39 ਮੈਂਬਰੀ ਭਾਰਤੀ ਸ਼ਤਰੰਜ ਟੀਮ ਕਰੇਗੀ ਰੂਸ ਦਾ ਦੌਰਾ

02/16/2018 12:47:37 AM

ਨਵੀਂ ਦਿੱਲੀ- ਭਾਰਤ ਸਰਕਾਰ ਦੇ ਖੇਡ ਮੰਤਰਾਲਾ ਤੇ ਅਖਿਲ ਭਾਰਤੀ ਸ਼ਤਰੰਜ ਮਹਾਸੰਘ ਨੇ ਭਾਰਤ ਦੇ 39 ਮੈਂਬਰੀ ਦਲ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਤੇ ਮੁਸ਼ਕਿਲ ਓਪਨ ਗ੍ਰੈਂਡ ਮਾਸਟਰ ਟੂਰਨਾਮੈਂਟ ਐਰੋਫਲੋਟ ਓਪਨ ਵਿਚ ਹਿੱਸਾ ਲੈਣ ਲਈ ਮਨਜ਼ੂਰੀ ਦੇ ਦਿੱਤੀ ਹੈ। ਚੈਂਪੀਅਨਸ਼ਿਪ ਵਿਚ ਭਾਰਤ ਤੋਂ ਕੁਲ 18 ਪੁਰਸ਼, 17 ਮਹਿਲਾ ਖਿਡਾਰੀ ਤੇ 4 ਟ੍ਰੇਨਰ ਹਿੱਸਾ ਲੈਣਗੇ।
ਅਖਿਲ ਭਾਰਤੀ ਸ਼ਤਰੰਜ ਮਹਾਸੰਘ (ਏ. ਆਈ. ਸੀ. ਏ.) ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੌਰੇ ਨੂੰ ਪੂਰੀ ਤਰ੍ਹਾਂ ਨਾਲ ਭਾਰਤ ਸਰਕਾਰ  ਸਪਾਂਸਰ ਕਰੇਗੀ। ਭਾਰਤੀ ਸ਼ਤਰੰਜ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ, ਜਦੋਂ ਇੰਨੀ ਵੱਡੀ ਗਿਣਤੀ ਵਿਚ ਸ਼ਤਰੰਜ ਖਿਡਾਰੀਆਂ ਨੂੰ ਜਾਣ ਦਾ ਮੌਕਾ ਮਿਲਿਆ ਹੈ।   ਭਾਰਤ ਦੇ ਵਿਦਿਤ ਗੁਜਾਰਤੀ ਨੂੰ ਚੈਂਪੀਅਨਸ਼ਿਪ ਵਿਚ ਚੋਟੀ ਦਰਜਾ ਦਿੱਤਾ ਗਿਆ ਹੈ। ਭਾਰਤੀ ਟੀਮ ਵਿਚ ਇੰਟਰਨੈਸ਼ਨਲ ਮਾਸਟਰ ਲੰਕਾ ਰਵੀ, ਇੰਟਰਨੈਸ਼ਨਲ ਮਾਸਟਰ ਦਿਨੇਸ਼ ਸ਼ਰਮਾ, ਫਿਡੇ ਇੰਸਟ੍ਰਕਟਰ ਨਿਕਲੇਸ਼ ਜੈਨ ਤੇ ਐੱਸ. ਸੁਜਾਤਾ ਨੂੰ ਕੋਚ ਦੇ ਰੂਪ ਵਿਚ ਅਧਿਕਾਰਤ ਜਗ੍ਹਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਨਿਕਲੇਸ਼ ਜੈਨ ਪਿਛਲੇ ਕਰੀਬ 2 ਸਾਲਾਂ ਤੋਂ 'ਜਗ ਬਾਣੀ' ਲਈ ਸ਼ਤਰੰਜ ਮਾਹਿਰ ਦੇ ਤੌਰ 'ਤੇ ਲੇਖ ਲਿਖਦੇ ਰਹੇ ਹਨ।