ਭ੍ਰਿਸ਼ਟ ਨੇਤਾਵਾਂ ਤੋਂ ਛੁਟਕਾਰਾ ਪਾਉਣ ਦਾ ਮੌਕਾ ਹਨ ਆਮ ਚੋਣਾਂ

03/16/2019 7:02:16 AM

ਆਮ ਚੋਣਾਂ ਇਕ ਤਰ੍ਹਾਂ ਨਾਲ ਅਜਿਹੇ ਤਿਉਹਾਰ ਵਜੋਂ ਆਉਂਦੀਆਂ ਹਨ, ਜਿਸ ਨੂੰ ਮਨਾਉਣ ਤੋਂ ਪਹਿਲਾਂ ਅਸੀਂ ਘਰ, ਬਾਹਰ, ਦੁਕਾਨ ਜਾਂ ਦਫਤਰ ਦੀ ਚੰਗੀ ਤਰ੍ਹਾਂ ਸਫਾਈ ਕਰਦੇ ਹਾਂ ਤਾਂ ਕਿ ਕੂੜਾ-ਕਰਕਟ ਨਾ ਰਹੇ, ਗੰਦਗੀ ਦੂਰ ਰਹੇ ਅਤੇ ਸਵੱਛਤਾ ਦਾ ਵਰਦਾਨ ਮਿਲੇ। ਨਾਲ ਹੀ ਪੁਰਾਣੀਆਂ, ਬੇਕਾਰ ਹੋ ਚੁੱਕੀਆਂ ਚੀਜ਼ਾਂ ਭਾਵ ਕਬਾੜ  ਵੇਚ ਕੇ ਉਨ੍ਹਾਂ ਦੀ ਥਾਂ ਨਵਾਂ ਸਾਮਾਨ ਖਰੀਦ ਕੇ ਲਿਆਉਂਦੇ ਹਾਂ। ਇਹ ਸਭ ਅਸੀਂ ਇਸ ਲਈ ਕਰਦੇ ਹਾਂ ਤਾਂ ਕਿ ਤਨ ਅਤੇ ਮਨ ਦੋਹਾਂ ਨੂੰ ਖੁਸ਼ੀ ਮਿਲੇ, ਨਿਰਾਸ਼ਾ ਤੇ ਸੁਸਤੀ ਦੀ ਬਜਾਏ ਤਾਜ਼ਗੀ ਦਾ ਅਹਿਸਾਸ ਹੋਵੇ। 
ਜੇ ਆਮ ਚੋਣਾਂ ਵੀ ਇਕ ਤਿਉਹਾਰ ਹਨ ਤਾਂ ਇਹੋ ਮੌਕਾ ਹੈ ਕਿ ਅਸੀਂ ਆਪਣੇ ਆਸ-ਪਾਸ ਅਤੇ ਸਮਾਜ 'ਚ ਇਹ ਦੇਖੀਏ ਕਿ ਬਦਬੂ ਕਿੱਥੋਂ ਆ ਰਹੀ ਹੈ? ਸਾਨੂੰ ਇਹ ਤਿਉਹਾਰ ਮਨਾਉਣ ਦਾ ਮੌਕਾ ਪੰਜਾਂ ਸਾਲਾਂ ਬਾਅਦ ਮਿਲਦਾ ਹੈ ਅਤੇ ਜੇ ਢੰਗ ਨਾਲ ਸਫਾਈ ਨਾ ਹੋਈ, ਜ਼ਰਾ ਜਿੰਨੀ ਵੀ ਗੰਦਗੀ ਸਾਫ ਕਰਨ ਤੋਂ ਅਸੀਂ ਖੁੰਝ ਗਏ ਤਾਂ ਫਿਰ ਅਗਲੇ 5 ਸਾਲਾਂ ਤਕ ਉਡੀਕ ਕਰਨੀ ਪਵੇਗੀ। ਜੇ ਅਜਿਹਾ ਹੈ ਤਾਂ ਚੁੱਕੋ 'ਝਾੜੂ' ਤਾਂ ਕਿ ਦੇਸ਼ ਦਾ ਕੋਈ ਕੋਨਾ ਸਾਫ ਹੋਣ ਤੋਂ ਨਾ ਬਚ ਸਕੇ। 
ਤੁਹਾਨੂੰ ਹੁਣ ਰੋਜ਼ਾਨਾ ਲੁਭਾਉਣੇ ਵਾਅਦੇ, ਸੌਗਾਤਾਂ ਤੋਂ ਲੈ ਕੇ ਸੈਰ-ਸਪਾਟੇ ਅਤੇ ਅੱਯਾਸ਼ੀ ਕਰਨ ਦੇ ਸਾਧਨ ਤਕ ਪੇਸ਼  ਕੀਤੇ ਜਾਣਗੇ। ਸਮਝ ਲਓ ਕਿ ਜੇ ਕੋਈ ਇਹ ਸਭ ਤੁਹਾਨੂੰ ਪੇਸ਼ ਕਰਦਾ ਹੈ ਤੇ ਤੁਸੀਂ ਬਿਨਾਂ ਸੋਚੇ-ਸਮਝੇ ਉਸ ਦੀਆਂ ਗੱਲਾਂ 'ਚ ਆ ਜਾਂਦੇ ਹੋ ਤਾਂ ਤੁਸੀਂ ਇਕ ਅਜਿਹੇ ਧੋਖੇ ਦਾ ਸ਼ਿਕਾਰ ਹੋ ਸਕਦੇ ਹੋ ਕਿ ਤੁਸੀਂ 5 ਸਾਲ ਹੱਥ ਮਲਦੇ ਰਹੋਗੇ ਤੇ ਤੁਹਾਡੇ ਕੋਲ ਪਛਤਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹੇਗਾ। 
ਵੱਖ-ਵੱਖ ਸਿਆਸੀ ਪਾਰਟੀਆਂ ਨਵੇਂ, ਪੁਰਾਣੇ, ਵੱਖ-ਵੱਖ ਮੁਖੌਟਿਆਂ ਨਾਲ ਤੁਹਾਡੇ ਦੁਆਲੇ ਗੇੜੇ ਮਾਰਨਗੀਆਂ ਤੇ ਤੁਹਾਨੂੰ ਰਿਝਾਉਣ ਲਈ ਵੱਖ-ਵੱਖ  ਤਰ੍ਹਾਂ ਦੇ ਕਰਤੱਬ ਦਿਖਾਉਣਗੀਆਂ ਤਾਂ ਕਿ ਤੁਸੀਂ ਇਕ ਵਾਰ ਉਨ੍ਹਾਂ ਦਾ ਭਰੋਸਾ ਕਰ ਲਓ ਤੇ ਉਹ ਤੁਹਾਡੀ ਵੋਟ ਦੇ ਸਹਾਰੇ ਚੋਣ ਨਦੀ ਪਾਰ ਕਰ ਲੈਣ। 
ਇਸ ਸਥਿਤੀ 'ਚ ਜ਼ਰੂਰੀ ਹੈ ਕਿ ਜਦੋਂ ਕਿਸੇ ਪਾਰਟੀ ਦਾ ਕੋਈ ਵਰਕਰ ਜਾਂ ਖ਼ੁਦ ਉਮੀਦਵਾਰ ਤੁਹਾਡੇ ਸਾਹਮਣੇ ਆ ਜਾਵੇ ਤਾਂ ਤੁਸੀਂ ਉਸ ਨੂੰ ਕੁਝ ਸਵਾਲ ਜ਼ਰੂਰ ਪੁੱਛੋ, ਜਿਨ੍ਹਾਂ ਦੇ ਜਵਾਬ ਦੀ ਜਾਂਚ-ਪੜਤਾਲ ਤੁਸੀਂ ਇੰਝ ਕਰਨੀ ਹੈ, ਜਿਵੇਂ ਦਹੀਂ 'ਚੋਂ ਮੱਖਣ ਅਤੇ ਲੱਸੀ ਨੂੰ ਵੱਖ ਕੀਤਾ ਜਾਂਦਾ ਹੈ। 
ਸਵਾਲ ਪੁੱਛਣ ਤੋਂ ਪਹਿਲਾਂ ਤੁਸੀਂ ਤਿਆਰੀ ਵੀ ਉਸੇ ਤਰ੍ਹਾਂ ਕਰਨੀ ਹੈ, ਜਿਵੇਂ ਕਿਸੇ ਨੌਕਰੀ ਲਈ ਇੰਟਰਵਿਊ 'ਤੇ ਜਾਣ ਲਈ ਕੀਤੀ ਜਾਂਦੀ ਹੈ। ਅੱਜਕਲ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦਾ ਦੌਰ ਹੋਣ ਕਰਕੇ ਇਹ ਕੰਮ ਬਹੁਤ ਸੌਖਾ ਹੋ ਗਿਆ ਹੈ ਤੇ ਕਿਸੇ ਬਾਰੇ ਵੀ ਨਿੱਜੀ ਤੋਂ ਲੈ ਕੇ ਗੁਪਤ ਜਾਣਕਾਰੀ ਤਕ ਤੁਹਾਨੂੰ ਝੱਟਪਟ ਮਿਲ ਸਕਦੀ ਹੈ। 
ਜਾਇਦਾਦ ਦਾ ਵੇਰਵਾ
ਜੋ ਉਮੀਦਵਾਰ ਚੋਣਾਂ 'ਚ ਖੜ੍ਹਾ ਹੋਇਆ ਹੈ ਅਤੇ ਜੇ ਉਹ ਪਹਿਲਾਂ ਵੀ ਤੁਹਾਡੇ ਇਲਾਕੇ ਦਾ ਸੰਸਦ ਮੈਂਬਰ ਰਿਹਾ ਹੈ ਤਾਂ ਉਸ ਬਾਰੇ ਇਹ ਪਤਾ ਲਾਓ ਕਿ ਚੁਣੇ ਜਾਣ ਤੋਂ ਪਹਿਲਾਂ ਦੇ ਮੁਕਾਬਲੇ ਉਸ ਦੀ ਧਨ-ਦੌਲਤ, ਜ਼ਮੀਨ-ਜਾਇਦਾਦ, ਮਕਾਨ, ਬੰਗਲੇ, ਗੱਡੀ ਵਰਗੀਆਂ ਚੀਜ਼ਾਂ 'ਚ ਕਿੰਨਾ ਵਾਧਾ ਹੋਇਆ ਹੈ? ਜੇ ਇਹ ਆਮ ਲੱਗੇ ਤਾਂ ਠੀਕ ਹੈ, ਨਹੀਂ ਤਾਂ ਸਵਾਲ ਪੁੱਛਣ ਤੋਂ ਨਾ ਝਿਜਕੋ ਕਿ ਇੰਨਾ ਮਾਲ ਕਿੱਥੋਂ ਇਕੱਠਾ ਕੀਤਾ? 
ਜੇ ਤੁਸੀਂ ਜਵਾਬ ਤੋਂ ਸੰਤੁਸ਼ਟ ਹੋ ਜਾਓ ਤਾਂ ਠੀਕ ਹੈ, ਨਹੀਂ ਤਾਂ ਇਹ ਸਮਝ ਕੇ ਕਿ ਦਾਲ 'ਚ ਕੁਝ ਕਾਲਾ ਹੈ, ਆਪਣੀ ਜਾਂਚ-ਪੜਤਾਲ ਜਾਰੀ ਰੱਖੋ ਅਤੇ ਆਪਣੇ ਆਂਢ-ਗੁਆਂਢ ਨੂੰ ਵੀ ਆਪਣੇ ਨਾਲ ਰੱਖੋ। ਉਸ ਦੇ ਇਹ ਕਹਿਣ 'ਤੇ ਨਾ ਜਾਓ ਕਿ ਉਸ ਨੇ ਕਾਗਜ਼ ਦਾਖਲ ਕਰਦੇ ਸਮੇਂ ਚੋਣ ਕਮਿਸ਼ਨ ਨੂੰ ਪੂਰੀ ਜਾਣਕਾਰੀ ਦੇ ਦਿੱਤੀ ਹੈ। 
ਇਹ ਜਾਂਚ-ਪੜਤਾਲ ਕਰਨ ਤੋਂ ਬਾਅਦ ਕਿ ਉਸ ਦਾ ਕੋਈ ਅਪਰਾਧਿਕ ਇਤਿਹਾਸ ਤਾਂ ਨਹੀਂ ਹੈ ਅਤੇ ਜੇਕਰ ਕੋਈ ਹੈ ਤਾਂ ਉਸ ਨੂੰ ਦਰਵਾਜ਼ੇ ਤੋਂ ਹੀ  ਮੋੜ ਦਿਓ। ਫਿਰਕੂ ਦੰਗਿਆਂ, ਲੜਾਈ-ਝਗੜੇ ਜਾਂ ਧੱਕੇਸ਼ਾਹੀ 'ਚ ਉਸ ਦੇ ਸ਼ਾਮਿਲ ਹੋਣ ਬਾਰੇ ਪਤਾ ਲੱਗ ਜਾਵੇ ਤਾਂ ਵੀ ਉਸ ਨੂੰ ਦੂਰੋਂ ਹੀ ਹੱਥ ਜੋੜ ਦਿਓ। ਉਸ ਨੂੰ ਕਿਸੇ ਤਰ੍ਹਾਂ ਦੀ ਤਵੱਜੋ ਦੇਣਾ ਤੁਹਾਡੇ ਲਈ ਦੁਖਦਾਈ ਹੋ ਸਕਦਾ ਹੈ। 
ਅਸਲ 'ਚ ਵੋਟ ਪਾਉਣਾ ਤਾਂ ਅਹਿਮ ਹੈ ਹੀ ਪਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਇਹ ਤੈਅ ਕਰਨਾ ਹੈ ਕਿ ਵੋਟ ਕਿਸ ਨੂੰ ਦਿੱਤੀ ਜਾਵੇ। ਇਹ ਧਿਆਨ 'ਚ ਰੱਖਣਾ ਜ਼ਰੂਰੀ ਹੈ ਕਿ ਕਿਸੇ ਠੀਕ  ਉਮੀਦਵਾਰ ਦੀ ਥਾਂ ਗਲਤ ਉਮੀਦਵਾਰ ਨੂੰ ਤਾਂ ਸਾਡੀ ਵੋਟ ਨਹੀਂ ਚਲੀ ਗਈ। ਜ਼ਰੂਰੀ ਨਹੀਂ ਕਿ ਉਹ ਕਿਸੇ ਕੌਮੀ ਜਾਂ ਖੇਤਰੀ ਪਾਰਟੀ ਦਾ ਹੀ ਉਮੀਦਵਾਰ ਹੋਵੇ। ਜੇਕਰ ਉਹ ਆਜ਼ਾਦ ਪਰ ਹਰ ਤਰ੍ਹਾਂ ਨਾਲ ਤੁਹਾਡੀ ਕਸੌਟੀ 'ਤੇ ਖਰਾ ਉਤਰਦਾ ਹੈ ਤਾਂ ਉਸ ਨੂੰ ਵੋਟ ਦਿਓ। ਆਮ ਤੌਰ 'ਤੇ ਪਾਰਟੀਆਂ ਉਨ੍ਹਾਂ ਲੋਕਾਂ ਨੂੰ ਉਮੀਦਵਾਰ ਬਣਾਉਂਦੀਆਂ ਹਨ, ਜੋ ਕਿਸੇ ਵੀ ਤਰ੍ਹਾਂ ਨਾਲ ਤੁਹਾਡੀ ਵੋਟ ਲੈ ਸਕਦੇ ਹਨ। 
ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਕੋਈ ਵਿਗਿਆਨੀ ਹੈ, ਅਧਿਆਪਕ ਹੈ ਜਾਂ ਕਿਸੇ ਹੋਰ ਪ੍ਰੋਫੈਸ਼ਨ 'ਚ  ਉਸ  ਨੇ  ਰਿਕਾਰਡ ਕਾਇਮ ਕੀਤਾ ਹੈ ਅਤੇ ਨਾਲ ਹੀ ਆਪਣੀ ਈਮਾਨਦਾਰੀ ਤੇ ਲਗਨ ਨਾਲ ਵੀ ਤੁਹਾਨੂੰ ਪ੍ਰਭਾਵਿਤ ਕਰ ਸਕਦਾ ਹੈ ਤਾਂ ਉਸ ਨੂੰ ਵੀ ਸੰਸਦ 'ਚ ਭੇਜਿਆ ਜਾ ਸਕਦਾ ਹੈ। ਆਮ ਤੌਰ 'ਤੇ ਅਜਿਹੇ ਲੋਕ  ਹੁਣ ਤਕ ਤਾਂ ਜ਼ਿਆਦਾਤਰ ਹਾਰ ਦਾ ਹੀ ਮੂੰਹ ਦੇਖਦੇ ਰਹੇ ਹਨ ਕਿਉਂਕਿ ਹਰ ਤਰ੍ਹਾਂ ਨਾਲ ਯੋਗ ਹੁੰਦੇ ਹੋਏ ਵੀ ਸੋਮਿਆਂ ਦੀ ਘਾਟ ਕਾਰਨ ਚੋਣਾਂ 'ਚ ਜਿੱਤ ਨਹੀਂ ਸਕੇ।
ਸਮਾਜ ਨੂੰ ਬਦਲਣਾ ਹੈ ਅਤੇ ਦੇਸ਼ ਨੂੰ ਤਰੱਕੀ ਦੇ ਪੁਖਤਾ ਰਸਤੇ 'ਤੇ ਲੈ ਕੇ ਜਾਣਾ ਹੈ ਤਾਂ ਸੰਸਦ 'ਚ ਅਜਿਹੇ ਲੋਕਾਂ ਨੂੰ ਭੇਜੋ, ਜੋ ਬੇਸ਼ੱਕ ਕਿਸੇ ਪਾਰਟੀ ਦੇ ਨਾ ਹੋਣ ਪਰ ਯੋਗ ਹੋਣ। ਅਜਿਹਾ ਹੋਣ 'ਤੇ ਚਾਹੇ ਸੱਤਾ ਕਿਸੇ ਵੀ ਪਾਰਟੀ ਦੀ ਹੋਵੇ, ਉਹ ਇਨ੍ਹਾਂ ਲੋਕਾਂ ਦੀ ਕਾਬਲੀਅਤ ਤੋਂ ਦੇਸ਼ ਨੂੰ ਵਾਂਝਾ ਰੱਖਣ ਦੀ ਜੁਰਅੱਤ ਨਹੀਂ ਕਰੇਗੀ ਤੇ ਇਹ ਲੋਕ ਵੀ ਧਿਆਨ ਰੱਖਣਗੇ ਕਿ ਬਿਨਾਂ ਲਾਗ-ਲਪੇਟ ਅਤੇ ਗਲਤ ਰਾਹ ਅਪਣਾਏ ਬਿਨਾਂ ਦੇਸ਼ ਦੇ ਹਿੱਤ 'ਚ ਸਰਕਾਰ ਨੂੰ ਫੈਸਲਾ ਲੈਣ ਲਈ ਆਪਣੀਆਂ ਦਲੀਲਾਂ ਨਾਲ ਮਜਬੂਰ ਕਰ ਸਕਣਗੇ। 
ਅਜਿਹੇ ਦੂਰਅੰਦੇਸ਼ ਅਤੇ ਵਿਦਵਾਨ ਲੋਕਾਂ ਨੂੰ ਸੰਸਦ 'ਚ ਆਪਣੇ ਨੁਮਾਇੰਦੇ  ਵਜੋਂ ਭੇਜਣ ਲਈ ਜੇਕਰ ਵੋਟਰਾਂ ਨੂੰ ਆਰਥਿਕ ਸਹਾਇਤਾ ਵੀ ਕਰਨੀ ਪਵੇ ਤਾਂ ਜ਼ਰਾ ਵੀ ਝਿਜਕੋ ਨਾ। ਸਹੀ ਦੀ ਥਾਂ ਗਲਤ ਨੂੰ ਚੁਣ ਲਿਆ ਤਾਂ ਉਸ ਦੀ ਵੱਡੀ ਕੀਮਤ ਚੁਕਾਉਣ ਲਈ ਤਿਆਰ ਰਹੋ ਅਤੇ ਉਦੋਂ ਤੁਸੀਂ ਕੁਝ ਕਰ ਵੀ ਨਹੀਂ ਸਕੋਗੇ  ਅਤੇ ਫਿਰ ਪਛਤਾਉਣ ਨਾਲ ਕੋਈ ਲਾਭ ਨਹੀਂ ਹੋਵੇਗਾ। 
ਕਿਸਾਨ ਅਤੇ ਨੌਜਵਾਨ 
ਸਾਡਾ ਦੇਸ਼ ਖੇਤੀਬਾੜੀ ਅਤੇ ਦਿਹਾਤੀ ਅਰਥ ਵਿਵਸਥਾ 'ਤੇ ਆਧਾਰਿਤ ਹੋਣ ਕਰਕੇ ਕਿਸਾਨਾਂ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਉਹ ਵੋਟ ਕਿਸ ਨੂੰ ਦੇ ਰਹੇ ਹਨ। ਘੱਟੋ-ਘੱਟ ਅਜਿਹੇ ਉਮੀਦਵਾਰਾਂ ਤੋਂ ਤਾਂ ਦੂਰ ਹੀ ਰਹੋ, ਜੋ ਕਰਜ਼ਾ ਮੁਆਫੀ ਦੇ ਵਾਅਦੇ ਨਾਲ ਤੁਹਾਡੀ ਵੋਟ ਹਥਿਆਉਣਾ ਚਾਹੁੰਦੇ ਹਨ। 
ਇਸ ਦੇ ਉਲਟ ਜੇ ਕੋਈ ਪਾਰਟੀ ਜਾਂ ਉਮੀਦਵਾਰ ਤੁਹਾਡੇ ਸਾਹਮਣੇ ਇਹ ਯੋਜਨਾ ਰੱਖਦਾ ਹੈ ਕਿ ਕਿਸ ਤਰ੍ਹਾਂ ਖੇਤੀ ਕਰਨਾ ਫਾਇਦੇ ਦਾ ਸੌਦਾ ਹੈ, ਟੈਕਨਾਲੋਜੀ ਤੇ ਖੇਤੀ ਦੇ ਉੱਨਤ ਢੰਗ ਅਪਣਾ ਕੇ ਕਿਸਾਨ ਖੁਸ਼ਹਾਲ ਹੋ ਸਕਦਾ ਹੈ ਅਤੇ ਸੰਸਦ 'ਚ ਤੁਹਾਨੂੰ ਉਹ ਸਾਰੇ ਸਾਧਨ ਮੁਹੱਈਆ ਕਰਵਾਉਣ ਲਈ ਸਰਕਾਰ ਨੂੰ ਮਜਬੂਰ ਕਰ ਸਕਦਾ ਹੈ, ਜਿਨ੍ਹਾਂ ਨਾਲ ਤੁਹਾਡੀ ਆਮਦਨ ਵਧ ਸਕਦੀ ਹੈ ਤਾਂ ਅਜਿਹੇ ਉਮੀਦਵਾਰ ਨੂੰ ਵੋਟ ਦੇਣ ਤੋਂ ਜ਼ਰਾ ਵੀ ਨਾ ਝਿਜਕੋ। 
ਪਿੰਡ 'ਚ ਜਦੋਂ ਵੀ ਕੋਈ ਉਮੀਦਵਾਰ ਤੁਹਾਡੀ ਵੋਟ ਮੰਗਣ ਆਵੇ ਤਾਂ ਉਸ ਨੂੰ ਪੁੱਛੋ ਕਿ ਖੇਤੀਬਾੜੀ, ਪਸ਼ੂ ਪਾਲਣ, ਸਿੰਜਾਈ, ਬੀਜ ਤੇ ਕੀੜੇਮਾਰ ਦਵਾਈਆਂ ਆਦਿ ਬਾਰੇ ਉਹ ਕੀ ਜਾਣਦਾ ਹੈ ਅਤੇ ਤੁਹਾਨੂੰ ਕਿਸ ਤਰ੍ਹਾਂ ਆਸਵੰਦ ਕਰ ਸਕਦਾ ਹੈ ਕਿ ਚੁਣੇ ਜਾਣ 'ਤੇ ਉਹ ਤੁਹਾਡੀ ਆਵਾਜ਼ ਬਣੇਗਾ? 
ਕੀ ਉਹ ਤੁਹਾਨੂੰ 24 ਘੰਟੇ ਬਿਜਲੀ ਮੁਹੱਈਆ ਕਰਵਾਉਣ ਦੀ ਕੋਈ ਪ੍ਰਣਾਲੀ ਸਥਾਪਿਤ ਕਰਵਾਉਣ ਦੀ ਉਮੀਦ ਪੂਰੀ ਕਰ ਸਕਦਾ ਹੈ? ਤੁਹਾਡੇ ਇਲਾਕੇ 'ਚ ਸਿੱਖਿਆ ਸਹੂਲਤਾਂ ਅਤੇ ਰੋਜ਼ਗਾਰ ਦੇ ਸੋਮੇ ਪੈਦਾ ਹੋਣ ਦੀ ਸੰਭਾਵਨਾ ਬਾਰੇ ਉਸ ਕੋਲ ਕੀ ਯੋਜਨਾ ਹੈ? ਉਸ ਤੋਂ ਇਹ ਸਭ ਜਾਣੇ ਬਿਨਾਂ ਉਸ 'ਤੇ ਭਰੋਸਾ ਨਾ ਕਰੋ। 
ਸਾਡੇ ਦੇਸ਼ 'ਚ ਆਬਾਦੀ ਕੁਝ ਇਸ ਹਿਸਾਬ ਨਾਲ ਵਧਦੀ ਹੈ ਕਿ ਹਰ ਵਾਰ ਚੋਣਾਂ 'ਚ ਕਰੋੜਾਂ ਲੋਕ ਪਹਿਲੀ ਜਾਂ ਦੂਜੀ ਵਾਰ ਵੋਟਿੰਗ ਕਰਦੇ ਰਹੇ ਹਨ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਉਮੀਦਵਾਰਾਂ ਨੂੰ ਪੁੱਛਣ ਕਿ ਉਨ੍ਹਾਂ ਕੋਲ ਸਿੱਖਿਆ, ਕਾਰੋਬਾਰ ਜਾਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਪ੍ਰਬੰਧ ਕਰਨ ਦੀ ਕੀ ਕੋਈ ਯੋਜਨਾ ਹੈ? ਜੇ ਹੈ ਤਾਂ ਉਹ ਖੁੱਲ੍ਹ ਕੇ ਦੱਸਣ। 
ਜ਼ਾਹਿਰ ਹੈ ਕਿ ਬਹੁਤ ਘੱਟ ਉਮੀਦਵਾਰ ਇਨ੍ਹਾਂ ਸਵਾਲਾਂ ਦਾ ਢੁੱਕਵਾਂ ਜਵਾਬ ਦੇ ਸਕਣਗੇ ਕਿਉਂਕਿ ਹੁਣ ਤਕ ਇਹੋ ਹੁੰਦਾ ਰਿਹਾ ਹੈ ਕਿ ਨੇਤਾਵਾਂ ਲਈ ਪੜ੍ਹੇ-ਲਿਖੇ ਹੋਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ, ਇਸ ਲਈ ਉਹ ਕਦੇ ਵੀ ਨੌਜਵਾਨਾਂ ਦੀ ਸੋਚ ਦੇ ਨੇੜੇ ਨਹੀਂ ਪਹੁੰਚ ਸਕੇ।
ਇਸ ਵਾਰ ਨੌਜਵਾਨਾਂ ਨੂੰ ਆਪਣੀ ਵੋਟ ਦੇਣ ਤੋਂ ਪਹਿਲਾਂ ਇਹ ਯਕੀਨੀ ਬਣਾਉਣਾ ਪਵੇਗਾ ਕਿ ਉਮੀਦਵਾਰ ਪੜ੍ਹਨ-ਲਿਖਣ ਦੇ ਨਾਂ 'ਤੇ 'ਗੋਲ' ਤਾਂ ਨਹੀਂ? ਉਹ ਆਪਣੀ ਧੱਕੇਸ਼ਾਹੀ ਜਾਂ ਪ੍ਰਭਾਵ ਨਾਲ ਤੁਹਾਡੇ 'ਤੇ ਧੌਂਸ ਤਾਂ ਨਹੀਂ ਜਮਾ ਰਿਹਾ? ਕੁਝ ਪਾਰਟੀਆਂ ਅਜਿਹੇ ਲੋਕਾਂ ਨੂੰ ਉਮੀਦਵਾਰ ਬਣਾ ਕੇ ਨੌਜਵਾਨਾਂ ਨੂੰ ਗੁੰਮਰਾਹ ਕਰ ਸਕਦੀਆਂ ਹਨ, ਜਿਨ੍ਹਾਂ ਦਾ ਅਕਸ ਚਾਹੇ ਗੁੰਡਾਗਰਦੀ ਵਾਲਾ ਹੋਵੇ ਪਰ ਨੌਜਵਾਨਾਂ ਦੀਆਂ ਵੋਟਾਂ ਉਨ੍ਹਾਂ ਦੀ ਝੋਲੀ 'ਚ ਪਾ ਸਕਦੇ ਹੋਣ। ਅਜਿਹੇ ਉਮੀਦਵਾਰਾਂ ਤੋਂ ਚੌਕਸ ਰਹਿਣਾ ਪਵੇਗਾ। 
ਦੇਸ਼ ਵਿਰੋਧੀ ਨਾਅਰੇ ਲਾ ਕੇ ਆਪਣੀ ਨੇਤਾਗਿਰੀ ਦੀ ਧਾਕ ਜਮਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਪਛਾਣ ਕਰਨੀ ਜ਼ਰੂਰੀ ਹੈ। ਵੋਟ ਪਾਉਣ ਤੋਂ ਪਹਿਲਾਂ ਨੌਜਵਾਨ ਇਨ੍ਹਾਂ ਸਭ ਗੱਲਾਂ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਤਾਂ ਹੀ ਉਹ ਸਹੀ ਫੈਸਲਾ ਕਰ ਸਕਣਗੇ। 
ਕਾਨੂੰਨ ਅਤੇ ਸਮਾਜ 
ਇਸ ਵਾਰ ਚੋਣਾਂ 'ਚ ਵੋਟ ਪਾਉਣ ਤੋਂ ਪਹਿਲਾਂ ਇਹ ਵੀ ਜਾਂਚ ਲਓ ਕਿ ਉਮੀਦਵਾਰ ਦਾ ਨਾ ਸਿਰਫ ਕੋਈ ਅਪਰਾਧਿਕ ਰਿਕਾਰਡ ਹੋਵੇ, ਸਗੋਂ ਉਸ ਨੂੰ ਇਹ ਵੀ ਸਮਝ ਹੋਵੇ ਕਿ ਕਾਨੂੰਨ ਕਿਵੇਂ ਬਣਦੇ ਹਨ, ਜਿਨ੍ਹਾਂ ਨਾਲ ਸਮਾਜ 'ਚ ਨਿਆਂਪੂਰਨ ਵਿਵਸਥਾ ਕਾਇਮ ਹੁੰਦੀ ਹੈ। ਉਮੀਦਵਾਰਾਂ ਨੂੰ ਪੁੱਛੋ ਕਿ ਅਦਾਲਤ 'ਚ ਸਜ਼ਾ ਮਿਲਣ ਦੇ ਬਾਵਜੂਦ ਅਪਰਾਧੀਆਂ ਨੂੰ ਸਜ਼ਾ ਦੇਣ 'ਤੇ ਅਮਲ ਕਰਨ 'ਚ ਵਰ੍ਹੇ ਕਿਉਂ ਲੱਗ ਜਾਂਦੇ ਹਨ? ਕਾਨੂੰਨ ਦੀਆਂ ਕਮਜ਼ੋਰ ਕੜੀਆਂ ਦਾ ਲਾਭ ਉਠਾਉਣ 'ਚ ਉਸਤਾਦ ਵਕੀਲਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਉਮੀਦਵਾਰ ਕਾਨੂੰਨ ਨੂੰ ਕਿਸ ਤਰ੍ਹਾਂ ਨਿਆਂ-ਸੰਮਤ ਅਤੇ ਉਸ 'ਤੇ ਤੁਰੰਤ ਅਮਲ ਕੀਤੇ ਜਾਣ ਲਾਇਕ ਕਿਵੇਂ ਬਣਾ ਸਕਦੇ ਹਨ, ਇਹ ਵੀ ਸਮਝੋ। 
ਰਿਸ਼ਵਤਖੋਰੀ ਤੇ ਆਰਥਿਕ ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਉਮੀਦਵਾਰ ਨੂੰ ਖੁੱਲ੍ਹ ਕੇ ਆਪਣੀ ਯੋਜਨਾ ਦੱਸਣ ਲਈ ਕਹੋ। ਉਸ ਦਾ ਇਹ ਖੁਲਾਸਾ ਕਰਨਾ ਤੇ ਭਰੋਸਾ ਦਿਵਾਉਣਾ ਵੀ ਜ਼ਰੂਰੀ ਹੈ ਕਿ ਉਹ ਚੋਣਾਂ ਇਸ ਲਈ ਨਹੀਂ ਲੜ ਰਿਹਾ ਕਿ ਚੁਣੇ ਜਾਣ ਤੋਂ ਬਾਅਦ ਧਨ-ਦੌਲਤ ਕਮਾਉਣਾ ਅਤੇ ਸੱਤਾ ਦੇ ਨਸ਼ੇ 'ਚ ਚੂਰ ਹੋ ਜਾਣਾ ਉਸ ਦਾ ਮਕਸਦ ਨਹੀਂ ਹੈ, ਸਗੋਂ ਉਹ ਸਮਾਜ 'ਚੋਂ ਅਨਪੜ੍ਹਤਾ, ਬੇਰੋਜ਼ਗਾਰੀ ਤੇ ਗਰੀਬੀ ਦੂਰ ਕਰਨਾ ਚਾਹੁੰਦਾ ਹੈ। ਇਸ ਦੇ ਲਈ ਉਸ ਕੋਲ ਇਕ ਨਹੀਂ ਸਗੋਂ ਕਈ ਯੋਜਨਾਵਾਂ ਹਨ, ਜਿਨ੍ਹਾਂ 'ਤੇ ਅਮਲ ਹੋਣ ਨਾਲ ਸਾਡਾ ਦੇਸ਼ ਤੇਜ਼ੀ ਨਾਲ ਵਿਕਸਿਤ ਦੇਸ਼ਾਂ ਦੀ ਕਤਾਰ 'ਚ ਖੜ੍ਹਾ ਹੋ ਸਕਦਾ ਹੈ। 
ਇਕ ਗੱਲ ਇਹ ਵੀ ਧਿਆਨ 'ਚ ਰੱਖਣੀ ਪਵੇਗੀ ਕਿ ਰਾਸ਼ਟਰਵਾਦ ਸਿਰਫ ਇਹ ਹੈ ਕਿ ਸਾਡਾ ਦੇਸ਼ ਦੂਜੇ ਦੇਸ਼ਾਂ ਨਾਲੋਂ ਵਿਕਾਸ ਦੇ ਮਾਮਲੇ 'ਚ ਅੱਗੇ ਕਿਵੇਂ ਰਹਿ ਸਕਦਾ ਹੈ, ਨਾ ਕਿ ਇਹ ਕਿ ਸਾਡੇ ਪੁਰਖਿਆਂ ਨੇ ਦੇਸ਼ ਨੂੰ ਆਜ਼ਾਦੀ ਦਿਵਾਉਣ 'ਚ ਯੋਗਦਾਨ ਦਿੱਤਾ ਜਾਂ ਦੇਸ਼ ਦੀ ਪ੍ਰਾਚੀਨ ਸੱਭਿਅਤਾ ਜਾਂ ਭਾਰਤੀਅਤਾ ਨੂੰ ਮਜ਼ਬੂਤ ਕਰਨ 'ਚ ਯੋਗਦਾਨ ਦਿੱਤਾ। 
ਅੱਜ ਵੋਟਰ ਇਨ੍ਹਾਂ ਗੱਲਾਂ ਤੋਂ ਬਹੁਤ ਅੱਗੇ ਦੀ ਸੋਚ ਰੱਖਦਾ ਹੈ। ਇਸ ਲਈ ਇਨ੍ਹਾਂ ਚੋਣਾਂ 'ਚ ਕੋਈ ਪਾਰਟੀ ਜਾਂ ਉਮੀਦਵਾਰ ਇਹ ਉਮੀਦ ਬਿਲਕੁਲ ਨਾ ਰੱਖੇ ਕਿ ਉਹ ਵੋਟਰਾਂ ਨੂੰ ਬਹਿਲਾਉਣ-ਫੁਸਲਾਉਣ 'ਚ ਕਾਮਯਾਬ ਹੋ ਜਾਵੇਗਾ।
-ਪੂਰਨ ਚੰਦ ਸਰੀਨ 
(pooranchandsarin@gmail.com)


Bharat Thapa

Content Editor

Related News