13 ਸਾਲ ਪਹਿਲਾਂ ਇਹ ਖਿਡਾਰੀ ਬਣਿਆ ਸੀ ਧੋਨੀ ਦੀ ਸਟੰਪਿੰਗ ਦਾ ਸ਼ਿਕਾਰ, ਅੱਜ ਤੱਕ ਹੈ ਹੈਰਾਨ! (ਵੀਡੀਓ)

09/06/2017 4:06:22 PM

ਨਵੀਂ ਦਿੱਲੀ— ਸ਼੍ਰੀਲੰਕਾ ਖਿਲਾਫ ਪੰਜਵੇਂ ਅਤੇ ਆਖਰੀ ਵਨਡੇ ਵਿਚ ਅਕਿਲਾ ਧਨੰਜੈ ਨੂੰ ਸਟੰਪ ਆਊਟ ਕਰ ਕੇ ਮਹਿੰਦਰ ਸਿੰਘ ਧੋਨੀ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਟੀਮ ਦੇ ਵਿਕਟਕੀਪਰ ਐਮ.ਐਸ. ਧੋਨੀ ਨੇ ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ ਵਿਚ ਸਟੰਪਿੰਗ ਦਾ ਸੈਂਕੜਾ ਪੂਰਾ ਕੀਤਾ ਹੈ। ਧੋਨੀ ਨੇ ਯੁਜਵੇਂਦਰ ਚਹਿਲ ਦੀ ਗੇਂਦ ਉੱਤੇ ਅਕਿਲਾ ਧਨੰਜੈ ਨੂੰ ਸਟੰਪ ਆਊਟ ਕਰ ਕੇ ਇਤਿਹਾਸਕ ਕਾਰਨਾਮਾ ਕੀਤਾ ਹੈ। ਧੋਨੀ ਨੇ ਆਪਣੇ ਕਰੀਅਰ ਦੇ 301ਵੇਂ ਵਨਡੇ ਵਿਚ ਇਸ ਜਾਦੁਈ ਅੰਕੜੇ ਨੂੰ ਛੂਹਿਆ। ਕੁਝ ਖਿਡਾਰੀ ਅਜਿਹੇ ਹਨ ਜੋ ਧੋਨੀ ਦੀ ਸਟੰਪਿੰਗ ਦਾ ਸ਼ਿਕਾਰ ਹੋਣ ਦੇ ਬਾਅਦ ਅੱਜ ਤੱਕ ਹੈਰਾਨ ਹਨ।
ਧੋਨੀ ਦੁਨੀਆ ਦੇ ਇਕਲੌਤੇ ਵਿਕਟਕੀਪਰ ਹਨ ਜਿਨ੍ਹਾਂ ਦੇ ਨਾਮ ਵਨਡੇ ਵਿੱਚ 100 ਸਟੰਪਿੰਗਸ ਹਨ, ਪਰ ਧੋਨੀ ਦੇ ਪਹਿਲੇ ਸਟੰਪਿੰਗ ਸ਼ਿਕਾਰ ਬਣਿਆ ਖਿਡਾਰੀ ਅੱਜ ਵੀ ਹੈਰਾਨ ਹੈ। ਬੰਗਲਾਦੇਸ਼ ਦੇ ਮਿਡਿਲ ਆਰਡਰ ਬੱਲੇਬਾਜ਼ ਰਾਜਿਨ ਸਾਲੇਹ ਧੋਨੀ ਦੇ ਪਹਿਲੇ ਸਟੰਪਿੰਗ ਸ਼ਿਕਾਰ ਸਨ, ਜਿਨ੍ਹਾਂ ਨੂੰ 2004 ਵਿਚ ਸਚਿਨ ਤੇਂਦੁਲਕਰ ਦੀ ਗੇਂਦ ਉੱਤੇ ਧੋਨੀ ਨੇ ਸਟੰਪ ਆਊਟ ਕੀਤਾ ਸੀ। ਇਸ ਗੱਲ ਨੂੰ 13 ਸਾਲ ਗੁਜ਼ਰ ਚੁੱਕੇ ਹਨ ਪਰ ਰਾਜਿਨ ਸਾਲੇਹ ਅੱਜ ਤੱਕ ਹੈਰਾਨ ਹਨ ਕਿ ਆਖਿਰ ਧੋਨੀ ਨੇ ਇੰਨੀ ਤੇਜੀ ਨਾਲ ਸਟੰਪ ਆਊਟ ਕਿਵੇਂ ਕੀਤਾ?
ਦਰਅਸਲ, ਸਾਲੇਹ ਨੇ ਨਫੀਸ ਇਕਬਾਲ ਨਾਲ ਬੰਗਲਾਦੇਸ਼ੀ ਪਾਰੀ ਦੀ ਸ਼ੁਰੂਆਤ ਕੀਤੀ ਸੀ ਅਤੇ ਉਹ 82 ਦੌੜਾਂ ਬਣਾ ਚੁੱਕੇ ਸਨ। ਇਸ ਦੌਰਾਨ ਸਚਿਨ ਤੇਂਦੁਲਕਰ ਦੀ ਗੇਂਦ ਨੂੰ ਖੇਡਣ ਦੀ ਕੋਸ਼ਿਸ਼ ਵਿਚ ਉਹ ਕਰੀਜ ਤੋਂ ਬਾਹਰ ਨਿਕਲੇ ਅਤੇ ਵਿਕਟ ਦੇ ਪਿੱਛੇ ਧੋਨੀ ਨੇ ਬਿਜਲੀ ਦੀ ਰਫਤਾਰ ਨਾਲ ਉਨ੍ਹਾਂ ਦੀਆਂ ਗਿੱਲੀਆਂ ਉੱਡਾ ਦਿੱਤੀਆਂ। ਤਸਵੀਰਾਂ ਵੇਖ ਕੇ ਸਾਰਿਆਂ ਨੂੰ ਇਹ ਲਗਾ ਕਿ ਸਾਲੇਹ ਬੋਲਡ ਹੋਏ ਹਨ। ਟੀ.ਵੀ. ਕੁਮੈਂਟੇਟਰਸ ਨੂੰ ਵੀ ਇਹੀ ਲਗਾ ਪਰ ਇਹ ਬੋਲਡ ਨਹੀਂ ਸਗੋਂ ਸਟੰਪ ਆਊਟ ਸੀ।


ਧੋਨੀ ਦੀ ਇਸ ਜ਼ਬਰਦਸਤ ਵਿਕਟਕੀਪਿੰਗ ਉੱਤੇ ਸਾਲੇਹ ਨੇ ਬਿਆਨ ਦਿੱਤਾ, ''ਮੈਂ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ ਕਿਸ ਤੇਜੀ ਨਾਲ ਧੋਨੀ ਨੇ ਮੈਨੂੰ ਸਟੰਪ ਕੀਤਾ ਸੀ। ਉਸ ਸਮੇਂ ਧੋਨੀ ਆਪਣੇ ਕਰੀਅਰ ਦੀ ਸ਼ੁਰੂਆਤ ਵਿਚ ਹੀ ਸਨ, ਇਸ ਲਈ ਮੈਂ ਉਨ੍ਹਾਂ ਨੂੰ ਇੱਕ ਆਮ ਵਿਕਟਕੀਪਰ ਸਮਝਣ ਦੀ ਗਲਤੀ ਕਰ ਬੈਠਾ ਸੀ। ਹੁਣ ਮੈਨੂੰ ਇਸ ਗੱਲ ਉੱਤੇ ਮਾਣ ਹੈ ਕਿ ਮੈਂ ਵਨਡੇ ਵਿਚ ਸਟੰਪਿੰਗ ਦੇ ਰੂਪ ਵਿੱਚ ਉਨ੍ਹਾਂ ਦਾ ਪਹਿਲਾ ਸ਼ਿਕਾਰ ਸੀ। ਉਂਝ ਉਸ ਸੈਂਕੜੇ ਨੂੰ ਪੂਰਾ ਨਾ ਕਰਨ ਦਾ ਦਰਦ ਹੁਣ ਵੀ ਘੱਟ ਨਹੀਂ ਹੋਇਆ ਹੈ। ਉਸ ਸਮੇਂ ਭਾਰਤੀ ਟੀਮ ਵਿੱਚ ਮੇਰੇ ਹੀਰੋ ਤੇਂਦੁਲਕਰ, ਗਾਂਗੁਲੀ ਖੇਡ ਰਹੇ ਸਨ ਅਤੇ ਮੈਂ ਮਜ਼ਬੂਤ ਭਾਰਤੀ ਟੀਮ ਖਿਲਾਫ ਵਧੀਆ ਬੱਲੇਬਾਜੀ ਕਰ ਰਿਹਾ ਸੀ, ਇਸ ਲਈ ਉਹ ਸੈਂਕੜਾ ਪੂਰੀ ਨਾ ਕਰਨ ਦਾ ਮੈਨੂੰ ਅੱਜ ਵੀ ਅਫਸੋਸ ਹੈ।''