ਸ਼ਿਕਾਰਾ : ਕਸ਼ਮੀਰੀ ''ਪ੍ਰੇਮ ਕਥਾ''

02/10/2020 12:56:02 AM

ਕਸ਼ਮੀਰ ਵਾਦੀ ਵਿਚੋਂ 20 ਸਾਲ ਪਹਿਲਾਂ ਭਿਆਨਕ ਹਾਲਾਤ 'ਚ ਹਿਜਰਤ ਕਰਨ ਵਾਲੇ ਕਸ਼ਮੀਰੀ ਪੰਡਿਤਾਂ ਨੂੰ ਉਮੀਦ ਸੀ ਕਿ ਵਿਧੂ ਵਿਨੋਦ ਚੋਪੜਾ ਦੀ ਨਵੀਂ ਫਿਲਮ 'ਸ਼ਿਕਾਰਾ' ਉਨ੍ਹਾਂ ਦੇ ਬੁਰੇ ਦਿਨਾਂ 'ਤੇ ਰੌਸ਼ਨੀ ਪਾਏਗੀ।
ਉਹ ਦੇਖਣਾ ਚਾਹੁੰਦੇ ਸਨ ਕਿ ਕਿਸ ਤਰ੍ਹਾਂ ਹੱਤਿਆ, ਲੁੱਟ, ਬਲਾਤਕਾਰ, ਦਹਿਸ਼ਤ ਅਤੇ ਧਮਕੀਆਂ ਦੇ ਸਾਹਮਣੇ 24 ਘੰਟਿਆਂ ਅੰਦਰ ਲੱਖਾਂ ਕਸ਼ਮੀਰੀ ਪੰਡਿਤਾਂ ਨੂੰ ਆਪਣੇ ਘਰ, ਜ਼ਮੀਨ-ਜਾਇਦਾਦ, ਆਪਣਾ ਇਤਿਹਾਸ, ਆਪਣੀਆਂ ਯਾਦਾਂ ਅਤੇ ਆਪਣਾ ਵਾਤਾਵਰਣ ਛੱਡ ਕੇ ਦੌੜਨਾ ਪਿਆ। ਉਹ ਆਪਣੇ ਹੀ ਦੇਸ਼ 'ਚ ਸ਼ਰਨਾਰਥੀ ਹੋ ਗਏ। ਜੰਮੂ ਅਤੇ ਹੋਰਨਾਂ ਸ਼ਹਿਰਾਂ ਦੇ ਕੈਂਪਾਂ 'ਚ ਉਨ੍ਹਾਂ ਨੂੰ ਬਦਹਾਲੀ ਦੀ ਜ਼ਿੰਦਗੀ ਜਿਊਣੀ ਪਈ। 25 ਡਿਗਰੀ ਤਾਪਮਾਨ ਤੋਂ ਵੱਧ, ਜਿਨ੍ਹਾਂ ਨੇ ਜ਼ਿੰਦਗੀ 'ਚ ਗਰਮੀ ਦੇਖੀ ਨਹੀਂ ਸੀ, ਉਹ 40 ਡਿਗਰੀ ਤਾਪਮਾਨ 'ਚ 'ਹੀਟ ਸਟ੍ਰੋਕ' ਨਾਲ ਮਰ ਗਏ। ਜੰਮੂ ਦੇ ਕੈਂਪਾਂ 'ਚ ਜ਼ਹਿਰੀਲੇ ਸੱਪਾਂ ਦੇ ਡੰਗ ਨਾਲ ਮਰ ਗਏ। ਕੋਠੀਆਂ 'ਚ ਰਹਿਣ ਵਾਲੇ ਟੈਂਟਾਂ 'ਚ ਰਹਿਣ ਲਈ ਮਜਬੂਰ ਹੋ ਗਏ। 1947 ਦੀ ਭਾਰਤ-ਪਾਕਿ ਵੰਡ ਤੋਂ ਬਾਅਦ ਇਹ ਸਭ ਤੋਂ ਵੱਡੀ ਤ੍ਰਾਸਦੀ ਸੀ, ਜਿਸ 'ਤੇ ਅੱਜ ਤੱਕ ਕੋਈ ਬਾਲੀਵੁੱਡ ਫਿਲਮ ਨਹੀਂ ਬਣੀ। ਉਨ੍ਹਾਂ ਨੂੰ ਉਮੀਦ ਸੀ ਕਿ ਕਸ਼ਮੀਰ ਦੇ ਹੀ ਨਿਵਾਸੀ ਵਿਧੂ ਵਿਨੋਦ ਚੋਪੜਾ ਇਨ੍ਹਾਂ ਸਾਰੇ ਹਾਲਾਤ ਨੂੰ ਦਿਖਾਉਣਗੇ, ਜਿਨ੍ਹਾਂ ਦੇ ਕਾਰਣ ਉਨ੍ਹਾਂ ਨੂੰ ਕਸ਼ਮੀਰ ਛੱਡਣਾ ਪਿਆ। ਉਹ ਦਿਖਾਉਣਗੇ ਕਿ ਕਿਸ ਤਰ੍ਹਾਂ ਤਤਕਾਲੀ ਸਰਕਾਰਾਂ ਨੇ ਕਸ਼ਮੀਰੀ ਪੰਡਿਤਾਂ ਦੀ ਲਗਾਤਾਰ ਅਣਡਿੱਠਤਾ ਕੀਤੀ। ਉਹ ਚਾਹੁੰਦੀਆਂ ਤਾਂ ਇਨ੍ਹਾਂ 5 ਲੱਖ ਕਸ਼ਮੀਰੀਆਂ ਨੂੰ ਦੇਸ਼ ਦੇ ਪਹਾੜੀ ਖੇਤਰਾਂ ਵਿਚ ਵਸਾ ਦਿੰਦੀਆਂ ਪਰ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ। ਕਸ਼ਮੀਰੀ ਪੰਡਿਤ ਅੱਜ ਵੀ ਬਾਲਾ ਸਾਹਿਬ ਠਾਕਰੇ ਨੂੰ ਯਾਦ ਕਰਦੇ ਹਨ, ਜਿਨ੍ਹਾਂ ਨੇ ਮਹਾਰਾਸ਼ਟਰ ਦੇ ਕਾਲਜਾਂ ਵਿਚ ਇਕ-ਇਕ ਸੀਟ ਕਸ਼ਮੀਰੀ ਸ਼ਰਨਾਰਥੀਆਂ ਲਈ ਰਾਖਵੀਂ ਕਰ ਦਿੱਤੀ, ਜਿਸ ਨਾਲ ਉਨ੍ਹਾਂ ਦੇ ਬੱਚੇ ਚੰਗਾ ਪੜ੍ਹ ਸਕੇ। ਉਹ ਜਗਮੋਹਨ ਜੀ ਨੂੰ ਵੀ ਯਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਲਈ ਬੁਰੇ ਵਕਤ ਵਿਚ ਰਾਹਤ ਪਹੁੰਚਾਈ। ਉਹ ਜਾਣਦੇ ਹਨ ਕਿ ਹੁਣ ਉਹ ਕਦੇ ਵਾਦੀ ਵਿਚ ਨਹੀਂ ਪਰਤ ਸਕਣਗੇ ਪਰ ਧਾਰਾ 370 ਹਟਾ ਕੇ ਮੋਦੀ ਸਰਕਾਰ ਨੇ ਉਨ੍ਹਾਂ ਦੇ ਜ਼ਖ਼ਮਾਂ 'ਤੇ ਕੁਝ ਮੱਲ੍ਹਮ ਜ਼ਰੂਰ ਲਗਾਈ, ਇਸ ਲਈ ਉਨ੍ਹਾਂ ਨੂੰ ਇਸ ਫਿਲਮ ਤੋਂ ਬਹੁਤ ਉਮੀਦ ਸੀ ਕਿ ਇਹ ਉਨ੍ਹਾਂ ਉੱਪਰ ਹੋਏ ਅੱਤਿਆਚਾਰਾਂ ਨੂੰ ਵਿਸਥਾਰ ਨਾਲ ਦਿਖਾਏਗੀ।
ਹਰ ਫਿਲਮਕਾਰ ਦਾ ਕਹਾਣੀ ਕਹਿਣ ਦਾ ਇਕ ਆਪਣਾ ਅੰਦਾਜ਼ ਹੁੰਦਾ ਹੈ, ਕੋਈ ਮਕਸਦ ਹੁੰਦਾ ਹੈ। ਵਿਧੂ ਵਿਨੋਦ ਚੋਪੜਾ ਨੇ ਸ਼ਿਕਾਰਾ ਫਿਲਮ ਬਣਾ ਕੇ ਇਸ ਹਾਦਸੇ 'ਤੇ ਕੋਈ ਇਤਿਹਾਸਕ ਫਿਲਮ ਬਣਾਉਣ ਦਾ ਦਾਅਵਾ ਨਹੀਂ ਕੀਤਾ ਹੈ, ਜਿਸ ਵਿਚ ਉਹ ਇਹ ਸਭ ਦਿਖਾਉਣ 'ਤੇ ਮਜਬੂਰ ਹੁੰਦੇ। ਉਨ੍ਹਾਂ ਨੇ ਇਸ ਇਤਿਹਾਸਕ ਹਾਦਸੇ ਦੇ ਪਰਿਪੇਖ ਵਿਚ ਇਕ ਪ੍ਰੇਮ ਕਹਾਣੀ ਨੂੰ ਦਿਖਾਇਆ ਹੈ, ਜਿਸ ਦੇ ਦੋ ਕਿਰਦਾਰ ਉਨ੍ਹਾਂ ਹਾਲਾਤ ਵਿਚ ਕਿਵੇਂ ਜੀਅ ਸਕੇ ਅਤੇ ਕਿਵੇਂ ਉਨ੍ਹਾਂ ਦਾ ਪ੍ਰੇਮ ਪ੍ਰਵਾਨ ਚੜ੍ਹਿਆ। ਉਸ ਨਜ਼ਰੀਏ ਨਾਲ ਜੇਕਰ ਦੇਖਿਆ ਜਾਏ ਤਾਂ 'ਸ਼ਿਕਾਰਾ' ਘੱਟ ਸ਼ਬਦਾਂ ਵਿਚ ਬਹੁਤ ਕੁਝ ਕਹਿ ਦਿੰਦੀ ਹੈ। ਮੰਨਿਆ ਕਿ ਉਸ ਦਹਿਸ਼ਤ ਭਰੀ ਰਾਤ ਦੀ ਭਿਆਨਕਤਾ ਦੇ ਦਿਲ ਨੂੰ ਹਲੂਣ ਦੇਣ ਵਾਲੇ ਦ੍ਰਿਸ਼ਾਂ ਨੂੰ ਵਿਨੋਦ ਨੇ ਆਪਣੀ ਫਿਲਮ ਵਿਚ ਨਹੀਂ ਸਮੇਟਿਆ ਪਰ ਉਸ ਰਾਤ ਦੀ ਤ੍ਰਾਸਦੀ ਨੂੰ ਇਕ ਪਰਿਵਾਰ 'ਤੇ ਬੀਤੀ ਘਟਨਾ ਰਾਹੀਂ ਆਮ ਦਰਸ਼ਕ ਤਕ ਪਹੁੰਚਾਉਣ ਵਿਚ ਉਹ ਸਫਲ ਰਹੇ ਹਨ।
ਇਨ੍ਹਾਂ ਉਲਟ ਹਾਲਾਤ ਵਿਚ ਵੀ ਕੋਈ ਕਿਵੇਂ ਜਿਊਂਦਾ ਹੈ ਅਤੇ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ, ਇਸ ਦੀ ਉਦਾਹਰਣ ਹਨ 'ਸ਼ਿਕਾਰਾ' ਦੇ ਮੁੱਖ ਪਾਤਰ, ਜੋ ਹਿੰਮਤ ਨਹੀਂ ਹਾਰਦੇ, ਉਮੀਦ ਨਹੀਂ ਛੱਡਦੇ ਅਤੇ ਇਕ ਜ਼ਿੰਮੇਵਾਰ ਨਾਗਰਿਕ ਦੀ ਭੂਮਿਕਾ ਨੂੰ ਨਿਭਾਉਂਦੇ ਹੋਏ ਉਸ ਕੌੜੇਪਨ ਨੂੰ ਵੀ ਭੁੱਲ ਜਾਂਦੇ ਹਨ, ਜਿਸ ਨੇ ਉਨ੍ਹਾਂ ਨੂੰ ਆਸਮਾਨ ਤੋਂ ਜ਼ਮੀਨ 'ਤੇ ਪਟਕ ਦਿੱਤਾ।
ਫਿਲਮ ਦੇ ਨਾਇਕ ਦਾ ਆਪਣੀ ਪਤਨੀ ਦੇ ਸਵਰਗਵਾਸ ਤੋਂ ਬਾਅਦ ਮੁੜ ਆਪਣੇ ਪਿੰਡ ਕਸ਼ਮੀਰ ਪਰਤ ਜਾਣਾ ਅਤੇ ਇਕੱਲਿਆਂ ਉਸ ਘਰ ਵਿਚ ਰਹਿ ਕੇ ਪਿੰਡ ਦੇ ਮੁਸਲਮਾਨ ਬੱਚਿਆਂ ਨੂੰ ਪੜ੍ਹਾਉਣ ਦਾ ਸੰਕਲਪ ਲੈਣਾ ਹੁਣ ਜ਼ਰੂਰ ਕਾਲਪਨਿਕ ਲੱਗਦਾ ਹੈ ਕਿਉਂਕਿ ਅੱਜ ਵੀ ਕਸ਼ਮੀਰ ਵਿਚ ਅਜਿਹੇ ਹਾਲਾਤ ਨਹੀਂ ਹਨ ਪਰ ਵਿਧੂ ਵਿਨੋਦ ਚੋਪੜਾ ਨੇ ਇਸ ਆਖਰੀ ਸੀਨ ਰਾਹੀਂ ਇਕ ਉਮੀਦ ਜਗਾਈ ਹੈ ਕਿ ਸ਼ਾਇਦ ਭਵਿੱਖ ਵਿਚ ਕਦੇ ਕਸ਼ਮੀਰੀ ਪੰਡਿਤ ਆਪਣੇ ਵਤਨ ਪਰਤ ਸਕਣ।
ਪਿਛਲੇ ਦਿਨੀਂ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਦੇਸ਼ਵਿਆਪੀ ਜੋ ਧਰਨੇ-ਪ੍ਰਦਰਸ਼ਨ ਅਤੇ ਅੰਦੋਲਨ ਹੋਏ ਹਨ, ਉਨ੍ਹਾਂ ਵਿਚ ਇਕ ਗੱਲ ਸਾਫ ਹੋ ਗਈ ਹੈ ਕਿ ਦੇਸ਼ ਦੇ ਬਹੁਗਿਣਤੀ ਹਿੰਦੂ ਸਮਾਜ ਜਾਂ ਘੱਟ ਗਿਣਤੀ ਸਿੱਖ ਸਮਾਜ ਸਾਰੇ ਵਰਗਾਂ ਤੋਂ ਵੱਡੀ ਤਾਦਾਦ ਵਿਚ ਲੋਕਾਂ ਨੇ ਮੁਸਲਮਾਨਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਉਨ੍ਹਾਂ ਨੂੰ ਸਮਰਥਨ ਦਿੱਤਾ ਹੈ। ਇਹ ਆਪਣੇ ਆਪ ਵਿਚ ਕਾਫੀ ਹੈ ਕਸ਼ਮੀਰ ਵਾਦੀ ਦੇ ਮੁਸਲਮਾਨਾਂ ਨੂੰ ਦੱਸਣ ਲਈ ਕਿ ਜਿਹੜੇ ਹਿੰਦੂਆਂ ਨੂੰ ਤੁਸੀਂ ਪਾਕਿਸਤਾਨ ਦੇ ਇਸ਼ਾਰੇ 'ਤੇ ਆਪਣੀ ਨਫਰਤ ਦਾ ਸ਼ਿਕਾਰ ਬਣਾਇਆ, ਜਿਨ੍ਹਾਂ ਦੀਆਂ ਬਹੂ-ਬੇਟੀਆਂ ਨੂੰ ਬੇਇੱਜ਼ਤ ਕੀਤਾ, ਜਿਨ੍ਹਾਂ ਦੇ ਘਰ ਲੁੱਟੇ ਅਤੇ ਸਾੜੇ, ਜਿਨ੍ਹਾਂ ਦੇ ਹਜ਼ਾਰਾਂ ਮੰਦਰ ਢਹਿ-ਢੇਰੀ ਕਰ ਦਿੱਤੇ, ਉਹ ਹਿੰਦੂ ਤੁਹਾਡੇ ਬੁਰੇ ਸਮੇਂ ਵਿਚ ਸਾਰੇ ਦੇਸ਼ ਵਿਚ ਖੁੱਲ੍ਹ ਕੇ ਤੁਹਾਡੇ ਸਮਰਥਨ ਵਿਚ ਆ ਗਏ। ਕਸ਼ਮੀਰੀ ਪੰਡਿਤ ਵਾਦੀ ਵਿਚ ਫਿਰ ਪਰਤ ਸਕਣ, ਇਸ ਦੇ ਲਈ ਮਾਹੌਲ ਕੋਈ ਫੌਜ ਜਾਂ ਸਰਕਾਰ ਨਹੀਂ ਬਣਾਏਗੀ। ਇਹ ਕੰਮ ਤਾਂ ਕਸ਼ਮੀਰ ਦੇ ਮੁਸਲਮਾਨਾਂ ਨੂੰ ਕਰਨਾ ਹੋਵੇਗਾ। ਉਨ੍ਹਾਂ ਨੂੰ ਸਮਝਣਾ ਹੋਵੇਗਾ ਕਿ ਆਵਾਮ ਦੀ ਤਰੱਕੀ ਫਿਰਕਾਪ੍ਰਸਤੀ ਅਤੇ ਜਿਹਾਦਾਂ ਨਾਲ ਨਹੀਂ ਹੁੰਦੀ। ਉਹ ਆਪਸੀ ਭਾਈਚਾਰੇ ਅਤੇ ਆਪਸੀ ਸਹਿਯੋਗ ਨਾਲ ਹੁੰਦੀ ਹੈ। ਮਿਸਾਲ ਦੁਨੀਆ ਦੇ ਸਾਹਮਣੇ ਹੈ ਕਿ ਜਿਹੜੇ ਮੁਲਕਾਂ ਵਿਚ ਵੀ ਮਜ਼੍ਹਬੀ ਹਿੰਸਾ ਫੈਲਦੀ ਹੈ, ਉੱਥੇ ਲੱਖਾਂ ਘਰ ਤਬਾਹ ਹੋ ਜਾਂਦੇ ਹਨ। ਇਸ ਲਈ 'ਸ਼ਿਕਾਰਾ' ਫਿਲਮ ਇਕ ਇਤਿਹਾਸਕ 'ਡਾਕੂਮੈਂਟਰੀ' ਨਾ ਹੋ ਕੇ ਇਕ ਪ੍ਰੇਮ ਕਹਾਣੀ ਹੈ, ਜੋ ਇਹ ਅਹਿਸਾਸ ਕਰਾਉਂਦੀ ਹੈ ਕਿ ਨਫਰਤ ਦੀ ਅੱਗ ਕਿਵੇਂ ਸਮਾਜ ਅਤੇ ਪਰਿਵਾਰਾਂ ਨੂੰ ਤਬਾਹ ਕਰ ਦਿੰਦੀ ਹੈ।
ਰਹੀ ਗੱਲ ਪੰਡਿਤਾਂ ਦੀ ਦੁਖਦਾਈ ਹਿਜਰਤ ਦੀ, ਤਾਂ 'ਸ਼ਿਕਾਰਾ' ਤੋਂ ਬਾਅਦ ਹੁਣ ਕੋਈ ਹੋਰ ਫਿਲਮ ਨਿਰਮਾਤਾ ਉਨ੍ਹਾਂ ਮੁੱਦਿਆਂ 'ਤੇ ਵੀ ਫਿਲਮ ਬਣਾਉਣ ਲਈ ਜ਼ਰੂਰ ਪ੍ਰੇਰਿਤ ਹੋਵੇਗਾ।

                                                                                         —ਵਿਨੀਤ ਨਾਰਾਇਣ


KamalJeet Singh

Content Editor

Related News