16ਵਾਂ ਦਿੱਲੀ ਗ੍ਰੈਂਡ ਮਾਸਟਰ ਸ਼ਤਰੰਜ : ਅਰਕਾਦੀ ਨੇ ਮੁਰਲੀ ਨੂੰ ਹਰਾ ਕੇ ਬਣਾਈ ਬੜ੍ਹਤ

01/15/2018 9:56:06 AM

ਨਵੀਂ ਦਿੱਲੀ, (ਬਿਊਰੋ)— ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿਚ ਚੱਲ ਰਹੇ ਏਸ਼ੀਆ ਦੇ ਸਭ ਤੋਂ ਵੱਡੇ ਸ਼ਤਰੰਜ ਟੂਰਨਾਮੈਂਟ ਵਿਚ ਅੱਜ ਭਾਰਤ ਦੀ ਉਮੀਦ ਨੂੰ ਝਟਕਾ ਦਿੰਦੇ ਹੋਏ ਟਾਪ ਸੀਡ ਅਜਰਬੈਜਾਨ ਦੇ ਗ੍ਰੈਂਡ ਮਾਸਟਰ ਅਰਕਾਦੀ ਨਾਈਡਿਸ਼ ਨੇ ਗ੍ਰੈਂਡ ਮਾਸਟਰ ਮੁਰਲੀ ਕਾਰਤੀਕੇਅਨ ਨੂੰ ਹਰਾਉਂਦਿਆਂ ਸਿੰਗਲ ਬੜ੍ਹਤ ਹਾਸਲ ਕਰ ਲਈ ਤੇ ਜਦੋਂ ਅਜਿਹੇ ਵਿਚ ਹੁਣ ਸਿਰਫ ਦੋ ਰਾਊਂਡ ਹੀ ਬਾਕੀ ਹਨ, ਉਸ ਨੇ 7.5 ਅੰਕ ਬਣਾਉਂਦੇ ਹੋਏ ਦੂਜੇ ਸਥਾਨ 'ਤੇ ਕਾਬਜ਼ ਖਿਡਾਰੀਆਂ 'ਤੇ ਇਕ ਅੰਕ ਦੀ ਬੜ੍ਹਤ ਬਣਾ ਲਈ ਹੈ ਤੇ ਹੁਣ ਸ਼ਾਇਦ ਕੋਈ ਚਮਤਕਾਰ ਹੀ ਉਸ ਨੂੰ ਰੋਕ ਸਕਦਾ ਹੈ।  ਅਰਕਾਦੀ ਨੇ ਅੱਜ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਮੁਰਲੀ ਦੇ ਕਮਜ਼ੋਰ ਡਿਫੈਂਸ ਦਾ ਫਾਇਦਾ ਚੁੱਕਿਆ ਤੇ ਸ਼ਾਨਦਾਰ ਜਿੱਤ ਦਰਜ ਕੀਤੀ। 
ਹੋਰਨਾਂ ਮੁਕਾਬਲਿਆਂ ਵਿਚ ਰੂਸ ਦੇ ਐਂਡ੍ਰਿਊ ਦੇਵੀਯਟਕਿਨ ਨੇ ਦੂਜੀ ਸੀਡ ਤਜ਼ਾਕਿਸਤਾਨ ਦੇ ਓਮਾਨਤੋਵ ਫਾਰੁਖ ਨੂੰ ਹਰਾ ਕੇ ਇਕ ਤਰ੍ਹਾਂ ਨਾਲ ਅਰਕਾਦੀ ਦੇ ਖਿਤਾਬ ਜਿੱਤਣ ਦਾ ਰਸਤਾ ਆਸਾਨ ਕਰ ਦਿੱਤਾ। 6 ਰਾਊਂਡਾਂ ਤਕ ਅੱਗੇ ਚੱਲ ਰਹੇ ਅਤੇ ਅਰਕਾਦੀ ਤੋਂ ਹਾਰ ਕੇ ਪਿੱਛੇ ਹੋਣ ਵਾਲੇ 44 ਸਾਲਾ ਬੰਗਲਾਦੇਸ਼ ਦੇ ਜਿਓਰ ਰਹਿਮਾਨ ਨੇ ਰੂਸ ਦੇ ਨੌਜਵਾਨ ਰੋਜੂਮ ਇਵਾਨ ਨੂੰ ਹਾਰ ਦਾ ਸਵਾਦ ਚਖਾਇਆ । 
ਭਾਰਤ ਦੇ ਆਕਾਸ਼ ਆਇਰ ਨੇ ਯੂਕ੍ਰੇਨ ਦੇ ਸ਼ਿਵੁਕ ਆਟਾਲੀ ਨੂੰ ਹਾਰ ਦਾ ਸਵਾਦ ਚਖਾਇਆ ਜਦਕਿ ਅਭਿਜੀਤ ਗੁਪਤਾ ਨੇ ਦਿੱਲੀ ਦੇ ਹੀ ਇੰਟਰਨੈਸ਼ਨਲ ਮਾਸਟਰ ਹੇਮੰਤ ਸ਼ਰਮਾ ਨੂੰ ਹਰਾਇਆ।  8 ਰਾਊਂਡਾਂ ਤੋਂ ਬਾਅਦ ਅਰਕਾਦੀ 7.5 ਅੰਕਾਂ ਨਾਲ ਪਹਿਲੇ ਸਥਾਨ 'ਤੇ ਹੈ ਤੇ ਉਸ ਦੇ ਪਿੱਛੇ 1 ਅੰਕ ਦੇ ਫਰਕ ਨਾਲ 5 ਖਿਡਾਰੀ ਹਨ।