11 ਸਾਲਾ ਭਾਵੇਸ਼ ਨੇ ਦਿੱਤਾ ਅਰਵਿੰਦਰ ਨੂੰ ਝਟਕਾ

11/13/2018 3:27:14 AM

ਜਲੰਧਰ (ਨਿਕਲੇਸ਼ ਜੈਨ)— 'ਜਗ ਬਾਣੀ' ਸੈਂਟਰ ਆਫ ਚੈੱਸ ਐਕਸੀਲੈਂਸ ਵਲੋਂ ਸਪਾਂਸਰ 7ਵੀਂ ਰਾਸ਼ਟਰੀ ਐਮੇਚਿਓਰ ਸ਼ਤਰੰਜ ਚੈਂਪੀਅਨਸ਼ਿਪ ਵਿਚ ਤੀਜੇ ਦਿਨ ਪ੍ਰਤੀਯੋਗਿਤਾ ਦਾ ਸਭ ਤੋਂ ਵੱਡਾ ਉਲਟਫੇਰ ਹੋਇਆ, ਜਦੋਂ ਵਿਸ਼ਵ ਐਮੇਚਿਓਰ ਚੈਂਪੀਅਨ ਪੰਜਾਬ ਦੇ ਫਿਡੇ ਮਾਸਟਰ ਅਰਵਿੰਦਰ ਪ੍ਰੀਤ ਸਿੰਘ ਨੂੰ ਆਪਣੀ ਖਰਾਬ ਫਾਰਮ ਕਾਰਨ ਸਭ ਤੋਂ ਵੱਡੇ ਉਲਟਫੇਰ ਦਾ ਸ਼ਿਕਾਰ ਹੋਣਾ ਪਿਆ। ਚੌਥੇ ਰਾਊਂਡ ਵਿਚ ਪਹਿਲਾਂ ਤਾਂ ਉਸ ਨੇ ਤੇਲੰਗਾਨਾ ਦੇ ਸ਼੍ਰੀ ਸਾਈ ਨੂੰ ਡਰਾਅ 'ਤੇ ਰੋਕਿਆ ਤੇ ਫਿਰ 5ਵੇਂ ਰਾਊਂਡ ਵਿਚ ਉਸ ਨੇ ਪੰਜਾਬ ਦੇ 11 ਸਾਲਾ ਭਾਵੇਸ਼ ਮਹਾਜਨ ਨੂੰ ਹਰਾਉਂਦਿਆਂ ਹੈਰਾਨ ਕਰ ਦਿੱਤਾ। 
ਇਸ ਜਿੱਤ ਦੇ ਨਾਲ ਹੀ ਭਾਵੇਸ਼ 4.5 ਅੰਕਾਂ ਨਾਲ ਸਾਂਝੀ ਬੜ੍ਹਤ 'ਤੇ ਆ ਗਿਆ ਹੈ ਤੇ ਕੱਲ ਪੰਜਾਬ ਦੇ ਹੀ ਸਾਬਕਾ ਰਾਸ਼ਟਰੀ ਅੰਡਰ-25 ਚੈਂਪੀਅਨ ਵਿਕਾਸ ਸ਼ਰਮਾ ਨਾਲ ਮੁਕਾਬਲਾ ਖੇਡਣਾ ਪਵੇਗਾ। ਵਿਕਾਸ ਨੇ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਅੱਜ ਪੰਜਾਬ ਦੇ ਹੀ ਨਮਿਤਵੀਰ ਸਿੰਘ ਵਾਲੀਆ ਨੂੰ ਕੀਨਪਾਨ ਓਪਨਿੰਗ 'ਚ 60 ਚਾਲਾਂ ਵਿਚ ਹਰਾਇਆ। ਬਿਹਾਰ ਦੇ ਮਨੀਸ਼ੀ ਕ੍ਰਿਸ਼ਣਾ ਨੇ ਦਿੱਲੀ ਦੇ ਹਿਮਾਂਸ਼ੂ ਮੌਦਗਿਲ ਨੂੰ ਰਾਯਲੋਪੇਦ ਓਪਨਿੰਗ 'ਚ ਸਿਰਫ 26 ਚਾਲਾਂ ਵਿਚ ਹਰਾਇਆ ਤੇ ਹਰਿਆਣਾ ਦੇ ਪੁਨੀਤ ਇੰਦੌਰ ਨੂੰ ਮੌਜੂਦਾ ਰਾਸ਼ਟਰੀ ਅੰਡਰ-25 ਚੈਂਪੀਅਨ ਤੇਲੰਗਾਨਾ ਦੇ ਵਾਈ. ਗਰਹੇਸ਼ ਨੇ ਹਾਰ ਦਾ ਸਵਾਦ ਚਖਾਇਆ।
5 ਰਾਊਂਡਜ਼ ਤੋਂ ਬਾਅਦ ਭਾਵੇਸ਼ ਮਹਾਜਨ, ਵਿਕਾਸ ਸ਼ਰਮਾ, ਮਨੀਸ਼ੀ ਕ੍ਰਿਸ਼ਣਾ ਤੇ ਵਾਈ. ਗ੍ਰਹੇਸ਼ 4.5 ਅੰਕਾਂ ਨਾਲ ਸਭ ਤੋਂ ਅੱਗੇ ਚੱਲ ਰਹੇ ਹਨ।
ਟਾਟਾ ਸਟੀਲ : ਹਰਿਕ੍ਰਿਸ਼ਣਾ ਰਿਹਾ ਉਪ-ਜੇਤੂ
ਭਾਰਤ ਵਿਚ ਹੋ ਰਹੇ ਪਹਿਲੇ ਸੁਪਰ  ਗ੍ਰੈਂਡ ਮਾਸਟਰ ਇੰਟਰਨੈਸ਼ਨਲ ਟਾਟਾ ਸਟੀਲ ਰੈਪਿਡ ਤੇ ਬਲਿਟਜ਼ ਟੂਰਨਾਮੈਂਟ ਵਿਚ ਰੈਪਿਡ ਚੈਂਪੀਅਨਸ਼ਿਪ ਦੀ ਸਮਾਪਤੀ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਦੇ ਜੇਤੂ ਬਣਨ ਨਾਲ ਹੋ ਗਈ। ਨਾਕਾਮੁਰਾ 6 ਅੰਕਾਂ ਨਾਲ ਪਹਿਲੇ ਸਥਾਨ 'ਤੇ ਰਿਹਾ। ਦੂਜੇ ਸਥਾਨ 'ਤੇ ਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਣਾ ਨੇ 5.5 ਅੰਕਾਂ ਨਾਲ ਕਬਜ਼ਾ ਕੀਤਾ। ਤੀਜੇ ਸਥਾਨ 'ਤੇ ਅਰਮੀਨੀਆ ਦਾ ਲੇਵਾਨ ਆਰੋਨੀਅਨ, ਚੌਥੇ 'ਤੇ ਅਮਰੀਕਾ ਦਾ ਵੇਸਲੀ ਸੋ ਅਤੇ ਅਜਰਬੈਜਾਨ ਦਾ ਮਮੇਘਾਰਾਓ 5ਵੇਂ ਸਥਾਨ 'ਤੇ ਰਿਹਾ।