ਰਾਸ਼ਟਰੀ ਸਵੈਮ ਸੇਵਕ ਸੰਘ ਤੋਂ ਚਾਰ ਸਵਾਲ

02/04/2019 7:25:33 AM

ਪਿਛਲੇ ਹਫਤੇ ਟਵਿਟਰ ’ਤੇ ਮੈਂ ਸਰਸੰਘ ਚਾਲਕ  ਜੀ   ਨੂੰ ਇਕ ਖੁੱਲ੍ਹੇ ਪੱਤਰ ਰਾਹੀਂ ਨਿਮਰਤਾ ਨਾਲ ਕਿਹਾ ਕਿ ਸੰਘ ਕਦੇ-ਕਦੇ ਹਿੰਦੂ ਧਰਮ ਦੀਆਂ ਰਵਾਇਤਾਂ ਨੂੰ ਤੋੜ ਕੇ ਆਪਣੇ ਵਿਚਾਰ ਜ਼ਾਹਿਰ ਕਰਦਾ ਹੈ, ਜਿਸ ਨਾਲ ਹਿੰਦੂਆਂ ਨੂੰ ਪੀੜ ਹੁੰਦੀ ਹੈ। ਜਿਵੇਂ  ਸਾਡੇ ਬ੍ਰਜ ਵਾਸੀਆਂ ਦੀ 5000 ਸਾਲਾਂ ਦੀ ਰਵਾਇਤ ’ਚ ਵ੍ਰਿੰਦਾਵਨ ਤੇ ਮਥੁਰਾ ਦਾ ਭਾਵ  ਵੱਖਰਾ ਸੀ, ਉਪਾਸ਼ਨਾ  ਵੱਖਰੀ ਸੀ ਤੇ ਦੋਹਾਂ ਦੀ ਸੰਸਕ੍ਰਿਤੀ ਵੱੱਖਰੀ ਸੀ ਪਰ ਤੁਹਾਡੀ ਵਿਚਾਰਧਾਰਾ ਦੀ ਉੱਤਰ ਪ੍ਰਦੇਸ਼ ਸਰਕਾਰ ਨੇ ਦੋਹਾਂ ਦਾ ਇਕ ਨਗਰ ਨਿਗਮ ਬਣਾ ਕੇ ਇਸ ਸਦੀਆਂ ਪੁਰਾਣੀ ਭਗਤੀ ਰਵਾਇਤ ਨੂੰ ਨਸ਼ਟ ਕਰ ਦਿੱਤਾ, ਅਜਿਹਾ ਕਿਉਂ ਕੀਤਾ?
ਸਰਕਾਰ ਨਾਲ ਕੋਈ ਲੈਣਾ-ਦੇਣਾ ਨਹੀਂ
ਇਸ ਦਾ ਜਵਾਬ ਮਿਲਿਆ ਕਿ ਸੰਘ ਦਾ ਸਰਕਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।  ਦੇਸ਼ ਦੀ ਰਾਜਨੀਤੀ, ਪੱਤਰਕਾਰਿਤਾ ਜਾਂ ਸਮਾਜ ਨਾਲ ਸਰੋਕਾਰ ਰੱੱਖਣ ਵਾਲਾ ਕੋਈ ਵੀ ਵਿਅਕਤੀ ਕੀ ਇਹ ਮੰਨੇਗਾ ਕਿ ਸੰਘ ਦਾ ਸਰਕਾਰ ਨਾਲ ਕੋਈ ਸਬੰਧ ਨਹੀਂ ਹੁੰਦਾ। ਸੱਚਾਈ ਤਾਂ ਇਹ ਹੈ ਕਿ ਜਿਥੇ-ਜਿਥੇ ਭਾਜਪਾ ਦੀ ਸਰਕਾਰ ਹੁੰਦੀ ਹੈ, ਉਸ ’ਚ ਸੰਘ ਦੀ ਕਾਫੀ ਦਖਲਅੰਦਾਜ਼ੀ ਰਹਿੰਦੀ ਹੈ।  ਫਿਰ ਇਹ ਪਰਦਾ ਕਿਉਂ। ਜੇਕਰ ਭਾਜਪਾ ਸੰਘ ਦੀ ਵਿਚਾਰਧਾਰਾ ਤੇ ਸੰਗਠਨ ਤੋਂ ਉਪਜੀ ਹੈ ਤਾਂ ਉਸ ਦੀ ਸਰਕਾਰਾਂ ’ਚ ਦਖਲਅੰਦਾਜ਼ੀ ਕਿਉਂ ਹੁੰਦੀ ਹੈ? ਹੋਣੀ ਵੀ ਚਾਹੀਦੀ ਹੈ ਤਾਂ  ਹੀ ਹਿੰਦੂ ਹਿੱਤ ਦੀ ਗੱਲ ਅੱਗੇ ਵਧੇਗੀ। 
ਮੇਰਾ ਦੂਜਾ ਸਵਾਲ ਸੀ ਕਿ ਅਸੀਂ ਸਾਰੇ ਹਿੰਦੂ ਵੇਦਾਂ, ਸ਼ਾਸਤਰਾਂ ਜਾਂ ਕਿਸੇ ਸਿੱਧ ਸੰਤ ਨੂੰ ਗੁਰੂ ਮੰਨਦੇ ਹਾਂ, ਝੰਡੇ ਨੂੰ ਗੁਰੂ ਮੰਨਣ ਦੀ ਇਥੇ ਇਹ ਰਵਾਇਤ ਕਿਸ ਵੈਦਿਕ  ਸਰੋਤ   ਤੋਂ ਲਈ ਗਈ ਹੈ, ਇਸ ਦਾ ਜਵਾਬ ਨਾਗਪੁਰ ਤੋਂ ਮੁਕੁਲ ਜੀ ਨੇ ਸੰਤੁਸ਼ਟੀ ਭਰਿਆ ਦਿੱਤਾ। ਵੱਖ-ਵੱਖ ਫਿਰਕਿਆਂ ਦੇ ਝਗੜੇ ’ਚ ਨਾ ਪੈ ਕੇ ਸੰਘ ਨੇ ਕੇਸਰੀ ਝੰਡੇ ਨੂੰ ਧਰਮ, ਸੰਸਕ੍ਰਿਤੀ, ਰਾਸ਼ਟਰ ਦੀ ਪ੍ਰੇਰਣਾ ਦੇਣ ਲਈ ਪ੍ਰਤੀਕ ਰੂਪ ’ਚ ਗੁਰੂ ਮੰਨਿਆ ਹੈ। ਉਂਝ ਵੀ ਇਹ ਸਾਡੀ ਸਨਾਤਨ ਸੰਸਕ੍ਰਿਤੀ ’ਚ ਸਨਮਾਨਿਤ ਰਿਹਾ ਹੈ। 
ਨਹੀਂ ਮਿਲਿਆ ਕੋਈ ਉੱਤਰ
ਮੇਰਾ ਤੀਸਰਾ ਸਵਾਲ ਸੀ ਕਿ ਸਾਡੀ ਸੰਸਕ੍ਰਿਤੀ ’ਚ ਸਵਾਗਤ ਦੇ ਦੋ ਹੀ ਤਰੀਕੇ ਹਜ਼ਾਰਾਂ ਸਾਲਾਂ ਤੋਂ ਪ੍ਰਚੱਲਿਤ ਹਨÛ; ਦੋਵੇਂ ਹੱੱਥ ਜੋੜ ਕੇ ਪ੍ਰਣਾਮ  (ਨਮਸਤੇ) ਜਾਂ  ਧਰਤੀ ’ਤੇ ਸਿੱਧੇ ਲੇਟ ਕੇ ਦੰਡੌਤ ਪ੍ਰਣਾਮ ਜਾਂ ਸੰਘ ’ਚ ਸਿੱਧਾ ਹੱਥ ਅੱਧਾ ਉਠਾ ਕੇ, ਉਸ ਨੂੰ  ਮੋੜ ਕੇ, ਫਿਰ ਸਿਰ  ਨੂੰ ਝਟਕੇ ਨਾਲ ਝੁਕਾ ਕੇ ਝੰਡੇ ਨੂੰ ਪ੍ਰਣਾਮ ਕਰਨਾ, ਕਿਸ ਵੈਦਿਕ ਰਵਾਇਤ ਤੋਂ ਲਿਆ ਗਿਆ ਹੈ। ਇਸ ਦਾ ਕੋਈ ਦਲੀਲੀ ਜਵਾਬ ਨਹੀਂ ਮਿਲਿਆ।  ਅਸੀਂ ਜਾਣਦੇ ਹਾਂ ਕਿ ਜੇਕਰ ਵਹਿੰਦਾ ਨਾ ਰਹੇ ਤਾਂ ਰੁਕਿਆ ਪਾਣੀ ਸੜ ਜਾਂਦਾ ਹੈ। ਤਬਦੀਲੀ ਕੁਦਰਤ ਦਾ ਨਿਯਮ ਹੈ। ਸੰਘ ਨੇ ਸਦੀਆਂ ਬਾਅਦ ਨਿੱਕਰ ਦੀ ਜਗ੍ਹਾ ਹਾਲ ਹੀ ਵਿਚ ਪੈਂਟ ਅਪਣਾ ਲਈ ਹੈ ਤਾਂ ਪ੍ਰਣਾਮ ਵੀ ਹਿੰਦੂ ਸੰਸਕ੍ਰਿਤੀ ਦੇ ਅਨੁਕੂਲ ਹੀ ਅਪਣਾ ਲੈਣਾ ਚਾਹੀਦਾ ਹੈ। ਭਾਰਤ ਹੀ ਨਹੀਂ ਜਾਪਾਨ ਵਰਗੇ  ਦੇਸ਼ਾਂ ਵਿਚ ਵੀ ਭਾਰਤੀ ਧਰਮ ਤੇ ਸੰਸਕ੍ਰਿਤੀ ਦਾ ਪ੍ਰਭਾਵ ਹੈ, ਉਥੇ ਵੀ ਨਮਸਤੇ ਹੀ ਸਵਾਗਤ ਦਾ ਤਰੀਕਾ ਹੈ। ਮਾਣਯੋਗ ਭਾਗਵਤ ਨੂੰ ਇਸ ’ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਅਜੇ ਜੋ ਝੰਡਾ ਪ੍ਰਣਾਮ ਦਾ ਢੰਗ-ਤਰੀਕਾ ਹੈ, ਉਹ ਕਿਸੇ ਦੇ ਗਲੇ ਨਹੀਂ ਉਤਰਦਾ ਕਿਉਂਕਿ ਇਸ ਦਾ ਕੋਈ ਤਰਕ ਨਹੀਂ ਹੈ। ਜਦੋਂ ਅਸੀਂ ਬਚਪਨ ’ਚ ਸ਼ਾਖਾ ’ਚ ਜਾਂਦੇ ਸੀ, ਉਦੋਂ ਵੀ ਇਹ ਸਾਨੂੰ ਅਟਪਟਾ ਲੱਗਦਾ ਸੀ।
ਮੇਰਾ ਚੌਥਾ ਸਵਾਲ ਸੀ ਕਿ ਵੈਦਿਕ  ਰਵਾਇਤ ’ਚ ਦੋ ਹੀ ਕੱਪੜੇ ਪਹਿਨਣਾ ਦੱਸਿਆ ਗਿਆ ਹੈ;  ਸਰੀਰ  ਦੇ ਹੇਠਲੇ ਹਿੱਸੇ ਨੂੰ ਢਕਣ ਲਈ ‘ਅਧੋਵਸਤਰ’ ਤੇ ਸਰੀਰ ਦੇ ਉਪਰਲੇ ਹਿੱਸੇ ਨੂੰ ਢਕਣ ਲਈ ‘ਅੰਗਵਸਤਰ’ ਤਾਂ ਇਹ ਖਾਕੀ ਨਿੱਕਰ, ਸਫੈਦ ਕਮੀਜ਼ ਤੇ ਕਾਲੀ ਟੋਪੀ ਕਿਸ ਹਿੰਦੂ ਰਵਾਇਤ ਤੋਂ ਲਈ ਗਈ ਹੈ? ਤੁਸੀਂ ਪ੍ਰਾਚੀਨ ਤੇ ਮੱਧਯੁਗੀ ਹੀ ਨਹੀਂ ਆਧੁਨਿਕ ਭਾਰਤ ਦਾ ਇਤਿਹਾਸ ਵੀ ਦੇਖੋ ਤਾਂ ਆਪਣੀ ਰਵਾਇਤੀ ਪੋਸ਼ਾਕ ਧੋਤੀ ਤੇ ਬਗਲਬੰਦੀ ਪਹਿਨ ਕੇ ਯੋਧਿਆਂ ਨੇ ਵੱਡੀਆਂ-ਵੱਡੀਆਂ ਜੰਗਾਂ ਲੜੀਆਂ ਅਤੇ ਜਿੱਤੇ ਸਨ ਤਾਂ ਸੰਘ ਕਿਉਂ ਨਹੀਂ ਅਜਿਹੀ ਪੋਸ਼ਾਕ ਅਪਣਾਉਂਦਾ, ਜੋ ਭਾਰਤੀ ਲੱਗੇ। ਮੌਜੂਦ ਪੋਸ਼ਾਕ ਦਾ ਭਾਰਤੀਅਤਾ ਨਾਲ ਦੂਰ-ਦੂਰ ਤਕ ਕੋਈ ਨਾਤਾ ਨਹੀਂ ਹੈ।
ਜਗਿਆਸਾ ’ਤੇ ਗੁੱਸਾ ਕਿਉਂ 
ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਮੇਰੇ ਇੰਨੇ ਸਵਾਲਾਂ ਦੇ ਜਵਾਬ ’ਚ ਮੈਨੂੰ  ਆਸਾਮ ਤੋਂ ‘ਵਿਰਾਟ ਹਿੰਦੂ ਸੰਗਠਨ’ ਦੇ ਇਕ ਜਨਰਲ ਸਕੱਤਰ ਨੇ ਟਵਿਟਰ ’ਤੇ ਜਾਨੋਂ ਮਾਰਨ ਦੀ ਖੁੱਲ੍ਹੀ ਧਮਕੀ ਦੇ ਦਿੱਤੀ। ਇਹ ਅਜੀਬ ਗੱਲ ਹੈ। ਦੂਸਰੇ ਧਰਮਾਂ ’ਚ ਸਵਾਲ ਪੁੱਛਣ ’ਤੇ ਅਜਿਹਾ ਹੁੰਦਾ ਆਇਆ ਹੈ ਪਰ ਭਾਰਤ ਦੇ ਵੈਦਿਕ ਧਰਮ ਗ੍ਰੰਥਾਂ ’ਚ ਸਵਾਲ ਪੁੱਛਣ ਅਤੇ ਸ਼ਾਸਤਰਾਂ  ਦੇ ਅਰਥ ਕਰਨ ਨੂੰ  ਹਮੇਸ਼ਾ ਹੀ ਉਤਸ਼ਾਹਿਤ ਕੀਤਾ ਗਿਆ ਹੈ।  ਮੈਂ ਨਹੀਂ ਸਮਝਦਾ ਕਿ ਮਾਣਯੋਗ ਡਾ. ਮੋਹਨ ਭਾਗਵਤ ਨੂੰ ਮੇਰੇ ਸਵਾਲਾਂ ਤੋਂ ਕੋਈ ਇਤਰਾਜ਼ ਹੋਇਆ ਹੋਵੇਗਾ? ਕਿਉਂਕਿ ਉਹ ਇਕ ਸੁਲਝੇ ਹੋਏ, ਗੰਭੀਰ ਤੇ ਨਿਮਰ ਵਿਅਕਤੀ ਹਨ ਪਰ ਉਨ੍ਹਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਮੇਰੇ ਵਰਗੇ  ਕੱਟੜ, ਸਨਾਤਨ ਧਰਮੀ ਦੀ ਵੀ ਨਿਮਰ ਜਿਗਿਆਸਾ ’ਤੇ ਉਨ੍ਹਾਂ ਦੇ ਵਰਕਰਾਂ ਨੂੰ ਇੰਨਾ ਗੁੱਸਾ ਕਿਉਂ ਆ ਜਾਂਦਾ ਹੈ? ਭਾਰਤ ਦਾ ਸਮਾਜ ਜੇਕਰ ਇੰਨਾ ਅਸਹਿਣਸ਼ੀਲ ਹੁੰਦਾ ਤਾਂ ਭਾਰਤੀ ਸੰਸਕ੍ਰਿਤੀ ਅੱਜ ਤਕ ਜਿਊਂਦੀ ਨਾ ਰਹਿੰਦੀ। ਭਾਰਤ ਉਹ ਦੇਸ਼ ਹੈ ਜਿਥੇ ਝਰਨਿਆਂ ਦਾ ਹੀ ਨਹੀਂ, ਨਾਲਿਆਂ ਦਾ ਪਾਣੀ ਵੀ ਮਾਂ ਗੰਗਾ ’ਚ ਡਿਗ ਕੇ ਗੰਗਾ ਜਲ ਬਣ ਜਾਂਦਾ ਹੈ। ਵਿਚਾਰ ਕਿਤਿਓਂ ਵੀ ਆਉਣ, ਉਨ੍ਹਾਂ ਨੂੰ ਜਾਂਚਣ-ਪਰਖਣ ਦੀ ਸਮਰੱਥਾ ਤੇ ਉਦਾਰਤਾ ਸਾਡੇ ਭਾਰਤੀਆਂ ’ਚ ਹਮੇਸ਼ਾ ਤੋਂ ਰਹੀ ਹੈ। 
ਸਾਦਗੀ ਦਾ ਇਤਿਹਾਸ
ਸੰਘ ਦੇ ਵਰਕਰਾਂ ਦਾ ਇਤਿਹਾਸ ਸਾਦਗੀ, ਤਿਆਗ ਤੇ ਸੇਵਾ ਦਾ ਰਿਹਾ ਹੈ ਪਰ ਸੱਤਾ ਦੇ ਸੰਪਰਕ ’ਚ ਆਉਣ ਨਾਲ ਅੱਜ ਉਸ ’ਚ ਤੇਜ਼ੀ ਨਾਲ ਤਬਦੀਲੀ ਆ ਰਹੀ ਹੈ। ਇਹ ਚਿੰਤਾ ਵਾਲੀ ਗੱਲ ਹੈ। ਜੇਕਰ ਸੰਘ  ਨੇ ਆਪਣੀ ਮਾਣ-ਮਰਿਆਦਾ  ਨੂੰ ਸੁਰੱਖਿਅਤ ਰੱਖਣਾ ਹੈ ਤਾਂ ਉਸ ਨੂੰ ਇਸ ਪ੍ਰਦੂਸ਼ਣ ਤੋਂ ਆਪਣੇ ਵਰਕਰਾਂ ਨੂੰ ਬਚਾਉਣਾ ਹੋਵੇਗਾ। ਮੈਨੂੰ ਵਿਸ਼ਵਾਸ  ਹੈ ਕਿ ਡਾ. ਸਾਹਿਬ ਮੇਰੇ ਇਨ੍ਹਾਂ ਗੰਭੀਰ ਸਵਾਲਾਂ ’ਤੇ ਵਿਚਾਰ ਜ਼ਰੂਰ ਕਰਨਗੇ। ਵੰਦੇ ਮਾਤਰਮ।
 


Related News