ਰਾਮ ਮੰਦਰ ਦੇ ਨਾਲ ''ਰਾਮ ਰਾਜ'' ਵੀ ਸਾਕਾਰ ਹੋਵੇ

02/08/2020 12:52:59 AM

ਆਖਿਰ ਉਹ ਘੜੀ ਆ ਹੀ ਗਈ, ਜਿਸ ਤੋਂ ਇਹ ਯਕੀਨੀ ਹੋ ਗਿਆ ਕਿ ਭਗਵਾਨ ਸ਼੍ਰੀ ਰਾਮ ਦਾ ਵਿਸ਼ਾਲ ਮੰਦਰ ਉਨ੍ਹਾਂ ਦੇ ਜਨਮ ਅਸਥਾਨ ਅਯੁੱਧਿਆ 'ਚ ਛੇਤੀ ਬਣ ਜਾਵੇਗਾ। ਇਸ ਦੇ ਨਾਲ ਮਨ 'ਚ ਇਹ ਸਵਾਲ ਆਉਣਾ ਸੁਭਾਵਿਕ ਹੈ ਕਿ ਕੀ ਸਿਰਫ ਮੰਦਰ ਬਣ ਜਾਣ ਨਾਲ ਸ਼੍ਰੀ ਰਾਮ ਪ੍ਰਤੀ ਸਾਡੇ ਵਿਚਾਰ, ਸੋਚ ਅਤੇ ਉਨ੍ਹਾਂ ਦੇ ਕਦਮਾਂ 'ਤੇ ਚੱਲਣ ਦੀ ਖਾਹਿਸ਼ ਵੀ ਪੂਰੀ ਹੋ ਜਾਵੇਗੀ। ਕੁਝ ਸਾਲ ਪਹਿਲਾਂ ਇਕ ਫਿਲਮ ਬਣਾਉਣ ਦੇ ਸਿਲਸਿਲੇ 'ਚ ਅਯੁੱਧਿਆ ਗਿਆ ਤਾਂ ਉੱਥੇ ਮੰਦਰਾਂ ਦੇ ਦਰਸ਼ਨ ਵੀ ਕੀਤੇ, ਇਸ ਦੇ ਨਾਲ ਇਕ ਹੋਰ ਚੀਜ਼, ਜੋ ਉੱਥੇ ਦੇਖੀ, ਉਹ ਸੀ ਗੰਦਗੀ, ਅਨਪੜ੍ਹਤਾ ਅਤੇ ਅਵਿਵਸਥਾ ਦਾ ਬੋਲਬਾਲਾ। ਰਾਮ ਮੰਦਰ ਦਾ ਨਿਰਮਾਣ ਕਰਨ ਵਾਲਿਆਂ ਤੋਂ ਉਮੀਦ ਹੈ ਕਿ ਉਹ ਇਸ ਨੂੰ ਪਹਿਲਾਂ ਖਤਮ ਕਰਨਗੇ ਕਿਉਂਕਿ ਉਦੋਂ ਹੀ ਮੰਦਰ ਦੀ ਉਪਯੋਗਤਾ ਸਿੱਧ ਹੋ ਸਕੇਗੀ।

ਬਾਪੂ ਗਾਂਧੀ ਦੇ ਰਾਮ
ਮਹਾਤਮਾ ਗਾਂਧੀ ਦੇ ਰਾਮ ਕਿਸੇ ਇਕ ਧਰਮ, ਜਾਤੀ ਜਾਂ ਇਕ ਫਿਰਕੇ ਦੇ ਨਹੀਂ ਸਨ ਸਗੋਂ ਪੂਰਾ ਸੰਸਾਰ ਹੀ ਸਾਡਾ ਪਰਿਵਾਰ ਹੈ, ਇਸ ਧਾਰਨਾ ਦੀ ਪੁਸ਼ਟੀ ਕਰਦੇ ਸਨ। ਉਨ੍ਹਾਂ ਦੇ ਅਨੁਸਾਰ ਸੱਚਾਈ, ਅਹਿੰਸਾ, ਵੀਰਤਾ, ਮੁਆਫੀ, ਧੀਰਜ ਅਤੇ ਮਰਿਆਦਾ ਪਾਲਣ ਰਾਮ ਦੇ ਪ੍ਰਤੀਕ ਸਨ ਅਤੇ ਉਨ੍ਹਾਂ ਦੇ ਕੰਮ ਕਰਨ ਦੀ ਵਿਧੀ ਅਜਿਹੀ ਸੀ, ਜਿਸ 'ਚ ਕਮਜ਼ੋਰ ਦੀ ਰੱਖਿਆ ਹੋਵੇ, ਜਿਵੇਂ ਕਿ ਸੁਗਰੀਵ ਨੂੰ ਉਸ ਦੀ ਪਤਨੀ ਉਸ ਦੇ ਹੀ ਭਰਾ ਦੇ ਚੁੰਗਲ 'ਚੋਂ ਛੁਡਾਉਣ 'ਚ ਲੁਕ ਕੇ ਬਾਲੀ ਦੇ ਪ੍ਰਾਣ ਲੈਣ ਦੀ ਉਦਾਹਰਣ ਰੱਖੀ ਜਾ ਸਕਦੀ ਹੈ। ਕਹਿ ਸਕਦੇ ਹਾਂ ਕਿ ਬਾਲੀ ਨੂੰ ਮਾਰਨ 'ਚ ਰਾਮ ਨੇ ਮਰਿਆਦਾ ਦੀ ਪਾਲਣਾ ਨਹੀਂ ਕੀਤੀ ਅਤੇ ਨਿਆਂ ਪ੍ਰਕਿਰਿਆ ਦੀ ਉਲੰਘਣਾ ਕੀਤੀ। ਜੇਕਰ ਰਾਮ ਅਜਿਹਾ ਕਰਦੇ ਤਾਂ ਕੀ ਹੁੰਦਾ। ਇਸ ਨੂੰ ਸਮਝਣ ਲਈ ਮੌਜੂਦਾ ਸਮੇਂ ਦੀ ਇਹ ਉਦਾਹਰਣ ਹੀ ਕਾਫੀ ਹੈ, ਜਿਸ 'ਚ ਨਿਰਭਯਾ ਦੇ ਗੁਨਾਹਗਾਰਾਂ ਨੂੰ 7 ਸਾਲ ਬਾਅਦ ਵੀ ਅਤੇ ਫਾਂਸੀ ਦੀ ਸਜ਼ਾ ਸੁਣਾਏ ਜਾਣ ਦੇ ਬਾਵਜੂਦ ਨਿਆਂ ਨਾ ਮਿਲਣਾ ਹੈ। ਇਸੇ ਦੇ ਉਲਟ ਇਕ ਹੋਰ ਔਰਤ ਦੇ ਗੁਨਾਹਗਾਰਾਂ ਨੂੰ ਕੀ ਐਂਨਕਾਊਂਟਰ 'ਚ ਮਾਰ ਦੇਣਾ ਨਿਆਂ ਦੀ ਪਰਿਧੀ 'ਚ ਆਏਗਾ? ਸ਼ਾਇਦ ਰਾਮ ਹੁੰਦੇ ਤਾਂ ਇਹੀ ਕਰਦੇ ਅਤੇ ਤੁਰੰਤ ਨਿਆਂ ਦੇ ਚੰਗੇ ਸ਼ਾਸਨ ਦੀ ਉਦਾਹਰਣ ਪੇਸ਼ ਕਰਦੇ।

ਰਾਮਰਾਜ ਦੀ ਵਿਵਹਾਰਿਕਤਾ
ਸ਼੍ਰੀ ਰਾਮ ਦਾ ਇਕ ਹੋਰ ਪ੍ਰਸੰਗ ਉਨ੍ਹਾਂ ਦੀ ਨਿਆਂਪ੍ਰਿਅਤਾ ਨੂੰ ਦਰਸਾਉਂਦਾ ਹੈ, ਉਹ ਹੈ ਰਾਵਣ ਨੂੰ ਮਾਰਨਾ। ਰਾਵਣ ਦਾ ਬਲ, ਬੁੱਧੀ, ਵੀਰਤਾ ਅਤੇ ਗਿਆਨ 'ਚ ਕੋਈ ਮੁਕਾਬਲਾ ਨਹੀਂ ਸੀ। ਉਸ ਕੋਲ ਧਨ, ਸ਼ਾਨੋ-ਸ਼ੌਕਤ ਦੀ ਕੋਈ ਕਮੀ ਨਹੀਂ ਸੀ ਅਤੇ ਉਸ ਨੇ ਦੁਰਲੱਭ ਸ਼ਕਤੀਆਂ ਨੂੰ ਹਾਸਲ ਕਰ ਲਿਆ ਸੀ। ਸੀਤਾ ਹਰਨ ਵੀ ਉਸ ਦੀ ਨਜ਼ਰ 'ਚ ਉਚਿਤ ਸੀ ਕਿਉਂਕਿ ਉਹ ਉਸ ਨੇ ਆਪਣੀ ਭੈਣ ਦੀ ਕਥਿਤ ਇੱਜ਼ਤ ਦੀ ਰੱਖਿਆ ਲਈ ਕੀਤਾ ਸੀ। ਇਸੇ ਦੇ ਨਾਲ ਉਹ ਅਧਰਮੀ, ਅੱਤਿਆਚਾਰੀ ਵੀ ਸੀ, ਇਸ ਲਈ ਉਸ ਦੇ ਗੁਣ, ਅਵਗੁਣ ਹੋ ਗਏ ਸਨ।

ਰਾਮ ਦੇ ਲਈ ਰਾਵਣ ਦਾ ਵਧ ਸਿਰਫ ਇਸ ਲਈ ਸੰਭਵ ਹੋ ਸਕਿਆ ਕਿਉਂਕਿ ਵਿਭੀਸ਼ਣ ਨੇ ਸਰੀਰ ਦੀ ਉਸ ਜਗ੍ਹਾ 'ਤੇ ਤੀਰ ਮਾਰਨ ਲਈ ਕਿਹਾ, ਜੋ ਸਿਰਫ ਉਸੇ ਨੂੰ ਹੀ ਪਤਾ ਸੀ। ਰਾਵਣ ਨੇ ਰਾਮ ਨੂੰ ਮੌਤ ਦੇ ਸਮੇਂ ਇਹੀ ਕਿਹਾ ਕਿ ਰਾਮ ਦੇ ਨਾਲ ਉਸ ਦਾ ਭਰਾ ਖੜ੍ਹਾ ਹੋ ਗਿਆ, ਇਸ ਲਈ ਉਹ ਉਸ ਨੂੰ ਮਾਰਨ 'ਚ ਸਫਲ ਹੋਏ।

ਰਾਮ ਦੀ ਨਿਆਂਪ੍ਰਿਅਤਾ ਅਤੇ ਨਿਆਂ ਕਰਨ ਦੀ ਪ੍ਰਕਿਰਿਆ ਨੂੰ ਸਾਮ, ਦਾਮ, ਦੰਡ ਭੇਦ ਦੇ ਦਾਇਰੇ 'ਚ ਰੱਖਿਆ ਜਾ ਸਕਦਾ ਹੈ। ਇਸ ਦਾ ਅਰਥ ਇਹ ਹੈ ਕਿ ਅਨਿਆਂ, ਅਨਾਚਾਰ, ਅੱਤਿਆਚਾਰ ਦਾ ਅੰਤ ਕਰਨ ਲਈ ਇਨ੍ਹਾਂ 'ਚੋਂ ਕਿਸੇ ਨੂੰ ਵੀ ਅਪਣਾਇਆ ਜਾ ਸਕਦਾ ਹੈ। ਅੱਜ ਕੁਝ ਲੋਕ ਨੈਤਿਕਤਾ, ਮਨੁੱਖੀ ਅਧਿਕਾਰ ਦੇ ਨਾਂ 'ਤੇ ਅਪਰਾਧੀਆਂ ਨੂੰ ਸੁਰੱਖਿਆ ਦੇਣ ਦੀ ਗੱਲ ਕਰਦੇ ਹਨ। ਸਹੀ ਇਹੀ ਹੈ ਕਿ ਅਪਰਾਧੀ ਦੇ ਨਾਲ-ਨਾਲ ਉਸ ਦਾ ਸਾਥ ਦੇਣ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇ, ਇਹੀ ਰਾਮਰਾਜ ਹੋਵੇਗਾ।

ਅੱਜ ਦੇ ਸੰਦਰਭ 'ਚ ਕਹੀਏ ਤਾਂ ਪਾਕਿਸਤਾਨ ਦੇ ਨਾਲ ਦਿਖਾਈ ਦੇਣ ਦੀ ਕੋਸ਼ਿਸ਼ ਕਰ ਰਹੇ ਕੁਝ ਭਾਰਤੀ ਕੀ ਦੇਸ਼ਧ੍ਰੋਹੀ ਨਹੀਂ ਮੰਨੇ ਜਾਣੇ ਚਾਹੀਦੇ? ਇਸ ਦਾ ਅਰਥ ਇਹ ਹੋਇਆ ਕਿ ਜੇਕਰ ਰਾਮਰਾਜ ਲਿਆਉਣਾ ਹੈ ਤਾਂ ਰਾਮ ਦੇ ਅਨੁਸਾਰ ਨਿਆਂ ਵਿਚ ਦੇਰੀ ਨੂੰ ਅਨਿਆਂ ਦੀ ਸ਼੍ਰੇਣੀ 'ਚ ਮੰਨਿਆ ਜਾਵੇਗਾ। ਜੋ ਇਸ ਦੇ ਲਈ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਰਾਮ ਦੇ ਅਨੁਸਾਰ ਹਾਲਾਤ ਦੇ ਮੁਤਾਬਕ ਆਪਣੇ ਆਪ ਨੂੰ ਬਦਲਣਾ ਚਾਹੀਦਾ ਹੈ ਅਤੇ ਇਸੇ ਕੜੀ 'ਚ ਦੂਸਰਿਆਂ ਨੂੰ ਇਹ ਆਸ ਰੱਖਣ ਕਿ ਉਹ ਵੀ ਸਾਡੇ ਅਨੁਸਾਰ ਬਦਲਣ, ਇਸ ਦੀ ਹਾਂ 'ਤੇ ਉਨ੍ਹਾਂ ਨੂੰ ਆਪਣੇ ਹਿਸਾਬ ਨਾਲ ਬਦਲਣ ਦਿਓ। ਅੱਜ ਦੇ ਸੰਦਰਭ 'ਚ ਸਰਕਾਰ ਅਤੇ ਸਿਆਸੀ ਦਲ ਭਾਵੇਂ ਆਪਣੇ ਆਪ ਨੂੰ ਨਾ ਬਦਲਣ ਪਰ ਜਨਤਾ ਤੋਂ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਮੁਤਾਬਕ ਬਦਲ ਜਾਵੇ। ਉਦਾਹਰਣ ਵਜੋਂ ਜੇਕਰ ਸਰਕਾਰ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੈ, ਭੇਦਭਾਵ ਕਰਦੀ ਹੈ ਅਤੇ ਅਨਿਆਂ ਹੋਣ 'ਤੇ ਅੱਖਾਂ ਫੇਰ ਲੈਂਦੀ ਹੈ ਤਾਂ ਰਾਮਰਾਜ 'ਚ ਪ੍ਰਜਾ ਕੀ ਕਰਦੀ? ਪ੍ਰਜਾ ਅਜਿਹੇ ਸ਼ਾਸਨ ਨੂੰ ਉਖਾੜ ਦਿੰਦੀ।

ਗਾਂਧੀ ਜੀ ਦੇ ਰਾਮਰਾਜ 'ਚ ਗ੍ਰਾਮ ਸਵਰਾਜ ਪ੍ਰਮੁੱਖ ਹੈ। ਉਨ੍ਹਾਂ ਨੇ ਇਹ ਧਾਰਨਾ ਇਸੇ ਲਈ ਬਣਾਈ ਸੀ ਕਿਉਂਕਿ ਭਾਰਤ ਦਿਹਾਤੀ ਇਕਾਈਆਂ ਨਾਲ ਬਣਿਆ ਦੇਸ਼ ਹੈ ਅਤੇ ਕਸਬੇ, ਨਗਰ ਅਤੇ ਮਹਾਨਗਰ ਉਸ ਤੋਂ ਬਣੀਆਂ ਇਕਾਈਆਂ ਹਨ। ਇਸ ਦਾ ਅਰਥ ਇਹ ਹੈ ਕਿ ਪਿੰਡ ਦੇ ਵਿਕਸਿਤ ਹੋਣ 'ਤੇ ਹੀ ਉਸ ਤੋਂ ਬਣੀਆਂ ਇਕਾਈਆਂ ਵਧ-ਫੁੱਲ ਸਕਦੀਆਂ ਹਨ। ਅਜਿਹਾ ਨਾ ਹੋਣ ਦਾ ਨਤੀਜਾ ਇਹ ਹੋਇਆ ਕਿ ਸ਼ਾਸਕ, ਜ਼ਿਮੀਂਦਾਰ ਅਤੇ ਪੂੰਜੀਪਤੀ ਦਾ ਅਜਿਹਾ ਗੱਠਜੋੜ ਬਣਿਆ ਕਿ ਪਿੰਡ ਖਾਲੀ ਹੋਣ ਲੱਗੇ, ਸਾਡੀ ਕੁਦਰਤੀ ਅਤੇ ਜੰਗਲੀ ਜਾਇਦਾਦ ਨੂੰ ਖਤਮ ਕੀਤਾ ਜਾਣ ਲੱਗਾ ਅਤੇ ਆਰਥਿਕ ਨਾਬਰਾਬਰੀ ਨੇ ਭਿਆਨਕ ਰੂਪ ਧਾਰਨ ਕਰ ਲਿਆ। ਕਿਸਾਨ ਨੂੰ ਮਜਬੂਰ ਹੀ ਨਹੀਂ ਕੀਤਾ ਸਗੋਂ ਉਸ ਨੂੰ ਇਕ ਭਿਖਾਰੀ ਦੇ ਪੱਧਰ 'ਤੇ ਲਿਆ ਖੜ੍ਹਾ ਕੀਤਾ। ਰਾਮਰਾਜ 'ਚ ਪਿੰਡ ਦੇ ਪੱਧਰ 'ਤੇ ਦਿਹਾਤੀ ਅਤੇ ਕੁਟੀਰ ਉਦਯੋਗ ਖੁੱਲ੍ਹਦੇ ਅਤੇ ਆਸ-ਪਾਸ ਜੋ ਕੱਚਾ ਮਾਲ ਹੁੰਦਾ, ਉਸ ਤੋਂ ਪੱਕਾ ਮਾਲ ਬਣਦਾ ਅਤੇ ਇਸੇ ਤਰ੍ਹਾਂ ਗ੍ਰਾਮੀਣ ਅਰਥ ਵਿਵਸਥਾ ਦੇ ਮਜ਼ਬੂਤ ਹੋਣ ਦੀ ਨੀਂਹ ਪਾਈ ਜਾਂਦੀ। ਅਜਿਹਾ ਨਾ ਹੋਣ 'ਤੇ ਪਿੰਡ 'ਚ ਬੇਰੋਜ਼ਗਾਰ ਹੋਣ 'ਤੇ ਸ਼ਹਿਰਾਂ 'ਚ ਹਿਜਰਤ ਸ਼ੁਰੂ ਹੋਈ ਅਤੇ ਉਨ੍ਹਾਂ ਵਿਚ ਆਬਾਦੀ ਵਧਣ ਨਾਲ ਜੋ ਸਮੱਸਿਆਵਾਂ ਸ਼ੁਰੂ ਹੋਈਆਂ, ਉਨ੍ਹਾਂ 'ਚ ਬੇਰੋਜ਼ਗਾਰੀ, ਬੀਮਾਰੀ ਅਤੇ ਗਰੀਬੀ ਪ੍ਰਮੁੱਖ ਹਨ।

ਰਾਮਰਾਜ ਵਿਚ ਸਿੱਖਿਆ ਸੰਸਥਾਵਾਂ ਅਤੇ ਵਿਗਿਆਨ ਦੇ ਕੇਂਦਰ ਸ਼ਹਿਰਾਂ ਤੋਂ ਦੂਰ ਜੰਗਲੀ ਖੇਤਰਾਂ 'ਚ ਹੁੰਦੇ ਸਨ। ਜਿਥੇ ਕੁਦਰਤੀ ਸਾਧਨ ਹੋਣ ਨਾਲ ਪੜ੍ਹਨ, ਟ੍ਰੇਨਿੰਗ ਹਾਸਿਲ ਕਰਨ, ਖੋਜ ਅਤੇ ਪ੍ਰਯੋਗ ਕਰਨ ਦੀਆਂ ਸਹੂਲਤਾਂ ਹੁੰਦੀਆਂ ਸਨ। ਸਾਡੀਆਂ ਬਨਸਪਤੀਆਂ ਅਤੇ ਜੰਗਲਾਂ ਤੋਂ ਹਾਸਲ ਹੋਣ ਵਾਲੀਆਂ ਵਸਤਾਂ ਦਾ ਵਿਗਿਆਨਿਕ ਢੰਗ ਨਾਲ ਵਿਕਾਸ ਕਰਨ ਦੇ ਸਾਧਨ ਮੁਹੱਈਆ ਹੁੰਦੇ ਸਨ। ਇਕਾਂਤ 'ਚ ਅਧਿਐਨ, ਮਨਨ ਅਤੇ ਚਿੰਤਨ ਕਰਨ ਦੀ ਰਵਾਇਤ ਹੁੰਦੀ ਸੀ। ਅੱਜ ਲੱਗਭਗ ਸਾਰੀਆਂ ਸਿੱਖਿਆ ਸੰਸਥਾਵਾਂ ਜਾਂ ਵਿਗਿਆਨਿਕ ਖੋਜ ਕੇਂਦਰ ਜ਼ਿਆਦਾਤਰ ਸ਼ਹਿਰਾਂ 'ਚ ਸਥਾਪਿਤ ਹਨ ਅਤੇ ਕੁਦਰਤ ਨਾਲੋਂ ਸਬੰਧ ਟੁੱਟ ਗਿਆ ਅਤੇ ਨਤੀਜਾ ਇਹ ਹੋਇਆ ਕਿ ਜਿਥੇ ਕੁਦਰਤੀ ਸੰਪਦਾ ਨੂੰ ਹੋਰ ਜ਼ਿਆਦਾ ਖੁਸ਼ਹਾਲ ਬਣਾਉਣ ਵੱਲ ਧਿਆਨ ਦਿੱਤਾ ਜਾਂਦਾ, ਉੱਥੇ ਉਸ ਦੀ ਬੇਤਹਾਸ਼ਾ ਵਰਤੋਂ ਹੋਣ ਲੱਗੀ ਅਤੇ ਸਾਡੇ ਜੰਗਲ, ਪਹਾੜ ਤਬਾਹੀ ਵੱਲ ਵਧਣ ਲੱਗੇ। ਇਸ ਦਾ ਇਕ ਹੋਰ ਨਤੀਜਾ ਹੋਇਆ ਅਤੇ ਉਹ ਇਹ ਕਿ ਸਾਡੀ ਵਣ ਸੰਪਦਾ, ਬਨਸਪਤੀਆਂ ਅਤੇ ਜੈਵਿਕ ਸਾਧਨਾਂ 'ਤੇ ਵਿਦੇਸ਼ੀਆਂ ਦੀ ਨਜ਼ਰ ਪੈ ਗਈ ਅਤੇ ਉਹ ਕਿਉਂਕਿ ਉਨ੍ਹਾਂ ਦੀ ਸੁਚੱਜੀ ਵਰਤੋਂ ਜਾਣਦੇ ਸਨ, ਇਸ ਲਈ ਇਨ੍ਹਾਂ ਸਭ ਦੀ ਸਮੱਗਲਿੰਗ ਦਾ ਇਕ ਅਜਿਹਾ ਅੰਤਹੀਣ ਸਿਲਸਿਲਾ ਸ਼ੁਰੂ ਹੋਇਆ, ਜੋ ਦੇਸ਼ ਦੀ ਦੌਲਤ ਵਿਦੇਸ਼ੀਆਂ ਤਕ ਪਹੁੰਚਾ ਰਿਹਾ ਹੈ ਅਤੇ ਉਹ ਉਸ ਤੋਂ ਨਾ ਸਿਰਫ ਮਾਲਾਮਾਲ ਹੋ ਰਹੇ ਹਨ, ਸਗੋਂ ਦੁਨੀਆ 'ਤੇ ਛਾ ਰਹੇ ਹਨ ਮਤਲਬ ਇਹ ਕਿ ਪੂੰਜੀ ਸਾਡੀ ਅਤੇ ਧਨਾਢ ਕੋਈ ਹੋਰ ਹੁੰਦਾ ਜਾ ਰਿਹਾ ਹੈ।

ਰਾਮ ਦਾ ਦੈਵੀ ਰਾਜ
ਰਾਮਰਾਜ ਜੀ ਕਲਪਨਾ ਕਰਦੇ ਸਮੇਂ ਉਸ ਨੂੰ ਦੇਵਤਿਆਂ ਦੇ ਰਾਜ ਵਰਗਾ ਸਮਝਣ ਲੱਗਦੇ ਹਾਂ, ਜਦਕਿ ਰਾਮ ਦਾ ਜੀਵਨ ਇਕ ਆਮ ਮਨੁੱਖ ਵਾਂਗ ਸੀ। ਉਹ ਸਾਧਾਰਨ ਵਿਅਕਤੀ ਵਾਂਗ ਸੀਤਾ ਦੇ ਵਿਯੋਗ 'ਚ ਰੋਂਦੇ ਹਨ, ਵਿਰਲਾਪ ਕਰਦੇ ਹਨ ਅਤੇ ਕਰੋਧ ਕਰਦੇ ਹਨ। ਸਮੁੰਦਰ ਵਲੋਂ ਰਸਤਾ ਨਾ ਦੇਣ 'ਤੇ ਉਸ ਨੂੰ ਸੁਕਾ ਦੇਣਾ ਚਾਹੁੰਦੇ ਹਨ ਅਤੇ ਭਰਾ ਲਕਸ਼ਮਣ ਦੇ ਸਮਝਾਉਣ 'ਤੇ ਸ਼ਾਂਤ ਅਤੇ ਸਥਿਰ ਹੁੰਦੇ ਹਨ। ਰਾਮ ਦੇ ਲਈ ਕਿਸੇ ਵੀ ਜੀਵ ਦੀ ਰੱਖਿਆ ਕਰਨ ਦੇ ਨਾਲ-ਨਾਲ ਉਸ ਨੂੰ ਮਿੱਤਰ ਬਣਾ ਲੈਣਾ ਵੀ ਜ਼ਰੂਰੀ ਹੈ। ਉਨ੍ਹਾਂ ਲਈ ਨਾ ਕੋਈ ਛੋਟਾ ਹੈ, ਨਾ ਵੱਡਾ ਸਭ ਬਰਾਬਰ ਹਨ। ਜੋ ਲੋਕ ਰਾਮਰਾਜ ਨੂੰ ਹਿੰਦੂ ਰਾਜ ਨਾਲ ਜੋੜਦੇ ਹਨ, ਉਨ੍ਹਾਂ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਰਾਮਰਾਜ ਕਿਸੇ ਇਕ ਧਰਮ ਜਾਂ ਜਾਤੀ ਦੀ ਗੱਲ ਨਹੀਂ ਕਰਦਾ ਸਗੋਂ ਸਭ ਨੂੰ ਉਸ ਵਿਚ ਸ਼ਾਮਲ ਮੰਨਦਾ ਹੈ। ਰਾਮ ਨੀਤੀ ਅਨੁਸਾਰ ਚੱਲਦੇ ਹਨ ਅਤੇ ਗਲਤ ਵਿਵਹਾਰ ਨੂੰ ਵੀ ਨੀਤੀ ਨਾਲ ਹੀ ਹਰਾਉਣਾ ਚਾਹੁੰਦੇ ਹਨ। ਕੈਕਈ ਦੇ ਭੈੜੇ ਵਤੀਰੇ ਤੋਂ ਦੁਖੀ ਨਾ ਹੋ ਕੇ ਸਗੋਂ ਪਿਤਾ ਦੀ ਆਗਿਆ ਮੰਨਦੇ ਹਨ। ਨਤੀਜੇ ਦੀ ਚਿੰਤਾ ਕੀਤੇ ਬਿਨਾਂ ਬਨਵਾਸ ਸਵੀਕਾਰ ਕਰਦੇ ਹਨ। ਇਸੇ ਦਾ ਨਤੀਜਾ ਹੁੰਦਾ ਹੈ ਕਿ ਕੈਕਈ ਦਾ ਦਿਲ ਵੀ ਬਦਲ ਜਾਂਦਾ ਹੈ।
ਆਸ ਹੈ ਰਾਮ ਮੰਦਰ ਦੇ ਨਾਲ-ਨਾਲ ਰਾਮਰਾਜ ਦੀ ਕਲਪਨਾ ਵੀ ਸਾਕਾਰ ਹੋਵੇਗੀ, ਜਿਸ ਵਿਚ ਨਾਬਰਾਬਰੀ, ਗਰੀਬੀ ਅਤੇ ਅਨਿਆਂ ਦਾ ਕੋਈ ਸਥਾਨ ਨਹੀਂ ਹੋਵੇਗਾ।

                                                                                          —ਪੂਰਨ ਚੰਦ ਸਰੀਨ


KamalJeet Singh

Content Editor

Related News