ਪਾਕਿਸਤਾਨ ਅਤੇ ਭਾਰਤ ਦਰਮਿਆਨ ਹੁਣ ਪਾੜਾ ਖਤਮ ਹੋਣ ਯੋਗ ਨਹੀਂ

01/18/2023 10:41:06 PM

ਭਾਰਤ ਦੀ ਵਿਦੇਸ਼ ਨੀਤੀ ਕੁਸ਼ਲਤਾ ਨਾਲ ਚੱਲ ਰਹੀ ਹੈ। ਇਸ ਦੀ ਜੀ. ਡੀ. ਪੀ. 3 ਟ੍ਰਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੋ ਗਈ ਹੈ। ਇਸ ਨੂੰ ਯਾਦਗਾਰੀ ਪ੍ਰਗਤੀ ਕਹਿੰਦੇ ਹਨ। ਭਾਰਤ ਨੂੰ ਸਭ ਨਿਵੇਸ਼ਕਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਪਸੰਦ ਵਾਲੀ ਥਾਂ ਬਣਾ ਦਿੱਤਾ ਹੈ। ਮੋਦੀ ਦੀ ਪ੍ਰਧਾਨਗੀ ਹੇਠ ਵਿਦੇਸ਼ ਨੀਤੀ ਦੇ ਮੋਰਚੇ ’ਤੇ ਆਪਣਾ ਖੁਦ ਦਾ ਗਲਬਾ ਸਥਾਪਤ ਕੀਤਾ ਹੈ।

ਭਾਰਤੀ ਖੇਤੀ ਵਸਤਾਂ ਅਤੇ ਆਈ. ਟੀ. ਉਦਯੋਗ ਦਾ ਵੀ ਇਕ ਵੱਡਾ ਉਤਪਾਦਕ ਹੈ। ਖੇਤੀਬਾੜੀ ਵਿਚ ਭਾਰਤ ਦੀ ਪ੍ਰਤੀ ਏਕੜ ਪੈਦਾਵਾਰ ਦੁਨੀਆ ਵਿਚ ਸਭ ਤੋਂ ਵੱਧ ਹੈ। 1.4 ਬਿਲੀਅਨ ਤੋਂ ਵੱਧ ਲੋਕਾਂ ਦਾ ਦੇਸ਼ ਹੋਣ ਦੇ ਬਾਵਜੂਦ ਇਹ ਤੁਲਨਾ ਵਿਚ ਸਥਿਰ, ਵਧੀਆ ਸੋਸਾਇਟੀ ਵਾਲਾ ਅਤੇ ਸਰਗਰਮ ਸਿਆਸਤ ਦਾ ਦੇਸ਼ ਬਣਿਆ ਹੋਇਆ ਹੈ।

ਭਾਰਤ ਦੀ ਸ਼ਾਸਨ ਪ੍ਰਣਾਲੀ ਸਮੇਂ ਦੀ ਕਸੌਟੀ ’ਤੇ ਖਰੀ ਉਤਰੀ ਹੈ। ਇਕ ਮਜ਼ਬੂਤ ਲੋਕਰਾਜ ਲਈ ਜ਼ਰੂਰੀ ਬੁਨਿਆਦੀ ਗੱਲਾਂ ਦੇ ਆਸ-ਪਾਸ ਇਹ ਲਚਕੀਲੀ ਸਾਬਿਤ ਹੋਈ ਹੈ। ਮੋਦੀ ਨੇ ਭਾਰਤ ਦੀ ਬ੍ਰਾਂਡਿੰਗ ਲਈ ਕੁਝ ਅਜਿਹਾ ਕੀਤਾ ਹੈ, ਜੋ ਉਨ੍ਹਾਂ ਤੋਂ ਪਹਿਲਾਂ ਕੋਈ ਨਹੀਂ ਕਰ ਸਕਦਾ। ਅਹਿਮ ਗੱਲ ਇਹ ਹੈ ਕਿ ਭਾਰਤ ਜੋ ਮਹਿਸੂਸ ਕਰਦਾ ਹੈ ਅਤੇ ਜਿਸ ਹੱਦ ਤੱਕ ਉਸ ਨੂੰ ਲੋੜ ਹੈ, ਉਹ ਉਹੀ ਕਰਦਾ ਹੈ।

ਇਸ ਤੋਂ ਪਹਿਲਾਂ ਨਵੰਬਰ ਵਿਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੀ ਵਿਦੇਸ਼ ਨੀਤੀ ਦੀ ਸ਼ਲਾਘਾ ਕਰਦੇ ਹੋਏ ਇਸਨੂੰ ਆਜ਼ਾਦ ਦੱਸਿਆ ਸੀ। ਇਮਰਾਨ ਨੇ ਕਿਹਾ ਸੀ ਕਿ ਹਾਲਾਂਕਿ ਭਾਰਤ ਨੂੰ ਪਾਕਿਸਤਾਨ ਦੇ ਨਾਲ ਹੀ ਆਜ਼ਾਦੀ ਮਿਲੀ ਸੀ ਪਰ ਭਾਰਤ ਦੀ ਵਿਦੇਸ਼ ਨੀਤੀ ਆਜ਼ਾਦ ਬਣੀ ਹੋਈ ਹੈ। ਭਾਰਤ ਅਮਰੀਕਾ ਦੇ ਵਿਰੋਧ ਦੇ ਬਾਵਜੂਦ ਰੂਸ ਤੋਂ ਤੇਲ ਖਰੀਦਣ ਦੇ ਆਪਣੇ ਫੈਸਲੇ ’ਤੇ ਕਾਇਮ ਹੈ।

ਯੂਕ੍ਰੇਨ ਵਿਚ ਚੱਲ ਰਹੇ ਫੌਜੀ ਸੰਘਰਸ਼ ਦਰਮਿਆਨ ਪੱਛਮ ਦੇ ਦਬਾਅ ਦੇ ਬਾਵਜੂਦ ਆਪਣੇ ਕੌਮੀ ਹਿੱਤਾਂ ਮੁਤਾਬਕ ਨਵੀਂ ਦਿੱਲੀ ਵੱਲੋਂ ਰੂਸੀ ਤੇਲ ਦੀ ਖਰੀਦ ਭਾਰਤ ਨੇ ਜਾਰੀ ਰੱਖੀ। ਭਾਰਤ ਅਤੇ ਅਮਰੀਕਾ ਕਵਾਡ ਸਹਿਯੋਗੀ ਹਨ ਪਰ ਉਸ ਨੇ ਆਪਣੇ ਦੇਸ਼ ਦੇ ਹਿੱਤਾਂ ਵਿਚ ਅਜੇ ਵੀ ਰੂਸ ਕੋਲੋਂ ਹੀ ਤੇਲ ਖਰੀਦਣ ਦਾ ਫੈਸਲਾ ਕਾਇਮ ਰੱਖਿਆ ਹੋਇਆ ਹੈ। ਇਮਰਾਨ ਨੇ ਇਹ ਵੀ ਕਿਹਾ ਕਿ ਨਵੀਂ ਦਿੱਲੀ ਆਪਣੀ ਮਰਜ਼ੀ ਨਾਲ ਰੂਸ ਕੋਲੋਂ ਤੇਲ ਬਰਾਮਦ ਕਰਨ ਵਿਚ ਸਮਰੱਥ ਸੀ, ਜਦੋਂ ਕਿ ਪਾਕਿਸਤਾਨ ਪੱਛਮ ਦਾ ਗੁਲਾਮ ਸੀ। ਉਹ ਆਪਣੇ ਲੋਕਾਂ ਦੇ ਕਲਿਆਣ ਲਈ ਨਿਡਰ ਫੈਸਲਾ ਲੈਣ ਵਿਚ ਅਸਮਰੱਥ ਸੀ।

ਇਮਰਾਨ ਮੁਤਾਬਕ ਪਾਕਿਸਤਾਨ ਦੇ ਫੈਸਲੇ ਰਾਸ਼ਟਰ ਅੰਦਰ ਕੀਤੇ ਜਾਣ ਲੱਗੇ। ਜੇ ਰੂਸ ਸਸਤਾ ਤੇਲ ਦੇ ਰਿਹਾ ਸੀ ਅਤੇ ਮੇਰੇ ਕੋਲ ਆਪਣੇ ਦੇਸ਼ ਵਾਸੀਆਂ ਨੂੰ ਬਚਾਉਣ ਦਾ ਬਦਲ ਹੈ ਤਾਂ ਕੋਈ ਸਾਡੇ ਕੋਲੋਂ ਨਹੀਂ ਪੁੱਛੇਗਾ ਕਿ ਕੋਈ ਦੇਸ਼ ਸਾਨੂੰ ਦੱਸਣ ਵਿਚ ਸਮਰੱਥ ਨਹੀਂ ਹੋਣਾ ਚਾਹੀਦਾ। ਭਾਰਤ ਰੂਸ ਕੋਲੋਂ ਤੇਲ ਲੈ ਸਕਦਾ ਹੈ ਪਰ ਗੁਲਾਮ ਪਾਕਿਸਤਾਨੀਆਂ ਨੂੰ ਇਸ ਦੀ ਆਗਿਆ ਨਹੀਂ ਹੈ। ਇਮਰਾਨ ਚਾਹੁੰਦੇ ਹਨ ਕਿ ਪਾਕਿਸਤਾਨ ਵਿਚ ਇਨਸਾਫ ਹੋਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।

ਪਿਛਲੇ ਸਾਲ ਅਪ੍ਰੈਲ ਵਿਚ ਸੱਤਾ ਤੋਂ ਬੇਦਖਲ ਹੋਣ ਪਿੱਛੋਂ ਇਮਰਾਨ ਖਾਨ ਆਪਣੇ ਵਿਰੁੱਧ ਅਮਰੀਕੀ ਅਗਵਾਈ ਵਾਲੀ ਵਿਦੇਸ਼ੀ ਸਾਜ਼ਿਸ਼ ਦਾ ਦੋਸ਼ ਲਾਉਂਦੇ ਰਹੇ ਹਨ। ਬਾਈਡੇਨ ਪ੍ਰਸ਼ਾਸਨ ਦੀ ਆਲੋਚਨਾ ਕਰਦੇ ਹੋਏ ਇਮਰਾਨ ਨੇ ਕਈ ਮੌਕਿਆਂ ’ਤੇ ਪੱਛਮ ਦੇ ਦਬਾਅ ਹੇਠ ਨਾ ਆਉਣ ਅਤੇ ਅਮਰੀਕਾ ਦੇ ਰਣਨੀਤਕ ਸਹਿਯੋਗੀ ਹੋਣ ਦੇ ਬਾਵਜੂਦ ਰੂਸੀ ਤੇਲ ਦੀ ਖਰੀਦ ਜਾਰੀ ਰੱਖਣ ਲਈ ਭਾਰਤ ਦੀ ਸ਼ਲਾਘਾ ਕੀਤੀ।

ਦੁਨੀਆ ਦੀਆਂ 2 ਵਿਰੋਧੀ ਫੌਜੀ ਮਹਾਸ਼ਕਤੀਆਂ ਅਮਰੀਕਾ ਅਤੇ ਰੂਸ ਭਾਰਤ ਨੂੰ ਆਪਣਾ ਸਹਿਯੋਗੀ ਹੋਣ ਦਾ ਦਾਅਵਾ ਕਰਦੀਆਂ ਹਨ। ਜੇ ਇਹ ਇਕ ਡਿਪਲੋਮੈਟਿਕ ਤਖਤਾ ਪਲਟ ਨਹੀਂ ਹੈ ਤਾਂ ਹੋਰ ਕੀ ਹੈ? ਆਪਣੇ ਆਕਾਰ ਦੇ ਬਾਵਜੂਦ ਭਾਰਤ ਦੇ ਕੌਮਾਂਤਰੀ ਪੂਰਨਿਆਂ ਦਾ ਪਸਾਰ ਹੋ ਰਿਹਾ ਹੈ। ਭਾਰਤ ਭਾਵੇਂ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੋਵੇ ਜਾਂ ਤੀਜੀ ਸਭ ਤੋਂ ਵੱਡੀ ਫੌਜੀ ਤਾਕਤ ਹੋਵੇ, ਭਾਰਤ ਆਪਣੀ ਸਮਰੱਥਾ ਵਧਾਉਣ ਦੀ ਰਾਹ ’ਤੇ ਹੈ। ਸਰਹੱਦ ਪਾਰ ਤੋਂ ਸ਼ਲਾਘਾ ਦੇ ਸ਼ਬਦਾਂ ਨੂੰ ਸੁਣਨਾ ਦੁਰਲੱਭ ਹੈ, ਉਹ ਵੀ ਉਦੋਂ ਜਦੋਂ ਪਾਕਿਸਤਾਨ ਦੀ ਸਿਆਸੀ ਲੀਡਰਸ਼ਿਪ ਕਸ਼ਮੀਰ ਕਾਰਡ ਖੇਡਣ ’ਤੇ ਧਿਆਨ ਕੇਂਦਰਿਤ ਕਰਨ ਦੀ ਪ੍ਰਵਾਹ ਕਰਦੀ ਹੈ।

ਸਾਊਦੀ ਅਰਬ ਜਿਸ ਨੂੰ ਪਾਕਿਸਤਾਨ ਆਪਣੇ ਭਰਾ ਵਜੋਂ ਵੇਖਦਾ ਹੈ, ਭਾਰਤ ਵਿਚ 72 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕਰ ਰਿਹਾ ਹੈ। ਇਸਲਾਮਾਬਾਦ ਉਸੇ ਦੇਸ਼ ਵਿਚ 7 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਲਈ ਭੀਖ ਮੰਗ ਰਿਹਾ ਹੈ। ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਅਧੀਨ 252 ਅਰਬ ਡਾਲਰ ਦੀ ਤੁਲਨਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਦਾ ਵਿਦੇਸ਼ੀ ਭੰਡਾਰ 600 ਅਰਬ ਡਾਲਰ ਤੱਕ ਪਹੁੰਚ ਗਿਆ ਸੀ।

ਭਾਰਤ ਦਾ ਕੁੱਲ ਘਰੇਲੂ ਉਤਪਾਦ 3 ਟ੍ਰਿਲੀਅਨ ਡਾਲਰ ਤੋਂ ਵੱਧ ਹੈ। ਇਹ ਉਸ ਵਿਸ਼ਾਲ ਪ੍ਰਗਤੀ ਦਾ ਵਸੀਅਤਨਾਮਾ ਸੀ, ਜਿਸ ਨੇ ਇਸ ਨੂੰ ਨਿਵੇਸ਼ਕਾਂ ਲਈ ਇਕ ਪਸੰਦ ਵਾਲੀ ਥਾਂ ਬਣਾ ਦਿੱਤਾ। ਪਾਕਿਸਤਾਨ ਅਤੇ ਭਾਰਤ ਦਰਮਿਆਨ ਹੁਣ ਪਾੜਾ ਖਤਮ ਹੋਣ ਯੋਗ ਨਹੀਂ ਹੈ। ਭਾਰਤ ਉਨ੍ਹਾਂ ਬੇੜੀਆਂ ਤੋਂ ਮੁਕਤ ਹੋ ਗਿਆ ਹੈ, ਜਿਨ੍ਹਾਂ ਨੇ ਇਸ ਨੂੰ ਪਾਕਿਸਤਾਨ ਨਾਲ ਕੌਮਾਂਤਰੀ ਧਾਰਨਾ ਵਿਚ ਜੋੜਿਆ ਅਤੇ ਦੱਖਣੀ ਏਸ਼ੀਆ ਵਿਚ ਬੰਨ੍ਹ ਕੇ ਰੱਖਿਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਉਸ ਬਿੰਦੂ ’ਤੇ ਲਿਆ ਦਿੱਤਾ ਹੈ, ਜਿਥੇ ਦੇਸ਼ ਨੇ ਅਸਰਦਾਰ ਢੰਗ ਨਾਲ ਵੱਡੀ ਪੱਧਰ ’ਤੇ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ ਹੈ। ਇਸਲਾਮਾਬਾਦ ਨੂੰ ਭਾਰਤ ਪ੍ਰਤੀ ਆਪਣੀ ਨੀਤੀ ਨੂੰ ਮੁੜ ਗਠਿਤ ਕਰਨਾ ਹੋਵੇਗਾ ਅਤੇ ਆਪਣੇ ਵਿਆਪਕ ਆਰਥਿਕ ਵਿਕਾਸ ਲਈ ਏਸ਼ੀਆ ’ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ। ਜੇ ਅਜਿਹਾ ਨਹੀਂ ਹੋਇਆ ਤਾਂ ਪਾਕਿਸਤਾਨ ਅੰਤ ਵਿਚ ਇਤਿਹਾਸ ਦੇ ਫੁੱਟਨੋਟ ਵਿਚ ਸਿਮਟ ਕੇ ਰਹਿ ਜਾਵੇਗਾ।

-ਸ਼ਹਿਜ਼ਾਦ ਚੌਧਰੀ
(ਲੇਖਕ ਪਾਕਿਸਤਾਨ ਦੇ ਮੰਨੇ-ਪ੍ਰਮੰਨੇ ਸਿਆਸਤਦਾਨ ਅਤੇ ਸੁਰੱਖਿਆ ਵਿਸ਼ੇਸ਼ਕ ਹਨ)


Mukesh

Content Editor

Related News