IPL ਨਿਲਾਮੀ ਲਈ 332 ਖਿਡਾਰੀ ਸ਼ਾਰਟਲਿਸਟ, ਰਾਬਿਨ ਉਥੱਪਾ ਸਭ ਤੋਂ ਮਹਿੰਗੇ ਭਾਰਤੀ

12/12/2019 5:37:37 PM

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 13ਵੇਂ ਸੈਸ਼ਨ ਮਤਲਬ ਆਈ. ਪੀ. ਐੱਲ. 2020 ਲਈ 19 ਦਸੰਬਰ ਨੂੰ ਕੋਲਕਾਤਾ ਵਿਚ ਨਿਲਾਮੀ ਹੋਣੀ ਹੈ। ਇਸ ਤੋਂ ਪਹਿਲਾਂ ਨਿਲਾਮੀ ਵਿਚ ਕਿਹੜੇ-ਕਿਹੜੇ ਖਿਡਾਰੀਆਂ 'ਤੇ ਬੋਲੀ ਲੱਗ ਸਕਦੀ ਹੈ, ਇਹ ਤੈਅ ਹੋ ਗਿਆ ਹੈ। ਰਿਪੋਰਟਜ਼ ਮੁਤਾਬਕ, ਆਈ. ਪੀ. ਐੱਲ. ਦੀ ਗਵਰਨਿੰਗ ਕਾਊਂਸਿਲ ਨੇ ਸਾਰੇ ਫ੍ਰੈਂਚਾਈਜ਼ੀਆਂ ਨੂੰ ਬੁੱਧਵਾਰ ਨੂੰ ਸ਼ਾਰਟ ਲਿਸਟ ਕੀਤੇ ਗਏ ਖਿਡਾਰੀਆਂ ਦੀ ਸੂਚੀ ਭੇਜੀ ਹੈ। ਇਸ ਵਿਚ ਨਿਲਾਮੀ ਲਈ ਛਾਂਟੇ ਗਏ ਕੁਲ 971 ਵਿਚੋਂ 332 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਇਨ੍ਹਾਂ 332 ਵਿਚੋਂ 19 ਅਨਕੈਪਡ ਭਾਰਤੀ ਹਨ। ਫ੍ਰੈਂਚਾਈਜ਼ੀਆਂ ਦੀ ਬੇਨਤੀ 'ਤੇ ਆਈ. ਪੀ. ਐੱਲ. ਨੇ ਸੂਚੀ ਵਿਚ 24 ਨਵੇਂ ਖਿਡਾਰੀਆਂ ਨੂੰ ਸ਼ਾਮਲ ਕੀਤਾ ਹੈ।

ਆਈ. ਪੀ. ਐੱਲ. ਦੀਆਂ ਸਾਰੀਆਂ ਫ੍ਰੈਂਚਾਈਜ਼ੀਆਂ ਵੱਧ ਤੋਂ ਵੱਧ 73 ਖਿਡਾਰੀ ਹੀ ਖਰੀਦ ਸਕਦੀਆਂ ਹਨ। ਇਨ੍ਹਾਂ ਵਿਚੋਂ ਉਨ੍ਹਾਂ ਨੂੰ 29 ਵਿਦੇਸ਼ੀ ਖਰੀਦਣੇ ਹੋਣਗੇ। ਇਸ ਨਿਲਾਮੀ 'ਤੇ ਕੁਝ ਵੱਡੇ ਨਾਂਵਾਂ 'ਤੇ ਫ੍ਰੈਂਚਾਈਜ਼ੀਆਂ ਦੀ ਖਾਸ ਨਜ਼ਰ ਰਹੇਗੀ। ਇਨ੍ਹਾਂ ਵਿਚੋਂ ਸਭ ਤੋਂ ਪਹਿਲਾਂ ਨਾਂ ਗਲੈਨ ਮੈਕਸਵੈਲ ਦਾ ਲਿਆ ਜਾ ਰਿਹਾ ਹੈ। ਉਹ ਉਨ੍ਹਾਂ 7 ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਹੈ, ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਬੇਸ ਪ੍ਰਾਈਜ਼ ਹੈ। ਮੈਕਸਵੈਲ, ਪੈਟ ਕਮਿੰਸ, ਜੋਸ ਹੇਜ਼ਲਵੁੱਡ, ਮਿਸ਼ੇਲ ਮਾਰਸ਼, ਡੇਲ ਸਟੇਨ, ਕ੍ਰਿਸ ਮੌਰਿਸ ਅਤੇ ਐਂਜਲੋ ਮੈਥਿਊਜ਼ ਦਾ ਬੇਸ ਪ੍ਰਾਈਜ਼ 2 ਕਰੋੜ ਰੁਪਏ ਹੈ। ਇਹ ਆਈ. ਪੀ. ਐੱਲ. ਨਿਲਾਮੀ ਵਿਚ ਵੱਧ ਤੋਂ ਵੱਧ ਬੇਸ ਪ੍ਰਾਈਜ਼ ਹੈ।

ਮੈਕਸਵੈਲ ਦਾ ਨਿਲਾਮੀ ਵਿਚ ਸ਼ਾਮਲ ਹੋਣਾ ਕਾਫੀ ਹੈਰਾਨ ਕਰਨ ਵਾਲਾ ਹੈ, ਕਿਉਂਕਿ ਉਸ ਨੇ ਮਾਨਸਿਕ ਬੀਮਾਰੀ ਕਾਰਨ ਕੌਮਾਂਤਰੀ ਕ੍ਰਿਕਟ ਤੋਂ ਬ੍ਰੇਕ ਲਿਆ ਹੈ। ਮੈਕਸਵੈਲ ਆਈ. ਪੀ. ਐੱਲ. ਵਿਚ ਹੁਣ ਤਕ 3 ਟੀਮਾਂ ਵੱਲੋਂ ਖੇਡ ਚੁੱਕੇ ਹਨ। ਆਈ. ਸੀ. ਸੀ. ਵਨ ਡੇ ਵਰਲਡ ਕੱਪ ਅਤੇ ਏਸ਼ੇਜ਼ ਕਾਰਨ ਆਈ. ਪੀ. ਐੱਲ. 2019 ਲਈ ਹੋਈ ਨਿਲਾਮੀ ਵਿਚ ਉਹ ਸ਼ਾਮਲ ਨਹੀਂ ਹੋਏ ਸੀ। ਨਿਲਾਮੀ ਵਿਚ ਭਾਰਤੀ ਖਿਡਾਰੀਆਂ 'ਤੇ ਬੋਲੀ ਲੱਗਣ ਦੀ ਗੱਲ ਕਰੀਏ ਤਾਂ ਰਾਬਿਨ ਉਥੱਪਾ ਸਭ ਤੋਂ ਮਹਿੰਗੇ ਹਨ। ਆਈ. ਪੀ. ਐੱਲ. ਨੇ ਉਸ ਦਾ ਬੇਸ ਪ੍ਰਾਈਜ਼ 1.5 ਕਰੋੜ ਰੁਪਏ ਰੱਖਿਆ ਹੈ।