ਮਹਿਲਾਵਾਂ ਪ੍ਰਤੀ ''ਯੌਨ ਹਿੰਸਾ'' ਸਮਾਜ ''ਤੇ ਸਵਾਲੀਆ ਨਿਸ਼ਾਨ

01/18/2020 12:44:51 AM

ਨਿਰਭਯਾ ਦੇ ਦੋਸ਼ੀਆਂ ਦੀ ਫਾਂਸੀ ਹੁਣ ਕੁਝ ਦਿਨ ਹੋਰ ਟਲ ਗਈ ਹੈ। ਸਾਡਾ ਸਮਾਜ ਅਜਿਹੇ ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣ ਦੀ ਮੰਗ ਦਾ ਜਿਸ ਤਰ੍ਹਾਂ ਸਮਰਥਨ ਕਰਦਾ ਹੈ, ਉਹ ਕਿਤੇ ਨਾ ਕਿਤੇ ਸਾਡੇ ਦੇਸ਼ ਦੀ ਕਾਨੂੰਨ-ਵਿਵਸਥਾ ਦੀਆਂ ਗੁੰਝਲਾਂ 'ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ। ਪਿਛਲੇ ਦਿਨੀਂ ਬਲਾਤਕਾਰ ਦੇ ਦੋਸ਼ੀਆਂ ਦੇ ਐਨਕਾਊਂਟਰ ਨੂੰ ਵੀ ਸਮਾਜ ਦਾ ਪੂਰਾ ਸਮਰਥਨ ਮਿਲਿਆ ਸੀ। ਇਹ ਸਹੀ ਹੈ ਕਿ ਕਾਨੂੰਨ-ਵਿਵਸਥਾ ਦੀਆਂ ਗੁੰਝਲਾਂ ਨਾਲ ਉਪਜੀ ਨਿਰਾਸ਼ਾ ਨੇ ਇਸ ਐਨਕਾਊਂਟਰ ਨੂੰ ਪੂਰੇ ਦੇਸ਼ ਵਿਚ ਜ਼ਬਰਦਸਤ ਸਮਰਥਨ ਦਿੱਤਾ ਪਰ ਸਵਾਲ ਇਹ ਹੈ ਕਿ ਕਾਨੂੰਨ ਦੇ ਰਾਜ ਵਿਚ ਕੀ ਅਜਿਹੀਆਂ ਗੈਰ-ਨਿਆਇਕ ਹੱਤਿਆਵਾਂ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਹੈ? ਕੀ ਇਸ ਐਨਕਾਊਂਟਰ ਉੱਤੇ ਜਸ਼ਨ ਮਨਾਉਣ ਵਾਲੇ ਸਾਰੇ ਲੋਕ ਆਪਣੇ ਬੱਚਿਆਂ ਨੂੰ ਔਰਤਾਂ ਦੀ ਇੱਜ਼ਤ ਕਰਨ ਦੀ ਸਿੱਖਿਆ ਦਿੰਦੇ ਹਨ? ਬਲਾਤਕਾਰ ਦੇ ਮਾਮਲਿਆਂ ਵਿਚ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਣੀ ਇਸ ਸਮੱਸਿਆ ਦਾ ਸਥਾਈ ਹੱਲ ਨਹੀਂ ਹੈ। ਹੁਣ ਸਾਨੂੰ ਇਸ ਸਮੱਸਿਆ ਦੇ ਪਿੱਛੇ ਦੇ ਮਨੋਵਿਗਿਆਨ 'ਤੇ ਵੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰਨਾ ਹੋਵੇਗਾ, ਤਾਂ ਹੀ ਇਸ ਸਮੱਸਿਆ ਦਾ ਸਥਾਈ ਹੱਲ ਲੱਭਿਆ ਜਾ ਸਕਦਾ ਹੈ। ਔਰਤਾਂ ਪ੍ਰਤੀ ਯੌਨ ਹਿੰਸਾ ਦੀਆਂ ਘਟਨਾਵਾਂ ਵਾਰ-ਵਾਰ ਇਸ ਸੱਭਿਅਕ ਸਮਾਜ ਦੀ ਸੰਵੇਦਨਸ਼ੀਲਤਾ 'ਤੇ ਸਵਾਲੀਆ ਨਿਸ਼ਾਨ ਲਾਉਂਦੀਆਂ ਹਨ। ਅੱਜ ਜਿਸ ਤਰ੍ਹਾਂ ਇਸ ਕਿਸਮ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ, ਉਸ ਨੂੰ ਸਿਰਫ ਕੁਝ ਤੱਤਾਂ ਦਾ ਮਾਨਸਿਕ ਦੀਵਾਲੀਆਪਣ ਕਹਿ ਕੇ ਰੱਦ ਨਹੀਂ ਕੀਤਾ ਜਾ ਸਕਦਾ। ਸਭ ਤੋਂ ਪਹਿਲਾਂ ਸਾਨੂੰ ਬਲਾਤਕਾਰ ਅਤੇ ਸਮੂਹਿਕ ਬਲਾਤਕਾਰ ਦੀ ਮਾਨਸਿਕਤਾ ਨੂੰ ਸਮਝਣਾ ਪਵੇਗਾ। ਸਾਡੇ ਸਮਾਜ ਵਿਚ ਇਸ ਤਰ੍ਹਾਂ ਦੇ ਵਤੀਰੇ ਦਾ ਵਧਣਾ ਸਪੱਸ਼ਟ ਤੌਰ 'ਤੇ ਇਹ ਸੰਕੇਤ ਦਿੰਦਾ ਹੈ ਕਿ ਸਾਡੇ ਸਮਾਜਿਕ ਤਾਣੇ-ਬਾਣੇ ਵਿਚ ਕਿਤੇ ਨਾ ਕਿਤੇ ਕੋਈ ਖੋਟ ਜ਼ਰੂਰ ਹੈ। ਇਥੇ ਇਹ ਵਿਚਾਰ ਕਰਨਾ ਵੀ ਜ਼ਰੂਰੀ ਹੈ ਕਿ ਇਹ ਖੋਟ ਆਪਣੇ ਆਪ ਪੈਦਾ ਹੋਈ ਹੈ ਜਾਂ ਫਿਰ ਜਾਣਬੁੱਝ ਕੇ ਪੈਦਾ ਕੀਤੀ ਜਾ ਰਹੀ ਹੈ। ਦਸੰਬਰ 2012 ਵਿਚ ਹੋਈ ਦਿੱਲੀ ਸਮੂਹਿਕ ਬਲਾਤਕਾਰ ਦੀ ਘਟਨਾ ਦੇ ਵਿਰੋਧ ਵਿਚ ਜਿਸ ਤਰ੍ਹਾਂ ਜਨਤਾ ਸੜਕਾਂ 'ਤੇ ਉਤਰੀ ਸੀ, ਉਸ ਨੂੰ ਦੇਖ ਕੇ ਲੱਗਾ ਸੀ ਕਿ ਸ਼ਾਇਦ ਸਾਡਾ ਸਮਾਜ ਜਾਗ ਗਿਆ ਹੈ ਪਰ ਇਸ ਘਟਨਾ ਤੋਂ ਬਾਅਦ ਵੀ ਲਗਾਤਾਰ ਅਜਿਹੀਆਂ ਖ਼ਬਰਾਂ ਆਉਂਦੀਆਂ ਰਹੀਆਂ। ਹੈਵਾਨੀਅਤ ਅਤੇ ਦਰਿੰਦਗੀ ਦੀਆਂ ਅਜਿਹੀਆਂ ਘਟਨਾਵਾਂ 'ਤੇ ਗੁੱਸਾ ਜਾਇਜ਼ ਹੈ ਪਰ ਸਿਰਫ ਗੁੱਸੇ ਨਾਲ ਹੀ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਸਾਨੂੰ ਠਹਿਰ ਕੇ ਇਹ ਸੋਚਣਾ ਹੀ ਪਵੇਗਾ ਕਿ ਵਾਰ-ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ।

ਦਰਅਸਲ, ਬਲਾਤਕਾਰ ਇਕ ਅਜਿਹਾ ਸ਼ੋਸ਼ਣਕਾਰੀ ਸ਼ਬਦ ਹੈ, ਜਿਸ ਨਾਲ ਉਸ ਸ਼ੋਸ਼ਣਕਾਰੀ ਵਤੀਰੇ ਅਤੇ ਪ੍ਰਕਿਰਿਆ ਦਾ ਬੋਧ ਹੁੰਦਾ ਹੈ, ਜੋ ਨਾ ਸਿਰਫ ਸਾਡੀ ਹੋਂਦ ਨੂੰ ਹਿਲਾ ਕੇ ਰੱਖ ਦਿੰਦੀ ਹੈ, ਸਗੋਂ ਸਾਡੇ ਅੰਦਰ ਇਕ ਹੀਣ ਭਾਵਨਾ ਵੀ ਪੈਦਾ ਕਰ ਦਿੰਦੀ ਹੈ। ਇਸ ਵਤੀਰੇ ਦਾ ਇਕ ਦੁਖਦਾਈ ਅਤੇ ਵਿਰੋਧਾਭਾਸੀ ਪਹਿਲੂ ਇਹੀ ਹੈ ਕਿ ਜੋ ਵਿਅਕਤੀ ਇਸ ਘਿਨਾਉਣੇ ਕੰਮ ਨੂੰ ਅੰਜਾਮ ਦਿੰਦਾ ਹੈ, ਉਸ ਦੇ ਅੰਦਰ ਹੀਣ ਭਾਵਨਾ ਪੈਦਾ ਨਹੀਂ ਹੁੰਦੀ, ਸਗੋਂ ਪੀੜਤਾ ਖ਼ੁਦ ਨੂੰ ਹੀਣ ਮੰਨਣ ਲੱਗਦੀ ਹੈ। ਦੁਨੀਆ ਦਾ ਕੋਈ ਵੀ ਸ਼ੋਸ਼ਣਕਾਰੀ ਵਤੀਰਾ ਸ੍ਰੇਸ਼ਠਤਾ ਅਤੇ ਹੀਣਤਾ ਦੇ ਵਿਰੋਧ ਤੋਂ ਬਿਨਾਂ ਪੈਦਾ ਨਹੀਂ ਹੁੰਦਾ। ਇਸ ਵਤੀਰੇ ਵਿਚ ਖ਼ੁਦ ਨੂੰ ਸ੍ਰੇਸ਼ਠ ਜਾਂ ਵੱਡਾ ਸਿੱਧ ਕਰਨ ਅਤੇ ਦੂਜਿਆਂ ਨੂੰ ਹੀਣ ਜਾਂ ਛੋਟਾ ਸਿੱਧ ਕਰਨ ਦੀ ਪ੍ਰਵਿਰਤੀ ਹੁੰਦੀ ਹੈ। ਬਲਾਤਕਾਰ ਜਾਂ ਦੁਸ਼ਕਰਮ ਵਰਗੀਆਂ ਘਟਨਾਵਾਂ ਵਿਚ ਇਹ ਭਾਵ ਤੱਤਕਾਲੀ ਤੌਰ 'ਤੇ ਵੀ ਪੈਦਾ ਹੋ ਸਕਦਾ ਹੈ। ਨਾਲ ਹੀ ਵਾਸਨਾ ਦਾ ਤੱਤਕਾਲੀ ਜੋਸ਼ ਵੀ ਅਜਿਹੀਆਂ ਘਟਨਾਵਾਂ ਲਈ ਜ਼ਿੰਮੇਵਾਰ ਹੈ। ਜੋ ਵੀ ਹੋਵੇ, ਬਲਾਤਕਾਰ ਵਰਗੀਆਂ ਘਟਨਾਵਾਂ ਨਾ ਸਿਰਫ ਮਨੁੱਖ ਦੀ ਯੌਨ ਆਜ਼ਾਦੀ ਅਤੇ ਯੌਨ ਸੁੱਚਤਾ ਉੱਤੇ ਹਮਲਾ ਹੈ, ਸਗੋਂ ਉਸ ਨੂੰ ਸੈਕਸ ਸ਼ੋਸ਼ਣ ਦੇ ਤੌਰ 'ਤੇ ਨਕਾਰਾ ਬਣਾ ਦੇਣ ਦੀ ਚਾਲ ਵੀ ਹੈ। ਮਨੋਵਿਗਿਆਨਿਕ ਅਜਿਹੇ ਘਿਨਾਉਣੇ ਕਾਰੇ ਕਰਨ ਵਾਲੇ ਲੋਕਾਂ ਨੂੰ ਮਾਨਸਿਕ ਤੌਰ 'ਤੇ ਬੀਮਾਰ ਦੱਸਦੇ ਹਨ ਪਰ ਸਵਾਲ ਇਹ ਹੈ ਕਿ ਇਸ ਦੌਰ ਵਿਚ ਇਹ ਮਾਨਸਿਕ ਬੀਮਾਰੀ ਕਿਉਂ ਵਧਦੀ ਜਾ ਰਹੀ ਹੈ। ਬਲਾਤਕਾਰੀ ਨੂੰ ਸਿਰਫ ਮਾਨਸਿਕ ਤੌਰ 'ਤੇ ਬੀਮਾਰ ਕਹਿ ਕੇ ਅਜਿਹੀਆਂ ਘਟਨਾਵਾਂ ਦੀ ਗੰਭੀਰਤਾ ਨੂੰ ਘੱਟ ਨਹੀਂ ਕੀਤਾ ਜਾ ਸਕਦਾ। ਹਰ ਵਿਅਕਤੀ ਵਿਚ ਵਾਸਨਾ ਦਾ ਕੁਝ ਅੰਸ਼ ਜ਼ਰੂਰ ਹੁੰਦਾ ਹੈ। ਜਦੋਂ ਵਾਸਨਾ ਦਾ ਸੰਤੁਲਨ ਵਿਗੜਦਾ ਹੈ ਤਾਂ ਨਤੀਜਾ ਅਜਿਹੀਆਂ ਘਿਨਾਉਣੀਆਂ ਘਟਨਾਵਾਂ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ। ਵਾਸਨਾ ਦਾ ਇਹ ਸੰਤੁਲਨ ਗੜਬੜਾਉਣ ਕਾਰਣ ਹੀ ਅੱਜ ਬਾਪ-ਬੇਟੀ ਅਤੇ ਭਰਾ-ਭੈਣ ਦੇ ਰਿਸ਼ਤੇ ਵੀ ਤਾਰ-ਤਾਰ ਹੋ ਰਹੇ ਹਨ। ਅਜਿਹਾ ਨਹੀਂ ਹੈ ਕਿ ਅਜਿਹੀਆਂ ਘਟਨਾਵਾਂ ਪਹਿਲਾਂ ਨਹੀਂ ਹੁੰਦੀਆਂ ਸਨ। ਪਹਿਲਾਂ ਵੀ ਅਜਿਹੀਆਂ ਘਟਨਾਵਾਂ ਰੌਸ਼ਨੀ ਵਿਚ ਆਉਂਦੀਆਂ ਸਨ ਪਰ ਇਸ ਦੌਰ ਵਿਚ ਅਜਿਹੇ ਘਿਨਾਉਣੇ ਕਾਰਿਆਂ ਦਾ ਹੜ੍ਹ ਆ ਗਿਆ ਹੈ। ਇਹ ਹੜ੍ਹ ਕਦੋਂ ਕਿਸ ਨੂੰ ਆਪਣੀ ਲਪੇਟ ਵਿਚ ਲੈ ਲਵੇ, ਇਹ ਕਿਹਾ ਨਹੀਂ ਜਾ ਸਕਦਾ।

ਬਦਕਿਸਮਤੀ ਦੀ ਗੱਲ ਇਹ ਹੈ ਕਿ ਇਸ ਹੜ੍ਹ ਨੂੰ ਰੋਕਣ ਲਈ ਜਿੰਨੇ ਵੀ ਉਪਾਅ ਕੀਤੇ ਜਾ ਰਹੇ ਹਨ, ਉਹ ਸਭ ਸਤਹੀ ਅਤੇ ਫੌਰੀ ਸਾਬਿਤ ਹੋ ਰਹੇ ਹਨ। ਇਹੀ ਕਾਰਣ ਹੈ ਕਿ ਬਲਾਤਕਾਰ ਦੀ ਇਕ ਘਟਨਾ ਨੂੰ ਅਸੀਂ ਭੁੱਲਦੇ ਵੀ ਨਹੀਂ ਹਾਂ ਕਿ ਦੂਜੀ ਘਟਨਾ ਵਾਪਰ ਜਾਂਦੀ ਹੈ। ਇਹ ਸਭ ਤਾਂ ਉਦੋਂ ਹੈ, ਜਦੋਂ ਅਜਿਹੀਆਂ ਘਟਨਾਵਾਂ ਦੇ ਵਿਰੋਧ ਵਿਚ ਜਨਤਾ ਸੜਕਾਂ 'ਤੇ ਆ ਜਾਂਦੀ ਹੈ ਪਰ ਜਨਤਾ ਦਾ ਗੁੱਸਾ ਅਤੇ ਸਰਕਾਰ ਦੀ ਕੋਸ਼ਿਸ਼ ਤੇ ਕਾਨੂੰਨ ਦਾ ਡਰ ਵੀ ਦੁਸ਼ਕਰਮੀਆਂ ਦੇ ਨਾਪਾਕ ਹੌਸਲਿਆਂ ਨੂੰ ਪਸਤ ਨਹੀਂ ਕਰ ਪਾ ਰਿਹਾ ਹੈ। ਅਜਿਹੀਆਂ ਘਟਨਾਵਾਂ ਤੋਂ ਬਾਅਦ ਜਨਤਾ ਮੰਗ ਕਰਦੀ ਹੈ ਕਿ ਬਲਾਤਕਾਰੀਆਂ ਨੂੰ ਜਲਦ ਤੋਂ ਜਲਦ ਫਾਂਸੀ ਦਿੱਤੀ ਜਾਵੇ ਪਰ ਸਵਾਲ ਇਹ ਹੈ ਕਿ ਕੀ ਫਾਂਸੀ ਦੇ ਡਰ ਨਾਲ ਅਜਿਹੀਆਂ ਘਟਨਾਵਾਂ ਅਸਲ ਵਿਚ ਘੱਟ ਹੋ ਜਾਣਗੀਆਂ? ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਵਾਸਨਾ ਦਾ ਜੋਸ਼ ਹਰ ਤਰ੍ਹਾਂ ਦੇ ਡਰ ਨੂੰ ਵਹਾ ਕੇ ਲੈ ਜਾਂਦਾ ਹੈ। ਇਸ ਜੋਸ਼ ਸਾਹਮਣੇ ਸਭ ਤਰ੍ਹਾਂ ਦੇ ਡਰ ਬੌਣੇ ਸਾਬਿਤ ਹੁੰਦੇ ਹਨ। ਵਾਸਨਾ ਜਦੋਂ ਦਿਲੋ-ਦਿਮਾਗ 'ਤੇ ਛਾ ਜਾਂਦੀ ਹੈ ਤਾਂ ਅਸੀਂ ਸਹੀ ਤੇ ਗਲਤ ਦਾ ਫਰਕ ਭੁੱਲ ਜਾਂਦੇ ਹਾਂ। ਸਾਨੂੰ ਸਭ ਤੋਂ ਪਹਿਲਾਂ ਇਹ ਵਿਚਾਰ ਕਰਨਾ ਹੋਵੇਗਾ ਕਿ ਸਮਾਜ ਦੀ ਵਾਸਨਾ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ। ਅੱਜ ਅਸੀਂ ਇਸ ਮੁੱਦੇ 'ਤੇ ਵਿਚਾਰ ਹੀ ਨਹੀਂ ਕਰ ਰਹੇ ਹਾਂ। ਜੇਕਰ ਕੋਈ ਇਸ ਮੁੱਦੇ 'ਤੇ ਗੱਲ ਕਰਦਾ ਹੈ ਤਾਂ ਉਸ ਨੂੰ ਪ੍ਰਗਤੀਸ਼ੀਲਤਾ ਦਾ ਵਿਰੋਧੀ ਮੰਨਿਆ ਜਾਂਦਾ ਹੈ। ਬਦਕਿਸਮਤੀ ਇਹ ਹੈ ਕਿ ਅੱਜ ਕੁਝ ਬਾਜ਼ਾਰਵਾਦੀ ਸ਼ਕਤੀਆਂ ਸਮਾਜ ਦੀ ਵਾਸਨਾ ਨੂੰ ਜਾਣਬੁੱਝ ਕੇ ਭੜਕਾਉਣ ਦਾ ਯਤਨ ਕਰ ਰਹੀਆਂ ਹਨ, ਇਸ ਲਈ ਨਾ ਤਾਂ ਜਨਤਾ ਦਾ ਗੁੱਸਾ ਅਤੇ ਨਾ ਹੀ ਫਾਂਸੀ ਦਾ ਡਰ ਅਜਿਹੀਆਂ ਘਟਨਾਵਾਂ ਨੂੰ ਰੋਕ ਰਿਹਾ ਹੈ। ਅੱਜ ਕੁਝ ਬੁੱਧੀਜੀਵੀ ਨੈਤਿਕਤਾ ਅਤੇ ਪ੍ਰਗਤੀਸ਼ੀਲਤਾ ਨੂੰ ਵਿਰੋਧਾਭਾਸੀ ਪ੍ਰਕਿਰਿਆ ਸਿੱਧ ਕਰਨ ਵਿਚ ਲੱਗੇ ਹੋਏ ਹਨ, ਜਦਕਿ ਪ੍ਰਗਤੀਸ਼ੀਲ ਹੋਣ ਦਾ ਅਰਥ ਨੈਤਿਕਤਾ ਨੂੰ ਗੁਆ ਦੇਣਾ ਨਹੀਂ ਹੈ। ਇਸ ਲਈ ਪ੍ਰਗਤੀਸ਼ੀਲ ਹੁੰਦੇ ਹੋਏ ਕਿਵੇਂ ਸਮਾਜ ਦੀ ਨੈਤਿਕਤਾ ਬਰਕਰਾਰ ਰਹੇ, ਇਹ ਸਾਨੂੰ ਸੋਚਣਾ ਪਵੇਗਾ। ਨਿਸ਼ਚਿਤ ਤੌਰ 'ਤੇ ਸਖਤ ਕਾਨੂੰਨ ਅਤੇ ਪੁਲਸ ਦੀ ਤੱਤਪਰਤਾ ਬਲਾਤਕਾਰ ਦੀਆਂ ਘਟਨਾਵਾਂ 'ਤੇ ਲਗਾਮ ਲਾਉਣ ਲਈ ਅਤਿ-ਜ਼ਰੂਰੀ ਹੈ ਪਰ ਇਹ ਉਪਾਅ ਵੀ ਇਸ ਸਮੱਸਿਆ ਦਾ ਅਸਲ ਹੱਲ ਨਹੀਂ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਠਹਿਰ ਕੇ ਅਜਿਹੀਆਂ ਘਟਨਾਵਾਂ ਦੇ ਮੂਲ ਕਾਰਣਾਂ ਉੱਤੇ ਧਿਆਨ ਦੇਈਏ।

ਦਰਅਸਲ, ਰੁਝੇਵਿਆਂ ਦੇ ਇਸ ਦੌਰ ਵਿਚ ਸਮਾਜ ਦੇ ਇਕ ਵੱਡੇ ਵਰਗ ਨੇ ਇਹ ਮੰਨ ਲਿਆ ਹੈ ਕਿ ਨੈਤਿਕਤਾਵਾਦੀ ਕੋਈ ਚੀਜ਼ ਨਹੀਂ ਹੁੰਦੀ। ਪਿਛਲੇ 10 ਸਾਲਾਂ ਵਿਚ ਨੈਤਿਕਤਾ ਅਤੇ ਅਨੈਤਿਕਤਾ ਵਿਚਾਲੇ ਦੀ ਸਥਿਤੀ ਜਿਸ ਤਰ੍ਹਾਂ ਰਲਗੱਡ ਹੋਈ ਹੈ, ਉਹ ਮੰਦਭਾਗਾ ਹੈ। ਟੀ. ਵੀ. ਫਿਲਮਾਂ ਅਤੇ ਵਿਗਿਆਪਨਾਂ ਵਿਚ ਜਿਸ ਤਰ੍ਹਾਂ ਦਾ ਨੰਗੇਜ ਪੱਸਰਿਆ ਹੋਇਆ ਹੈ, ਉਹ ਅੱਜ ਨੈਤਿਕ ਹੋ ਗਿਆ ਹੈ। ਇੰਟਰਨੈੱਟ 'ਤੇ ਜੋ ਪੋਰਨ ਸਾਈਟਾਂ ਉਪਲੱਬਧ ਹਨ, ਉਹ ਵੀ ਨੰਗੇਜ ਅਤੇ ਵਾਸਨਾ ਦਾ ਇਕ ਨਵਾਂ ਸ਼ਾਸਤਰ ਘੜ ਰਹੀਆਂ ਹਨ। ਫਿਲਮਾਂ ਵਿਚ ਜਦੋਂ ਅਸੀਂ ਦੋ-ਅਰਥੀ ਸੰਵਾਦ ਅਤੇ ਨੰਗੇ ਦ੍ਰਿਸ਼ ਸੁਣਦੇ ਅਤੇ ਦੇਖਦੇ ਹਾਂ ਤਾਂ ਪਰਿਵਾਰ ਸਾਹਮਣੇ ਸਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਅਨੇਕ ਫਿਲਮਾਂ ਦੇ ਗੀਤ-ਸੰਗੀਤ ਨੂੰ ਸੁਣ ਕੇ ਅਤੇ ਇਨ੍ਹਾਂ ਗਾਣਿਆਂ ਉੱਤੇ ਅਭਿਨੇਤਰੀਆਂ ਵਲੋਂ ਕੀਤਾ ਜਾਣ ਵਾਲਾ ਅਭਿਨੈ ਦੇਖ ਕੇ ਅਜਿਹਾ ਲੱਗਦਾ ਹੈ ਕਿ ਜਿਵੇਂ ਜਾਣਬੁੱਝ ਕੇ ਸਰੋਤਿਆਂ ਅਤੇ ਦਰਸ਼ਕਾਂ ਦੀ ਵਾਸਨਾ ਨੂੰ ਭੜਕਾਉਣ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਇਸ ਦੌਰ ਵਿਚ ਨੰਗੀ ਦੇਹ ਦੇ ਕਾਮੁਕ ਲਟਕਿਆਂ-ਝਟਕਿਆਂ ਨੂੰ ਹੀ ਅਭਿਨੈ ਮੰਨ ਲਿਆ ਗਿਆ ਹੈ। ਇਹ ਤ੍ਰਾਸਦੀ ਹੀ ਹੈ ਕਿ ਅਜਿਹੀ ਸਥਿਤੀ ਵਿਚ ਵੀ ਸੈਂਸਰ ਬੋਰਡ ਇਕ ਡੂੰਘੀ ਨੀਂਦ ਸੌਂ ਰਿਹਾ ਹੈ। ਸੈਂਸਰ ਬੋਰਡ ਵਿਚ ਨਾ ਤਾਂ ਇੰਨਾ ਫਰਜ਼ ਬੋਧ ਬਚਿਆ ਹੈ ਕਿ ਉਹ ਅਭਿਨੈ ਅਤੇ ਜਨਤਾ ਦੀ ਵਾਸਨਾ ਨੂੰ ਉਭਾਰਨ ਦੀ ਸਾਜ਼ਿਸ਼ ਵਿਚਾਲੇ ਕੋਈ ਫਰਕ ਕਰ ਸਕੇ ਅਤੇ ਨਾ ਹੀ ਇੰਨੀ ਸਮਾਜਿਕ ਜ਼ਿੰਮੇਵਾਰੀ ਕਿ ਉਹ ਸਮਾਜ ਨੂੰ ਸਵੱਛ ਅਤੇ ਮਜ਼ਬੂਤ ਮਨੋਰੰਜਨ ਪ੍ਰਦਾਨ ਕਰਨ ਦਾ ਫਰਜ਼ ਸਮਝਾ ਸਕੇ। ਕੀ ਬਲਾਤਕਾਰ ਦੇ ਵਿਰੁੱਧ ਸੜਕਾਂ 'ਤੇ ਉਤਰੀ ਜਨਤਾ ਨੇ ਸਰਕਾਰ ਅਤੇ ਸੈਂਸਰ ਬੋਰਡ ਤੋਂ ਇਸ ਨੰਗੇਜ ਨੂੰ ਰੋਕਣ ਦੀ ਮੰਗ ਕੀਤੀ ਹੈ? ਬਲਾਤਕਾਰ ਵਿਰੁੱਧ ਨਾਅਰੇ ਲਾਉਣ ਵਾਲੇ ਲੋਕਾਂ ਵਿਚਾਲੇ ਹੀ ਅਜਿਹੇ ਅਨੇਕ ਲੋਕ ਮਿਲ ਜਾਣਗੇ, ਜੋ ਨੰਗੇਜ ਦੇ ਇਸ ਸੰਸਾਰ ਵਿਚ ਆਪਣਾ ਜ਼ਰੂਰ ਦਖਲ ਰੱਖਦੇ ਹਨ।

ਕੁਝ ਦਿਨ ਪਹਿਲਾਂ ਇਕ ਅੰਗਰੇਜ਼ੀ ਪੱਤ੍ਰਿਕਾ ਵਿਚ ਇਕ ਇਸ਼ਤਿਹਾਰ ਛਪਿਆ ਸੀ। ਇਸ ਇਸ਼ਤਿਹਾਰ ਵਿਚ ਇਕ ਔਰਤ ਬਿਕਨੀ ਪਹਿਨ ਕੇ ਅਤੇ ਅੱਖਾਂ ਉੱਤੇ ਚਸ਼ਮਾ ਲਾ ਕੇ ਚਸ਼ਮੇ ਦਾ ਵਿਗਿਆਪਨ ਕਰ ਰਹੀ ਸੀ। ਸਵਾਲ ਇਹ ਹੈ ਕਿ ਚਸ਼ਮੇ ਦੇ ਵਿਗਿਆਪਨ ਵਿਚ ਨੰਗੀ ਦੇਹ ਦਾ ਕੀ ਅਰਥ ਹੈ? ਇਸ ਦਾ ਅਰਥ ਬਹੁਤ ਸਪੱਸ਼ਟ ਹੈ ਕਿ ਜਾਣਬੁੱਝ ਕੇ ਨੰਗੇਜ ਦਾ ਸੰਚਾਰ ਕੀਤਾ ਜਾ ਰਿਹਾ ਹੈ। ਨੰਗੀ ਦੇਹ ਦਾ ਸੰਸਾਰ ਰਚਿਆ ਜਾ ਰਿਹਾ ਹੈ। ਨੰਗੀ ਦੇਹ ਦੇ ਇਸ ਸੰਸਾਰ ਵਿਚ ਵਾਸਨਾ ਦੀਆਂ ਕਰੂੰਬਲਾਂ ਨਾ ਫੁੱਟਣ, ਅਜਿਹਾ ਕਿਵੇਂ ਹੋ ਸਕਦਾ ਹੈ? ਦਰਅਸਲ, ਜਦੋਂ ਅਸੀਂ ਨੰਗੇ ਦ੍ਰਿਸ਼ ਦੇਖਦੇ ਹਾਂ ਤਾਂ ਇਸ ਦਾ ਸਾਡੇ ਦਿਲੋ-ਦਿਮਾਗ 'ਤੇ ਡੂੰਘਾ ਅਸਰ ਪੈਂਦਾ ਹੈ। ਇਹੀ ਪ੍ਰਕਿਰਿਆ ਭਵਿੱਖ ਵਿਚ ਸਾਨੂੰ ਮਾਨਸਿਕ ਤੌਰ 'ਤੇ ਬੀਮਾਰ ਕਰਦੀ ਹੈ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਾਨੂੰਨ ਦੇ ਨਾਲ-ਨਾਲ ਨੰਗੇਜ ਉੱਤੇ ਪਾਬੰਦੀ ਲਾਉਣਾ ਵੀ ਜ਼ਰੂਰੀ ਹੈ। ਹੁਣ ਸਰਕਾਰ, ਸਮਾਜ ਅਤੇ ਸੈਂਸਰ ਬੋਰਡ ਨੂੰ ਇਸ ਵਿਸ਼ੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਨਾ ਹੋਵੇਗਾ। ਸਥਾਈ ਇਲਾਜ ਦੀ ਘਾਟ ਵਿਚ ਸਾਡੇ ਸਮਾਜ ਵਿਚ ਔਰਤਾਂ ਵਿਰੁੱਧ ਯੌਨ ਹਿੰਸਾ ਦੀ ਬੀਮਾਰੀ ਕੈਂਸਰ ਵਾਂਗ ਵਧਦੀ ਰਹੇਗੀ ਅਤੇ ਅਸੀਂ ਇਸੇ ਤਰ੍ਹਾਂ ਹੀ ਸੜਕਾਂ 'ਤੇ ਆਪਣਾ ਗੁੱਸਾ ਦਿਖਾਉਂਦੇ ਰਹਾਂਗੇ।

                                                                                                      —ਰੋਹਿਤ ਕੌਸ਼ਿਕ


KamalJeet Singh

Content Editor

Related News