ਯੋਗੀ ਦੇ ਘਰ ''ਚ ਰਵੀ ਕਿਸ਼ਨ ਬੇਦਮ ਕਿਉਂ

Sunday, May 05, 2019 - 05:19 AM (IST)

ਇਸ ਵਾਰ ਗੋਰਖਪੁਰ (ਯੂ. ਪੀ.) ਦੀਆਂ ਚੋਣ ਹਵਾਵਾਂ ਫਿਲਮੀ ਹਾਵ-ਭਾਵ ਵਾਲੀਆਂ ਨਜ਼ਰ ਆ ਰਹੀਆਂ ਹਨ। ਬਾਬਾ ਗੋਰਖਨਾਥ ਦੀ ਇਸ ਧਰਤੀ ਨੇ ਹੁਣ ਤਕ ਚੋਣ ਘੋਲਾਂ ਦਾ ਇਕ ਚੰਡੀ ਰੂਪ ਦੇਖਿਆ ਹੈ ਤੇ ਇਸ ਵਾਰ ਭਾਜਪਾ ਨੇ ਘਾਟ-ਘਾਟ ਦਾ ਪਾਣੀ ਪੀ ਕੇ ਆਏ ਫਿਲਮ ਅਭਿਨੇਤਾ ਰਵੀ ਕਿਸ਼ਨ ਨੂੰ ਇਥੋਂ ਚੋਣ ਮੈਦਾਨ 'ਚ ਉਤਾਰਿਆ ਹੈ।
ਸੂਤਰ ਦੱਸਦੇ ਹਨ ਕਿ ਰਵੀ ਗੋਰਖਪੁਰ ਦੇ ਇਕ ਫਾਈਵ ਸਟਾਰ ਹੋਟਲ 'ਚੋਂ ਆਪਣੀ ਚੋਣ ਮੁਹਿੰਮ ਚਲਾ ਰਹੇ ਹਨ। ਇਸ ਹੋਟਲ 'ਚ ਉਨ੍ਹਾਂ ਦੇ 2-3 ਕਮਰੇ ਬੁੱਕ ਹਨ ਅਤੇ ਹੋਟਲ ਦੇ ਜਿਮ ਨੇੜੇ ਹੀ ਉਨ੍ਹਾਂ ਦਾ ਇਕ ਛੋਟਾ ਜਿਹਾ ਚੋਣ ਦਫਤਰ ਬਣਾਇਆ ਗਿਆ ਹੈ। ਕਹਿੰਦੇ ਹਨ ਕਿ ਜਿੱਥੇ ਬਹੁਤੇ ਵਿਰੋਧੀ ਉਮੀਦਵਾਰ ਸਵੇਰੇ 6-7 ਵਜੇ ਹੀ ਚੋਣ ਪ੍ਰਚਾਰ ਲਈ ਨਿਕਲ ਜਾਂਦੇ ਹਨ, ਉਥੇ ਹੀ ਭਾਜਪਾ ਦੇ ਇਹ ਸਟਾਰ ਉਮੀਦਵਾਰ ਸਵੇਰ ਨੂੰ ਆਰਾਮ ਨਾਲ ਸੌਂ ਕੇ ਉੱਠਦੇ ਹਨ ਅਤੇ ਫਿਰ ਕਸਰਤ ਲਈ ਜਿਮ ਚਲੇ ਜਾਂਦੇ ਹਨ।
ਉਸ ਤੋਂ ਬਾਅਦ ਉਨ੍ਹਾਂ ਨੂੰ ਤਿਆਰ ਹੁੰਦਿਆਂ ਲੱਗਭਗ 11 ਵੱਜ ਜਾਂਦੇ ਹਨ। ਫਿਰ ਕਿਤੇ ਉਹ ਚੋਣ ਪ੍ਰਚਾਰ ਲਈ ਨਿਕਲਦੇ ਹਨ। ਉਂਝ ਵੀ ਕਾਇਦੇ ਨਾਲ ਗੋਰਖਪੁਰ ਸੀਟ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਲਈ ਵੱਕਾਰ ਵਾਲੀ ਸੀਟ ਹੋਣੀ ਚਾਹੀਦੀ ਹੈ ਕਿਉਂਕਿ ਉਹ ਇਸੇ ਸੀਟ ਤੋਂ ਲਗਾਤਾਰ ਸੰਸਦ ਵਿਚ ਪਹੁੰਚਦੇ ਰਹੇ ਹਨ। ਉਨ੍ਹਾਂ ਵਲੋਂ ਖਾਲੀ ਕੀਤੀ ਗਈ ਇਸ ਸੀਟ 'ਤੇ ਜਦੋਂ ਉਪ-ਚੋਣ ਹੋਈ ਤਾਂ ਭਾਜਪਾ ਦੇ ਹੱਥੋਂ ਇਹ ਸੀਟ ਨਿਕਲ ਗਈ।
ਕਿਹਾ ਜਾਂਦਾ ਹੈ ਕਿ ਭਾਜਪਾ ਹਾਈਕਮਾਨ ਨੇ ਯੋਗੀ ਦੀ ਪਸੰਦ ਦਾ ਉਮੀਦਵਾਰ ਨਾ ਦੇ ਕੇ ਆਪਣੀ ਚਲਾ ਲਈ ਸੀ, ਜੋ ਗੱਲ ਯੋਗੀ ਨੂੰ ਰਾਸ ਨਹੀਂ ਆਈ। ਇਸ ਵਾਰ ਵੀ ਰਵੀ ਕਿਸ਼ਨ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੀ ਪਸੰਦ ਦੇ ਉਮੀਦਵਾਰ ਦੱਸੇ ਜਾ ਰਹੇ ਹਨ।

ਧਰਮ ਸੰਕਟ 'ਚ ਅਖਿਲੇਸ਼
12 ਮਈ ਨੂੰ ਗਾਜ਼ੀਪੁਰ 'ਚ ਬਸਪਾ ਸੁਪਰੀਮੋ ਮਾਇਆਵਤੀ ਤੇ ਸਪਾ ਦੇ ਮੁਖੀ ਅਖਿਲੇਸ਼ ਯਾਦਵ ਦੀ ਸਾਂਝੀ ਰੈਲੀ ਹੋਣ ਵਾਲੀ ਹੈ। ਇਥੋਂ ਕੇਂਦਰੀ ਮੰਤਰੀ ਮਨੋਜ ਸਿਨ੍ਹਾ ਮੈਦਾਨ 'ਚ ਹਨ ਤਾਂ ਉਨ੍ਹਾਂ ਨੂੰ ਚੁਣੌਤੀ ਦੇਣ ਲਈ ਮਹਾਗੱਠਜੋੜ ਵਲੋਂ ਬਦਨਾਮ ਡੌਨ ਮੁਖਤਾਰ ਅੰਸਾਰੀ ਦੇ ਵੱਡੇ ਭਰਾ ਅਫਜ਼ਲ ਅੰਸਾਰੀ ਨੂੰ ਬਸਪਾ ਵਲੋਂ ਮੈਦਾਨ 'ਚ ਉਤਾਰਿਆ ਗਿਆ ਹੈ ਪਰ ਹੁਣ ਅਖਿਲੇਸ਼ ਯਾਦਵ ਇਸ ਸਾਂਝੀ ਰੈਲੀ 'ਚ ਸ਼ਾਮਿਲ ਹੋਣਗੇ ਜਾਂ ਨਹੀਂ, ਇਸ ਨੂੰ ਲੈ ਕੇ ਲਗਾਤਾਰ ਸਸਪੈਂਸ ਬਣਿਆ ਹੋਇਆ ਹੈ ਕਿਉਂਕਿ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਮੁਲਾਇਮ ਸਿੰਘ ਯਾਦਵ ਦੇ ਪਰਿਵਾਰ 'ਚ ਝਗੜਾ ਮੁਖਤਾਰ ਅੰਸਾਰੀ ਨੂੰ ਲੈ ਕੇ ਹੀ ਸ਼ੁਰੂ ਹੋਇਆ ਸੀ।
ਯਾਦ ਰਹੇ ਕਿ 15 ਸਾਲ ਪਹਿਲਾਂ ਵੀ (2004 ਵਿਚ) ਮਨੋਜ ਸਿਨ੍ਹਾ ਅਫਜ਼ਲ ਨਾਲ ਹੀ ਭਿੜੇ ਸਨ। ਉਨ੍ਹਾਂ ਚੋਣਾਂ 'ਚ ਮਨੋਜ ਸਿਨ੍ਹਾ ਦੇ ਭਤੀਜੇ ਸ਼ੇਸ਼ਨਾਥ ਰਾਏ ਦੀ ਵੋਟਾਂ ਵਾਲੇ ਦਿਨ ਹੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਮੁਖਤਾਰ ਅੰਸਾਰੀ ਕਦੇ ਮੁਲਾਇਮ ਸਿੰਘ ਤੇ ਉਨ੍ਹਾਂ ਦੇ ਭਰਾ ਸ਼ਿਵਪਾਲ ਯਾਦਵ ਦੇ ਬੇਹੱਦ ਨੇੜੇ ਮੰਨੇ ਜਾਂਦੇ ਸਨ ਪਰ ਅਖਿਲੇਸ਼ ਦੇ ਵਿਰੋਧ ਕਰਕੇ ਮੁਖਤਾਰ ਨੂੰ ਸਪਾ 'ਚੋਂ ਕੱਢ ਦਿੱਤਾ ਗਿਆ ਸੀ। ਉਦੋਂ ਗੁੱਸੇ 'ਚ ਆ ਕੇ ਅਫਜ਼ਲ ਨੇ ਅੱਗ ਉਗਲੀ ਸੀ ਕਿ ਅਖਿਲੇਸ਼ ਮੁਸਲਿਮ ਵਿਰੋਧੀ ਹੈ ਤੇ ਹੁਣ ਇਹ ਦੋਵੇਂ ਭਰਾ ਮਿਲ ਕੇ ਮੁਲਾਇਮ ਦੀ ਧੋਤੀ ਖੋਲ੍ਹ ਦੇਣਗੇ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਅਖਿਲੇਸ਼ ਯਾਦਵ ਆਪਣੇ ਪੁਰਾਣੇ ਗਿਲੇ-ਸ਼ਿਕਵੇ ਭੁਲਾ ਕੇ ਅਫਜ਼ਲ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦੇ ਹਨ ਜਾਂ ਨਹੀਂ?

ਮੋਦੀ ਦੀ ਮੀਡੀਆ ਮੈਨੇਜਮੈਂਟ
ਆਪਣੇ ਪ੍ਰਚਾਰ-ਪ੍ਰਸਾਰ ਲਈ ਪ੍ਰਗਟਾਵੇ ਦੇ ਸਰਵਉੱਤਮ ਹਥਿਆਰ ਮੀਡੀਆ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ, ਇਹ ਕਲਾ ਕੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਿੱਖੇ, ਜਿਨ੍ਹਾਂ ਨੇ ਪਿਛਲੇ 5 ਸਾਲਾਂ 'ਚ ਲਗਾਤਾਰ ਮੀਡੀਆ ਦੇ ਇਕ ਵੱਡੇ ਵਰਗ ਨੂੰ ਆਪਣਾ 'ਗੁਲਾਮ' ਬਣਾ ਲਿਆ ਹੈ। ਇਕ ਤੋਂ ਬਾਅਦ ਇਕ ਨਿਊਜ਼ ਚੈਨਲਾਂ 'ਤੇ ਉਨ੍ਹਾਂ ਦੀਆਂ ਵੱਡੀਆਂ ਇੰਟਰਵਿਊਜ਼ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਨਮੋ ਟੀ. ਵੀ. ਉਨ੍ਹਾਂ ਹੀ ਇੰਟਰਵਿਊਜ਼ ਨੂੰ ਪ੍ਰਸਾਰਿਤ ਕਰ ਰਿਹਾ ਹੈ।
ਆਪਣੀ ਨਾਗਰਿਕਤਾ ਦੇ ਵਿਵਾਦ 'ਚ ਬੁਰੀ ਤਰ੍ਹਾਂ ਘਿਰੇ ਅਕਸ਼ੈ ਕੁਮਾਰ ਨੇ ਜਦੋਂ ਮੋਦੀ ਦੀ ਨਿੱਜੀ ਇੰਟਰਵਿਊ ਲਈ ਤਾਂ ਉਸ ਨਾਲ ਨਾ ਸਿਰਫ ਦੇਸ਼ ਭਰ 'ਚ ਭਾਜਪਾ ਦੇ ਪੱਖ 'ਚ ਮਾਹੌਲ ਬਣਿਆ, ਸਗੋਂ ਟੀ. ਵੀ. ਚੈਨਲਾਂ ਨੂੰ ਵੀ ਉਸ ਲੰਮੀ ਇੰਟਰਵਿਊ ਨਾਲ ਖੂਬ ਟੀ. ਆਰ. ਪੀ. ਮਿਲੀ। ਮੋਦੀ ਤੇ ਭਾਜਪਾ ਦੇ ਕਈ ਪਸੰਦੀਦਾ ਚੈਨਲਾਂ 'ਤੇ ਮੋਦੀ ਛਾ ਚੁੱਕੇ ਹਨ। ਕੀ ਇਹ ਸਿਰਫ ਸੰਯੋਗ ਹੈ ਕਿ ਅਜਿਹੀਆਂ ਸਾਰੀਆਂ ਇੰਟਰਵਿਊਜ਼ ਦਾ ਪ੍ਰਸਾਰਣ ਵੋਟਿੰਗ ਤੋਂ ਇਕ ਦਿਨ ਪਹਿਲਾਂ ਹੁੰਦਾ ਹੈ।
ਤਾਜ਼ਾ ਮਾਮਲਾ ਮੋਦੀ-ਸ਼ਾਹ ਦੀਆਂ ਅੱਖਾਂ ਦੇ ਤਾਰੇ ਇੰਡੀਆ ਟੀ. ਵੀ. ਦੇ ਰਜਤ ਸ਼ਰਮਾ ਦਾ ਹੈ, ਜਿਨ੍ਹਾਂ ਨੇ ਮੋਦੀ ਦੀ ਇੰਟਰਵਿਊ ਲਈ ਪੂਰਾ ਜਵਾਹਰ ਲਾਲ ਨਹਿਰੂ ਸਟੇਡੀਅਮ ਹੀ ਬੁੱਕ ਕਰਵਾ ਲਿਆ। ਜ਼ਬਰਦਸਤ ਭੀੜ, ਕੈਮਰਿਆਂ ਦਾ ਹੜ੍ਹ, ਭਾਵ ਇਸ ਇੰਟਰਵਿਊ ਨੂੰ ਵਿਸ਼ਾਲਤਾ ਦਾ ਜਾਮਾ ਪਹਿਨਾਉਣ ਲਈ ਰਜਤ ਸ਼ਰਮਾ ਨੇ ਕੋਈ ਕਸਰ ਨਹੀਂ ਛੱਡੀ।

ਮੋਦੀ ਨੂੰ ਗਾਂਧੀ ਚੁਣੌਤੀ
ਇਸ ਸ਼ਨੀਵਾਰ ਰਾਹੁਲ ਗਾਂਧੀ ਨੇ ਦਿੱਲੀ 'ਚ ਇਕ ਪ੍ਰੈੱਸ ਕਾਨਫਰੰਸ ਕਰ ਕੇ ਪੱਤਰਕਾਰਾਂ ਦੇ ਚੁੱਭਦੇ ਸਵਾਲਾਂ ਦੇ ਜਵਾਬ ਬੇਖੌਫ਼ ਅੰਦਾਜ਼ 'ਚ ਦਿੱਤੇ ਅਤੇ ਇਸ ਪ੍ਰੈੱਸ ਕਾਨਫਰੰਸ ਤੋਂ ਉੱਠਦੇ-ਉੱਠਦੇ ਉਨ੍ਹਾਂ ਨੇ ਮੋਦੀ ਸਾਹਮਣੇ ਇਹ ਚੁਣੌਤੀ ਉਛਾਲ ਦਿੱਤੀ ਕਿ ਉਹ ਕੋਈ ਪ੍ਰੈੱਸ ਕਾਨਫਰੰਸ ਕਿਉਂ ਨਹੀਂ ਕਰਦੇ? ਵਿਦੇਸ਼ੀ ਪੱਤਰਕਾਰਾਂ ਕੋਲ ਵੀ ਉਨ੍ਹਾਂ ਨੂੰ ਪੁੱਛਣ ਲਈ ਕਈ ਵੱਡੇ ਸਵਾਲ ਹਨ।
ਰਾਹੁਲ ਨੇ ਮੋਦੀ 'ਤੇ ਨਿਸ਼ਾਨਾ ਲਾਉਣ ਲਈ ਮੁੜ ਨੋਟਬੰਦੀ ਅਤੇ ਜੀ. ਐੱਸ. ਟੀ. ਦਾ ਮੁੱਦਾ ਉਛਾਲਿਆ। ਖੈਰ, ਹੁਣ ਤਾਂ ਇਸ ਦਾ ਬੁਰਾ ਅਸਰ ਦਿਸਣਾ ਸ਼ੁਰੂ ਹੋ ਗਿਆ ਹੈ। ਨੋਟਬੰਦੀ ਦੀ ਸਭ ਤੋਂ ਜ਼ਿਆਦਾ ਮਾਰ ਖੇਤੀਬਾੜੀ ਅਤੇ ਰੀਅਲਿਟੀ ਸੈਕਟਰ ਨੂੰ ਝੱਲਣੀ ਪੈ ਰਹੀ ਹੈ। ਭਾਰਤ ਇਕ ਅਜਿਹਾ ਖੇਤੀ ਪ੍ਰਧਾਨ ਦੇਸ਼ ਹੈ, ਜਿਥੋਂ ਦੇ ਲੱਗਭਗ 27 ਕਰੋੜ ਕਿਸਾਨ ਨਕਦ ਅਰਥ ਵਿਵਸਥਾ ਦੇ ਭਰੋਸੇ ਹਨ। ਪਿਛਲੇ ਸਾਲ ਦਸੰਬਰ 'ਚ ਖੇਤੀਬਾੜੀ ਮੰਤਰਾਲੇ ਦੀ ਸਥਾਈ ਸੰਸਦੀ ਕਮੇਟੀ ਨੇ ਵੀ ਆਪਣੀ ਰਿਪੋਰਟ 'ਚ ਮੰਨਿਆ ਸੀ ਕਿ ਨੋਟਬੰਦੀ ਦੀ ਸਭ ਤੋਂ ਵੱਧ ਮਾਰ ਕਿਸਾਨਾਂ ਨੂੰ ਪਈ ਹੈ। ਇਹ ਵੱਖਰੀ ਗੱਲ ਹੈ ਕਿ ਇਕ ਹਫਤੇ ਅੰਦਰ ਹੀ ਇਹ ਰਿਪੋਰਟ ਵਾਪਿਸ ਲੈ ਲਈ ਗਈ।
ਸੂਤਰਾਂ ਦੀ ਮੰਨੀਏ ਤਾਂ ਇਸ ਰਿਪੋਰਟ ਨੂੰ ਅੱਗੇ ਵਧਾਉਣ ਵਾਲੇ ਮੰਤਰਾਲੇ ਦੇ ਕਈ ਅਫਸਰਾਂ ਨੂੰ 'ਕਾਰਨ ਦੱਸੋ' ਨੋਟਿਸ ਵੀ ਜਾਰੀ ਕੀਤਾ ਗਿਆ। ਇਹ ਇਕੱਲੇ ਭਾਰਤ ਦਾ ਹੀ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਰੂਸ, ਮਿਆਂਮਾਰ ਅਤੇ ਅਤੇ ਜ਼ਿੰਬਾਬਵੇ ਵਰਗੇ ਦੇਸ਼ਾਂ ਦੀ ਅਰਥ ਵਿਵਸਥਾ ਵੀ ਨੋਟਬੰਦੀ ਦੀ ਮਾਰ ਨਾਲ ਤਹਿਸ-ਨਹਿਸ ਹੋ ਗਈ ਸੀ। 1991 'ਚ ਜਦੋਂ ਸੋਵੀਅਤ ਸੰਘ ਦੇ ਤੱਤਕਾਲੀ ਰਾਸ਼ਟਰਪਤੀ ਮਿਖਾਈਲ ਗੋਰਬਾਚੇਵ ਨੇ 50 ਅਤੇ 100 ਰੂਬਲ (ਰੂਸੀ ਕਰੰਸੀ) ਉੱਤੇ ਪਾਬੰਦੀ ਲਾਈ ਸੀ ਤਾਂ ਦੇਸ਼ ਨੂੰ ਇਸ ਦੇ ਬੁਰੇ ਨਤੀਜੇ ਝੱਲਣੇ ਪਏ ਸਨ। ਕਜ਼ਾਕਿਸਤਾਨ ਅਤੇ ਯੂਕ੍ਰੇਨ 'ਚ ਵੀ ਇਸ ਦਾ ਸਭ ਤੋਂ ਬੁਰਾ ਅਸਰ ਦਿਸਿਆ ਸੀ। ਸੋ ਹੁਣ ਰਾਹੁਲ ਗਾਂਧੀ ਇਸੇ ਵਜ੍ਹਾ ਕਰਕੇ ਨੋਟਬੰਦੀ 'ਤੇ ਇਕ ਬਹਿਸ ਛੇੜਨਾ ਚਾਹੁੰਦੇ ਹਨ।

ਤੇਜਪ੍ਰਤਾਪ ਬਦਲੇ ਅਵਤਾਰ 'ਚ
ਲਾਲੂ ਯਾਦਵ ਦੇ ਬੇਟੇ ਤੇਜਪ੍ਰਤਾਪ ਯਾਦਵ ਇਨ੍ਹੀਂ ਦਿਨੀਂ ਇਕ ਬਦਲੇ ਹੋਏ ਅਵਤਾਰ 'ਚ ਸਾਹਮਣੇ ਆਏ ਹਨ। ਇਨ੍ਹਾਂ ਚੋਣਾਂ 'ਚ ਤੇਜਪ੍ਰਤਾਪ ਨੇ ਆਪਣੀ ਸਰਗਰਮੀ ਦਾ ਦਾਇਰਾ ਸਮੇਟ ਲਿਆ ਹੈ ਤੇ ਮਥੁਰਾ 'ਚ ਸਥਿਤ ਆਪਣੇ ਗੁਰੂ ਦੇ ਲਗਾਤਾਰ ਸੰਪਰਕ 'ਚ ਹਨ।
ਸੂਤਰ ਦੱਸਦੇ ਹਨ ਕਿ ਜਦੋਂ ਤੋਂ ਉਨ੍ਹਾਂ ਨੇ ਮਥੁਰਾ ਜਾ ਕੇ ਆਪਣੇ ਗੁਰੂ ਤੋਂ ਦੀਖਿਆ ਲਈ ਹੈ, ਉਨ੍ਹਾਂ ਨੇ ਮਾਸਾਹਾਰ ਖਾਣਾ ਵੀ ਛੱਡ ਦਿੱਤਾ ਹੈ। ਕਦੇ 'ਲਿੱਟੀ-ਮੀਟ' ਦੇ ਸ਼ੌਕੀਨ ਰਹੇ ਤੇਜਪ੍ਰਤਾਪ ਇਨ੍ਹੀਂ ਦਿਨੀਂ ਸ਼ਾਕਾਹਾਰ 'ਚ ਆਪਣੇ ਭਵਿੱਖ ਦਾ ਰਾਹ ਲੱਭ ਰਹੇ ਹਨ ਅਤੇ ਆਪਣੇ ਭਰਾ ਤੇਜਸਵੀ ਦੇ ਚੰਗੇਰੇ ਭਵਿੱਖ ਦੀ ਕਾਮਨਾ ਕਰ ਰਹੇ ਹਨ।
ਆਪਣੇ ਨੇੜਲਿਆਂ ਨਾਲ ਗੱਲਬਾਤ 'ਚ ਤੇਜਪ੍ਰਤਾਪ ਸਾਰਿਆਂ ਨੂੰ ਇਹ ਭਰੋਸਾ ਦਿਵਾਉਣ ਦੀ ਕੋਸ਼ਿਸ਼ ਵੀ ਕਰਦੇ ਹਨ ਕਿ ਬਿਹਾਰ 'ਚ ਅਗਲੀ ਸਰਕਾਰ ਰਾਜਦ ਦੀ ਹੀ ਹੋਵੇਗੀ ਤੇ ਉਸ ਦੀ ਅਗਵਾਈ ਤੇਜਸਵੀ ਯਾਦਵ ਕਰਨਗੇ।

ਅਮਿਤ ਸ਼ਾਹ ਪੜ੍ਹਨ ਦੇ ਸ਼ੌਕੀਨ
ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੋਵੇਗਾ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਫੁਲਟਾਈਮ ਸਿਆਸਤ ਕਰਨ ਤੋਂ ਇਲਾਵਾ ਪੜ੍ਹਨ ਦਾ ਵੀ ਸ਼ੌਕ ਰੱਖਦੇ ਹਨ। ਅਮਿਤ ਸ਼ਾਹ ਤੇ ਮੋਦੀ ਦੋਹਾਂ ਨੂੰ ਹੀ ਗੁਜਰਾਤੀ ਸਾਹਿਤ ਪੜ੍ਹਨਾ ਪਸੰਦ ਹੈ। ਆਪਣੇ ਇਸੇ ਸ਼ੌਕ ਕਾਰਨ ਅਮਿਤ ਸ਼ਾਹ ਨੇ ਭਾਜਪਾ ਹੈੱਡਕੁਆਰਟਰ ਦੇ ਟੌਪ ਫਲੋਰ 'ਤੇ ਆਪਣੇ ਕਮਰੇ ਨਾਲ ਆਪਣੀ ਪਸੰਦ ਦੀ ਇਕ ਲਾਇਬ੍ਰੇਰੀ ਵੀ ਬਣਵਾਈ ਹੈ।

ਆਜ਼ਮਗੜ੍ਹ 'ਚ ਅਖਿਲੇਸ਼ ਦੀ ਬੱਲੇ-ਬੱਲੇ
ਯੂ. ਪੀ. 'ਚ ਸਪਾ-ਬਸਪਾ ਗੱਠਜੋੜ ਆਪਣੇ ਰਵਾਇਤੀ ਵੋਟ ਬੈਂਕ ਨੂੰ ਮਜ਼ਬੂਤ ਕਰਨ 'ਚ ਜੁਟਿਆ ਹੋਇਆ ਹੈ। ਦੂਜੇ ਪਾਸੇ ਭਾਜਪਾ ਗੱਠਜੋੜ ਦੀਆਂ ਰਣਨੀਤੀਆਂ ਨੂੰ ਸਮਝਦੇ ਹੋਏ ਆਪਣੇ ਕੋਰ ਵੋਟ ਬੈਂਕ ਨੂੰ ਧਾਰ ਦੇਣ ਦੀ ਕੋਸ਼ਿਸ਼ 'ਚ ਹੈ। ਇਸੇ ਸਮੀਕਰਣ ਨੂੰ ਧਿਆਨ 'ਚ ਰੱਖਦਿਆਂ ਆਜ਼ਮਗੜ੍ਹ 'ਚ ਅਖਿਲੇਸ਼ ਯਾਦਵ ਦੀ 'ਬਾਦਸ਼ਾਹੀ' ਨੂੰ ਚੁਣੌਤੀ ਦੇਣ ਵਾਲੇ ਭੋਜਪੁਰੀ ਫਿਲਮ ਸਟਾਰ ਦਿਨੇਸ਼ ਲਾਲ ਯਾਦਵ ਨਿਰਹੂਆ ਸਿਰਫ ਦਲਿਤਾਂ ਦੀਆਂ ਬਸਤੀਆਂ 'ਚ ਜਾ ਰਹੇ ਹਨ। ਯਾਦ ਰਹੇ ਕਿ ਆਜ਼ਮਗੜ੍ਹ ਲੋਕ ਸਭਾ ਸੀਟ 'ਤੇ ਯਾਦਵ, ਮੁਸਲਿਮ ਅਤੇ ਦਲਿਤ ਵੋਟਰਾਂ ਦਾ ਕੁਲ ਹਿੱਸਾ ਲੱਗਭਗ 60 ਫੀਸਦੀ ਹੈ ਤੇ ਅਖਿਲੇਸ਼ ਦੇ ਬੁੱਲ੍ਹਾਂ ਦੀ ਮੁਸਕਰਾਹਟ ਦੀ ਅਸਲੀ ਵਜ੍ਹਾ ਵੀ ਇਹੋ ਹੈ।
 
                                                                                                           —ਤ੍ਰਿਦੀਬ ਰਮਨ


KamalJeet Singh

Content Editor

Related News