ਮੌਜੂਦਾ ਮਾਹੌਲ ਨੂੰ ਬਣਾਉਣ ਲਈ ਜ਼ਿੰਮੇਵਾਰ ''ਲੋਕ''

12/21/2019 1:32:09 AM

ਬ੍ਰਿਟਿਸ਼ ਸਾਮਰਾਜ ਦੀ 'ਡਿਵਾਈਡ ਐਂਡ ਰੂਲ' ਦੀ ਨੀਤੀ ਦਾ ਮੁੱਖ ਮੰਤਵ ਹਿੰਦੂ-ਮੁਸਲਿਮ ਦੁਸ਼ਮਣੀ ਦਾ ਪ੍ਰਸਾਰ ਕਰਨਾ ਸੀ। ਇਸ ਦੁਸ਼ਮਣੀ ਨੂੰ ਉਨ੍ਹਾਂ ਨੇ ਇਸ ਲਈ ਵਧਦਾ-ਫੁੱਲਦਾ ਦੇਖਣਾ ਚਾਹਿਆ ਤਾਂ ਕਿ ਉਹ ਲੰਮੇ ਸਮੇਂ ਤਕ ਹਿੰਦੋਸਤਾਨ 'ਤੇ ਰਾਜ ਕਰ ਸਕਣ। ਇਸ ਦਾ ਦੁਖਦਾਈ ਅੰਤ 1947 'ਚ ਵੰਡ ਤੋਂ ਬਾਅਦ ਹੋਇਆ।
1857 'ਚ ਬ੍ਰਿਟਿਸ਼ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਕਿਵੇਂ ਹਿੰਦੂਆਂ ਅਤੇ ਮੁਸਲਮਾਨਾਂ ਨੇ ਮੋਢੇ ਨਾਲ ਮੋਢਾ ਮਿਲਾ ਕੇ ਬ੍ਰਿਟਿਸ਼ ਸਾਮਰਾਜ ਵਿਰੁੱਧ ਪਹਿਲੀ ਆਜ਼ਾਦੀ ਦੀ ਲੜਾਈ ਲੜੀ। ਉਨ੍ਹਾਂ ਨੇ ਇਸ ਤੋਂ ਬਾਅਦ ਮਨ ਵਿਚ ਇਹ ਠਾਣ ਲਿਆ ਅਤੇ ਯਕੀਨੀ ਬਣਾਇਆ ਕਿ ਇਸ ਨੂੰ ਫਿਰ ਤੋਂ ਨਹੀਂ ਦੁਹਰਾਇਆ ਜਾਵੇਗਾ। ਉਨ੍ਹਾਂ ਨੇ ਫੁੱਟ ਪਾਓ ਤੇ ਰਾਜ ਕਰੋ (ਡਿਵਾਈਡ ਐਂਡ ਰੂਲ) ਦੀ ਨੀਤੀ ਅਪਣਾਈ। ਦੋਹਾਂ ਭਾਈਚਾਰਿਆਂ ਵਿਚ ਕਲੇਸ਼ ਪਾਉਣ ਲਈ ਉਨ੍ਹਾਂ ਨੇ ਹਰ ਸੰਭਵ ਯਤਨ ਕੀਤਾ ਤਾਂ ਕਿ ਹਿੰਦੂ-ਮੁਸਲਿਮ ਵੱਖ-ਵੱਖ ਰਹਿਣ। ਜਦੋਂ ਭਾਰਤ ਦਾ ਬਰਤਾਨਵੀਆਂ ਨੇ ਸੀਮਤ ਵਿਸ਼ੇਸ਼ ਅਧਿਕਾਰ ਹਾਸਿਲ ਕਰ ਲਿਆ ਤਾਂ ਉਨ੍ਹਾਂ ਨੇ ਜਾਣਬੁੱਝ ਕੇ ਫਿਰਕੂ ਚੋਣ ਖੇਤਰ ਬਣਾ ਦਿੱਤਾ।

ਸਰ ਸੱਯਦ ਅਹਿਮਦ ਖਾਨ ਦੀ ਧਰਮ ਨਿਰਪੱਖ ਵਿਚਾਰਧਾਰਾ
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸੰਸਥਾਪਕ ਸਰ ਸੱਯਦ ਅਹਿਮਦ ਖਾਨ ਦੀ ਸ਼ੁਰੂਆਤੀ ਦੌਰ ਵਿਚ ਭਾਰਤ ਬਾਰੇ ਧਰਮ ਨਿਰਪੱਖ ਵਿਚਾਰਧਾਰਾ ਸੀ। 1983 ਵਿਚ ਪਟਨਾ 'ਚ ਉਨ੍ਹਾਂ ਨੇ ਕਿਹਾ, ''ਮੇਰੇ ਦੋਸਤੋ, ਇਹ ਭਾਰਤਵਰਸ਼ ਸਾਡਾ ਹੈ, ਜਿਸ ਵਿਚ 2 ਪ੍ਰਮੁੱਖ ਭਾਈਚਾਰੇ ਹਿੰਦੂ ਅਤੇ ਮੁਸਲਮਾਨ ਰਹਿੰਦੇ ਹਨ। ਜਿਵੇਂ ਮਨੁੱਖੀ ਸਰੀਰ ਵਿਚ ਦਿਲ ਅਤੇ ਦਿਮਾਗ ਦਾ ਇਕ ਹੀ ਰਿਸ਼ਤਾ ਹੈ, ਉਸੇ ਤਰ੍ਹਾਂ ਹਿੰਦੂਆਂ-ਮੁਸਲਮਾਨਾਂ ਦਾ ਵੀ ਉਹੀ ਰਿਸ਼ਤਾ ਹੈ।''
1984 ਵਿਚ ਗੁਰਦਾਸਪੁਰ 'ਚ ਉਨ੍ਹਾਂ ਨੇ ਦੁਹਰਾਇਆ, ''ਹਿੰਦੂਓ ਅਤੇ ਮੁਸਲਮਾਨੋ! ਕੀ ਤੁਸੀਂ ਲੋਕ ਭਾਰਤ ਤੋਂ ਸਿਵਾ ਕਿਸੇ ਦੂਜੇ ਦੇਸ਼ ਨਾਲ ਸਬੰਧ ਰੱਖਦੇ ਹੋ? ਕੀ ਤੁਸੀਂ ਦੋਵੇਂ ਇਸ ਮਿੱਟੀ 'ਤੇ ਨਹੀਂ ਰਹਿੰਦੇ ਅਤੇ ਇਸ ਦੇ ਹੇਠਾਂ ਹੀ ਦਫਨ ਨਹੀਂ ਹੋਵੋਗੇ ਜਾਂ ਫਿਰ ਇਸ ਦੇ ਘਾਟਾਂ 'ਤੇ ਤੁਹਾਡਾ ਅੰਤਿਮ ਸੰਸਕਾਰ ਨਹੀਂ ਹੋਵੇਗਾ? ਜੇਕਰ ਤੁਸੀਂ ਦੋਵੇਂ ਇਥੇ ਹੀ ਜਨਮ ਲੈਂਦੇ ਹੋ ਅਤੇ ਮਰਦੇ ਵੀ ਹੋ ਤਾਂ ਇਕ ਗੱਲ ਆਪਣੇ ਦਿਮਾਗ ਵਿਚ ਰੱਖੋ ਕਿ ਸਾਰੇ ਹਿੰਦੂ, ਮੁਸਲਮਾਨ ਅਤੇ ਈਸਾਈ, ਜੋ ਇਸ ਦੇਸ਼ ਵਿਚ ਰਹਿੰਦੇ ਹਨ, ਉਹ ਇਕ ਰਾਸ਼ਟਰ ਹਨ।''

ਸੱਯਦ ਦੀ ਬਦਲ ਗਈ ਵਿਚਾਰਧਾਰਾ
ਹਾਲਾਂਕਿ 1888 ਵਿਚ ਫੁੱਟ ਪਾਓ ਅਤੇ ਰਾਜ ਕਰੋ ਦੀ ਬ੍ਰਿਟਿਸ਼ ਨੀਤੀ ਦਾ ਉਨ੍ਹਾਂ 'ਤੇ ਪ੍ਰਭਾਵ ਪਿਆ। ਮੇਰਠ ਵਿਚ ਉਨ੍ਹਾਂ ਨੇ ਕਿਹਾ, ''ਸਭ ਤੋਂ ਪਹਿਲੀ ਗੱਲ ਇਹ ਹੈ ਕਿ ਕਿਸ ਦੇ ਹੱਥਾਂ ਵਿਚ ਭਾਰਤ ਦਾ ਸਾਮਰਾਜ ਅਤੇ ਪ੍ਰਸ਼ਾਸਨ ਹੋਵੇਗਾ। ਮੰਨ ਲਓ, ਸਾਰੇ ਅੰਗਰੇਜ਼ ਅਤੇ ਉਨ੍ਹਾਂ ਦੀ ਅੰਗਰੇਜ਼ੀ ਫੌਜ ਭਾਰਤ ਛੱਡ ਦਿੰਦੀ ਹੈ ਅਤੇ ਆਪਣੀਆਂ ਸਾਰੀਆਂ ਤੋਪਾਂ ਅਤੇ ਸ਼ਾਨਦਾਰ ਹਥਿਆਰ ਆਦਿ ਲੈ ਜਾਂਦੀ ਹੈ ਤਾਂ ਭਾਰਤ 'ਤੇ ਕਿਸ ਦਾ ਰਾਜ ਹੋਵੇਗਾ? ਯਕੀਨਨ ਅਜਿਹੇ ਹਾਲਾਤ ਵਿਚ 2 ਰਾਸ਼ਟਰ ਮੁਸਲਮਾਨ ਅਤੇ ਹਿੰਦੂ ਇਕ ਹੀ ਸਿੰਘਾਸਨ 'ਤੇ ਬੈਠਣਗੇ ਅਤੇ ਬਰਾਬਰ ਦੀ ਸੱਤਾ ਹਾਸਿਲ ਕਰਨਗੇ। ਯਕੀਨਨ ਅਜਿਹਾ ਨਹੀਂ ਹੋਵੇਗਾ। ਇਸ ਲਈ ਇਹ ਜ਼ਰੂਰੀ ਹੈ ਕਿ ਕੋਈ ਇਕ-ਦੂਜੇ 'ਤੇ ਜਿੱਤ ਹਾਸਿਲ ਕਰੇ ਅਤੇ ਉਸ ਨੂੰ ਹੇਠਾਂ ਡੇਗੇ।''

ਹਿੰਦੂ ਮਹਾਸਭਾ ਦਾ ਕੀ ਕਹਿਣਾ ਸੀ
ਦੂਜੇ ਪਾਸੇ ਭਾਜਪਾ ਦੀ ਪੂਰਵਜ ਹਿੰਦੂ ਮਹਾਸਭਾ ਦਾ ਅਜਿਹਾ ਹੀ ਮੰਨਣਾ ਸੀ। ਇਸ ਦੇ ਨੇਤਾ ਭਾਈ ਪਰਮਾਨੰਦ, ਜਿਨ੍ਹਾਂ ਦਾ ਜਨਮ ਜੇਹਲਮ (ਹੁਣ ਪਾਕਿਸਤਾਨ 'ਚ) ਵਿਚ ਹੋਇਆ ਸੀ, ਨੇ 1909 ਤਕ ਫਿਰਕੂ ਵੰਡ ਦਾ ਸਮਰਥਨ ਕੀਤਾ ਸੀ। ਉਨ੍ਹਾਂ ਨੇ ਕਿਹਾ, ''ਸਿੰਧ ਤੋਂ ਪਰ੍ਹੇ ਦੇ ਖੇਤਰ ਨੂੰ ਅਫਗਾਨਿਸਤਾਨ ਵਿਚ ਮਿਲਾ ਦੇਣਾ ਚਾਹੀਦਾ ਹੈ ਅਤੇ ਨਾਰਥ-ਵੈਸਟ ਫਰੰਟੀਅਰ ਪ੍ਰੋਵਿੰਸ ਨੂੰ ਵਿਸ਼ਾਲ ਮੁਸਲਿਮ ਸਾਮਰਾਜ ਵਿਚ ਮਿਲਾ ਦਿੱਤਾ ਜਾਵੇ। ਹਿੰਦੂਆਂ ਨੂੰ ਆਪਣੇ ਹੀ ਖੇਤਰ ਵਿਚ ਰੱਖਿਆ ਜਾਵੇ।''
ਉਨ੍ਹਾਂ ਦੇ ਵਿਚਾਰਾਂ ਦਾ ਹਿੰਦੂ ਮਹਾਸਭਾ ਦੇ ਮਹਾਨ ਦੇਸ਼ਭਗਤ ਅਤੇ ਸ਼ੇਰ-ਏ-ਪੰਜਾਬ ਲਾਲਾ ਲਾਜਪਤ ਰਾਏ ਨੇ ਸਮਰਥਨ ਕੀਤਾ। 1924 ਵਿਚ 'ਟ੍ਰਿਬਿਊਨ' ਅਖਬਾਰ ਵਿਚ ਉਨ੍ਹਾਂ ਨੇ ਕਿਹਾ ਕਿ ''ਮੇਰੀ ਸਕੀਮ ਦੇ ਅਧੀਨ ਮੁਸਲਮਾਨਾਂ ਕੋਲ ਚਾਰ ਮੁਸਲਿਮ ਰਾਜ ਹੋਣ–1. ਪਠਾਣ ਪ੍ਰੋਵਿੰਸ ਅਤੇ ਨਾਰਥ ਵੈਸਟ ਫਰੰਟੀਅਰ, 2. ਪੱਛਮੀ ਪੰਜਾਬ, 3. ਸਿੰਧ, 4. ਪੂਰਬੀ ਬੰਗਾਲ। ਜੇਕਰ ਸੰਗਠਿਤ ਮੁਸਲਿਮ ਭਾਈਚਾਰੇ ਕੋਲ ਭਾਰਤ ਦੇ ਕਿਸੇ ਹੋਰ ਖੇਤਰ ਵਿਚ ਕੋਈ ਜਗ੍ਹਾ ਹੋਵੇ ਜਾਂ ਫਿਰ ਉਹ ਕੋਈ ਪ੍ਰਾਂਤ ਨੂੰ ਬਣਾਉਣਾ ਚਾਹੁਣ ਤਾਂ ਉਹ ਕਿਸੇ ਤਰ੍ਹਾਂ ਇਸ ਦਾ ਗਠਨ ਕਰ ਸਕਦੇ ਹਨ ਪਰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਸੰਯੁਕਤ ਭਾਰਤ ਨਹੀਂ ਹੈ। ਇਸ ਦਾ ਮਤਲਬ ਹੈ ਕਿ ਭਾਰਤ ਦੀ ਵੰਡ ਮੁਸਲਿਮ ਇੰਡੀਆ ਅਤੇ ਗੈਰ-ਮੁਸਲਿਮ ਇੰਡੀਆ ਵਿਚ ਹੋਵੇ।

ਇਕਬਾਲ ਨੇ ਵੀ ਵੱਖਰਾ ਹੀ ਸੁਰ ਅਲਾਪਿਆ ਸੀ
1904 ਵਿਚ 'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ' ਦੇ ਲੇਖਕ ਅੱਲਾਮਾ ਇਕਬਾਲ ਨੇ ਵੀ 1930 ਵਿਚ ਵੱਖਰਾ ਹੀ ਸੁਰ ਅਲਾਪਿਆ। ਮੁਸਲਿਮ ਲੀਗ ਦੇ 50ਵੇਂ ਸੈਸ਼ਨ ਨੂੰ ਪ੍ਰਧਾਨ ਦੇ ਤੌਰ 'ਤੇ ਸੰਬੋਧਨ ਕਰਨ ਦੌਰਾਨ ਉਨ੍ਹਾਂ ਨੇ ਐਲਾਨ ਕੀਤਾ ਕਿ ''ਮੈਂ ਪੰਜਾਬ ਨੂੰ, ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ, ਸਿੰਧ ਅਤੇ ਬਲੋਚਿਸਤਾਨ ਨੂੰ ਇਕ ਰਾਜ ਵਿਚ ਸ਼ਾਮਿਲ ਹੁੰਦਾ ਦੇਖਣਾ ਪਸੰਦ ਕਰਾਂਗਾ। ਮੈਂ ਚਾਹਾਂਗਾ ਕਿ ਬ੍ਰਿਟਿਸ਼ ਸਾਮਰਾਜ ਦੇ ਅੰਦਰ ਜਾਂ ਫਿਰ ਇਸ ਤੋਂ ਬਿਨਾਂ ਹੀ ਸੈਲਫ ਗੌਰਮਿੰਟ ਬਣੇ। ਮੁਸਲਮਾਨਾਂ ਦੀ ਕਿਸਮਤ ਨਾਰਥ ਵੈਸਟ ਇੰਡੀਅਨ ਮੁਸਲਿਮ ਸਟੇਟ ਦੇ ਗਠਨ ਨਾਲ ਹੀ ਬਣੇਗੀ। ਘੱਟੋ-ਘੱਟ ਨਾਰਥ ਵੈਸਟਰਨ ਇੰਡੀਆ।''
ਅਹਿਮਦਾਬਾਦ ਵਿਚ 1937 'ਚ ਹਿੰਦੂ ਮਹਾਸਭਾ ਦੇ 19ਵੇਂ ਸੈਸ਼ਨ ਨੂੰ ਸੰਬੋਧਨ ਕਰਨ ਦੌਰਾਨ ਵਿਨਾਇਕ ਦਾਮੋਦਰ ਸਾਵਰਕਰ ਨੇ ਕਿਹਾ, ''ਭਾਰਤ ਵਿਚ ਨਾਲੋ-ਨਾਲ ਦੋ ਦੁਸ਼ਮਣੀ ਵਾਲੇ ਰਾਸ਼ਟਰ ਰਹਿ ਰਹੇ ਹਨ। ਕੁਝ ਬਚਕਾਨਾ ਰਾਜਨੇਤਾਵਾਂ ਨੇ ਇਹ ਸੋਚ ਕੇ ਗੰਭੀਰ ਗਲਤੀ ਕਰ ਲਈ ਕਿ ਭਾਰਤ ਪਹਿਲਾਂ ਤੋਂ ਹੀ ਇਕ ਲੈਅਬੱਧ ਰਾਸ਼ਟਰ ਹੈ। ਭਾਰਤ ਨੂੰ ਅੱਜ ਇਕਜੁੱਟ ਅਤੇ ਸਮਜਾਤੀ ਰਾਸ਼ਟਰ ਨਹੀਂ ਸਮਝਿਆ ਜਾਣਾ ਚਾਹੀਦਾ। ਇਸ ਦੇ ਉਲਟ ਭਾਰਤ ਦੀ ਮੁੱਖ ਧਾਰਾ ਵਿਚ ਦੋ ਰਾਸ਼ਟਰ ਹਨ : ਹਿੰਦੂ ਅਤੇ ਮੁਸਲਮਾਨ।''
ਉਥੇ ਹੀ ਪਾਕਿਸਤਾਨ ਦੇ ਜਨਕ ਮੁਹੰਮਦ ਅਲੀ ਜਿੱਨਾਹ ਨੇ ਮੁਸਲਿਮ ਲੀਗ ਦੇ ਲਾਹੌਰ ਸੈਸ਼ਨ ਨੂੰ 1940 ਵਿਚ ਸੰਬੋਧਨ ਕਰਨ ਦੌਰਾਨ ਕਿਹਾ, ''ਇਹ ਕੋਈ ਸੁਪਨੇ ਵਰਗਾ ਹੀ ਹੋਵੇਗਾ ਕਿ ਹਿੰਦੂ ਅਤੇ ਮੁਸਲਮਾਨ ਸ਼ਾਇਦ ਕਦੇ ਵੀ ਇਕ ਆਮ ਰਾਸ਼ਟਰੀਅਤਾ ਵਿਕਸਿਤ ਕਰ ਸਕਣ। ਹਿੰਦੂ ਅਤੇ ਮੁਸਲਮਾਨ ਦੋ ਵੱਖ-ਵੱਖ ਵਿਚਾਰਧਾਰਾਵਾਂ, ਸਮਾਜਿਕ ਰੀਤੀ-ਰਿਵਾਜ ਅਤੇ ਸਾਹਿਤਕ ਪ੍ਰੰਪਰਾਵਾਂ ਨਾਲ ਸਬੰਧ ਰੱਖਦੇ ਹਨ। ਉਹ ਆਪਸ ਵਿਚ ਕਦੇ ਵਿਆਹ ਨਹੀਂ ਕਰਦੇ ਅਤੇ ਨਾ ਹੀ ਇਕੱਠੇ ਬੈਠ ਕੇ ਖਾਂਦੇ ਹਨ। ਦੋਵੇਂ ਹੀ ਵੱਖ-ਵੱਖ ਸੱਭਿਅਤਾਵਾਂ ਨਾਲ ਸਬੰਧ ਰੱਖਦੇ ਹਨ, ਜੋ ਮੁੱਖ ਤੌਰ 'ਤੇ ਪ੍ਰਸਪਰ ਵਿਰੋਧੀ ਵਿਚਾਰਧਾਰਾਵਾਂ 'ਤੇ ਆਧਾਰਿਤ ਹੈ।''
ਸਾਵਰਕਰ ਨੇ 1943 ਵਿਚ ਜਿੱਨਾਹ ਦੀ ਫ਼ਿਲਾਸਫ਼ੀ 'ਤੇ ਮੋਹਰ ਲਾਈ। ਉਨ੍ਹਾਂ ਨੇ ਕਿਹਾ ਕਿ ਮੇਰਾ ਜਿੱਨਾਹ ਦੀ 2 ਰਾਸ਼ਟਰਾਂ ਦੀ ਥਿਊਰੀ ਨਾਲ ਕੋਈ ਝਗੜਾ ਨਹੀਂ ਹੈ। ਅਸੀਂ ਹਿੰਦੂ ਲੋਕ ਆਪਣੇ ਆਪ ਵਿਚ ਇਕ ਰਾਸ਼ਟਰ ਹਾਂ ਅਤੇ ਇਹ ਇਤਿਹਾਸਿਕ ਤੱਥ ਹੈ ਕਿ ਹਿੰਦੂ ਅਤੇ ਮੁਸਲਮਾਨ 2 ਰਾਸ਼ਟਰ ਹਨ।
3 ਸਤੰਬਰ 1939 ਨੂੰ ਤੱਤਕਾਲੀ ਭਾਰਤੀ ਵਾਇਸਰਾਏ ਲਿਨਥਿਨਗੋ ਨੇ ਭਾਰਤ ਵਲੋਂ ਧੁਰੀ ਦੀਆਂ ਸ਼ਕਤੀਆਂ ਵਿਰੁੱਧ ਭਾਰਤੀ ਰਾਇ ਜਾਣੇ ਬਿਨਾਂ ਜੰਗ ਛੇੜ ਦਿੱਤੀ। ਇਸ ਦੇ ਵਿਰੋਧ ਵਿਚ ਕਾਂਗਰਸ ਨੇ ਸਾਰੀਆਂ ਸੂਬਾਈ ਸਰਕਾਰਾਂ ਤੋਂ ਅਸਤੀਫਾ ਦੇ ਦਿੱਤਾ, ਜਿਸ ਨੂੰ ਕਿ ਉਨ੍ਹਾਂ ਨੇ ਫਰਵਰੀ 1937 ਵਿਚ ਜਿੱਤਿਆ ਸੀ। ਕਾਂਗਰਸ ਦੀ ਮੁਸਲਿਮ ਲੀਗ ਅਤੇ ਹਿੰਦੂ ਮਹਾਸਭਾ ਗੱਠਜੋੜ ਸਰਕਾਰਾਂ ਨੇ ਜਗ੍ਹਾ ਲਈ। 1942 ਵਿਚ ਸਿੰਧ 'ਚ ਹਿੰਦੂ ਮਹਾਸਭਾ ਦੇ ਮੈਂਬਰ ਗੁਲਾਮ ਹੁਸੈਨ ਹਿਦਾਇਤੁੱਲਾ ਦੀ ਮੁਸਲਿਮ ਲੀਗ ਸਰਕਾਰ ਵਿਚ ਸ਼ਾਮਿਲ ਹੋ ਗਏ। ਸਾਵਰਕਰ ਨੇ ਖੁਸ਼ੀ-ਖੁਸ਼ੀ ਐਲਾਨ ਕੀਤਾ, ''ਤੱਥਾਂ ਨੂੰ ਦੇਖਦੇ ਹੋਏ ਹਾਲ ਹੀ ਵਿਚ ਸਿੰਧ 'ਚ ਸਿੰਧ-ਹਿੰਦੂ ਮਹਾਸਭਾ ਨੇ ਸੱਦੇ 'ਤੇ ਲੀਗ ਦੇ ਨਾਲ ਹੱਥ ਮਿਲਾਉਣ ਦੀ ਜ਼ਿੰਮੇਵਾਰੀ ਸੰਭਾਲੀ।''
ਬੰਗਾਲ ਵਿਚ ਇਸੇ ਤਰ੍ਹਾਂ 1943 ਵਿਚ ਹੋਇਆ, ਜਦੋਂ ਜਨਸੰਘ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ, ਜਿੱਨਾਹ ਵਲੋਂ ਵੰਡੇ ਗਏ ਲਾਹੌਰ ਰੈਜ਼ੋਲਿਊਸ਼ਨ (1940) ਨੂੰ ਪੇਸ਼ ਕਰਨ ਲਈ ਨਿੱਜੀ ਤੌਰ 'ਤੇ ਚੁਣੇ ਗਏ, ਫਜ਼ਲੁਰ ਹੱਕ ਦੇ ਮੰਤਰਾਲੇ 'ਚ ਵਿੱਤ ਮੰਤਰੀ ਬਣੇ। ਇਸੇ ਤਰ੍ਹਾਂ 1943 ਵਿਚ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਵਿਚ ਵੀ ਦੁਹਰਾਇਆ ਗਿਆ, ਜਦੋਂ ਹਿੰਦੂ ਮਹਾਸਭਾ ਦੇ ਨੇਤਾ ਮੇਹਰਚੰਦ ਖੰਨਾ ਸਰਦਾਰ ਔਰੰਗਜ਼ੇਬ ਖਾਨ ਦੀ ਅਗਵਾਈ ਵਾਲੀ ਮੁਸਲਿਮ ਲੀਗ ਸਰਕਾਰ ਵਿਚ ਵਿੱਤ ਮੰਤਰੀ ਬਣੇ।
ਇਸ ਤਰ੍ਹਾਂ ਇਹ ਸਪੱਸ਼ਟ ਹੈ ਕਿ ਕਾਂਗਰਸ ਨਹੀਂ, ਮੁਸਲਿਮ ਲੀਗ ਅਤੇ ਹਿੰਦੂ ਮਹਾਸਭਾ ਅਤੇ ਹੋਰ ਤੱਤ ਸਨ, ਜੋ ਅਜਿਹੇ ਵਾਤਾਵਰਣ ਨੂੰ ਬਣਾਉਣ ਲਈ ਜ਼ਿੰਮੇਵਾਰ ਸਨ, ਜਿਸ ਕਾਰਣ 1947 ਵਿਚ ਭਾਰਤ ਦੀ ਵੰਡ ਹੋਈ। ਹੁਣ ਇਨ੍ਹਾਂ ਦੇ ਹੀ ਵੰਸ਼ਜ ਚਾਹੁੰਦੇ ਹਨ ਕਿ ਧਾਰਮਿਕ ਵੰਡ ਹੋਵੇ ਤਾਂ ਕਿ ਇਕ ਤਰਕਸੰਗਤ ਸਿੱਟਾ ਨਿਕਲ ਸਕੇ। 72 ਸਾਲਾਂ ਬਾਅਦ ਇਹ ਆਪਣਾ ਸੁਪਨਾ ਨਾਗਰਿਕ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਜ਼ ਰਾਹੀਂ ਪੂਰਾ ਕਰਨਾ ਚਾਹੁੰਦੇ ਹਨ।

                                                                                                      —ਮਨੀਸ਼ ਤਿਵਾੜੀ


KamalJeet Singh

Content Editor

Related News