ਖਤਮ ਹੋਣ ਵਾਲਾ ਹੈ ‘ਜੁਮਲਿਆਂ ਦਾ ਦੌਰ’

01/17/2019 8:01:23 AM

4 ਸਾਲ ਪਹਿਲਾਂ ਦੇਸ਼ ਨੂੰ ਸਬਜ਼ਬਾਗ ਦਿਖਾ ਕੇ ਸੱਤਾ ਹਥਿਆਉਣ ਵਾਲੀ ਭਾਜਪਾ ਦਾ ਪਤਨ ਸ਼ੁਰੂ ਹੋ ਗਿਆ ਹੈ। ਗੁਜਰਾਤ  ਦੀਆਂ ਵਿਧਾਨ ਸਭਾ ਚੋਣਾਂ ’ਚ ਰਾਹੁਲ ਗਾਂਧੀ ਦੀ ਭੂਮਿਕਾ ਨੇ ਇਸ ਦੀ ਸ਼ੁਰੂਆਤ ਕੀਤੀ ਸੀ। ਚੋਣ ਪ੍ਰਚਾਰ ਦੌਰਾਨ ਮੋਦੀ ਨੇ ਵੋਟਰਾਂ ਨੂੰ ‘ਗੁਜਰਾਤ ਦੇ ਬੇਟੇ’ ਦੇ ਨਾਂ ’ਤੇ ਇਮੋਸ਼ਨਲ ਬਲੈਕਮੇਲ ਕੀਤਾ ਤੇ ਭਾਜਪਾ ਬੜੀ ਮੁਸ਼ਕਿਲ ਨਾਲ ਉਥੇ ਜਿੱਤੀ ਪਰ ਕਾਂਗਰਸ ਪ੍ਰਤੀ ਲੋਕਾਂ ਦੇ ਵਧਦੇ ਝੁਕਾਅ ਦੇ ਸੰਕੇਤ ਉਨ੍ਹਾਂ ਚੋਣਾਂ ਨੇ ਖੁੱਲ੍ਹ ਕੇ ਦਿੱਤੇ। 
ਉਸ ਤੋਂ ਬਾਅਦ ਕਰਨਾਟਕ ’ਚ ਇਹ ਸੰਕੇਤ  ਹੋਰ ਸਪੱਸ਼ਟ ਹੋ ਗਏ, ਜਦੋਂ ਭਾਜਪਾ ਸੱਤਾ ਦੀ ਦੁਰਵਰਤੋਂ ਕਰਨ ਦੇ ਬਾਵਜੂਦ ਆਪਣੀ ਸਰਕਾਰ ਨਹੀਂ ਬਣਾ ਸਕੀ। ਕਰਨਾਟਕ ’ਚ ਸਾਬਕਾ ਪ੍ਰਧਾਨ ਮੰਤਰੀ ਦੇਵੇਗੌੜਾ ਤੇ ਰਾਹੁਲ ਗਾਂਧੀ ਦੀ ਦੂਰਰਸ ਸੋਚ ਨੇ ਫਿਰਕੂ ਤਾਕਤਾਂ ਨੂੰ ਸੱਤਾ ਤੋਂ ਦੂਰ ਕਰ ਕੇ ਨਾ ਸਿਰਫ ਆਪਣੀ ਸਰਕਾਰ ਬਣਾਈ ਸਗੋਂ ਭਵਿੱਖ ’ਚ ਗੈਰ-ਭਾਜਪਾ ਪਾਰਟੀਆਂ ਦੇ ਇਕਜੁੱਟ ਹੋਣ ਲਈ ਮਹਾ-ਗੱਠਜੋੜ ਦੀ ਨੀਂਹ ਵੀ ਰੱਖ ਦਿੱਤੀ। ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ ’ਚ ਇਸ ਦੀ ਝਲਕ ਸਾਫ ਦਿਖਾਈ ਦਿੱਤੀ, ਜਿਥੇ ਸਾਰੀਆਂ ਵੱਡੀਆਂ ਖੇਤਰੀ ਪਾਰਟੀਆਂ ਦੇ ਨੇਤਾਵਾਂ ਨੇ ਮੰਚ ਸਾਂਝਾ ਕੀਤਾ ਸੀ।
ਇਸ ਤੋਂ ਬੌਖਲਾਈ ਭਾਜਪਾ ਨੇ ਵਿਰੋਧੀ ਪਾਰਟੀਆਂ ਨੂੰ ਸੀ. ਬੀ. ਆਈ. ਵਰਗੀਆਂ ਜਾਂਚ ਏਜੰਸੀਆਂ ਦੇ ਜ਼ਰੀਏ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਇਸੇ ਕਰਕੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਕੋਈ ਵੱਡਾ ਸਮਝੌਤਾ ਨਹੀਂ ਹੋ ਸਕਿਆ ਪਰ ਲੋਕਾਂ ਨੇ ਭਾਜਪਾ ਦੀਆਂ ਚਾਲਾਂ ਨੂੰ ਤਾੜ ਲਿਆ ਅਤੇ ਤਿੰਨ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ’ਚ ਕਾਂਗਰਸ ਨੂੰ ਭਾਰੀ ਵੋਟਾਂ ਨਾਲ ਜਿਤਾਇਆ। ਇਹ ਨਤੀਜੇ ਨਾ ਸਿਰਫ ਕਾਂਗਰਸ ਲਈ ਸਗੋਂ  ਭਾਜਪਾ ਵਿਰੋਧੀ ਹੋਰਨਾਂ ਪਾਰਟੀਆਂ ਲਈ ਵੀ ਉਤਸ਼ਾਹਵਧਾਊ ਰਹੇ। 
ਹੁਣ ਸਮੀਕਰਨ ਉਲਟੇ ਹੋਣਗੇ
ਪ੍ਰਮੁੱਖ ਹਿੰਦੀ ਪੱਟੀ ਵਾਲੇ ਇਨ੍ਹਾਂ ਸੂਬਿਆਂ,  ਜਿਥੇ ਹੁਣੇ-ਹੁਣੇ ਭਾਜਪਾ ਸੱਤਾ ਤੋਂ ਬਾਹਰ ਹੋਈ ਹੈ, ਵਿਚ ਲੋਕ ਸਭਾ ਦੀਆਂ 65 ਸੀਟਾਂ ਹਨ। ਇਨ੍ਹਾਂ ’ਚੋਂ ਭਾਜਪਾ ਕੋਲ ਛੱਤੀਸਗੜ੍ਹ ’ਚ 10, ਰਾਜਸਥਾਨ ’ਚ ਸਾਰੀਆਂ ਭਾਵ 25 ਤੇ ਮੱਧ ਪ੍ਰਦੇਸ਼ ’ਚ 29 ’ਚੋਂ 26 ਸੀਟਾਂ ਸਨ। ਜ਼ਾਹਿਰ ਹੈ ਕਿ ਹੁਣ ਸਮੀਕਰਨ ਉਲਟੇ ਹੋਣਗੇ। 
ਪਹਿਲੀ ਨਜ਼ਰੇ ਇਥੇ ਕਾਂਗਰਸ ਨੂੰ ਘੱਟੋ-ਘੱਟ 40 ਸੀਟਾਂ ਦਾ ਸਿੱਧਾ ਲਾਭ ਹੁੰਦਾ ਨਜ਼ਰ ਆ ਰਿਹਾ ਹੈ ਭਾਵ ਸਿਰਫ 3 ਸੂਬਿਆਂ ’ਚ ਹੀ ਕਾਂਗਰਸ ਆਪਣੀ ਮੌਜੂਦਾ ਸੰਸਦ ਮੈਂਬਰ ਗਿਣਤੀ ਨਾਲੋਂ ਦੁੱਗਣੇ ’ਤੇ ਜਾ ਪਹੁੰਚੀ ਹੈ। ਇਸ ’ਚ ਕਰਨਾਟਕ ਅਤੇ ਪੰਜਾਬ (ਜਿਥੇ ਕਾਂਗਰਸ ਦੀਆਂ ਸਰਕਾਰਾਂ ਹਨ) ਨੂੰ ਜੋੜ ਲਵਾਂਗੇ ਤਾਂ ਭਾਜਪਾ ਨੂੰ 41 ਹੋਰ ਸੀਟਾਂ ’ਤੇ ਸਿੱਧਾ ਨੁਕਸਾਨ ਹੁੰਦਾ ਸਾਫ ਨਜ਼ਰ ਆਉਂਦਾ ਹੈ ਕਿਉਂਕਿ ਇਥੇ ਵੀ ਜ਼ਿਆਦਾਤਰ ਸੀਟਾਂ ਕਾਂਗਰਸ ਜਾਂ ਸਹਿਯੋਗੀ ਪਾਰਟੀ ਜਨਤਾ ਦਲ (ਐੱਸ) ਦੇ ਖਾਤੇ ’ਚ ਹੀ ਜਾਣੀਆਂ ਹਨ। 
ਇਸੇ ਤਰ੍ਹਾਂ ਮਹਾਰਾਸ਼ਟਰ ਦੀਆਂ 48 ਤੇ ਬਿਹਾਰ ਦੀਆਂ 40 ਸੀਟਾਂ ’ਤੇ ਕਾਂਗਰਸ ਮਜ਼ਬੂਤ ਗੱਠਜੋੜ ’ਚ ਹੈ। ਇਨ੍ਹਾਂ ਦੋਹਾਂ ਥਾਵਾਂ ’ਤੇ ਭਾਜਪਾ ਦੇ ਆਪਣੇ ਹੀ ਉਸ ਤੋਂ ਨਾਰਾਜ਼ ਹਨ ਅਤੇ ਉਪਰੋਂ ਸੱਤਾ ਵਿਰੋਧੀ ਲਹਿਰ ਵੀ ਹੈ। ਯੂ. ਪੀ. ’ਚ ਬੇਸ਼ੱਕ ਕਾਂਗਰਸ ਦੀ ਗੱਠਜੋੜ ਭੂਮਿਕਾ ਤੈਅ ਨਹੀਂ ਹੈ ਪਰ ਇੰਨਾ ਜ਼ਰੂਰ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ’ਚ ਸੂਬੇ ਦੀਆਂ 80 ’ਚੋਂ 71 ਸੀਟਾਂ ਜਿੱਤਣ ਵਾਲੀ ਭਾਜਪਾ ਇਸ ਵਾਰ ਅੱਧੀਆਂ ਤੋਂ ਵੀ ਘੱਟ ਸੀਟਾਂ ’ਤੇ ਸਿਮਟ ਕੇ  ਰਹਿ ਜਾਵੇਗੀ ਭਾਵ ਯੂ. ਪੀ. ’ਚ ਭਾਜਪਾ ਨੂੰ  ਭਾਰੀ ਨੁਕਸਾਨ ਹੋ ਸਕਦਾ ਹੈ।
ਮੋਟੇ ਤੌਰ ’ਤੇ ਇਨ੍ਹਾਂ 8 ਸੂਬਿਆਂ ਦੀਆਂ 274 ਸੀਟਾਂ ’ਤੇ ਕਾਂਗਰਸ ਅਤੇ ਸਹਿਯੋਗੀ ਪਾਰਟੀਆਂ ਭਾਜਪਾ ਨਾਲੋਂ ਕਿਤੇ ਅੱਗੇ ਹਨ। ਅਜਿਹੀ ਸਥਿਤੀ ’ਚ ਸਾਰਾ ਫੋਕਸ ਆਂਧਰਾ ਪ੍ਰਦੇਸ਼,  ਤਾਮਿਲਨਾਡੂ, ਓਡਿਸ਼ਾ ਅਤੇ ਪੱਛਮੀ ਬੰਗਾਲ ’ਤੇ ਜਾ ਟਿਕਦਾ ਹੈ। ਆਂਧਰਾ ’ਚ 25, ਓਡਿਸ਼ਾ ’ਚ 21, ਤਾਮਿਲਨਾਡੂ ’ਚ 39 ਅਤੇ ਪੱਛਮੀ ਬੰਗਾਲ ’ਚ 42 ਸੀਟਾਂ ਹਨ।  ਇਨ੍ਹਾਂ 127 ਸੀਟਾਂ ’ਤੇ ਵੀ ਸਮੀਕਰਨ ਤੈਅ ਹਨ। 
ਤਾਮਿਲਨਾਡੂ ’ਚ ਕਾਂਗਰਸ ਅਤੇ ਡੀ. ਐੱਮ. ਕੇ. ਦਾ ਗੱਠਜੋੜ ਧਮਾਲ ਮਚਾਉਣ ਵਾਲਾ ਹੈ। ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਦਾ ਰੁਖ਼ ਭਾਜਪਾ ਪ੍ਰਤੀ ਸਾਫ ਹੈ। ਮਮਤਾ ਬੈਨਰਜੀ ਕਿਸੇ ਵੀ ਹਾਲ ’ਚ ਭਾਜਪਾ ਨਾਲ ਨਹੀਂ ਜਾਏਗੀ। ਆਂਧਰਾ ਅਤੇ ਓਡਿਸ਼ਾ ’ਚ ਭਾਜਪਾ ਦਾ ਜ਼ਿਆਦਾ ‘ਸਕੋਪ’ ਨਹੀਂ ਹੈ ਤੇ ਕੇਰਲਾ ਦੀਆਂ 20 ਸੀਟਾਂ ਦੀ ਸਥਿਤੀ ਵੀ ਡਾਵਾਂਡੋਲ ਜਿਹੀ ਹੈ। ਬਾਕੀ ਬਚੇ ਸੂਬਿਆਂ ’ਚ ਆਸਾਮ (14), ਤੇਲੰਗਾਨਾ (17) ਤੇ ਝਾਰਖੰਡ (14) ਪ੍ਰਮੁੱਖ ਹਨ। ਇਨ੍ਹਾਂ ’ਚੋਂ ਭਾਜਪਾ ਆਸਾਮ ’ਚ ਆਪਣੀ ਸਰਕਾਰ ਹੋਣ ਕਰਕੇ ਥੋੜ੍ਹੀ ਲਾਭ ਵਾਲੀ ਸਥਿਤੀ ’ਚ ਹੈ ਪਰ ਇਹ ਲਾਭ ਉਸ ਨੂੰ ਕੇਂਦਰ ਦੀ ਸੱਤਾ ਤਕ ਪਹੁੰਚਾ ਸਕੇਗਾ, ਅਜਿਹਾ ਸੰਭਵ ਨਹੀਂ ਲੱਗਦਾ।
ਇਸ ਤੋਂ ਬਾਅਦ ਹਿਮਾਚਲ, ਜੰਮੂ-ਕਸ਼ਮੀਰ, ਉੱਤਰਾਖੰਡ ਅਤੇ ਹਰਿਆਣਾ ਦੀਆਂ 25 ਸੀਟਾਂ ਹਨ। ਜੰਮੂ-ਕਸ਼ਮੀਰ ਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ ਅਤੇ  ਹਰਿਆਣਾ, ਉੱਤਰਾਖੰਡ ਅਤੇ ਹਿਮਾਚਲ ’ਚ ਭਾਜਪਾ ਦੀਆਂ ਸਰਕਾਰਾਂ ਜ਼ਬਰਦਸਤ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੀਆਂ ਹਨ। ਇਨ੍ਹਾਂ ਸੂਬਿਆਂ ’ਚ ਵੀ ਕਾਂਗਰਸ ਫਰੰਟ ਰਨਰ ਹੈ। 
ਕੁਲ ਮਿਲਾ ਕੇ ਜੋ ਤਸਵੀਰ ਉੱਭਰ ਕੇ ਸਾਹਮਣੇ ਆਈ ਹੈ, ਉਸ ’ਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣਦੀ ਨਜ਼ਰ ਆ ਰਹੀ ਹੈ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਕੋਲ ਵੀ ਇੰਨੀਆਂ ਸੀਟਾਂ ਦਿਸ ਰਹੀਆਂ ਹਨ ਕਿ ਉਹ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦੇ ਸਮਰੱਥ ਹਨ। 
ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਦਾ ਮੁੜ ਉੱਠ ਖੜ੍ਹੀ ਹੋਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਦੇਸ਼ ਦੇ ਲੋਕ ਹੁਣ ਜੁਮਲੇਬਾਜ਼ੀ ਦੀ ਹਕੀਕਤ ਸਮਝ ਚੁੱਕੇ ਹਨ ਅਤੇ ਭਾਜਪਾ ਦੇ ਝਾਂਸੇ ’ਚ ਨਹੀਂ ਆਉਣ ਵਾਲੇ ਭਾਵ ਭਾਜਪਾ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਤੇ ਜੁਮਲਿਆਂ ਦਾ ਦੌਰ ਹੁਣ ਖਤਮ ਹੋਣ ਵਾਲਾ ਹੈ।

 


Related News