ਅੱਜ ਸਿਆਸਤ ''ਮੁਨਾਫੇ'' ਦਾ ਪੇਸ਼ਾ ਹੋ ਗਈ

03/20/2020 11:50:04 PM

ਇਕ ਸਿਆਸੀ ਆਗੂ ਲਈ ਆਪਣਾ ਅਕਸ ਬਣਾਉਣ ਦੀ ਪ੍ਰਕਿਰਿਆ ਬੜੀ ਗੁੰਝਲਦਾਰ ਹੈ। ਲੋਕਾਂ ਦੀਆਂ ਨਜ਼ਰਾਂ 'ਚ ਇਸ ਨੂੰ ਲਗਾਤਾਰ ਇਕੋ ਜਿਹਾ ਹੋਣਾ ਪੈਂਦਾ ਹੈ ਪਰ ਇਨ੍ਹਾਂ ਦੇ ਵਾਅਦਿਆਂ ਅਤੇ ਕਾਰਜਸ਼ੈਲੀ 'ਚ ਫਰਕ ਹੁੰਦਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਦੀ ਸੋਚ ਨੂੰ ਫੜਿਆ, ਜਦੋਂ ਉਨ੍ਹਾਂ ਨੇ ਆਪਣੇ ਆਪ ਨੂੰ ਗਾਂਧੀਨਗਰ ਤੋਂ ਨਵੀਂ ਦਿੱਲੀ ਸ਼ਿਫਟ ਕੀਤਾ। ਇਸ ਤੋਂ ਪਹਿਲਾਂ 2002 'ਚ ਉਨ੍ਹਾਂ ਦਾ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਅਕਸ ਕਲੰਕਿਤ ਹੋਇਆ ਸੀ। ਲੋਕ ਅਜੇ ਵੀ ਹੈਰਾਨ ਹੁੰਦੇ ਹਨ ਕਿ ਮੋਦੀ ਨੇ ਕਿਵੇਂ ਆਪਣੇ ਅਕਸ ਨੂੰ ਨਾਟਕੀ ਢੰਗ ਨਾਲ ਬਦਲ ਦਿੱਤਾ।
2014 ਦੀਆਂ ਚੋਣ ਰੈਲੀਆਂ 'ਚ ਉਨ੍ਹਾਂ ਨੇ ਲੋਕਾਂ ਨਾਲ ਹਰ ਕਿਸਮ ਦੇ ਵਾਅਦਿਆਂ ਨਾਲ ਆਪਣੀ ਸਥਿਤੀ ਮਜ਼ਬੂਤ ਕੀਤੀ। ਕਾਂਗਰਸੀ ਲੀਡਰਸ਼ਿਪ ਦੇ ਅਧੀਨ ਉਸ ਦੀ ਰੂੜੀਵਾਦੀ ਕਾਰਜਸ਼ੈਲੀ ਤੋਂ ਲੋਕ ਬਦਲਾਅ ਵੱਲ ਦੇਖ ਰਹੇ ਸਨ। ਉਹ ਅਜਿਹੀ ਅਗਵਾਈ ਦੀ ਭਾਲ 'ਚ ਸਨ, ਜੋ ਕ੍ਰਿਸ਼ਮਈ ਹੋਵੇ ਅਤੇ ਅੱਗੇ ਵੱਲ ਦੇਖਣ ਵਾਲਾ ਹੋਵੇ। ਉਹ ਨਹੀਂ ਚਾਹੁੰਦੇ ਸਨ ਕਿ ਅਜਿਹਾ ਨੇਤਾ ਰਵਾਇਤੀ ਢਾਂਚੇ 'ਚ ਢਲਿਆ ਹੋਵੇ।

ਕੁਝ ਪ੍ਰਮੁੱਖ ਕਾਂਗਰਸੀ ਆਗੂਆਂ ਨੂੰ ਮਿੱਟੀ 'ਚ ਨਾ ਮਿਲਾਇਆ ਜਾਵੇ
ਮੈਨੂੰ ਇਕ ਲਾਤੀਨੀ ਕਹਾਵਤ ਯਾਦ ਆ ਰਹੀ ਹੈ, ਜਿਸ ਦੇ ਅਨੁਸਾਰ ਇਕ ਸ਼ੇਰ ਵਲੋਂ ਅਗਵਾਈ ਕੀਤੇ ਜਾਣ ਵਾਲੀ ਹਿਰਨਾਂ ਦੀ ਫੌਜ ਇਕ ਹਿਰਨ ਵਲੋਂ ਅਗਵਾਈ ਕੀਤੀ ਜਾਣ ਵਾਲੀ ਸ਼ੇਰਾਂ ਦੀ ਫੌਜ ਨਾਲੋਂ ਜ਼ਿਆਦਾ ਡਰਾਉਣੀ ਹੁੰਦੀ ਹੈ। ਇਸ ਦਾ ਮਤਲਬ ਇਹ ਕਿ ਕੁਝ ਸੀਨੀਅਰ ਨੇਤਾਵਾਂ ਨੂੰ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਮਿੱਟੀ 'ਚ ਮਿਲਾ ਦਿੱਤਾ ਗਿਆ। ਇਥੋਂ ਤਕ ਕਿ ਮੌਜੂਦਾ ਪ੍ਰਧਾਨ ਮੰਤਰੀ ਉਨ੍ਹਾਂ ਮਹਾਰਥੀਆਂ ਸਾਹਮਣੇ ਔਸਤ ਦਰਜੇ ਦੇ ਦਿਖਾਈ ਦਿੰਦੇ ਹਨ।

ਅੱਜਕਲ ਯੋਗ ਨੇਤਾਵਾਂ ਦੀ ਘਾਟ ਦਾ ਕਾਰਣ ਆਖਿਰ ਕੀ ਹੈ? ਇਸ ਦਾ ਸਾਧਾਰਨ ਜਵਾਬ ਦੇਸ਼ ਦਾ ਸਿਆਸੀ ਵਾਤਾਵਰਣ ਕੁਝ ਸਮੇਂ ਤੋਂ ਇਸ ਤਰ੍ਹਾਂ ਵਿਗੜ ਗਿਆ ਹੈ ਕਿ ਕੁਝ ਯੋਗ ਲੋਕ ਅੱਜਕਲ ਮਹਾਮਾਰੀ ਵਰਗੀ ਸਿਆਸਤ ਤੋਂ ਆਪਣਾ ਕਿਨਾਰਾ ਕਰ ਚੁੱਕੇ ਹਨ। ਸਾਡੇ ਦਰਮਿਆਨ ਕੁਝ ਹੋਣਹਾਰ ਨੌਜਵਾਨ ਨਹੀਂ ਹਨ ਪਰ ਉਹ ਬੇਲੋੜੇ ਅਤੇ ਸੱਤਾ ਦੇ ਦਲਾਲਾਂ ਵਲੋਂ ਜ਼ੀਰੋ ਕਰ ਦਿੱਤੇ ਗਏ ਹਨ। ਅੱਜ ਸਿਆਸਤ ਮੁਨਾਫੇ ਦਾ ਪੇਸ਼ਾ ਹੋ ਗਈ ਹੈ। ਇਸ ਵਿਚ ਮਾਫੀਏ ਦਾ ਯੋਗਦਾਨ ਅਤੇ ਪੈਸੇ ਦਾ ਗਲਬਾ ਵਧ ਗਿਆ ਹੈ। ਸਿਆਸਤ ਅੱਜ ਲੋਕਾਂ ਦੀ ਸੇਵਾ ਲਈ ਨਹੀਂ ਹੁੰਦੀ, ਇਹ ਤਾਂ ਸਿਰਫ ਪੈਸੇ ਬਣਾਉਣ ਅਤੇ ਸੱਤਾ ਹਾਸਲ ਕਰਨ ਲਈ ਹੁੰਦੀ ਹੈ। ਇਸ ਸੰਦਰਭ ਵਿਚ ਮੈ ਯੂਰੇਸ਼ੀਆ ਗਰੁੱਪ ਦੇ ਪ੍ਰਧਾਨ ਇਯਾਨ ਬਿਰਮਰ ਦੇ ਸ਼ਬਦਾਂ ਦਾ ਵਰਣਨ ਕਰਨਾ ਚਾਹਾਂਗਾ। ਉਨ੍ਹਾਂ ਨੇ ਮਈ 2019 'ਚ ਕਿਹਾ, ''ਆਰਥਿਕ ਸੁਧਾਰਾਂ ਲਈ ਮੋਦੀ ਭਾਰਤ ਦੀ ਸਭ ਤੋਂ ਵੱਡੀ ਆਸ ਹੈ।''

'ਦਿ ਪ੍ਰਿੰਟ' ਦੇ ਅਨੁਸਾਰ ਬਿਰਮਰ ਨੇ ਆਪਣੇ ਵਿਚਾਰ ਨੂੰ ਬਦਲ ਦਿੱਤਾ ਅਤੇ ਕਿਹਾ ਕਿ ਭਾਰਤ ਮੋਦੀ ਦੇ ਅਧੀਨ 2020 ਦਾ ਪੰਜਵਾਂ ਸਭ ਤੋਂ ਵੱਡਾ ਸਿਆਸੀ ਜੋਖਿਮ ਹੈ। ਉਨ੍ਹਾਂ ਅਨੁਸਾਰ ਉਸ ਦਾ ਕਾਰਣ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੂਸਰੇ ਕਾਰਜਕਾਲ ਦਾ ਵਧੇਰੇ ਹਿੱਸਾ ਵਿਵਾਦਿਤ ਸਮਾਜਿਕ ਨੀਤੀਆਂ ਨੂੰ ਉਤਸ਼ਾਹਿਤ ਕਰਨ 'ਚ ਲਾ ਦਿੱਤਾ। ਉਨ੍ਹਾਂ ਨੇ ਆਰਥਿਕ ਏਜੰਡੇ ਦੀ ਬਲੀ ਦੇ ਦਿੱਤੀ। ਉਹ ਅੱਗੇ ਲਿਖਦੇ ਹਨ ਕਿ ਅਜਿਹੀਆਂ ਨੀਤੀਆਂ ਦਾ ਅਸਰ ਫਿਰਕੂ ਭਾਵਨਾ, ਵਿਦੇਸ਼ੀ ਅਤੇ ਆਰਥਿਕ ਨੀਤੀ 'ਤੇ ਪਿਆ ਹੈ। ਯੂਰੇਸ਼ੀਆ ਰਿਪੋਰਟ ਇਸ ਗੱਲ ਦਾ ਵਰਣਨ ਕਰਦੀ ਹੈ ਕਿ ਕਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਦੀਆਂ ਚੋਣਾਂ ਤੋਂ ਬਾਅਦ ਵਿਵਾਦਿਤ ਸਮਾਜਿਕ ਏਜੰਡੇ ਨੂੰ ਤਰਜੀਹ ਦਿੱਤੀ। ਬਿਰਮਰ ਦੇ ਸਹਿ ਲੇਖਕ ਕਲਿਫ ਕਪਚਾਨ ਦੱਸਦੇ ਹਨ ਕਿ ਕਿਵੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਭੜਕਾਊ ਨੀਤੀ ਲਈ ਜ਼ਿੰਮੇਵਾਰ ਹਨ।

ਲੇਖਕਾਂ ਨੇ ਕਿਹਾ ਕਿ ਕਿਵੇਂ ਨਾਗਰਿਕਤਾ ਦੇ ਡਰ ਨਾਲ ਭਾਰਤ ਵਿਚ ਰੋਸ ਵਿਖਾਵੇ ਫੈਲੇ। ਭਾਜਪਾ ਸਰਕਾਰ ਦੀ ਅਗਵਾਈ ਵਿਚ ਸਰਕਾਰ ਆਪਣੀ ਧਰਮ ਨਿਰਪੱਖ ਪਛਾਣ ਨੂੰ ਗੁਆ ਚੁੱਕੀ ਹੈ। ਇਸ ਦੇ ਅੱਗੇ ਇਹ ਵੀ ਲਿਖਿਆ ਗਿਆ ਕਿ ਵਧ ਰਹੇ ਲੋਕ ਵਿਖਾਵਿਆਂ ਦੀ ਪ੍ਰਵਾਹ ਕੀਤੇ ਬਿਨਾਂ ਮੋਦੀ ਪਿੱਛੇ ਨਹੀਂ ਹਟਣਗੇ। ਅਜਿਹਾ ਅੰਦਾਜ਼ਾ ਝਟਕਾ ਦੇਣ ਵਾਲਾ ਹੈ ਕਿਉਂਕਿ ਯੂਰੇਸ਼ੀਆ ਗਰੁੱਪ ਨੇ ਮੋਦੀ ਦੇ 2014 'ਚ ਚੁਣੇ ਜਾਣ ਤੋਂ ਬਾਅਦ ਭਾਰਤ ਦੀਆਂ ਸੰਭਾਵਨਾਵਾਂ ਬਾਰੇ ਤੇਜ਼ੀ ਆਉਣ ਬਾਰੇ ਕਿਹਾ ਸੀ।

'ਟਾਈਮ' ਲਈ ਆਪਣੇ ਆਰਟੀਕਲ ਵਿਚ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਭਾਰਤ ਲਈ ਸਭ ਤੋਂ ਚੰਗੀ ਉਮੀਦ ਹਨ ਪਰ ਸਭ ਕੁਝ ਬਦਲ ਗਿਆ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਕੇਂਦਰੀ ਕਿਰਤ ਮੰਤਰਾਲਾ ਦੇ ਮਈ ਵਿਚ ਜਾਰੀ ਕੀਤੇ ਗਏ ਡਾਟਾ ਨੇ ਦਰਸਾਇਆ ਕਿ ਰੋਜ਼ਗਾਰਯੋਗ 7.8 ਫੀਸਦੀ ਨੌਜਵਾਨ ਬੇਰੋਜ਼ਗਾਰ ਸਨ। ਪ੍ਰਾਈਵੇਟ ਨਿਵੇਸ਼ ਦਾ ਘੱਟ ਹੋਣਾ ਮੋਦੀ ਸਰਕਾਰ ਲਈ ਚਿੰਤਾ ਦਾ ਵਿਸ਼ਾ ਸੀ। ਹਾਲਾਂਕਿ ਸਰਕਾਰ ਅਰਥਵਿਵਸਥਾ ਨੂੰ ਪੁਨਰ ਜਾਗ੍ਰਿਤ ਕਰਨ ਵਿਚ ਲੱਗੀ ਹੈ।

ਜੂਨ 2019 ਦੀ ਸਮਾਪਤੀ ਵਾਲੀ ਤਿਮਾਹੀ 'ਚ ਪ੍ਰਾਈਵੇਟ ਨਿਵੇਸ਼ 15 ਸਾਲਾਂ 'ਚ ਸਭ ਤੋਂ ਘੱਟ ਪੱਧਰ 'ਤੇ ਸੀ। ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਦੇਸ਼ ਨੇ ਆਰਥਿਕ ਚੇਨ ਪ੍ਰਤੀਕਿਰਿਆ ਨੂੰ ਝੱਲਿਆ। ਨੌਕਰੀਆਂ ਦੇ ਨੁਕਸਾਨ ਦਾ ਮਤਲਬ ਲੋਕਾਂ ਦੇ ਹੱਥਾਂ 'ਚ ਘੱਟ ਪੈਸਾ ਹੋਣਾ ਹੈ, ਜਿਸ ਨਾਲ ਵਰਤੋਂ 'ਚ ਕਮੀ ਆਉਂਦੀ ਹੈ ਅਤੇ ਫੈਕਟਰੀਆਂ 'ਚ ਉਤਪਾਦਨ ਪ੍ਰਭਾਵਿਤ ਹੁੰਦਾ ਹੈ, ਜਦੋਂ ਕਮਾਈ ਡਿੱਗ ਜਾਂਦੀ ਹੈ ਤਾਂ ਮੁਦਰਾਸਫਿਤੀ ਵਧ ਜਾਂਦੀ ਹੈ। ਰਿਟੇਲ ਮੁਦਰਾਸਫਿਤੀ ਆਮ ਆਦਮੀ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੀ ਹੈ।

ਭਾਜਪਾ ਨੇਤਾਵਾਂ ਨੇ ਰੋਸ ਵਿਖਾਵਿਆਂ ਨੂੰ ਵਧਾਉਣ ਅਤੇ ਝੂਠ ਅਤੇ ਅਫਵਾਹ ਫੈਲਾਉਣ 'ਚ ਵਿਰੋਧੀ ਪਾਰਟੀਆਂ 'ਤੇ ਇਸ ਦਾ ਦੋਸ਼ ਲਾਇਆ ਹੈ, ਖਾਸ ਕਰਕੇ ਕਾਂਗਰਸ 'ਤੇ। ਮੌਜੂਦਾ ਸਮੇਂ ਭਾਜਪਾ ਸਰਕਾਰ ਨੇ 'ਨੋ ਗੋਇੰਗ ਬੈਕ' ਦੇ ਏਜੰਡੇ ਨੂੰ ਅਪਣਾਇਆ ਹੈ। ਕਿਸੇ ਇਕ ਨੂੰ ਇਨ੍ਹਾਂ ਗੱਲਾਂ 'ਤੇ ਯਕੀਨ ਨਹੀਂ ਕਿ ਨਾਜ਼ੁਕ ਸਮਾਜਿਕ ਮੁੱਦਿਆਂ ਅਤੇ ਆਰਥਿਕ ਮੰਦੀ 'ਤੇ ਕੋਈ ਗੱਲ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਦੇ ਅਰਥਵਿਵਸਥਾ ਲਈ ਚੰਗੇ ਦਿਨਾਂ ਦੇ ਵਾਅਦਿਆਂ ਪ੍ਰਤੀ ਮੇਰੀਆਂ ਉਮੀਦਾਂ ਅਜੇ ਵੀ ਜ਼ਿੰਦਾ ਹਨ।

ਦਿਲਚਸਪ ਗੱਲ ਇਹ ਹੈ ਕਿ ਕੌਮਾਂਤਰੀ ਭਾਈਚਾਰੇ ਲਈ ਪੀ. ਐੱਮ. ਮੋਦੀ ਦੀ ਅਗਵਾਈ 'ਚ ਭਾਰਤ ਦੀ ਕਹਾਣੀ ਆਰਥਿਕ ਸਫਲਤਾ ਦੀ ਹੋ ਸਕਦੀ ਹੈ ਪਰ ਉਸ ਵਿਚ ਧਾਰਮਿਕ ਹਿੰਸਾ ਅਤੇ ਘਾਣ ਦਾ ਲੇਖਾ-ਜੋਖਾ ਨਹੀਂ ਹੋਵੇਗਾ। ਮੇਰਾ ਪੂਰਾ ਯਕੀਨ ਹੈ ਕਿ ਸਭ ਤਰ੍ਹਾਂ ਦੀਆਂ ਸਮਾਜਿਕ ਅਤੇ ਆਰਥਿਕ ਪ੍ਰੇਸ਼ਾਨੀਆਂ ਦੇ ਦਰਮਿਆਨ ਸਾਡੇ ਲੋਕਾਂ 'ਚ ਕਾਫੀ ਸਹਿਣਸ਼ੀਲਤਾ ਦੀ ਭਾਵਨਾ ਹੈ, ਜੋ ਹਰ ਮੁਸ਼ਕਿਲ ਤੋਂ ਉੱਪਰ ਉੱਠਣਾ ਜਾਣਦੇ ਹਨ। ਦੇਸ਼ ਨੂੰ ਅੱਜ ਸਹੀ ਰਸਤਾ ਦਿਖਾਉਣ ਦੀ ਲੋੜ ਹੈ, ਜਿਸ ਦੇ ਤਹਿਤ ਗਰੀਬਾਂ ਅਤੇ ਭੁੱਖਿਆਂ-ਨੰਗਿਆਂ ਦੀ ਭਲਾਈ ਹੋਵੇ।

ਸਿਆਸੀ ਸੰਸਥਾਵਾਂ ਤੋਂ ਆਸ ਹੈ ਕਿ ਉਹ ਨਿਰਪੱਖ ਰਹਿਣ। ਹਾਲ ਹੀ ਦੇ ਦਿਨਾਂ 'ਚ ਸ਼ਾਸਨ ਦੀ ਕਾਰਜਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਸੱਟ ਵੱਜੀ ਹੈ ਕਿਉਂਕਿ ਆਪਣੇ ਫਾਇਦਿਆਂ ਲਈ ਇਸ ਨੇ ਇਸ ਦੀ ਗਲਤ ਵਰਤੋਂ ਕੀਤੀ ਹੈ। ਮੇਰਾ ਵਿਚਾਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਈ ਸਮਾਂ ਆ ਗਿਆ ਹੈ ਕਿ ਉਹ ਪ੍ਰਸ਼ਾਸਨ ਦੀ ਭਰੋਸੇਯੋਗਤਾ ਨੂੰ ਮਜ਼ਬੂਤ ਕਰਨ ਅਤੇ ਸਾਡੇ ਲੋਕਤੰਤਰ ਦੀ ਕਾਰਜਪ੍ਰਣਾਲੀ ਨੂੰ ਹੋਰ ਹੁਨਰਮੰਦ ਬਣਾਉਣ। ਲੋਕਾਂ ਲਈ ਪਾਰਦਰਸ਼ਿਤਾ ਕਾਇਮ ਕੀਤੀ ਜਾਵੇ। ਇਸੇ ਨਾਲ ਸੁਨਾਮੀ ਵਰਗੀਆਂ ਸਮਾਜਿਕ, ਆਰਥਿਕ, ਪ੍ਰੇਸ਼ਾਨੀਆਂ ਨਾਲ ਨਜਿੱਠਿਆ ਜਾ ਸਕਦਾ ਹੈ। ਮੇਰਾ ਪ੍ਰਧਾਨ ਮੰਤਰੀ ਮੋਦੀ 'ਚ ਅਟੱਲ ਵਿਸ਼ਵਾਸ ਹੈ, ਹਾਲਾਂਕਿ ਉਨ੍ਹਾਂ ਲਈ ਅਮਿਤ ਸ਼ਾਹ ਇਕ ਸਹੀ ਪਸੰਦ ਨਹੀਂ ਸੀ।

                                                                                       —ਹਰੀ ਜੈਸਿੰਘ


KamalJeet Singh

Content Editor

Related News