ਓਪਨਿੰਗ ਦਾ ਜਵਾਬ ਸਿਸਿਲੀਅਨ ਵੇਰੀਏਸ਼ਨ ਚੁਣ ਕੇ ਦਿੱਤਾ। ਸ਼ੁਰੂਆਤ ਤੋਂ ਨੰਧਿਧਾ ਨੇ ਸਫੈਦ ਮੋਹਰਿਆਂ ਦਾ ਭਰਪੂਰ ਫਾਇਦਾ ਚੁੱਕਦੇ ਹੋਏ ਪਦਮਿਨੀ 'ਤੇ ਦਬਾਅ ਬਣਾਇਆ ਪਰ ਪਦਮਿਨੀ ਨੇ ਸੰਤੁਲਤ ਚਾਲਾਂ ਚੱਲਦੇ ਹੋਏ ਹਾਲਾਤ ਕਦੇ ਬਿਗੜਨ ਨਹੀਂ ਦਿੱਤੇ ਤੇ ਸਮੇਂ-ਸਮੇਂ 'ਤੇ ਮੋਹਰਿਆਂ ਦੀ ਅਦਲਾ-ਬਦਲੀ ਹੁੰਦੀ ਰਹੀ। 

 

40 ਚਾਲਾਂ ਤੋਂ ਬਾਅਦ ਅਜਿਹਾ ਲੱਗਾ ਕਿ ਮੈਚ ਡਰਾਅ ਹੋ ਜਾਵੇਗਾ ਪਰ ਤਦ ਐਂਡਗੇਮ ਵਿਚ ਨੰਧਿਧਾ ਦੀ ਪਿਆਦੇ ਨਾਲ ਚੱਲੀ ਗਲਤ ਚਾਲ ਨਾਲ ਉਸਦਾ ਮਹੱਤਵਪੂਰਨ ਪਿਆਦਾ ਮਰ ਗਿਆ। ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਪਦਮਿਨੀ ਨੇ ਮੈਚ ਜਿੱਤ ਲਿਆ। ਅਜਿਹੇ ਵਿਚ ਉਸਦੀ ਦੂਜੀ ਵਿਰੋਧੀ ਮੀਨਾਕਸ਼ੀ ਸੁਬਰਾਮਣੀਅਮ ਨੂੰ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਪੀ. ਐੱਸ. ਪੀ. ਬੀ. ਦੀ ਸੌਮਿਆ ਸਵਾਮੀਨਾਥਨ ਦੇ ਹੱਥੋਂ ਹਾਰ ਨੇ ਪਦਮਿਨੀ ਨੂੰ ਸਿੰਗਲ ਬੜ੍ਹਤ ਦਿਵਾ ਦਿੱਤੀ।

ਕੌਣ ਕਿਸ ਨੰਬਰ 'ਤੇ 
6 ਰਾਊਂਡਾਂ ਤੋਂ ਬਾਅਦ ਪਦਮਿਨੀ 5 ਅੰਕਾਂ ਨਾਲ ਪਹਿਲੇ ਸਥਾਨ 'ਤੇ ਹੈ ਤੇ ਉਸ ਤੋਂ ਠੀਕ 1 ਅੰਕ ਪਿੱਛੇ 4 ਅੰਕਾਂ 'ਤੇ ਮੀਨਾਕਸ਼ੀ, ਨੰਧਿਧਾ, ਸੌਮਿਆ ਤੇ ਭਗਤੀ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਚੱਲ ਰਹੀਆਂ ਹਨ। ਮੈਰੀ ਗੋਮਸ 3.5 ਅੰਕਾਂ ਨਾਲ ਤੀਜੇ  ਸਥਾਨ 'ਤੇ ਹੈ। ਸਾਕਸ਼ੀ ਤੇ ਸਵਾਤੀ 2.5 ਅੰਕਾਂ 'ਤੇ, ਸਮ੍ਰਿਧਾ, ਬਾਲਾ ਤੇ ਕਿਰਣ 2 ਅੰਕਾਂ 'ਤੇ ਅਤੇ ਸ਼੍ਰਸ਼ਠੀ ਅੱਧੇ ਅੰਕ 'ਤੇ ਖੇਡ ਰਹੀ ਹੈ।