ਉਮਾ ਭਾਰਤੀ ਸੱਤਾ ਤੋਂ ਬਾਹਰ ਹੋਣ ’ਤੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ

Tuesday, Oct 23, 2018 - 06:36 AM (IST)

ਪ੍ਰੋ. ਜੀ. ਡੀ. ਅਗਰਵਾਲ ਨਹੀਂ ਰਹੇ। ਇਹ ਦੇਸ਼ ਦਾ ਨੁਕਸਾਨ ਹੈ। ਉਹ ਉਮਰ ਭਰ ਆਰ. ਐੱਸ. ਐੱਸ. ਦੀਆਂ ਕਦਰਾਂ-ਕੀਮਤਾਂ ਦੇ ਸਮਰਥਕ ਰਹੇ। ਉਹ ਟ੍ਰੇਂਡ ਸਿਵਲ ਇੰਜੀਨੀਅਰ ਤੇ ਗੰਗਾ ਦੀ ਸਾਫ-ਸਫਾਈ ਨੂੰ ਲੈ ਕੇ ਵਚਨਬੱਧ ਸਨ। ਪ੍ਰੋ. ਅਗਰਵਾਲ ਦੀ ਮੌਤ ਅਣਮਿੱਥੇ ਸਮੇਂ ਤਕ ਭੁੱਖ ਹੜਤਾਲ ਰੱਖਣ ਕਰਕੇ ਹੋਈ। 
ਆਖਰੀ ਕੁਝ ਦਿਨਾਂ ’ਚ ਉਨ੍ਹਾਂ ਨੇ ਪਾਣੀ ਪੀਣਾ ਵੀ ਬੰਦ ਕਰ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜਦ ਗੰਗਾ ਇੰਨੀ ਅਸ਼ੁੱਧ ਹੈ ਤਾਂ ਉਹ ਪਾਣੀ ਕਿਵੇਂ ਪੀ ਸਕਦੇ ਹਨ? ਉਹ ਨਦੀਆਂ ਦੀ ਅਸ਼ੁੱਧੀ ਲਈ ਪਣ-ਬਿਜਲੀ ਪ੍ਰਾਜੈਕਟਾਂ, ਰੇਤਾ ਦੀ ਮਾਈਨਿੰਗ ਤੇ ਉਦਯੋਗਿਕ ਕਚਰੇ ਨੂੰ ਜ਼ਿੰਮੇਵਾਰ ਮੰਨਦੇ ਸਨ।
ਸੰਨ 2017 ’ਚ ਮੰਤਰੀ ਮੰਡਲ ਦੇ ਮੁੜ ਗਠਨ ਸਮੇਂ ਹਟਾਏ ਜਾਣ ਤੋਂ ਪਹਿਲਾਂ ਤਕ ਸੰਨਿਆਸਣ ਉਮਾ ਭਾਰਤੀ ‘ਗੰਗਾ ਸੰਫਾਈ ਮੰਤਰਾਲਾ’ ਦੀ ਇੰਚਾਰਜ ਸੀ। ਚਰਚਾ ਮੁਤਾਬਕ ਬਤੌਰ ਮੰਤਰੀ ਚੰਗੀ ਕਾਰਗੁਜ਼ਾਰੀ ਨਾ ਦਿਖਾ ਸਕਣ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਉਨ੍ਹਾਂ ਨੂੰ ਹਟਾਉਣ ਦਾ ਪੂਰਾ ਮਨ ਬਣਾ ਚੁੱਕੇ ਹਨ ਪਰ ਸਤੰਬਰ 2017 ’ਚ ਵ੍ਰਿੰਦਾਵਨ ਵਿਖੇ ਅਮਿਤ ਸ਼ਾਹ ਨਾਲ ਤਿੰਨ ਦਿਨਾ ਮੀਟਿੰਗ ’ਚ ਸੰਘ ਨੇ ਉਮਾ ਨੂੰ ਮੰਤਰਾਲੇ ’ਚ ਬਣਾਈ ਰੱਖਣ ਦਾ ਮਸ਼ਵਰਾ ਦਿੱਤਾ। 
ਅਜਿਹਾ ਕਿਉਂ? ਕਿਉਂਕਿ ਡਰ ਸੀ ਕਿ ਉਮਾ ਭਾਰਤੀ ਨੂੰ ਹਟਾਉਣ ਨਾਲ ਲੋਧ ਭਾਈਚਾਰਾ ਪਾਰਟੀ ਤੋਂ ਦੂਰੀ ਬਣਾ ਸਕਦਾ ਹੈ ਕਿਉਂਕਿ ਉਮਾ ਭਾਰਤੀ ਲੋਧ ਭਾਈਚਾਰੇ ਨਾਲ ਸਬੰਧ ਰੱਖਦੀ ਹੈ। ਇਸ ਤੋਂ ਪਹਿਲਾਂ ਭਾਜਪਾ ਨੂੰ ਕਲਿਆਣ ਸਿੰਘ ਵਿਰੁੱਧ ਕਦਮ ਚੁੱਕਣ ਦੀ ਕੀਮਤ ਭਾਈਚਾਰੇ ਦੀ ਨਾਰਾਜ਼ਗੀ ਦੇ ਰੂਪ ’ਚ ਚੁਕਾਉਣੀ ਪਈ ਸੀ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਖੁਦ ਲੋਧ ਹਨ।
ਉਮਾ ਭਾਰਤੀ ਨੂੰ ਫਿਲਹਾਲ ਮੰਤਰੀ ਬਣਾਈ ਰੱਖਿਆ ਗਿਆ ਪਰ 2017 ਦੇ ਅਖੀਰ ’ਚ ਗੰਗਾ ਨਾਲ ਜੁੜਿਆ ਮਹਿਕਮਾ ਉਨ੍ਹਾਂ ਤੋਂ ਵਾਪਸ ਲੈ ਕੇ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਸੌਂਪ ਦਿੱਤਾ ਗਿਆ। ਸੰਘ ਨੇ ਆਪਣੇ ਇਕ ਹੋਰ ਚੁੱਪਚਾਪ ਰਹਿਣ ਵਾਲੇ ਪਰ ਵਚਨਬੱਧ ਸਵੈਮਸੇਵਕ ਨੂੰ ਇਹ ਕੰਮ ਸੌਂਪ ਦਿੱਤਾ। ਉਦੋਂ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਜੇ ਅਕਤੂਬਰ 2018 ਤਕ ਗੰਗਾ ਦੀ ਸਫਾਈ ਦਾ ਕੰਮ ਪੂਰਾ ਨਹੀਂ ਹੁੰਦਾ ਤਾਂ ਉਹ ‘ਮਹਾ ਉਪਵਾਸ ਤੋਂ ਮਹਾਪ੍ਰਯਾਣ’ ਦਾ ਰਾਹ ਅਪਣਾਏਗੀ। 
ਜ਼ਾਹਿਰ ਹੈ ਕਿ ਉਹ ਗੰਗਾ ਦੀ ਸਫਾਈ ਦੇ ਕੰਮ ’ਚ ਹੋਈ ਤਰੱਕੀ ਤੋਂ ਸੰਤੁਸ਼ਟ ਹੈ। ਸਵਾਲ ਇਹ ਹੈ ਕਿ ਉਮਾ ਭਾਰਤੀ ਕੌਣ ਹੈ ਤੇ ਉਨ੍ਹਾਂ ਦੀ ਤਾਕਤ ਦਾ ਸੋਮਾ ਕੀ ਹੈ? ਜੇ ਤੁਸੀਂ ਉਮਾ ਭਾਰਤੀ ਦੇ ਕੈਰੀਅਰ ’ਤੇ ਨੇੜਲੀ ਨਜ਼ਰ ਮਾਰੋ ਤਾਂ ਪਤਾ ਲੱਗੇਗਾ ਕਿ ਉਹ ਉਦੋਂ ਹੀ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ, ਜਦੋਂ ਸੱਤਾ ਤੋਂ ਬਾਹਰ ਹੁੰਦੀ ਹੈ। ਇਸ ਤੋਂ ਪਹਿਲਾਂ ਉਹ ਸੰਨ 1991, 1996 ਅਤੇ 1998 ’ਚ ਲੋਕ ਸਭਾ ਮੈਂਬਰ ਰਹੀ। 
ਉਮਾ ਨੇ ਰਾਮ ਜਨਮ ਭੂਮੀ ਅੰਦੋਲਨ ’ਚ ਵੀ ਯੋਗਦਾਨ ਦਿੱਤਾ। ਸੰਨ 2003 ਦੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਨੇ ਮੱਧ ਪ੍ਰਦੇਸ਼ ’ਚ ਭਾਜਪਾ ਦੀ ਅਗਵਾਈ ਕੀਤੀ ਤੇ ਤਿੰਨ-ਚੌਥਾਈ ਬਹੁਮਤ ਨਾਲ ਉਹ ਸੂਬੇ ਦੀ ਮੁੱਖ ਮੰਤਰੀ ਬਣੀ। ਕਰਨਾਟਕ ’ਚ ਵਾਪਰੀਆਂ ਘਟਨਾਵਾਂ ਕਾਰਨ ਅਪਰਾਧਿਕ ਮਾਮਲਾ ਦਰਜ ਹੋਣ ਕਰਕੇ ਉਨ੍ਹਾਂ ਨੂੰ ਅਹੁਦਾ ਛੱਡਣਾ ਪਿਆ। 
ਮੱਧ ਪ੍ਰਦੇਸ਼ ਦੀਆਂ ਚੋਣਾਂ ਉਮਾ ਭਾਰਤੀ ਨੇ ਜਿਤਾਈਆਂ ਸਨ ਪਰ ਪਹਿਲਾਂ ਬਾਬੂ ਲਾਲ ਗੌੜ ਅਤੇ ਫਿਰ ਸ਼ਿਵਰਾਜ ਸਿੰਘ ਚੌਹਾਨ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਜ਼ਾਹਿਰ ਹੈ ਕਿ ਇਨ੍ਹਾਂ ਗੱਲਾਂ ਨੂੰ ਲੈ ਕੇ ਉਹ ਖੁਸ਼ ਨਹੀਂ ਸੀ।
ਉਮਾ ਨੂੰ ਭਾਜਪਾ ਦੀ ਸਭ ਤੋਂ ਬੜਬੋਲੀ ਮਹਿਲਾ ਮੈਂਬਰ ਮੰਨਿਆ ਜਾਂਦਾ ਹੈ। ਸੰਨ 2004 ’ਚ ਉਨ੍ਹਾਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ ਸੀ। ਉਸ ਤੋਂ ਬਾਅਦ ਵਾਪਸੀ ਕਰਨ ’ਤੇ 2006 ’ਚ ਉਨ੍ਹਾਂ  ਨੂੰ ਦੁਬਾਰਾ ਕੱਢਿਆ ਗਿਆ ਕਿਉਂਕਿ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਦੀ ਮੌਜੂਦਗੀ ’ਚ ਉਮਾ ਨੇ ਅਰੁਣ ਜੇਤਲੀ ’ਤੇ ਦੋਸ਼ ਲਾਇਆ ਸੀ ਕਿ ਉਹ ਉਨ੍ਹਾਂ ਦੀ ਪਿੱਠ ਪਿੱਛੇ ਉਨ੍ਹਾਂ ਦੇ ਵਿਰੁੱਧ ਬੋਲਦੇ ਹਨ। 
ਉਮਾ ਨੇ ਸੁਸ਼ਮਾ ਸਵਰਾਜ ਦੀ ਵੀ ਆਲੋਚਨਾ ਕੀਤੀ ਤੇ ਨਿੱਜੀ ਮੰਨੀ ਜਾ ਰਹੀ ਪਾਰਟੀ ਕਾਰਜਕਾਰਨੀ ਦੀ ਮੀਟਿੰਗ ’ਚ ਕਈ ਮੈਂਬਰਾਂ ਨੂੰ ਲੰਬੇ ਹੱਥੀਂ ਲਿਆ। ਬਦਕਿਸਮਤੀ ਨਾਲ ਮਾਈਕ੍ਰੋਫੋਨ ਚਾਲੂ ਰਹਿ ਗਿਆ ਤੇ ਪੂਰਾ ਵਾਕਿਆ ਮੀਡੀਆ ਤਕ ਪਹੁੰਚ ਗਿਆ। 
ਜਦੋਂ ਨਿਤਿਨ ਗਡਕਰੀ ਪਾਰਟੀ ਦੇ ਪ੍ਰਧਾਨ ਬਣੇ ਤਾਂ ਉਮਾ ਦੀ ਭਾਜਪਾ ’ਚ ਵਾਪਸੀ ਹੋਈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਆਪਣੀਆਂ ਸ਼ਰਤਾਂ ’ਤੇ ਪਾਰਟੀ ’ਚ ਭਰਤੀ ਹੈ। 
ਗਡਕਰੀ ਦੇ ਘਰ ਵੀ ਉਮਾ ਨੇ ਇਕ ਦ੍ਰਿਸ਼ ਰਚ ਦਿੱਤਾ ਸੀ। ਉਹ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ, ਜਦੋਂ ਉਨ੍ਹਾਂ ਇਹ ਕਹਿ ਦਿੱਤਾ, ‘‘ਤੁਸੀਂ ਲੋਕ ਇਹ ਨਾ ਲਿਖ ਦੇਣਾ ਕਿ ਮੈਂ ਗਡਕਰੀ ਨੂੰ ਇਸ ਲਈ ਮਿਲ ਰਹੀ ਹਾਂ ਕਿ ਮੈਂ ਉਨ੍ਹਾਂ ਤੋਂ ਭਾਜਪਾ ’ਚ ਵਾਪਸੀ ਦੀ ਭੀਖ ਮੰਗਣ ਆਈ ਹਾਂ। ਮੈਂ ਇਥੇ ਇਸ ਲਈ ਹਾਂ ਕਿਉਂਕਿ ਮੈਨੂੰ ‘ਮੋਟੇ ਲੋਕ’ ਪਸੰਦ ਹਨ। (ਉਨ੍ਹਾਂ ਨੇ ਕਮਰੇ ’ਚ ਬੈਠੀ ਸਮ੍ਰਿਤੀ ਈਰਾਨੀ ਵੱਲ ਦੇਖ ਕੇ ਇਕ ਤਿਰਛੀ ਮੁਸਕਾਨ ਦਿੱਤੀ।) ਇਸੇ ਲਈ ਮੈਂ ਸਮ੍ਰਿਤੀ ਨੂੰ ਇੰਨਾ ਪਸੰਦ ਕਰਦੀ ਹਾਂ।’’
ਸਮ੍ਰਿਤੀ ਨੇ ਹਲਕੀ ਜਿਹੀ ਮੁਸਕਾਨ ਦਿੰਦਿਆਂ ਕਿਹਾ ਕਿ ‘‘ਦੀਦੀ ਮੈਨੂੰ ਲੱਗਾ ਸੀ ਕਿ ਤੁਸੀਂ ਇਹ ਕਹੋਗੇ ਕਿ ਮੇਰਾ ਭਾਰ ਘੱਟ ਹੋਇਆ ਹੈ।’’ ਗਡਕਰੀ ਨੇ ਉਮਾ ਨੂੰ ਯੂ. ਪੀ. ਭੇਜ ਦਿੱਤਾ ਅਤੇ ਉਹ 2014 ’ਚ ਝਾਂਸੀ ਸੀਟ ਤੋਂ ਜਿੱਤੀ।
ਉਮਾ ਭਾਰਤੀ ਨੇ ਇਸ ਸਾਲ ਦੇ ਸ਼ੁਰੂ ’ਚ ਕਿਹਾ ਸੀ ਕਿ ਉਹ ਅੱਗੇ ਚੋਣ ਨਹੀਂ ਲੜੇਗੀ, ਹਾਲਾਂਕਿ ਜੇ ਬੁਲਾਇਆ ਗਿਆ ਤਾਂ ਉਹ ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ’ਚ ਪ੍ਰਚਾਰ ਜ਼ਰੂਰ ਕਰੇਗੀ। ਲਗਭਗ ਤਿੰਨ ਹਫਤੇ ਪਹਿਲਾਂ ਉਹ ਮੱਧ ਪ੍ਰਦੇਸ਼ ਦੇ ਬੁੰਦੇਲਖੰਡ ਖੇਤਰ ’ਚ ਇਕ ਜਨਤਕ ਮੀਟਿੰਗ ’ਚ ਸ਼ਾਮਲ ਹੋਈ। ਯੂ. ਪੀ. ਨਾਲ ਲੱਗਦੇ ਇਸ ਇਲਾਕੇ ’ਚ ਕੁਲ 32 ਵਿਧਾਨ ਸਭਾ ਸੀਟਾਂ ਹਨ। ਉਹ 8 ਸਾਲਾਂ ’ਚ ਪਹਿਲੀ ਵਾਰ ਆਪਣੀ ਜਨਮ ਭੂਮੀ ’ਤੇ ਕਿਸੇ ਜਨਤਕ ਪ੍ਰੋਗਰਾਮ ’ਚ ਸ਼ਾਮਲ ਹੋਈ ਸੀ।
ਬੁੰਦੇਲਖੰਡ ਨੂੰ ਬਸਪਾ ਦੀ ਪ੍ਰਧਾਨ ਮਾਇਆਵਤੀ ਦੇ ਪ੍ਰਭਾਵ ਨਾਲਾ ਖੇਤਰ ਮੰਨਿਆ ਜਾਂਦਾ ਹੈ। ਅਮਿਤ ਸ਼ਾਹ ਅਤੇ  ਸੂਬੇ ਦੇ ਮੁੱਖ ਮੰਤਰੀ ਦੋਵੇਂ ਮੰਨਦੇ ਹਨ ਕਿ ਵਿਧਾਨ ਸਭਾ ਚੋਣਾਂ ’ਚ ਜਿੱਤ ਹਾਸਲ ਕਰਨ ਲਈ ਭੱਥੇ ’ਚ ਮੌਜੂਦ ਹਰੇਕ ਤੀਰ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਉਮਾ ਭਾਰਤੀ ਨੂੰ ਦਿੱਤਾ ਗਿਆ ਸੱਦਾ ਇਸੇ ਨੀਤੀ ਦਾ ਹਿੱਸਾ ਹੈ।
ਉਕਤ ਜਨਤਕ ਮੀਟਿੰਗ ’ਚ ਉਮਾ ਨੇ ਆਪਣੇ ਜਾਣੇ-ਪਛਾਣੇ ਅੰਦਾਜ਼ ’ਚ ਲੋਕਾਂ ਨੂੰ ਪੁੱਛਿਆ, ‘‘ਮੈਂ ਸ਼ਿਵਰਾਜ ਜੀ ਨੂੰ ਪੁੱਛਿਆ ਕਿ ਕੀ ਮੇਰੇ ਮੱਧ ਪ੍ਰਦੇਸ਼ ਆਉਣ ਦਾ ਕੋਈ ਫਾਇਦਾ ਹੈ? ਕੀ ਇਸ ਨਾਲ ਕੋਈ ਫਰਕ ਪਵੇਗਾ? ਜਦੋਂ ਉਨ੍ਹਾਂ ਨੇ ਮੈਨੂੰ ਆਸਵੰਦ ਕੀਤਾ ਕਿ ਅਜਿਹਾ ਹੋਵੇਗਾ, ਤਾਂ ਹੀ ਮੈਂ ਇਸ ਮੀਟਿੰਗ ’ਚ ਆਈ ਹਾਂ।’’
ਉਮਾ ਭਾਰਤੀ ਅਜਿਹੀ ਹੀ ਹੈ। ਤੁਸੀਂ ਉਨ੍ਹਾਂ ਬਾਰੇ ਅਗਾਊਂ ਅਨੁਮਾਨ ਲਾ ਸਕਦੇ ਹੋ ਪਰ ਨਾਲ ਹੀ ਉਹ ਅਣਕਿਆਸੀ ਵੀ ਹੈ।                                      

 


Related News