ਕੈਨੇਡਾ ਦੀਆਂ ਸੰਸਦੀ ਚੋਣਾਂ ''ਚ ਇਸ ਵਾਰ ਪੰਜਾਬੀਆਂ ਦਾ ਦਬਦਬਾ

10/19/2019 1:40:06 AM

ਜਦੋਂ ਭਾਰਤ 'ਚ ਮਹਾਰਾਸ਼ਟਰ ਤੇ ਹਰਿਆਣਾ ਦੇ ਵੋਟਰ ਸੂਬਾਈ ਚੋਣ ਲਈ ਅਤੇ ਪੰਜਾਬੀ ਜਿਮਨੀ ਚੋਣਾਂ ਲਈ ਵੋਟ ਪਾ ਰਹੇ ਹੋਣਗੇ, ਠੀਕ ਉਸੇ ਵੇਲੇ ਕੈਨੇਡੀਅਨ ਲੋਕ ਆਪਣੇ ਸੰਸਦੀ ਵੋਟ ਦਾ ਇਸਤੇਮਾਲ ਕਰ ਰਹੇ ਹੋਣਗੇ। ਹਾਲਾਂਕਿ ਉੱਥੇ ਪ੍ਰੀਪੋਲ ਵੀ ਹੋ ਜਾਂਦੇ ਨੇ। ਚੋਣ ਕਮਿਸ਼ਨ ਕੈਨੇਡਾ ਵੱਲੋਂ 338 ਸੰਸਦੀ ਸੀਟਾਂ ਲਈ 2146 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਕੀਤੀ ਗਈ ਹੈ। ਇੱਥੇ 21 ਦੇ ਕਰੀਬ ਰਾਜਨੀਤਿਕ ਪਾਰਟੀਆਂ ਰਜਿਸਟਰਡ ਹਨ। ਇਹਨਾਂ ਵਿੱਚੋਂ ਵੀ ਛੇ ਵੱਡੀਆਂ ਪਾਰਟੀਆਂ ਦੀ ਚੋਣ ਮੈਦਾਨ 'ਚ ਭਰਵੀਂ ਹਾਜ਼ਰੀ ਹੈ। ਇਹ ਪਾਰਟੀਆਂ ਨੇ ਲਿਬਰਲ, ਕੰਜ਼ਰਵੇਟਿਵ, ਐੱਨਡੀਪੀ, ਬਲਾਕ ਕਿਉਬਿਕਵਾ, ਗਰੀਨ ਪਾਰਟੀ ਅਤੇ ਪੀਪਲਜ਼ ਪਾਰਟੀ। ਮੁਕਾਬਲਾ ਵੱਡੀ ਪੱਧਰ ਉੱਤੇ ਜਸਟਿਨ ਟਰੂਡੋ ਦੀ ਪਾਰਟੀ ਲਿਬਰਲ ਤੇ ਕੰਜ਼ਰਵੇਟਿਵ ਵਿਚਾਲੇ ਹੀ ਮੰਨਿਆ ਜਾ ਰਿਹਾ ਹੈ। ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ, ਐਨਡੀਪੀ ਦੇ ਜਗਮੀਤ ਸਿੰਘ ਦਾ ਵਧਦਾ ਪ੍ਰਭਾਵ ਕਨਸੋਅ ਦੇ ਰਿਹਾ ਹੈ ਕਿ ਜਿੱਤ ਦੇ ਨੇੜੇ ਜਾ ਰਹੀ ਲਿਬਰਲ ਧਿਰ ਨੂੰ ਕਿਤੇ ਐਨਡੀਪੀ ਦਾ ਸਹਾਰਾ ਨਾ ਲੈਣਾ ਪੈ ਜਾਵੇ। ਪਰੰਤੂ ਇਹਨਾਂ ਚੋਣਾਂ ਵਿੱਚ ਜੋ ਮਜ਼ੇ ਦੀ ਗੱਲ ਹੈ ਉਹ ਇਹ ਹੈ ਕਿ ਪੰਜਾਬੀਆਂ ਦਾ ਦਾਬਾ ਹੈ। ਪੰਜਾਬ ਸਣੇ ਦੱਖਣੀ ਏਸ਼ੀਆ ਦੇ ਕੁੱਲ 99 ਉਮੀਦਵਾਰਾਂ 'ਚੋਂ 60 ਦੇ ਕਰੀਬ ਪੰਜਾਬੀ ਉਮੀਦਵਾਰ ਨੇ। ਇਵੇਂ ਹੀ 18 ਦੇ ਕਰੀਬ ਪੰਜਾਬਣਾਂ ਉਮੀਦਵਾਰ ਨੇ। ਕਈਆਂ ਪੰਜਾਬੀਆਂ ਤੇ ਪੰਜਾਬਣਾਂ ਵਿਚਾਲੇ ਤਾਂ ਸਿੱਧਾ ਆਪਸੀ ਮੁਕਾਬਲਾ ਹੈ। ਪੰਜਾਬੀਆਂ ਦਾ ਇਹ ਸਿਆਸੀ ਪ੍ਰਭਾਵ ਕੈਨੇਡੀਅਨ ਸਿਆਸਤ ਨੂੰ ਕਿਵੇਂ ਪਰਿਭਾਸ਼ਿਤ ਕਰਦਾ ਹੈ। ਕਿਵੇਂ ਉਹ ਮੰਤਰੀਆਂ ਦੀਆਂ ਕੁਰਸੀਆਂ ਉੱਤੇ ਕਾਬਜ਼ ਹੁੰਦੇ ਨੇ। ਕਿਵੇਂ ਉਹ ਉੱਥੋਂ ਦੇ ਵਸਨੀਕਾਂ ਦਾ ਦਿਲ ਜਿੱਤਦੇ ਨੇ। ਕਿਵੇਂ ਉੱਥੋਂ ਦੇ ਮਸਲਿਆਂ ਪ੍ਰਤੀ ਜਾਗਰੂਕ ਵੀ ਨੇ, ਉਹਨਾਂ ਪ੍ਰਤੀ ਉਦਾਰ ਵੀ ਨੇ। ਕਿਵੇਂ ਉਹ ਨਸਲੀ ਵਿਤਕਰੇ ਦਾ ਸ਼ਿਕਾਰ ਵੀ ਹੁੰਦੇ ਨੇ, ਪਰੰਤੂ ਇਹਦੇ ਨਾਲ ਜੂਝਦਿਆਂ ਵੀ ਸੰਘਰਸ਼ ਜਾਰੀ ਰੱਖਦੇ ਨੇ। ਇਹ ਪੰਜਾਬੀਆਂ ਦੇ ਇਤਿਹਾਸ/ਸੱਭਿਆਚਾਰ/ਸੰਘਰਸ਼ਾਂ ਦੀ ਗਾਥਾ ਹੈ। ਇਸਦੇ ਬਹੁਤ ਸਾਰੇ ਆਯਾਮ/ਪਹਿਲੂ ਨੇ।
ਪਹਿਲਾ ਤਾਂ ਬਹੁਤ ਅਹਿਮ ਨੁਕਤਾ ਇਹ ਹੀ ਹੈ ਕਿ ਕਿਵੇਂ ਤੇ ਕਿੱਥੇ-ਕਿੱਥੇ ਸਿੱਧੀ ਪੰਜਾਬੀਆਂ 'ਚ ਆਪਸੀ ਟੱਕਰ ਹੈ। ਇਹ ਬਹੁਤ ਹੀ ਮਜ਼ੇਦਾਰ ਪਹਿਲੂ ਹੈ। ਵੱਡੇ ਘਾਗਾਂ 'ਚੋਂ ਐਡਮਿੰਟਨ ਮਿਲ ਵੂਡਜ਼ ਹਲਕੇ ਤੋਂ ਮੰਤਰੀ ਅਮਰਜੀਤ ਸੋਹੀ ਹੁਰੀਂ ਚੋਣ ਮੈਦਾਨ 'ਚ ਨੇ ਤੇ ਉਹਨਾਂ ਦਾ ਮੁਕਾਬਲਾ ਹੈ ਕੰਜ਼ਰਵੇਟਿਵ ਟਿੰਮ ਉੱਪਲ ਨਾਲ। ਦੋਵੇਂ ਸਿਆਸੀ ਦਾਅਪੇਚ ਦੇ ਮਾਹਿਰ ਤੇ ਪੰਜਾਬੀਆਂ 'ਚ ਪੈਂਠ ਰੱਖਣ ਵਾਲੇ। ਵਧੀਆ ਬੁਲਾਰੇ। ਲਗਾਤਾਰ ਸਿਆਸਤ 'ਚ ਸਿਖਰਲੇ ਪੌਡਿਆਂ 'ਤੇ ਬੈਠੇ ਹੋਏ। ਗ੍ਰਹਿ ਮੰਤਰੀ ਹਰਜੀਤ ਸਿੰਘ ਸੱਜਣ ਵੈਨਕੂਵਰ ਦੱਖਣੀ ਤੋਂ ਉਮੀਦਵਾਰ ਨੇ ਲਿਬਰਲ ਵੱਲੋਂ ਤੇ ਮੁਕਾਬਲਾ ਉਹਨਾਂ ਦਾ ਹੈ ਕੰਜ਼ਰਵੇਟਿਵ ਉਮੀਦਵਾਰ ਵਾਈ ਯੰਗ ਨਾਲ। ਸੱਜਣ ਹੁਰਾਂ ਦੀ ਪ੍ਰਫਾਰਮੈਂਸ ਕੈਨੇਡੀਅਨ ਦੇਖ ਚੁੱਕੇ ਨੇ ਤੇ ਉਹਨਾਂ ਦੇ ਕਾਇਲ ਨੇ। ਮੰਤਰੀ ਨਵਦੀਪ ਸਿੰਘ ਬੈਂਸ ਮਾਲਟਨ ਤੋਂ ਮੈਦਾਨ 'ਚ ਨੇ ਤੇ ਮੁਕਾਬਲਾ ਕਰਨਗੇ ਕੰਜ਼ਰਵੇਟਿਵ ਟੌਮ ਵਰਗੀਜ਼ ਨਾਲ। ਇਸੇ ਤਰ੍ਹਾਂ ਸਰੀ ਨਿਉਟਨ ਤੋਂ ਲਿਬਰਲ ਸੁੱਖ ਧਾਲੀਵਾਲ ਕੰਜ਼ਰਵੇਟਿਵ ਹਰਪ੍ਰੀਤ ਸਿੰਘ ਤੇ ਐੱਨਡੀਪੀ ਦੇ ਉਮੀਦਵਾਰ ਹਰਜੀਤ ਸਿੰਘ ਗਿੱਲ ਵਿਚਾਲੇ ਤਿਕੋਣੀ ਟੱਕਰ ਹੈ। ਸਰੀ ਸੈਂਟਰਲ ਤੋਂ ਟੀਨਾ ਬੈਂਸ ਕੰਜ਼ਰਵੇਟਿਵ, ਲਿਬਰਲ ਰਨਦੀਪ ਸਿੰਘ ਸਰਾਏ ਅਤੇ ਐੱਨਡੀਪੀ ਦੇ ਸੁਰਜੀਤ ਸਿੰਘ ਵਿਚਾਲੇ ਮੁਕਾਬਲਾ ਹੈ। ਬਰੈਂਪਟਨ ਪੂਰਬੀ ਤੋਂ ਰਾਮੋਨਾ ਸਿੰਘ ਕੰਜ਼ਰਵੇਟਿਵ, ਮਨਿੰਦਰ ਸਿੱਧੂ ਲਿਬਰਲ ਤੇ ਐੱਨਡੀਪੀ ਦੇ ਸ਼ਰਨਜੀਤ ਸਿੰਘ ਵਿਚਾਲੇ ਫਸਵਾਂ ਮੁਕਾਬਲਾ ਹੈ।

ਨਸਲੀ ਵਿਤਕਰੇ ਸਾਹਵੇਂ ਵੀ ਨਹੀਂ ਡੋਲਦੇ ਪੰਜਾਬੀ
ਦੂਸਰਾ ਅਹਿਮ ਨੁਕਤਾ ਹੈ ਕਿ ਭਾਵੇਂ ਲਿਬਰਲ ਵੱਲੋਂ ਪੰਜਾਬੀਆਂ ਨੂੰ ਬਹੁਤੇਰੀ ਮਾਨਤਾ ਦਿੱਤੀ ਗਈ। ਪਿਛਲੀ ਸਰਕਾਰ 'ਚ ਮੰਤਰੀਆਂ ਦੇ ਅਹੁਦੇ ਮਿਲੇ। ਉਹਨਾਂ ਨੇ ਕੰਮ ਵੀ ਕੀਤੇ। ਜਸਟਿਨ ਟਰੂਡੋ ਦੀ ਭਾਰਤ ਫੇਰੀ ਨੇ ਕੁੱਝ ਕੈਨੇਡੀਅਨ ਪਰਵਾਸੀ ਪੰਜਾਬੀਆਂ 'ਚ ਨਿਰਾਸ਼ਾ ਵੀ ਪੈਦਾ ਕੀਤੀ। ਜਿਵੇਂ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਭਰਵਾਂ ਹੁੰਗਾਰਾ ਨਹੀਂ ਦਿੱਤਾ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਰਾਂ ਵੱਲੋਂ ਵੀ ਕਾਲੀ ਸੂਚੀ ਸੌਂਪਣ ਤੋਂ ਇਲਾਵਾ ਨਿੱਘਾ ਸਵਾਗਤ ਉਹਨਾਂ ਦਾ ਕੀਤਾ ਨਾ ਗਿਆ, ਪਰੰਤੂ ਟਰੂਡੋ ਹੁਰਾਂ ਦਾ ਪੰਜਾਬੀ ਪ੍ਰੇਮ ਫੇਰ ਵੀ ਕਿਤੇ ਘਟਦਾ ਨਜ਼ਰ ਨਾ ਆਇਆ। ਇਸੇ ਕਰਕੇ ਪੰਜਾਬੀਆਂ ਦੀ ਦਾਬੂ ਸਥਿਤੀ ਇਹਨਾਂ ਚੋਣਾਂ 'ਚ ਸਾਨੂੰ ਨਜ਼ਰ ਆ ਰਹੀ ਹੈ।
ਫਿਰ ਵੀ ਉਹਨਾਂ ਨੂੰ ਨਸਲੀ ਭੇਦ ਵਾਲੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਹਨਾਂ ਵੱਡੇ ਆਗੂਆਂ ਨੂੰ ਇਹਨਾਂ ਟਿੱਪਣੀਆਂ ਦੀ ਮਾਰ ਸਹਿਣ ਕਰਨੀ ਪੈ ਰਹੀ ਹੈ, ਉਹਨਾਂ 'ਚ ਸੱਭ ਤੋਂ ਪਹਿਲੇ ਨੰਬਰ ਉੱਤੇ ਐੱਨਡੀਪੀ ਆਗੂ ਜਗਮੀਤ ਸਿੰਘ ਦਾ ਨਾਮ ਹੈ, ਜਿਹੜਾ ਸਾਰਿਆਂ ਨੂੰ ਬਾਹਾਂ ਖੋਲ੍ਹਕੇ ਮਿਲਦਾ ਹੈ। ਉਹ ਇਸ ਵਿਹਾਰ ਨੂੰ ਵੀ ਖਿੜੇ ਮੱਥੇ ਸਵੀਕਾਰ ਕਰ ਰਿਹਾ ਹੈ। ਉਹ ਜਦੋਂ ਰੰਗ-ਭੇਦ ਤੋਂ ਉੱਪਰ ਉੱਠ ਕੇ ਕਲਾਵਾ ਭਰਦਾ ਹੈ, ਤਾਂ ਨਸਲੀ ਵਿਤਕਰੇ ਵਾਲੀ ਮਾਨਸਿਕਤਾ ਨੂੰ ਹੋਰ ਵੀ ਤ੍ਰਾਂਟ ਪੈਂਦੀ ਹੈ। ਦੂਸਰੇ ਵੱਡੇ ਲੀਡਰਾਂ 'ਚੋਂ ਜਗਮੀਤ ਦੇ ਭਰਾ ਗੁਰਤਰਨ, ਐੱਨਡੀਪੀ ਦੇ ਹੀ ਗੁਰਿੰਦਰ ਸਿੰਘ ਨੂੰ, ਅਮਰਜੀਤ ਸੋਹੀ ਨੂੰ, ਕੰਜਰਵੇਟਿਵ ਦੇ ਮਰੀਅਮ ਈਸ਼ਾਕ ਨੂੰ ਵੀ ਇਹ ਬਾਣ ਸਹਿਣ ਕਰਨੇ ਪੈ ਰਹੇ ਹਨ। ਹਾਲਤ ਤਾਂ ਇੱਥੋਂ ਤੱਕ ਹੈ ਕਿ ਜਸਟਿਨ ਟਰੂਡੋ ਵੀ ਇਹਨਾਂ ਟਿੱਪਣੀਆਂ ਤੋਂ ਬਚੇ ਹੋਏ ਨਹੀਂ ਹਨ ਕਿਉਕਿ ਉਨ੍ਹਾਂ ਨੂੰ ਨਿਸ਼ਾਨਾ ਉਹਨਾਂ ਦੀ ਲਿਬਰਲ ਇਮੀਗ੍ਰੇਸ਼ਨ ਪਾਲਿਸੀ ਦੱਸਿਆ ਜਾ ਰਿਹਾ ਹੈ। ਪੰਰਤੂ ਜਿਸ ਤਰੀਕੇ ਨਾਲ ਜਸਟਿਨ ਟਰੂਡੋ ਨੇ ਵਿੱਤੀ ਨੀਤੀ ਐਲਾਨਦਿਆਂ ਘਾਟਾ ਸਹਿਣਾ ਮਨਜ਼ੂਰ ਕਰ ਲਿਆ ਹੈ, ਪ੍ਰਭਾਵ ਉਹ ਵੱਧ ਪਾ ਰਿਹਾ ਹੈ। ਲਿਬਰਲਾਂ ਦਾ ਕਹਿਣਾ ਹੈ ਕਿ ਮੌਜੂਦਾ ਵਰ੍ਹੇ ਦਾ ਵਿੱਤੀ ਘਾਟਾ ਜੋ ਹੈ ਉਹ 19.8 ਅਰਬ ਕੈਨੇਡੀਅਨ ਡਾਲਰ ਹੈ ਤੇ ਅਗਲੇ ਵਰ੍ਹੇ ਇਹ ਵੱਧ ਕੇ 27.4 ਅਰਬ ਕੈਨੇਡੀਅਨ ਡਾਲਰ ਹੋ ਜਾਵੇਗਾ। ਉਹਦੇ ਤੋਂ ਅਗਲੇ ਵਰ੍ਹਿਆਂ 'ਚ ਇਹ ਕਾਫੀ ਘੱਟ ਜਾਵੇਗਾ। ਲਿਬਰਲ ਪਾਰਟੀ ਸਰਕਾਰੀ ਖਰਚ ਵਧਾ ਕੇ ਲੋਕਾਂ ਨੂੰ ਟੈਕਸ ਤੋਂ ਛੂਟ, ਮੌਸਮੀ ਤਬਦੀਲੀ ਪ੍ਰਤੀ ਖਰਚ, ਮਿਡਲ ਕਲਾਸ ਦੀ ਭਲਾਈ ਤੇ ਵਿਦਿਆਰਥੀਆਂ ਦੀ ਬਿਹਤਰੀ ਉੱਪਰ ਖਰਚ ਕਰਨਾ ਚਾਹੁੰਦੀ ਹੈ। ਇਹ ਬਹੁਤ ਹੀ ਪ੍ਰਭਾਵਸ਼ਾਲੀ ਕਦਮ ਨੇ ਲਿਬਰਲ ਦੇ ਤੇ ਲੋਕਾਂ ਨੇ ਇਹਨਾਂ ਨੂੰ ਹੁੰਗਾਰਾ ਭਰਿਆ ਹੈ। ਪਰਵਾਸੀ ਪੰਜਾਬੀਆਂ ਦਾ ਦਿਲ ਵੀ ਟਰੂਡੇ ਨੇ ਜਿੱਤਿਆ ਹੈ। ਸਿਰਫ ਇਹ ਹੀ ਨਹੀਂ ਸਾਡੇ ਏਧਰਲੇ ਪੰਜਾਬ ਵੱਲੋਂ ਵੀ ਟਰੂਡੋ ਹੁਰਾਂ ਵਾਸਤੇ ਲੋਕਾਂ ਦੀਆਂ ਸਰਗਰਮੀਆਂ ਵੇਖਣ ਵਾਲੀਆਂ ਨੇ।

ਪੰਜਾਬੀਆਂ ਦੀ ਸਿਆਸੀ ਚੜ੍ਹਤ ਦੀ ਪਿੱਠਭੂਮੀ 'ਗਦਰ ਪਾਰਟੀ'
ਹੁਣ ਤੀਸਰੇ ਨੁਕਤੇ ਦੇ ਦੋ ਪਹਿਲੂ ਹਨ। ਪਹਿਲਾ ਇਹ ਕਿ ਆਖਿਰ ਪੰਜਾਬੀ ਏਡੀ ਵੱਡੀ ਸਿਆਸੀ ਮਾਰ ਕਿਵੇਂ ਮਾਰ ਜਾਂਦੇ ਨੇ ਵਿਦੇਸ਼ਾਂ ਦੀ ਧਰਤੀ 'ਤੇ ਵੀ। ਉੱਜਲ ਦੁਸਾਂਝ ਹੁਰਾਂ ਦੀ ਪ੍ਰਾਪਤੀ ਤੋਂ ਬਾਦ ਅਨੇਕ ਨਾਂਅ ਨੇ ਕੈਨੇਡਾ ਦੀ ਹੀ ਧਰਤੀ 'ਤੇ, ਜਿਹਨਾਂ ਉੱਤੇ ਅਸ਼-ਅਸ਼ ਕਰ ਉੱਠਦੇ ਨੇ ਲੋਕ। ਹੁਣ ਇਸ ਵਾਰ ਤਾਂ 80 ਦੇ ਕਰੀਬ ਸੀਟਾਂ ਉੱਤੇ ਮੁਕਾਬਲੇ 'ਚ ਨੇ ਪੰਜਾਬੀ। ਦੂਸਰਾ ਇਹ ਕਿ ਕੈਨੇਡਾ ਦੀ ਇਸ ਚੋਣ 'ਚ ਦਖਲ-ਅੰਦਾਜ਼ੀ ਵਾਲੇ ਮੁਲਕਾਂ 'ਚੋਂ ਭਾਰਤ ਮੁਹਰੀ ਹੈ, ਇਹ ਖਬਰ ਵੀ ਹੈ। ਭਾਵੇਂ ਚੀਨ, ਪਾਕਿਸਤਾਨ ਅਤੇ ਈਰਾਨ ਦਾ ਨਾਂਅ ਵੀ ਹੈ, ਪਰ ਭਾਰਤ ਦਾ ਨਾਂਅ ਸੱਭ ਤੋਂ ਉੱਪਰ ਹੈ। ਐੱਨਡੀਪੀ ਆਗੂ ਜਗਮੀਤ ਸਿੰਘ ਵੀ ਇਹ ਕਹਿੰਦੇ ਨੇ ਕਿ ਭਾਰਤ ਦਾ ਦਖਲ ਇਸ ਚੋਣ 'ਚ ਵੱਡਾ ਹੈ। ਜਸਟਿਨ ਟਰੂਡੋ ਹੁਰਾਂ ਦੀ ਸੁਰੱਖਿਆ 'ਚ ਵਾਧੇ ਨੂੰ ਇਸੇ ਖਬਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਖੈਰ, ਜਿਹੜੀ ਪੰਜਾਬੀਆਂ ਦੀ ਸਿਆਸੀ ਪੈਂਠ ਹੈ, ਉਹਦੇ ਪਿੱਛੇ ਇਤਿਹਾਸਕ/ਸੱਭਾਚਾਰਕ ਕਾਰਣ ਨੇ। ਇਹ ਪਹਿਲਾਂ ਤੋਂ ਹੀ ਰਾਜਨੀਤਿਕ ਤੌਰ ਉੱਤੇ ਬੜੇ ਸਜਗ ਲੋਕ ਨੇ।
ਅਸੀਂ ਉੱਨੀਵੀਂ ਸਦੀ ਦੇ ਸ਼ੁਰੂਆਤੀ ਦੌਰ ਨੂੰ ਦੇਖਦੇ ਹਾਂ ਤਾਂ ਕਿਵੇਂ ਕੈਨੇਡਾ/ਅਮਰੀਕਾ ਦੀ ਧਰਤੀ ਤੋਂ ਹਿੰਦੋਸਤਾਨ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ ਨਾਂਅ ਦੀ ਜਥੇਬੰਦੀ ਰਾਜਨੀਤਿਕ ਦਾਅ ਖੇਡਦਿਆਂ ਭਾਰਤ ਦੀ ਅਜ਼ਾਦੀ ਸੰਘਰਸ਼ ਦੀ ਸ਼ਾਨਮੱਤੀ ਗਦਰ ਪਾਰਟੀ 'ਚ ਤਬਦੀਲ ਹੁੰਦੀ ਹੈ। ਕਿਵੇਂ ਭਾਈ ਬਲਵੰਤ ਸਿੰਘ, ਨੰਦ ਸਿੰਘ ਸੀਹਰਾ ਹੁਰਾਂ ਦਾ ਵਫਦ ਪਰਵਾਸੀਆਂ ਦੇ ਮਸਲਿਆਂ ਦੇ ਹੱਲ ਲਈ ਭਾਰਤ ਦੀ ਅੰਗ੍ਰੇਜ਼ ਸਰਕਾਰ ਨੂੰ ਮਿਲਣ ਆਉਂਦੇ ਨੇ, ਤੇ ਆਜ਼ਾਦੀ ਦਾ ਨਾਅਰਾ ਬਣ ਕੇ ਉੱਭਰਦੇ ਨੇ। । ਕਿਵੇਂ ਮਗਰੋਂ ਪੰਜਾਬੀ ਆਪਣੇ ਵੋਟ ਦੇ ਹੱਕ ਹਾਸਲ ਕਰਦੇ ਨੇ। ਕਾਮਾਗਾਟਾ ਮਾਰੂ ਦਾ ਸੰਘਰਸ਼। ਇਹ ਸਾਰਾ ਇਤਿਹਾਸ ਇਹਨਾਂ ਦੇ ਸੰਘਰਸ਼ਾਂ ਤੇ ਜਾਗਰੂਕਤਾ ਦੀ ਨਿਸ਼ਾਨਦੇਹੀ ਹੈ। ਇਸੇ ਇਤਿਹਾਸ 'ਚੋਂ ਪਰਵਾਸੀ ਪੰਜਾਬੀ ਆਪਣੀ ਸੱਭਿਆਚਾਰਕ ਪਹਿਚਾਣ ਨੂੰ ਬਰਕਰਾਰ ਰੱਖਦਿਆਂ ਸਿਆਸਤ ਵਾਲੇ ਪਾਸੇ ਹੰਭਲਾ ਮਾਰਦੇ ਨੇ ਤੇ ਲੋਕਾਂ ਦੇ ਹੱਕਾਂ ਦੀ ਲੜਾਈ ਨੂੰ ਮਘਾਈ ਰੱਖਦੇ ਨੇ। ਅੱਜ ਉਹਨਾਂ ਦਾ ਸੰਘਰਸ਼ ਸਿਖਰ ਛੂਹ ਰਿਹਾ ਹੈ ਤੇ ਵਿਸ਼ਵ ਭਰ ਦੀਆਂ ਨਜ਼ਰਾਂ ਇਹਨਾਂ ਪੰਜਾਬੀਆਂ ਦੀ ਚੜ੍ਹਤ ਨੂੰ ਸਲਾਮ ਕਹਿ ਰਹੀਆਂ ਨੇ।

                                                                                         —ਦੇਸ ਰਾਜ ਕਾਲੀ (ਹਰਫ-ਹਕੀਕੀ)


KamalJeet Singh

Content Editor

Related News