ਪ੍ਰੇਮ, ਮਿੱਤਰਤਾ, ਭਗਤੀ ਦੇ ਦੁਸ਼ਮਣ ''ਹੰਕਾਰ'' ਉੱਤੇ ਜਿੱਤ

01/11/2020 12:51:13 AM

ਜਦੋਂ ਸਾਡੇ ਚਾਰੋਂ ਪਾਸੇ ਹਫੜਾ-ਦਫੜੀ ਦਾ ਮਾਹੌਲ ਹੋਵੇ, ਕੁਝ ਸਮਝ ਵਿਚ ਨਾ ਆਵੇ ਕਿ ਕੀ ਹੋ ਰਿਹਾ ਹੈ, ਵੱਖਰਾ ਜਿਹਾ ਹੋਵੇ, ਜੋ ਠੀਕ ਨਾ ਲੱਗੇ ਅਤੇ ਆਪਣੀ ਹੀ ਅਕਲ 'ਤੇ ਭਰੋਸਾ ਨਾ ਰਹੇ ਤਾਂ ਜ਼ਰੂਰੀ ਹੈ ਕਿ ਥੋੜ੍ਹੇ ਸਮੇਂ ਲਈ ਅਕਲ ਨੂੰ ਘਾਹ ਚਰਨ ਲਈ ਛੱਡ ਦਿੱਤਾ ਜਾਵੇ ਅਤੇ ਇਹ ਗੁਣਗੁਣਾਇਆ ਜਾਵੇ :
ਯੂੰ ਤੋ ਬੇਹਤਰ ਹੈ ਕਿ ਪਾਸਬਾਨੇ ਅਕਲ ਸਾਥ ਰਹੇ,
ਬੇਹਤਰ ਹੈ ਉਸੇ ਕਭੀ-ਕਭੀ ਤਨਹਾ ਛੋੜ ਦੇਨਾ।


ਜ਼ਿੰਦਗੀ ਦੀ ਸੌਗਾਤ
ਕੁਝ ਹੋਰ ਕੀ ਚਾਹੀਦਾ, ਜਦੋਂ ਜੀਵਨ ਵਿਚ ਪ੍ਰੇਮ ਹੋਵੇ, ਦੋਸਤੀ ਹੋਵੇ ਅਤੇ ਕਿਸੇ ਪ੍ਰਤੀ ਇੰਨਾ ਸਮਰਪਣ ਭਾਵ ਹੋਵੇ ਕਿ ਉਹ ਭਗਤੀ ਤਕ ਬਣ ਜਾਏ। ਨਿਦਾ ਫਾਜ਼ਲੀ ਦੀ ਰਚਨਾ 'ਤੇ ਗੌਰ ਕਰੋ :

ਹਮ ਹੈਂ ਕੁਛ ਅਪਨੇ ਲੀਏ ਕੁਛ ਹੈਂ ਜ਼ਮਾਨੇ ਕੇ ਲੀਏ
ਘਰ ਸੇ ਬਾਹਰ ਕੀ ਫਿਜ਼ਾ ਹੰਸਨੇ ਹੰਸਾਨੇ ਕੇ ਲੀਏ।
ਯੂੰ ਲੁਟਾਤੇ ਨਾ ਫਿਰੋ ਮੋਤੀਓਂ ਵਾਲੇ ਮੌਸਮ
ਯੇ ਨਗੀਨੇ ਤੋ ਹੈਂ ਰਾਤੋਂ ਕੋ ਸਜਾਨੇ ਕੇ ਲੀਏ।
ਅਬ ਜਹਾਂ ਭੀ ਹੈਂ ਵਹੀਂ ਤਕ ਲਿਖੋ ਰੂਦਾਦੇ ਸਫਰ
ਹਮ ਤੋ ਨਿਕਲੇ ਥੇ ਕਹੀਂ ਔਰ ਹੀ ਜਾਨੇ ਕੇ ਲੀਏ।
ਮੇਜ਼ ਪਰ ਤਾਸ਼ ਕੇ ਪੱਤੋਂ ਸੀ ਸਜੀ ਹੈ ਦੁਨੀਆ
ਕੋਈ ਖੋਨੇ ਕੇ ਲੀਏ ਹੈ ਕੋਈ ਪਾਨੇ ਕੇ ਲੀਏ।
ਤੁਮਸੇ ਛੂਟ ਕਰ ਭੀ ਤੁਮਹੇਂ ਭੂਲਨਾ ਆਸਾਨ ਨਾ ਥਾ
ਤੁਮਕੋ ਹੀ ਯਾਦ ਕੀਆ ਤੁਮਕੋ ਭੁਲਾਨੇ ਕੇ ਲੀਏ।


ਸਾਡੇ ਸਮਾਜ ਵਿਚ ਮੁਹੱਬਤ ਅਤੇ ਦੋਸਤੀ ਦੀਆਂ ਅਜਿਹੀਆਂ ਮਿਸਾਲਾਂ ਹਨ, ਜਿਨ੍ਹਾਂ ਦਾ ਦੁਨੀਆ ਭਰ ਵਿਚ ਕੋਈ ਸਾਨ੍ਹੀ ਨਹੀਂ। ਇਹੀ ਨਹੀਂ, ਅਕਸਰ ਦੂਸਰੇ ਮੁਲਕਾਂ ਦੇ ਲੋਕ ਇਹ ਸੋਚਦੇ ਹਨ ਕਿ ਕੀ ਅਜਿਹਾ ਵੀ ਹੋ ਸਕਦਾ ਹੈ? ਜੰਗ ਦੇ ਮੈਦਾਨ ਵਿਚ ਇਕ-ਦੂਜੇ ਦੇ ਸੀਨੇ ਵਿਚ ਖੰਜਰ ਮਾਰਦੇ ਰਹੇ ਅਤੇ ਸ਼ਾਮ ਹੁੰਦੇ ਹੀ ਜੋ ਜ਼ਖ਼ਮੀ ਹੋਵੇ, ਉਸ ਦੀ ਤੀਮਾਰਦਾਰੀ ਇਹੀ ਲੋਕ ਕਰਦੇ ਦੇਖੇ ਜਾਣ, ਇਹ ਦ੍ਰਿਸ਼ ਕੀ ਕਿਤੇ ਹੋਰ ਦੇਖਣ ਨੂੰ ਮਿਲ ਸਕਦਾ ਹੈ?

ਕ੍ਰਿਸ਼ਨ ਅਤੇ ਊਧਵ ਦੀ ਦੋਸਤੀ
ਪ੍ਰੇਮ ਅਤੇ ਮਿੱਤਰਤਾ ਦੀਆਂ ਉਦਾਹਰਣਾਂ ਜੇਕਰ ਪੌਰਾਣਿਕ ਕਥਾਵਾਂ ਵਿਚ ਲੱਭ ਰਹੇ ਹੋ ਤਾਂ ਬਹੁਤ ਮਿਲ ਜਾਣਗੀਆਂ। ਇਨ੍ਹਾਂ 'ਚੋਂ ਇਕ ਕ੍ਰਿਸ਼ਨ ਅਤੇ ਉਨ੍ਹਾਂ ਦੇ ਮਿੱਤਰ, ਜਿਨ੍ਹਾਂ ਨੂੰ ਉਹ ਸਖਾ ਕਹਿੰਦੇ ਸਨ, ਊਧਵ ਸਨ, ਜੋ ਇਕ-ਦੂਜੇ ਨੂੰ ਕਾਨ੍ਹਾ ਅਤੇ ਊਧੋ ਦੇ ਨਾਂ ਨਾਲ ਬੁਲਾਉਂਦੇ ਸਨ।
ਕ੍ਰਿਸ਼ਨ ਭਾਵੇਂ ਕਿੰਨੇ ਹੀ ਸਿਆਸਤਦਾਨ ਰਹੇ ਹੋਣ, ਜੰਗ ਵਿਚ ਉਨ੍ਹਾਂ ਦੀ ਬੁੱਧੀਮਤਾ ਦਾ ਡੰਕਾ ਵੱਜਦਾ ਰਿਹਾ ਹੋਵੇ, ਰਾਜਸੀ ਠਾਠ-ਬਾਠ ਅਤੇ ਮਹੱਲਾਂ ਵਿਚ ਸਾਰੇ ਸੁੱਖਾਂ ਦਾ ਭੋਗ ਕਰਦੇ ਰਹੇ ਹੋਣ ਪਰ ਕਾਨ੍ਹਾ ਦੇ ਰੂਪ ਵਿਚ ਤਾਂ ਉਹ ਚੰਚਲ, ਚਪਲ, ਮਖੌਲੀਏ ਅਤੇ ਕਿਸੇ ਦੇ ਵੀ ਹੰਝੂਆਂ ਨੂੰ ਮੁਸਕਰਾਹਟ ਵਿਚ ਬਦਲ ਦੇਣ ਵਾਲੇ ਹੀ ਸਨ। ਦੂਜੇ ਪਾਸੇ ਊਧਵ ਆਪਣੇ ਬਾਲਪਨ 'ਚ ਉਨ੍ਹਾਂ ਦੀ ਦਿੱਖ ਆਪਣੇ ਮਨ ਵਿਚ ਘੜ ਲੈਂਦੇ ਹਨ ਅਤੇ ਉਨ੍ਹਾਂ ਨੂੰ ਬਿਨਾਂ ਮਿਲੇ ਅਤੇ ਉਨ੍ਹਾਂ ਨੂੰ ਬਿਨਾਂ ਦੇਖੇ ਹੀ ਉਨ੍ਹਾਂ ਦਾ ਚਿੱਤਰ ਬਣਾ ਅਤੇ ਜਦੋਂ ਯੁਵਾ ਅਵਸਥਾ ਵਿਚ ਦੋਵੇਂ ਮਿਲਦੇ ਹਨ ਤਾਂ ਦੋਵੇਂ ਹੀ ਇਕ-ਦੂਜੇ ਪ੍ਰਤੀ ਸਖਾ ਭਾਵ ਤੋਂ ਪ੍ਰੇਰਿਤ ਹੋ ਕੇ ਹੰਝੂਆਂ ਦੇ ਸਾਗਰ ਵਿਚ ਹਿਲੋਰੇ ਲੈਣ ਲੱਗਦੇ ਹਨ।
ਕ੍ਰਿਸ਼ਨ ਪ੍ਰਤੀ ਊਧਵ ਦਾ ਪ੍ਰੇਮ ਉਨ੍ਹਾਂ ਨੂੰ ਉਨ੍ਹਾਂ ਦੀ ਭਗਤੀ ਤਕ ਦੀ ਅਵਸਥਾ ਵਿਚ ਲੈ ਜਾਂਦਾ ਹੈ ਅਤੇ ਉਹ ਉਨ੍ਹਾਂ ਨੂੰ ਮੁਕੰਮਲ ਸਮਰਪਣ ਭਾਵ ਨਾਲ ਚਾਹੁੰਦੇ ਹਨ।

ਹੰਕਾਰ ਨਾਲ ਪਤਨ
ਹੁਣ ਹੁੰਦਾ ਇਹ ਹੈ ਕਿ ਭਾਵੇਂ ਕਿੰਨਾ ਵੀ ਆਦਰ-ਪ੍ਰੇਮ, ਭਗਤੀ ਹੋਵੇ, ਮਨੁੱਖ ਦਾ ਇਕੋ-ਇਕ ਦੁਰਗੁਣ ਹੰਕਾਰ ਉਸ ਨੂੰ ਖਤਮ ਕਰਨ ਲਈ ਕਾਫੀ ਹੈ ਪਰ ਦੋਸਤੀ ਉਹੀ, ਜੋ ਦੋਸਤ ਨੂੰ ਪਤਾ ਲੱਗੇ ਬਿਨਾਂ ਹੀ ਉਸ ਦੀ ਪ੍ਰੇਸ਼ਾਨੀ ਹੋਵੇ, ਕੋਈ ਦੁੱਖ ਹੋਵੇ ਜਾਂ ਘੁਮੰਡ ਹੀ ਕਿਉਂ ਨਾ ਹੋਵੇ, ਉਸ ਨੂੰ ਇਸ ਤਰ੍ਹਾਂ ਅੰਜਾਮ ਦੇਵੇ ਕਿ ਪਤਾ ਵੀ ਨਾ ਲੱਗੇ ਅਤੇ ਕੰਮ ਵੀ ਹੋ ਜਾਵੇ। ਊਧਵ ਨੂੰ ਇਹ ਹੰਕਾਰ ਸੀ ਕਿ ਸੰਸਾਰ ਵਿਚ ਉਨ੍ਹਾਂ ਵਰਗਾ ਕੋਈ ਗਿਆਨੀ ਨਹੀਂ ਹੈ।
ਹੁਣ ਹੁੰਦਾ ਇਹ ਹੈ ਕਿ ਕ੍ਰਿਸ਼ਨ ਪ੍ਰਤੀ ਰਾਧਾ ਅਤੇ ਗੋਪੀਆਂ ਦਾ ਜੋ ਪ੍ਰੇਮ ਸੀ, ਉਸ ਦੀ ਵਿਆਖਿਆ ਕਰਨਾ ਸ਼ਬਦਾਂ ਤੋਂ ਵੀ ਪਰ੍ਹੇ ਦੀ ਗੱਲ ਸੀ। ਊਧੋ ਨੂੰ ਲੱਗਾ ਕਿ ਕਾਨ੍ਹਾ ਨੂੰ ਕ੍ਰਿਸ਼ਨ ਬਣ ਕੇ ਰਾਜ-ਕਾਜ ਸੰਭਾਲਣਾ ਚਾਹੀਦਾ ਹੈ ਅਤੇ ਗੋਪੀਆਂ ਦਾ ਜੋ ਉਨ੍ਹਾਂ ਨਾਲ ਪ੍ਰੇਮ ਹੈ, ਉਹ ਸੱਤਾ ਚਲਾਉਣ ਦੇ ਰਸਤੇ ਵਿਚ ਸਭ ਤੋਂ ਵੱਡੀ ਰੁਕਾਵਟ ਹੈ।
ਊਧਵ ਇਕ ਸਖਾ ਵਾਂਗ ਨਹੀਂ, ਇਕ ਮਿੱਤਰ ਵਾਂਗ ਕ੍ਰਿਸ਼ਨ ਨੂੰ ਸਮਝਾਉਂਦੇ ਹਨ ਕਿ ਉਹ ਗੋਪੀਆਂ ਨੂੰ ਕਹਿਣ ਕਿ ਉਹ ਉਨ੍ਹਾਂ ਨੂੰ ਭੁੱਲ ਜਾਣ ਅਤੇ ਜੋ ਪ੍ਰੇਮ ਰਾਸ, ਰੰਗ, ਮੋਹ ਸੀ, ਉਹ ਜਵਾਨੀ ਦਾ ਬੁਖਾਰ ਸੀ, ਹੁਣ ਉਹ ਰਾਜਾ ਹਨ, ਇਸ ਲਈ ਉਨ੍ਹਾਂ ਨੂੰ ਯਾਦ ਨਾ ਕਰਿਆ ਕਰਨ ਕਿਉਂਕਿ ਗੋਪੀਆਂ ਨੂੰ ਯਾਦ ਕਰਦੇ ਹੀ ਕ੍ਰਿਸ਼ਨ ਸਭ ਕੰਮ ਛੱਡ ਕੇ ਉਨ੍ਹਾਂ ਕੋਲ ਪਹੁੰਚ ਜਾਂਦੇ ਹਨ।
ਕ੍ਰਿਸ਼ਨ ਸਮਝ ਗਏ ਕਿ ਇਹ ਉਨ੍ਹਾਂ ਦੇ ਮਿੱਤਰ ਦਾ ਹੰਕਾਰ ਬੋਲ ਰਿਹਾ ਹੈ ਅਤੇ ਇਕ ਸਖਾ ਤੇ ਮਿੱਤਰ ਹੋਣ ਦੇ ਨਾਤੇ ਉਨ੍ਹਾਂ ਦਾ ਫਰਜ਼ ਹੈ ਕਿ ਊਧਵ ਦਾ ਇਹ ਦੁਰਗੁਣ ਦੂਰ ਕੀਤਾ ਜਾਵੇ। ਕ੍ਰਿਸ਼ਨ ਜੋ ਰਸਤਾ ਅਪਣਾਉਂਦੇ ਹਨ, ਉਹ ਊਧਵ ਨੂੰ ਗੋਪੀਆਂ ਕੋਲ ਭੇਜ ਕੇ ਉਨ੍ਹਾਂ ਨੂੰ ਸੰਸਾਰਕ ਸਿੱਖਿਆ ਦਾ ਗਿਆਨ ਦੇਣ ਦਾ ਹੈ।
ਊਧਵ ਆਪਣਾ ਪੂਰਾ ਗਿਆਨ ਲੈ ਕੇ ਗੋਪੀਆਂ ਕੋਲ ਜਾਂਦੇ ਹਨ ਅਤੇ ਉਨ੍ਹਾਂ ਨੂੰ ਯੋਗ, ਧਿਆਨ, ਕਰਮ ਆਦਿ ਸਿਖਾਉਣ ਦਾ ਯਤਨ ਕਰਦੇ ਹਨ।
ਹੁਣ ਗੋਪੀਆਂ ਊਧਵ ਦੀ ਜੋ ਹਾਲਤ ਕਰਦੀਆਂ ਹਨ, ਉਹ ਆਪਣੇ ਆਪ ਵਿਚ ਕਿਸੇ ਦੇ ਲਈ ਵੀ ਇਸ ਸਿੱਖਿਆ ਤੋਂ ਘੱਟ ਨਹੀਂ ਹੈ ਕਿ ਇਨਸਾਨ ਨੂੰ ਜਦੋਂ ਘੁਮੰਡ ਹੋ ਜਾਵੇ ਤਾਂ ਉਸ ਨੂੰ ਦੂਰ ਕਰਨ ਲਈ ਸੱਚੇ ਮਿੱਤਰ ਨੂੰ ਕੀ ਕਰਨਾ ਚਾਹੀਦਾ ਹੈ? ਊਧਵ ਦੇ ਗਿਆਨ ਦੀ ਗਠੜੀ ਖਿੰਡ-ਪੁੰਡ ਜਾਂਦੀ ਹੈ, ਪੂਰਾ ਗਿਆਨ ਮਿੱਟੀ ਵਿਚ ਮਿਲ ਜਾਂਦਾ ਹੈ ਅਤੇ ਉਹ ਗਿਆਨ ਦੇ ਮਿੱਥਕ ਭਾਰ ਤੋਂ ਮੁਕਤ ਹੋ ਕੇ ਕ੍ਰਿਸ਼ਨ ਕੋਲ ਆਉਂਦੇ ਹਨ ਅਤੇ ਹੁਣ ਇਕ ਆਮ ਵਿਅਕਤੀ ਵਾਂਗ ਵਿਵਹਾਰ ਕਰਦੇ ਹਨ।
ਊਧਵ ਅਤੇ ਗੋਪੀਆਂ ਦਾ ਪੂਰਾ ਪ੍ਰਸੰਗ ਮਜ਼ਾਕੀਆ ਅਤੇ ਸਹਿਜ ਭਾਵ ਨਾਲ ਭਰਿਆ ਹੈ ਅਤੇ ਸ਼ਾਇਦ ਇਹੀ ਇਕੋ-ਇਕ ਵਰਣਨ ਹੈ, ਜੋ ਮਨ ਨੂੰ ਗੁਦਗੁਦਾਉਂਦਾ ਹੈ, ਚਿਹਰੇ 'ਤੇ ਮੁਸਕਰਾਹਟ ਲਿਆਉਂਦਾ ਹੈ ਅਤੇ ਖੁੱਲ੍ਹ ਕੇ ਹਸਾਉਂਦਾ ਹੈ।
ਹੁਣ ਇਸ ਗੱਲ 'ਤੇ ਆਉਂਦੇ ਹਾਂ ਕਿ ਮੌਜੂਦਾ ਹਾਲਾਤ ਵਿਚ ਇਸ ਪ੍ਰਸੰਗ ਦੀ ਕਿੰਨੀ ਜ਼ਰੂਰਤ ਹੈ। ਸੱਤਾ ਦੇ ਸਿਖਰ 'ਤੇ ਬੈਠੇ 2 ਮਿੱਤਰ, ਜਿਨ੍ਹਾਂ ਵਿਚ ਸਖਾ ਭਾਵ ਵੀ ਹੈ, ਉਨ੍ਹਾਂ 'ਚੋਂ ਇਕ ਨੂੰ ਹੰਕਾਰ ਨੇ ਘੇਰ ਲਿਆ ਹੈ ਕਿ ਜੋ ਉਹ ਕਹਿੰਦਾ, ਸੋਚਦਾ ਅਤੇ ਕਰਦਾ ਹੈ, ਉਹੀ ਅੰਤਿਮ ਸੱਚ ਹੈ।
ਅਜਿਹੀ ਹਾਲਤ ਵਿਚ ਉਸ ਵਿਅਕਤੀ ਦੇ ਪਰਮ ਮਿੱਤਰ ਦਾ ਜੋ ਉਨ੍ਹਾਂ ਤੋਂ ਉੱਚੇ ਅਹੁਦੇ 'ਤੇ ਹੈ, ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਉਹ ਆਪਣੇ ਮਿੱਤਰ ਦਾ ਹੰਕਾਰ ਦੂਰ ਕਰਨ ਲਈ ਕੁਝ ਤਾਂ ਅਜਿਹਾ ਕਰੇ, ਜਿਸ ਨਾਲ ਪਰਜਾ ਵਿਚ ਸੱਤਾ ਪ੍ਰਤੀ ਬੇਭਰੋਸਗੀ ਨਾ ਵਧੇ।
ਕਾਨ੍ਹਾ ਰੂਪੀ ਮਿੱਤਰ ਨੂੰ ਊਧੋ ਰੂਪੀ ਸਖਾ ਨੂੰ ਗੋਪੀਆਂ ਰੂਪੀ ਜਨਤਾ ਵਿਚਾਲੇ ਇਹ ਸਮਝਣ ਲਈ ਭੇਜ ਦੇਣਾ ਚਾਹੀਦਾ ਹੈ ਕਿ ਹਕੀਕਤ ਕੀ ਹੈ, ਲੋਕ ਇੰਨੇ ਗੁੱਸੇ ਵਿਚ ਕਿਉਂ ਹਨ ਕਿ ਕਿਸੇ ਵੀ ਗੱਲ ਨੂੰ ਸਮਝਣਾ ਤਾਂ ਦੂਰ, ਸੁਣਨਾ ਵੀ ਨਹੀਂ ਚਾਹੁੰਦੇ?
ਗੁੱਸਾ ਕਦੇ ਵੀ ਬਿਨਾਂ ਕਿਸੇ ਵਜ੍ਹਾ ਦੇ ਨਹੀਂ ਹੁੰਦਾ, ਘੁਮੰ ਡ ਕਦੇ ਤਰੱਕੀ ਦਾ ਕਾਰਣ ਨਹੀਂ ਬਣ ਸਕਦਾ, ਉਹ ਸਿਰਫ ਪਤਨ ਹੀ ਕਰਾ ਸਕਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕ੍ਰਿਸ਼ਨ ਦੀ ਦੁਆਰਕਾ ਨਗਰੀ ਦੇ ਸਮੁੰਦਰ ਵਿਚ ਡੁੱਬ ਜਾਣ ਦਾ ਇਤਿਹਾਸ ਆਪਣੇ ਆਪ ਨੂੰ ਦੁਹਰਾਅ ਸਕਦਾ ਹੈ। ਇਸ ਦੇ ਉਲਟ ਇਨ੍ਹਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਜੇਕਰ ਹਨੂੰਮਾਨ ਨੂੰ ਹੰਕਾਰ ਹੋ ਜਾਂਦਾ ਤਾਂ ਕੀ ਉਹ ਸ਼੍ਰੀ ਰਾਮ ਦੇ ਹਿਰਦੇ ਵਿਚ ਜਗ੍ਹਾ ਹਾਸਿਲ ਕਰ ਸਕਦੇ ਸਨ? ਅੱਜ ਇਸੇ ਗੱਲ ਦੀ ਪ੍ਰੀਖਿਆ ਹੈ ਕਿ ਹੰਕਾਰ ਦਾ ਅੰਤ ਕਦੋਂ ਅਤੇ ਕਿਵੇਂ ਹੋਵੇ? ਨਿਦਾ ਫਾਜ਼ਲੀ ਦੀ ਇਕ ਗ਼ਜ਼ਲ ਦੀਆਂ ਸਤਰਾਂ ਹਨ :

ਕਭੀ ਕਭੀ ਯੂੰ ਭੀ ਹਮਨੇ ਅਪਨੇ ਜੀ ਕੋ ਬਹਿਲਾਯਾ ਹੈ
ਜਿਨ ਬਾਤੋਂ ਕੋ ਖ਼ੁਦ ਨਹੀਂ ਸਮਝੇ, ਔਰੋਂ ਕੋ ਸਮਝਾਯਾ ਹੈ।


                                                                                           —ਪੂਰਨ ਚੰਦ ਸਰੀਨ


KamalJeet Singh

Content Editor

Related News