17 ਸਾਲਾ ਲਕਸ਼ਯ ਨੇ ਲਿਨ ਡੈਨ ਨੂੰ ਕਰਵਾਇਆ ਸੰਘਰਸ਼

05/04/2018 11:26:45 AM

ਆਕਲੈਂਡ—ਤੀਜਾ ਦਰਜਾ ਪ੍ਰਾਪਤ ਬੀ. ਸਾਈ ਪ੍ਰਣੀਤ, ਪੰਜਵਾਂ ਦਰਜਾ ਸਮੀਰ ਵਰਮਾ ਤੇ ਪੰਜਵੀਂ ਸੀਡ ਡਬਲਜ਼ ਜੋੜੀ ਮਨੂ ਅੱਤਰੀ ਤੇ ਬੀ. ਸੁਮਿਤ ਰੈੱਡੀ ਨੇ ਵੀਰਵਾਰ ਨੂੰ ਦੂਜੇ ਦੌਰ ਦੇ ਆਪਣੇ-ਆਪਣੇ  ਮੁਕਾਬਲੇ ਜਿੱਤ ਕੇ ਨਿਊਜ਼ੀਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਦਕਿ 17 ਸਾਲ ਦੇ ਲਕਸ਼ਯ ਸੇਨ ਨੇ ਦੋ ਵਾਰ ਦੇ ਓਲੰਪਿਕ ਚੈਂਪੀਅਨ ਲਿਨ ਡੈਨ ਨੂੰ ਇਕ ਘੰਟੇ ਤਕ ਸੰਘਰਸ਼ ਕਰਵਾਉਣ ਤੋਂ ਬਾਅਦ ਹਾਰ ਮੰਨੀ।

ਪ੍ਰਣੀਤ ਨੇ ਮਲੇਸ਼ੀਆ ਦੇ ਡੈਰੇਨ ਲਿਓ ਨੂੰ 21-18, 21-17 ਨਾਲ ਹਰਾਇਆ, ਜਦਕਿ ਸਮੀਰ ਨੇ ਹਾਂਗਕਾਂਗ ਦੇ ਲੀ ਚਿਊਕ ਯਿਊ ਨੂੰ 21-17, 21-19 ਨਾਲ ਹਰਾਇਆ। ਮਨੂ ਅੱਤਰੀ ਤੇ ਬੀ. ਸੁਮਿਤ ਨੇ ਥਾਈਲੈਂਡ ਦੇ ਪੈਕਿਨ ਕੁਨਾ ਅਨੁਵਿਤ ਤੇ ਨਤਾਪਤ ਤ੍ਰਿਨਕਾਂਜੀ ਨੂੰ 21-9, 21-12 ਨਾਲ ਹਰਾਇਆ।

ਦੂਜੇ ਦੌਰ ਵਿਚ ਭਾਰਤ ਦੇ ਨੌਜਵਾਨ ਖਿਡਾਰੀ 17 ਸਾਲ ਦੇ ਲਕਸ਼ਯ ਸੇਨ ਨੇ ਟਾਪ ਸੀਡ, ਦੋ ਵਾਰ ਦੇ ਓਲੰਪਿਕ ਚੈਂਪੀਅਨ ਤੇ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਚੀਨ ਦੇ ਲਿਨ ਡੈਨ ਵਿਰੁੱਧ 1 ਘੰਟਾ 7 ਮਿੰਟ ਤਕ ਸ਼ਲਾਘਾਯੋਗ ਸੰਘਰਸ਼ ਕੀਤਾ। ਚੀਨੀ ਖਿਡਾਰੀ ਨੇ ਪਹਿਲਾ ਸੈੱਟ ਹਾਰ ਜਾਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਤੇ 15-21, 21-15, 21-12 ਨਾਲ ਇਹ ਮੁਕਾਬਲਾ ਜਿੱਤ ਲਿਆ। ਲਿਨ ਡੈਨ ਦਾ ਕੁਆਰਟਰ ਫਾਈਨਲ ਵਿਚ ਸਮੀਰ ਵਰਮਾ ਨਾਲ ਮੁਕਾਬਲਾ ਹੋਵੇਗਾ। ਅਜੇ ਜੈਰਾਮ ਨੂੰ ਕੋਰੀਆ ਦੇ ਕੁਆਂਗ ਹੀ ਹਿਓ ਨੇ 21-15, 20-22, 21-6 ਨਾਲ ਹਰਾਇਆ।