ਮਨੁੱਖਤਾ ਦੇ ਸੱਚੇ ਰੱਖਿਅਕ : ਸ੍ਰੀ ਗੁਰੂ ਤੇਗ ਬਹਾਦਰ ਜੀ

04/25/2022 2:50:43 PM

ਇਕ ਮਹਾਨ ਯੋਧਾ, ਅਧਿਆਤਮਿਕ ਸ਼ਖਸੀਅਤ ਅਤੇ ਮਾਤਭੂਮੀ ਦੇ ਪ੍ਰੇਮੀ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਰਵਉੱਚ ਬਲਿਦਾਨ ਦੀ ਮਨੁੱਖਤਾ ਹਮੇਸ਼ਾ ਕਰਜ਼ਾਈ ਰਹੇਗੀ। ਉਨ੍ਹਾਂ ਨੇ ਧਰਮ, ਮਾਤਭੂਮੀ ਅਤੇ ਜਨਤਾ ਦੇ ਅਧਿਕਾਰਾਂ ਦੀ ਰੱਖਿਆ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਇਸ ਲਈ ਉਨ੍ਹਾਂ ਨੂੰ ‘‘ਹਿੰਦ ਦੀ ਚਾਦਰ’’ ਦੇ ਸਰਵਉੱਚ ਸਨਮਾਨ ਨਾਲ ਨਿਵਾਜਿਆ ਗਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਹੋਏ ਸਾਨੂੰ ਉਨ੍ਹਾਂ ਦੇ ਮਹਾਨ ਆਦਰਸ਼ਾਂ ਪ੍ਰਤੀ ਸਮਰਪਿਤ ਹੋਣ ਦੀ ਲੋੜ ਹੈ ਜੋ ਸਾਨੂੰ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਭਲਾਈ ਦੇ ਮਹੱਤਵ ਬਾਰੇ ਸਿਖਾਉਂਦੇ ਹਨ। ਵਿਲੱਖਣ ਢੰਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਨਿਡਰ ਹੋ ਕੇ ਇਕ ਆਜ਼ਾਦ ਜ਼ਿੰਦਗੀ ਜਿਊਣ ਦੀ ਸਿੱਖਿਆ ਦਿੱਤੀ। ਮੁਗਲ ਸਮਰਾਟ ਔਰੰਗਜ਼ੇਬ ਵੱਲੋਂ ਗੁਰੂ ਜੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਰੀ ਤਸੀਹੇ ਦੇਣ ’ਤੇ ਵੀ ਉਨ੍ਹਾਂ ਨੇ ਆਤਮਸਮਰਪਣ ਨਹੀਂ ਕੀਤਾ ਸਗੋਂ ਉਨ੍ਹਾਂ ਨੇ ਇਕ ਦਿਵਯ ਸ਼ਾਂਤੀ ਨਾਲ ਸਹਿਣ ਕੀਤਾ। ਤਿਆਗਮਲ ਤੋਂ ਤੇਗ ਬਹਾਦਰ ’ਚ ਉਨ੍ਹਾਂ ਦਾ ਪਰਿਵਰਤਨ ਮਨੁੱਖੀ ਇਤਿਹਾਸ ’ਚ ਪਰਮ ਧਾਰਮਿਕ ਦ੍ਰਿਸ਼ਤਾ, ਨੈਤਿਕਤਾ ਅਤੇ ਬਹਾਦਰੀ ਦੀ ਅਜਬ ਕਹਾਣੀ ਹੈ। ਗੁਰੂ ਜੀ ਨੇ ਆਪਣੀ ਜ਼ਿੰਦਗੀ ਦਾ ਬਲਿਦਾਨ ਦਿੱਤਾ ਪਰ ਸੱਚ ਅਤੇ ਧਾਰਮਿਕਤਾ ਦੇ ਮਾਰਗ ਨੂੰ ਨਹੀਂ ਛੱਡਿਆ। ਉਨ੍ਹਾਂ ਦੀ ਦਿਵਯ ਸ਼ਕਤੀ ਅਜਿਹੀ ਸੀ ਕਿ ਜਦੋਂ ਉਨ੍ਹਾਂ ਦੇ ਪੈਰੋਕਾਰਾਂ ਨੂੰ ਉਨ੍ਹਾਂ ਦੇ ਸਾਹਮਣੇ ਬੇਰਹਿਮੀ ਨਾਲ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਉਹ ਡੂੰਘੇ ਧਿਆਨ ’ਚ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਿਕਹਾ ਸੀ ਕਿ ਧਰਮ ਇਕ ਫਰਜ਼ ਹੈ ਅਤੇ ਇਕ ਆਦਰਸ਼ ਜ਼ਿੰਦਗੀ ਜਿਊਣ ਦਾ ਢੰਗ ਹੈ। ਗੁਰੂ ਜੀ ਦੀ ਸ਼ਹਾਦਤ ਮਨੁੱਖ ਨੂੰ ਫਰਜ਼ ਨਿਭਾਉਣ, ਆਜ਼ਾਦੀ ਤੇ ਦੇਸ਼ ਪ੍ਰਤੀ ਪ੍ਰਤੀਬੱਧਤਾ ਦਾ ਪਾਠ ਪੜ੍ਹਾਉਂਦੀ ਹੈ।

ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜ਼ਿੰਦਗੀ, ਚਰਿੱਤਰ ਅਤੇ ਬਲਿਦਾਨ ਤੋਂ ਪ੍ਰੇਰਨਾ ਹਾਸਲ ਕਰ ਕੇ ਮਨੁੱਖੀ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜ਼ਿੰਦਗੀ ’ਚ ਅੱਗੇ ਵਧਣ ਦੀ ਲੋੜ ਹੈ ਤਾਂ ਕਿ ਭਾਰਤ ਮੁੜ ਤੋਂ ਵਿਸ਼ਵ ਗੁਰੂ ਬਣੇ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜ਼ੁਲਮ ਅਤੇ ਬੇਇਨਸਾਫੀ ਦੇ ਅੱਗੇ ਝੁਕਣ ਤੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਨੇ ਬੇਹੱਦ ਔਕੜਾਂ ਦੇ ਬਾਵਜੂਦ ਆਦਰਸ਼ ਅਤੇ ਸਿਧਾਂਤ ਦਾ ਮਾਰਗ ਚੁਣਿਆ। ਕਸ਼ਮੀਰੀ ਪੰਡਿਤਾਂ ਦਾ ਇਕ ਵਫਦ ‘ਚੱਕ ਨਾਨਕੀ’ ਦੇ ਸਥਾਨ ’ਤੇ ਉਨ੍ਹਾਂ ਨੂੰ ਮਿਲਣ ਪਹੁੰਚਿਆ ਜੋ ਅੱਜ ਪਵਿੱਤਰ ਨਗਰੀ ‘ਸ੍ਰੀ ਅਨੰਦਪੁਰ ਸਾਹਿਬ’ ਦੇ ਨਾਂ ਨਾਲ ਪ੍ਰਸਿੱਧ ਹੈ। ਉਨ੍ਹਾਂ ਨੇ ਬੜੇ ਠਰ੍ਹੰਮੇ ਨਾਲ ਕਸ਼ਮੀਰੀ ਪੰਡਿਤਾਂ ਦੀ ਗੱਲ ਸੁਣਨ ਦੇ ਬਾਅਦ ਕਿਹਾ ਕਿ ਉਹ ਔਰੰਗਜ਼ੇਬ ਜਾਂ ਉਨ੍ਹਾਂ ਦੇ ਆਦਮੀਆਂ ਨੂੰ ਇਹ ਦੱਸ ਦੇਣ ਕਿ ਉਹ ਆਪਣਾ ਧਰਮ ਤਦ ਬਦਲ ਸਕਦੇ ਹਨ ਜਦੋਂ ਉਨ੍ਹਾਂ ਦੇ ਗੁਰੂ ਅਜਿਹਾ ਕਰਨਗੇ। ਇਸ ਦੇ ਬਾਅਦ ਔਰੰਗਜ਼ੇਬ ਦੇ ਜ਼ੁਲਮੀ ਕਾਰੇ ਇੰਨੇ ਭਿਆਨਕ ਹੋਏ ਕਿ ਅੱਜ ਵੀ ਉਨ੍ਹਾਂ ਨੂੰ ਯਾਦ ਕਰਨ ਤੋਂ ਡਰ ਲੱਗਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਨ੍ਹਾਂ ਦੇ ਤਿੰਨ ਪਿਆਰੇ ਪੈਰੋਕਾਰਾਂ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਨਾਲ ਬੰਦੀ ਬਣਾ ਲਿਆ ਗਿਆ। ਜਦੋਂ ਉਨ੍ਹਾਂ ਨੇ ਇਸਲਾਮ ਮੰਨਣ ਤੋਂ ਨਾਂਹ ਕਰ ਦਿੱਤੀ ਤਾਂ ਤਿੰਨਾਂ ਨੂੰ ਉਨ੍ਹਾਂ ਦੇ ਗੁਰੂ ਦੇ ਸਾਹਮਣੇ ਸ਼ਹੀਦ ਕਰ ਦਿੱਤਾ। ਇਸ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਹੈਰਾਨ ਹੋਏ ਅਤੇ ਉਨ੍ਹਾਂ ਨੇ ਸਾਲ 1675 ’ਚ ਸ਼ਹਾਦਤ ਨੂੰ ਗਲੇ ਲਾ ਲਿਆ। ਜਦੋਂ ਉਨ੍ਹਾਂ ਦਾ ਸਿਰ ਕਲਮ ਕੀਤਾ ਗਿਆ ਤਾਂ ਉਹ ਖੁਦ ਪ੍ਰਮਾਤਮਾ ਦੀ ਬੰਦਗੀ ’ਚ ਲੀਨ ਸਨ। ਅੱਜ ਦਿੱਲੀ ਦੇ ਚਾਂਦਨੀ ਚੌਕ ’ਚ ਗੁਰਦੁਆਰਾ ਸੀਸਗੰਜ ਸਾਹਿਬ ਤਿਆਗ ਅਤੇ ਬਲਿਦਾਨ ਦੀ ਗਾਥਾ ਦਾ ਪ੍ਰਤੀਕ ਹ ੈ, ਜਿਸ ਦਾ ਮਨੁੱਖੀ ਇਤਿਹਾਸ ’ਚ ਕੋਈ ਮੁਕਾਬਲਾ ਨਹੀਂ ਹੈ। ਭਾਈ ਜੈਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸੀਸ ਨੂੰ ਸ੍ਰੀ ਅਨੰਦਪੁਰ ਸਾਹਿਬ ਲੈ ਗਏ, ਜੋ ਦੁਨੀਆ ’ਚ ਸਿੱਖਾਂ ਦੇ ਪਵਿੱਤਰ ਅਸਥਾਨਾਂ ’ਚੋਂ ਇਕ ਹੈ।

ਉਨ੍ਹਾਂ ਦੇ ਬਲਿਦਾਨ ਨੇ ਨਾ ਸਿਰਫ ‘ਵਸੂਧੈਵ ਕੁਟੁੰਬਕਮ’ ਦੇ ਸਿਧਾਂਤ ’ਤੇ ਆਧਾਰਿਤ ਇਕ ਪ੍ਰਾਚੀਨ ਭਾਰਤੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਅਲੋਪ ਹੋਣ ਤੋਂ ਬਚਾਇਆ ਸਗੋਂ ਇਕ ਦ੍ਰਿੜ੍ਹ ਅਤੇ ਸਮਾਵੇਸ਼ੀ ਰਾਸ਼ਟਰ ਬਣਾਉਣ ਦੇ ਰੂਪ ’ਚ ਵੀ ਕੰਮ ਕੀਤਾ। ਸਿੱਖ ਧਰਮ ਦੀ ਨੀਂਹ ਦੀ ਸਥਾਪਨਾ ਮਨੁੱਖੀ ਇਤਿਹਾਸ ’ਚ ਇਕ ਆਮ ਗੱਲ ਨਹੀਂ ਸੀ ਸਗੋਂ ਇਹ ਇਸਲਾਮ ਵਿਰੁੱਧ ਹਿੰਦੂ ਧਰਮ ਦੀ ਢਾਲ ਬਣ ਗਈ। ਇਹ ਅੱਜ ਇਕ ਮਹਾਨ ਪ੍ਰੰਪਰਾ ਅਤੇ ਵਿਰਾਸਤ ਹੈ ਜਿਸ ਨੂੰ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਧਰਮ ਦੀ ਰੱਖਿਆ ਲਈ ਲੋਕਾਂ ਨੂੰ ਸ਼ਕਤੀ ਤੇ ਮਜ਼ਬੂਤੀ ਮੁਹੱਈਆ ਕੀਤੀ ਸਗੋਂ ਸਿੱਖ ਧਰਮ ਦੀ ਮਹਾਨਤਾ ਨੂੰ ਚੋਟੀ ’ਤੇ ਪਹੁੰਚਾਇਆ। ਸ੍ਰੀ ਗੁਰੂ ਤੇਗ ਬਹਾਦਰ ਜੀ ਜਾਣਦੇ ਸਨ ਕਿ ਉਨ੍ਹਾਂ ਦੇ ਭਗਤਾਂ ਨੇ ਬਿਨਾਂ ਕਿਸੇ ਪਛਤਾਵੇ ਦੇ ਧਰਮ ਲਈ ਕੀਮਤ ਅਦਾ ਕੀਤੀ ਹੈ। ਉਨ੍ਹਾਂ ਨੇ ਸਾਰੇ ਲਾਲਚਾਂ ਨੂੰ ਨਾ ਮੰਨਦਿਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਉਨ੍ਹਾਂ ਨੇ ਹੰਝੂ ਦੀ ਇਕ ਬੂੰਦ ਵੀ ਨਹੀਂ ਵਹਾਈ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਧਰਮ ਅਤੇ ਮਨੁੱਖਤਾ ਲਈ ਇਕ ਸੱਚੀ ਸ਼ਹਾਦਤ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਦੇ ਜ਼ੁਲਮਪੁਣੇ ਅੱਗੇ ਹਾਰ ਨਹੀਂ ਮੰਨੀ। ਉਨ੍ਹਾਂ ਨੇ ਹਰ ਸਵਾਲ ਦੇ ਜਵਾਬ ’ਚ ਕਿਹਾ ‘ਮੈਂ ਸਿੱਖ ਹਾਂ ਅਤੇ ਸਿੱਖ ਰਹਾਂਗਾ।’’

ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਅਤੇ ਬਲਿਦਾਨ ਤੋਂ ਸਾਨੂੰ ਸਬਕ ਲੈਣ ਦੀ ਲੋੜ ਹੈ। ਉਨ੍ਹਾਂ ਦਾ ਬਲਿਦਾਨ ਸੱਚ, ਅਹਿੰਸਾ ’ਚ ਯਕੀਨ ਅਤੇ ਸਾਰਿਆਂ ਪ੍ਰਤੀ ਇਕ ਪਰਉਪਕਾਰੀ ਨਜ਼ਰੀਏ ਲਈ ਪ੍ਰੇਰਣਾਦਾਈ ਹੈ। ਉਨ੍ਹਾਂ ਨੇ ਅੰਧਵਿਸ਼ਵਾਸ, ਜਾਤੀ ਆਧਾਰਿਤ ਵਿਤਕਰਾ ਅਤੇ ਛੂਤਛਾਤ ਵਿਰੁੱਧ ਲੜਾਈ ਲੜੀ ਤਾਂ ਕਿ ਹਰ ਇਨਸਾਨ ਆਪਣੀ ਪਸੰਦ ਦੀ ਆਦਰਸ਼ ਜ਼ਿੰਦਗੀ ਜੀਅ ਸਕੇ। ਇਕ ਸੱਚਾ ਧਰਮ ਸਾਨੂੰ ਸਮਾਜ ਅਤੇ ਲੋਕਾਂ ਦੀ ਸਰਵੋਤਮ ਢੰਗ ਨਾਲ ਸੇਵਾ ਕਰਨੀ ਸਿਖਾਉਂਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਕਮਜ਼ੋਰ ਅਤੇ ਵਾਂਝਿਆਂ ਦੀ ਬਿਹਤਰੀ ਲਈ ਲੜੇ। ਉਨ੍ਹਾਂ ਦੇ ਸਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਸਿਰਫ ਆਪਣੇ ਪਿਤਾ ਦੇ ਸਿਧਾਂਤਾਂ ਤੇ ਕਦਰਾਂ-ਕੀਮਤਾਂ ਨੂੰ ਕਾਇਮ ਰੱਖਿਆ ਸਗੋਂ ਖਾਲਸਾ ਪੰਥ ਦੀ ਸਾਜਨਾ ਕਰ ਕੇ ਉਨ੍ਹਾਂ ਨੂੰ ਅੱਗੇ ਵਧਾਇਆ ਜੋ ਧਾਰਮਿਕਤਾ ਤੇ ਨਿਆਂ ਲਈ ਲੜਾਈ ਦਾ ਇਕ ਸ਼ਾਨਦਾਰ ਪ੍ਰਤੀਕ ਹੈ। ਸਾਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਮਹਾਨ ਸਿੱਖਿਆਵਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਸਾਨੂੰ ਸੁੱਖ, ਦੁੱਖ, ਸਨਮਾਨ ਤੇ ਅਪਮਾਨ ’ਚ ਸਥਿਰ ਅਤੇ ਸੰਤੁਲਿਤ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਮਕਸਦਪੂਰਨ ਜ਼ਿੰਦਗੀ ਅਤੇ ਸਮਾਨਤਾ, ਹਮੇਸ਼ਾ ਨੈਤਿਕ ਕਦਰਾਂ-ਕੀਮਤਾਂ ਦੀ ਪਾਲਣਾ ਕਰਨ ਤੇ ਸਮਾਜਿਕ ਜ਼ਿੰਦਗੀ ’ਚ ਸੁਰੂਚਿਤਾ ਬਣਾਈ ਰੱਖਣ ਦੇ ਮਾਰਗ ’ਤੇ ਚੱਲਣਾ ਸਿਖਾਉਂਦੀਆਂ ਹਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਹਾਨ ਸ਼ਬਦ ਮਨੁੱਖਤਾ ਲਈ ਊਰਜਾ ਤੇ ਗਿਆਨ ਦਾ ਚਿਰਸਥਾਈ ਸਰੋਤ ਹਨ। ਉਨ੍ਹਾਂ ਦੇ ਸ਼ਬਦਾਂ ਦੇ ਮਿਠਾਸ ਭਰੇ ਪਾਠ ਦਾ ਸ਼ਰਧਾਲੂਆਂ ’ਤੇ ਵਿਲੱਖਣ ਪ੍ਰਭਾਵ ਪੈਂਦਾ ਹੈ। ਉਨ੍ਹਾਂ ਨੇ ਸ਼ਾਂਤੀਪੂਰਨ ਅਤੇ ਮਨੁੱਖੀ ਢੰਗ ਨਾਲ ਤਾਨਾਸ਼ਾਹ ਅਤੇ ਕੱਟੜ ਹਾਕਮ ਵਿਰੁੱਧ ਲੜਾਈ ਲੜੀ। ਉਨ੍ਹਾਂ ਦੀਆਂ ਸਿੱਖਿਆਵਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਨੂੰ ਬਿਨਾਂ ਘਬਰਾਏ ਹਰ ਸਥਿਤੀ ਦਾ ਸਾਹਮਣਾ ਕਰਨ ਅਤੇ ਪੂਰੀ ਤਰ੍ਹਾਂ ਸ਼ਾਂਤੀ ਅਤੇ ਦ੍ਰਿੜ੍ਹਤਾ ਨਾਲ ਜਿਊਣਾ ਸਿਖਾਉਂਦਾ ਹੈ।

ਬੰਡਾਰੂ ਦੱਤਾਤ੍ਰੇ (ਮਾਨਯੋਗ ਰਾਜਪਾਲ, ਹਰਿਆਣਾ)
 


Anuradha

Content Editor

Related News