ਨਨਕਾਣਾ ਸਾਹਿਬ : ਪਾਕਿਸਤਾਨ ਦਾ ''ਦੋਹਰਾ ਚਿਹਰਾ'' ਹੋਇਆ ਬੇਨਕਾਬ

01/11/2020 12:38:58 AM

ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਚ ਹੈ। ਸਿੱਖਾਂ ਦੇ ਨਾਲ-ਨਾਲ ਹਿੰਦੂਆਂ ਲਈ ਇਹ ਆਸਥਾ ਦਾ ਪ੍ਰਤੀਕ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ 'ਤੇ ਦੇਸ਼ ਹੀ ਨਹੀਂ, ਵਿਦੇਸ਼ਾਂ ਤੋਂ ਵੀ ਇਸ ਇਤਿਹਾਸਿਕ ਮੌਕੇ 'ਤੇ ਸ਼ਰਧਾਲੂ ਨਤਮਸਤਕ ਹੋਏ। ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਉਲਝੇ ਹੋਏ ਰਿਸ਼ਤੇ ਦੇਖਣ ਨੂੰ ਉਦੋਂ ਮਿਲੇ, ਜਦੋਂ 3 ਜਨਵਰੀ ਨੂੰ ਹਿੰਸਕ ਇਸਲਾਮੀ ਤੱਤਾਂ ਦੇ ਇਕ ਸਮੂਹ, ਜਿਸ ਨੇ ਇਕ ਸਿੱਖ ਨਾਬਾਲਗ ਬੱਚੀ ਦੇ ਨਾਲ ਜਬਰੀ ਨਿਕਾਹ ਕਰਵਾਇਆ ਸੀ, ਨੇ ਗੁਰਦੁਆਰਾ ਸਾਹਿਬ 'ਤੇ ਪੱਥਰਬਾਜ਼ੀ ਕੀਤੀ ਅਤੇ ਇਹ ਧਮਕੀ ਵੀ ਦਿੱਤੀ ਕਿ ਇਸ ਨੂੰ ਉਹ ਮਸਜਿਦ ਵਿਚ ਬਦਲ ਦੇਣਗੇ ਅਤੇ ਇਸ ਦਾ ਨਾਂ ਗੁਲਾਮੇ-ਮੁਸਤਫਾ ਰੱਖ ਦਿੱਤਾ ਜਾਵੇਗਾ।

ਇਸਲਾਮਾਬਾਦ ਦਾ ਵਿਵੇਕਹੀਣ ਬਿਆਨ
ਹਾਲਾਂਕਿ ਪਾਕਿਸਤਾਨੀ ਸਰਕਾਰ ਨੇ ਇਸ ਘਟਨਾ ਨੂੰ ਦੋ ਧੜਿਆਂ ਵਿਚਾਲੇ ਸਿਰਫ ਤਕਰਾਰ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਘਟਨਾ ਨੂੰ ਫਿਰਕੂ ਜਾਮਾ ਪਹਿਨਾਉਣਾ ਸਿਰਫ ਰਾਜਨੀਤੀ ਤੋਂ ਪ੍ਰੇਰਿਤ ਕੰਮ ਹੈ। ਇਸਲਾਮਾਬਾਦ ਤੋਂ ਇਹ ਸਪੱਸ਼ਟ ਤੌਰ 'ਤੇ ਇਕ ਵਿਵੇਕਹੀਣ ਬਿਆਨ ਆਇਆ ਸੀ। ਮੈਂ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਨੇਤਾ ਹਰਸਿਮਰਤ ਕੌਰ ਬਾਦਲ ਦੇ ਬਿਆਨ ਨਾਲ ਸਹਿਮਤ ਹਾਂ, ਜਿਨ੍ਹਾਂ ਨੇ ਕਿਹਾ ਸੀ ਕਿ ਇਸ ਘਟਨਾ ਨੇ ਪਾਕਿਸਤਾਨ, ਜਿਥੋਂ ਤਕ ਘੱਟਗਿਣਤੀਆਂ ਨੂੰ ਦੁਖੀ ਕੀਤਾ ਹੈ, ਦੇ ਅਸਲੀ ਚਿਹਰੇ ਨੂੰ ਬੇਨਕਾਬ ਕੀਤਾ ਹੈ।
ਉਥੇ ਹੀ ਮੈਂ ਇਸ ਦੇ ਉਲਟ ਇਕ ਹੋਰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਬਿਆਨ ਤੋਂ ਨਾਖੁਸ਼ ਹਾਂ, ਜਿਨ੍ਹਾਂ ਨੇ ਇਸ ਘਟਨਾ ਨੂੰ ਦੇਸ਼ ਵਿਚ ਚੱਲ ਰਹੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨ ਨਾਲ ਜੋੜਿਆ ਹੈ। ਇਹ ਬੜੀ ਮੂਰਖਤਾ ਭਰੀ ਗੱਲ ਹੈ ਕਿ ਪੁਰੀ ਨੇ ਦੋਹਾਂ ਮੁੱਦਿਆਂ ਨੂੰ ਆਪਸ ਵਿਚ ਜੋੜ ਕੇ ਦੇਖਿਆ ਹੈ। ਅਜਿਹਾ ਬਿਆਨ ਦੇਣਾ ਉਨ੍ਹਾਂ ਦੀ ਨਿਰਾਸ਼ਾ ਨੂੰ ਦਰਸਾਉਂਦਾ ਹੈ।

ਇਸਲਾਮਾਬਾਦ ਨਿਰਵਿਵਾਦ ਤੌਰ 'ਤੇ ਧਰਮ ਨੂੰ ਰਾਜਨੀਤੀ ਦਾ ਇਕ ਹਥਿਆਰ ਮੰਨਦਾ ਹੈ
ਧਰਮ ਪਵਿੱਤਰ ਹੈ। ਸਿੱਖ ਭਾਈਚਾਰਾ ਪੂਰੀ ਭਾਵਨਾ ਨਾਲ ਆਪਣੇ ਧਾਰਮਿਕ ਸਿਧਾਂਤਾਂ ਨਾਲ ਜੁੜਿਆ ਹੋਇਆ ਹੈ। ਇਸਲਾਮਾਬਾਦ ਨਿਰਵਿਵਾਦ ਤੌਰ 'ਤੇ ਧਰਮ ਨੂੰ ਰਾਜਨੀਤੀ ਦਾ ਇਕ ਹਥਿਆਰ ਮੰਨਦਾ ਹੈ। ਪਾਕਿਸਤਾਨ ਨੇ ਭਾਰਤੀ ਰਾਜਨੀਤੀ ਨੂੰ ਵੰਡਣ ਲਈ ਇਸਲਾਮ ਦੀ ਵਰਤੋਂ ਕੀਤੀ ਹੈ ਅਤੇ ਕਸ਼ਮੀਰ ਨੂੰ ਗੁੱਝੀ ਜੰਗ ਜ਼ਰੀਏ ਹਥਿਆਉਣਾ ਚਾਹਿਆ ਹੈ। ਉਸ ਨੇ ਪੰਜਾਬ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਵੀ ਵੱਖਵਾਦੀ ਤੱਤਾਂ ਨੂੰ ਉਕਸਾਇਆ ਅਤੇ ਉਨ੍ਹਾਂ ਦੀ ਸਹਾਇਤਾ ਵੀ ਕੀਤੀ ਹੈ। ਆਈ. ਐੱਸ. ਆਈ. ਨੇ ਅਸਲ ਵਿਚ ਦੇਸ਼ ਭਰ 'ਚ ਆਪਣੇ ਵਿਨਾਸ਼ਕ ਨੈੱਟਵਰਕ ਨੂੰ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਨਵੀਂ ਦਿੱਲੀ ਨੇ ਇਸ ਮੁੱਦੇ ਨੂੰ ਮੁਕੰਮਲ ਤੌਰ 'ਤੇ ਜਾਂਚਣ ਦੀ ਕੋਸ਼ਿਸ਼ ਕੀਤੀ ਅਤੇ ਪਾਕਿਸਤਾਨ ਨੂੰ ਉਸ ਦੀ ਸ਼ਾਤਿਰ ਖੇਡ ਦੀ ਯੋਜਨਾ ਦਾ ਸਹੀ ਜਵਾਬ ਦਿੱਤਾ ਹੈ।
ਪੰਜਾਬ ਵਿਚ ਆਪਣੀਆਂ ਪਹਿਲਾਂ ਦੀਆਂ ਨੀਤੀਆਂ ਵਿਚ ਅਸਫਲ ਰਹਿਣ ਤੋਂ ਬਾਅਦ ਪਾਕਿਸਤਾਨ ਨੇ ਕਈ ਵਾਰ ਬੇਕਰਾਰ ਹੋ ਕੇ ਜੇਹਾਦੀ ਤੱਤਾਂ ਰਾਹੀਂ ਦੇਸ਼ ਵਿਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਅਜਿਹੇ ਯਤਨ ਬੁਰੀ ਤਰ੍ਹਾਂ ਨਾਕਾਮ ਕਰ ਦਿੱਤੇ ਗਏ। ਪੰਜਾਬ ਦੇ ਲੋਕ ਬੀਤੇ 'ਚ ਬਹੁਤ ਜ਼ਿਆਦਾ ਕਸ਼ਟ ਸਹਿ ਚੁੱਕੇ ਹਨ। ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਦੀ ਤਾਂ ਗੱਲ ਹੀ ਵੱਖਰੀ ਹੈ। ਲੋਕਾਂ ਨੇ ਸਬਕ ਸਿੱਖ ਲਿਆ ਹੈ ਅਤੇ ਸਿੱਧੂ ਅਜੇ ਵੀ ਆਪਣੇ ਦੋਸਤ ਇਮਰਾਨ ਖਾਨ ਦੇ ਨਾਲ ਪਾਕਿਸਤਾਨੀ ਹਵਾਵਾਂ 'ਚ ਘੁੰਮ ਰਿਹਾ ਹੈ।

ਅੱਜ ਪਾਕਿਸਤਾਨ ਖ਼ੁਦ ਬਾਰੂਦ ਦੇ ਢੇਰ 'ਤੇ ਬੈਠਾ ਹੈ
ਹਿੰਦੂ, ਸਿੱਖ, ਈਸਾਈ ਅਤੇ ਇਥੋਂ ਤਕ ਕਿ ਮੁਸਲਮਾਨ ਵੀ ਪਾਕਿਸਤਾਨ ਵਿਚ ਕਿਸ ਤਰ੍ਹਾਂ ਨੀਚਤਾ ਭਰੇ ਢੰਗ ਨਾਲ ਦੇਖੇ ਜਾਂਦੇ ਹਨ, ਇਹ ਜਗ ਜ਼ਾਹਿਰ ਹੈ। ਇਹ ਬੇਹੱਦ ਦੁਖਦਾਈ ਗੱਲ ਹੈ ਕਿ ਇਸਲਾਮਾਬਾਦ ਪ੍ਰਸ਼ਾਸਨ ਚੋਣਵੇਂ ਢੰਗ ਨਾਲ ਘੱਟਗਿਣਤੀਆਂ ਦੇ ਨਾਲ ਰਾਜਨੀਤੀ ਖੇਡਦਾ ਆਇਆ ਹੈ। ਅੱਜ ਪਾਕਿਸਤਾਨ ਖ਼ੁਦ ਬਾਰੂਦ ਦੇ ਢੇਰ 'ਤੇ ਬੈਠਾ ਹੈ। ਉਥੇ ਦੁਸ਼ਵਾਰੀਆਂ ਦਾ ਜਵਾਲਾਮੁਖੀ ਫੁੱਟਿਆ ਹੋਇਆ ਹੈ ਅਤੇ ਜਿਥੇ ਵੰਡ ਦੀ ਧਾਰਨਾ ਬਾਰੇ ਵੱਖ-ਵੱਖ ਜਾਤੀ ਸਮੂਹ ਸਵਾਲ ਉਠਾਉਂਦੇ ਹਨ, ਇਥੋਂ ਤਕ ਕਿ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿੱਨਾਹ ਨੂੰ ਵੀ ਇਸ ਸਬੰਧ 'ਚ ਸ਼ੱਕ ਸੀ।
ਇਹ ਉਚਿਤ ਹੋਵੇਗਾ ਕਿ ਅਸੀਂ ਇਹ ਜਾਣੀਏ ਕਿ ਜਿੱਨਾਹ ਨੇ 1947 ਵਿਚ ਸੰਵਿਧਾਨਿਕ ਅਸੈਂਬਲੀ ਨੂੰ ਸੰਬੋਧਨ ਕਰਨ ਦੌਰਾਨ ਕੀ ਕਿਹਾ ਸੀ? ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਕਿਹਾ, ''ਤੁਸੀਂ ਆਜ਼ਾਦ ਹੋ, ਤੁਸੀਂ ਆਪਣੇ ਮੰਦਰ ਵਿਚ ਜਾਣ ਲਈ ਆਜ਼ਾਦ ਹੋ, ਤੁਸੀਂ ਆਪਣੀ ਮਸਜਿਦ ਵਿਚ ਜਾਣ ਲਈ ਆਜ਼ਾਦ ਹੋ ਜਾਂ ਫਿਰ ਪਾਕਿਸਤਾਨ ਵਿਚ ਕਿਸੇ ਵੀ ਸਥਾਨ 'ਤੇ ਪੂਜਾ-ਪਾਠ ਲਈ ਜਾਣ ਲਈ ਤੁਸੀਂ ਆਜ਼ਾਦ ਹੋ। ਤੁਸੀਂ ਕਿਸੇ ਵੀ ਧਰਮ, ਜਾਤੀ ਜਾਂ ਸਮੂਹ ਨਾਲ ਸਬੰਧ ਰੱਖਦੇ ਹੋ, ਇਸ ਦਾ ਪਾਕਿਸਤਾਨ ਨਾਲ ਕੋਈ ਮਤਲਬ ਨਹੀਂ। ਅਸੀਂ ਇਸ ਮੂਲ ਸਿਧਾਂਤ ਨੂੰ ਜਾਰੀ ਰੱਖ ਰਹੇ ਹਾਂ ਕਿ ਅਸੀਂ ਇਕ ਦੇਸ਼ ਦੇ ਨਾਗਰਿਕ ਹਾਂ।''
ਜਿਨ੍ਹਾਂ ਨੇ ਇਹ ਮੰਨਿਆ ਸੀ ਕਿ ਵੰਡ ਇਕ ਸਹੀ ਕਦਮ ਹੈ, ਉਨ੍ਹਾਂ ਨੂੰ ਇਸ ਬਾਰੇ ਸ਼ੱਕ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਯੂਨਾਈਟਿਡ ਇੰਡੀਆ ਦਾ ਅਜਿਹਾ ਕੋਈ ਵੀ ਵਿਚਾਰ ਕੰਮ ਨਹੀਂ ਕਰ ਸਕਦਾ ਅਤੇ ਇਹ ਇਕ ਭਿਆਨਕ 'ਆਫਤ' ਹੋਵੇਗੀ। ਉਸੇ ਸਮੇਂ ਉਨ੍ਹਾਂ ਨੇ ਆਪਣਾ ਇਕ ਹੋਰ ਵਿਚਾਰ ਵੀ ਜ਼ਾਹਿਰ ਕੀਤਾ, ''ਮੇਰਾ ਵਿਚਾਰ ਸ਼ਾਇਦ ਸਹੀ ਹੋਵੇ ਅਤੇ ਨਾ ਵੀ ਹੋਵੇ, ਇਹ ਦੇਖਣ ਵਾਲੀ ਗੱਲ ਹੋਵੇਗੀ।''
ਦਿਲਚਸਪ ਗੱਲ ਇਹ ਹੈ ਕਿ ਜਿਨ੍ਹਾਂ ਦੀ ਆਫਤ ਵਾਲੀ ਟਿੱਪਣੀ ਦਾ ਵਿਚਾਰ ਉਨ੍ਹਾਂ ਦੇ ਮਰਦੇ ਦਮ ਤਕ ਵੀ ਇਹੀ ਰਿਹਾ ਅਤੇ ਉਨ੍ਹਾਂ ਦੇ ਪਿਛਲੇ ਦਿਨਾਂ ਵਿਚ ਵੀ ਇਹੀ ਸੀ। ਉਹ ਹਾਲਾਤ ਦੇ ਮਾਹਿਰ ਨਹੀਂ ਸਨ। ਉਨ੍ਹਾਂ ਦੇ ਕੰਟਰੋਲ ਤੋਂ ਸਾਰੀਆਂ ਚੀਜ਼ਾਂ ਬਾਹਰ ਹੋ ਗਈਆਂ ਸਨ। ਮੁਹਾਜਿਰ ਉਹ ਲੋਕ ਹਨ, ਜੋ ਪਾਕਿਸਤਾਨੀ ਅੰਦੋਲਨ ਦਾ ਸੰਚਾਲਨ ਕਰ ਰਹੇ ਸਨ ਅਤੇ ਜਿਨ੍ਹਾਂ ਨੇ ਪਾਕਿਸਤਾਨ ਦੀ ਮੁੱਖ ਧਾਰਾ ਵਿਚ ਆਪਣੇ ਆਪ ਨੂੰ ਸੰਗਠਿਤ ਕਰਨ ਲਈ ਕੰਮ ਕੀਤਾ, ਉਹ ਵੀ ਇਸ ਦੇ ਅਸਥਿਰ ਆਧਾਰ ਦੀ ਗੱਲ ਕਰਦੇ ਹਨ। ਬੁੱਧੀਮਾਨ ਪਾਕਿਸਤਾਨੀਆਂ ਲਈ ਇਹ ਸੋਚਣ ਵਾਲਾ ਮੁੱਦਾ ਹੈ।

ਸਿਆਸੀ ਏਕਤਾ ਦੀ ਕੁੰਜੀ ਪੰਜਾਬੀਆਂ ਅਤੇ ਪਠਾਣਾਂ ਕੋਲ ਹੈ
ਪਾਕਿਸਤਾਨ ਦਾ ਸਮਾਜ ਇਹ ਮੰਨਦਾ ਹੈ ਕਿ ਸਿਆਸੀ ਏਕਤਾ ਦੀ ਕੁੰਜੀ ਪੰਜਾਬੀਆਂ ਅਤੇ ਪਠਾਣਾਂ ਕੋਲ ਹੈ ਅਤੇ ਇਹ ਲੋਕ ਪਾਕਿਸਤਾਨ ਅਤੇ ਇਸਲਾਮ ਨੂੰ ਕੰਟਰੋਲ ਕਰਦੇ ਹਨ। ਅਜਿਹੇ ਸਮਾਜ ਵਿਚ ਲੋਕਤੰਤਰ ਲਈ ਕੋਈ ਜਗ੍ਹਾ ਨਹੀਂ, ਜਿਨ੍ਹਾਂ ਨੇ ਕਦੇ ਵੀ ਅਜਿਹੇ ਰੂੜੀਵਾਦੀ ਦੇਸ਼ ਦੀ ਕਲਪਨਾ ਨਹੀਂ ਕੀਤੀ ਸੀ। ਜਿੱਨਾਹ ਪਾਕਿਸਤਾਨ ਨੂੰ ਇਕ ਉਦਾਰਵਾਦੀ ਰਾਸ਼ਟਰ ਬਣਾਉਣਾ ਚਾਹੁੰਦੇ ਸਨ। ਇਹ ਦ੍ਰਿਸ਼ਟੀਕੋਣ ਉਦੋਂ ਤਕ ਚੱਲਦਾ ਰਿਹਾ, ਜਦੋਂ ਤਕ ਕਿ ਪਾਕਿਸਤਾਨ ਦੇ ਜਨਰਲ ਜ਼ਿਆ-ਉਲ-ਹੱਕ ਨੇ ਇਸ ਨੂੰ ਬਦਲ ਨਹੀਂ ਦਿੱਤਾ। ਉਨ੍ਹਾਂ ਨੇ ਜਿੱਨਾਹ ਦੀ ਪ੍ਰੰਪਰਾ ਨੂੰ ਪਲਟ ਦਿੱਤਾ ਅਤੇ ਇਕ ਰੂੜੀਵਾਦੀ ਇਸਲਾਮ ਦੀ ਰਚਨਾ ਕੀਤੀ। ਇਸ ਦੇ ਨਾਲ ਹੀ ਫਿਰਕੂ ਹਿੰਸਾ ਦੀ ਪ੍ਰੰਪਰਾ ਪਾਕਿਸਤਾਨ ਵਿਚ ਚੱਲ ਪਈ।

ਅਜਿਹੀਆਂ ਵੱਖ-ਵੱਖ ਚੁਣੌਤੀਆਂ ਵਿਚਾਲੇ ਇਹ ਪਛਤਾਵਾ ਕਰਨਯੋਗ ਗੱਲ ਹੈ ਕਿ ਅਸੀਂ ਪਾਕਿਸਤਾਨ ਦੀ ਬਦਲ ਰਹੀ ਰੂਪ-ਰੇਖਾ ਦਾ ਜਾਇਜ਼ਾ ਲੈਣ ਵਿਚ ਨਾਕਾਮ ਰਹੇ, ਇਥੋਂ ਤਕ ਕਿ ਪੜ੍ਹਿਆ-ਲਿਖਿਆ ਵਿਸ਼ਵ ਵੀ ਸਾਡੇ ਗੁਆਂਢੀ ਨੂੰ ਪਰਖ ਨਹੀਂ ਸਕਿਆ। ਇਨ੍ਹਾਂ ਗੰਭੀਰ ਫਾਸਲਿਆਂ ਨੂੰ ਭਰਨ ਦੀ ਲੋੜ ਹੈ। ਨਵੀਂ ਦਿੱਲੀ ਨੂੰ ਇਸਲਾਮਾਬਾਦ ਦੇ ਸ਼ਾਸਕਾਂ ਦੇ ਦਿਮਾਗ ਨੂੰ ਸਹੀ ਢੰਗ ਨਾਲ ਪੜ੍ਹਨ ਦੀ ਲੋੜ ਹੈ। ਭਾਰਤੀ ਲੀਡਰਸ਼ਿਪ ਨੂੰ ਇਹ ਮਹਿਸੂਸ ਕਰਨ ਦੀ ਲੋੜ ਹੈ ਕਿ ਸਾਡਾ ਸਿਆਸੀ ਪ੍ਰਬੰਧਨ ਸਖਤ ਬਣੇ।

ਹਿੰਦੂ, ਸਿੱਖ ਅਤੇ ਭਾਰਤ ਦੇ ਸਾਰੇ ਫਿਰਕੇ ਹੱਥ ਨਾਲ ਹੱਥ ਮਿਲਾ ਕੇ ਖੜ੍ਹੇ ਹੋਣ
ਜਿਥੋਂ ਤਕ ਭਾਰਤ ਦੇ ਲੋਕਾਂ ਦਾ ਸਵਾਲ ਹੈ, ਇਹ ਜ਼ਰੂਰੀ ਹੈ ਕਿ ਹਿੰਦੂ, ਸਿੱਖ ਅਤੇ ਭਾਰਤ ਦੇ ਸਾਰੇ ਫਿਰਕੇ ਹੱਥ ਨਾਲ ਹੱਥ ਮਿਲਾ ਕੇ ਖੜ੍ਹੇ ਹੋਣ ਅਤੇ ਫਿਰਕਾਪ੍ਰਸਤੀ ਦੀ ਰਾਜਨੀਤੀ ਵਿਰੁੱਧ ਇਕਜੁੱਟ ਹੋ ਕੇ ਲੜਨ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਸਾਨੂੰ ਇਹੀ ਸਿੱਖਿਆ ਦਿੰਦੇ ਹਨ। ਅਸਲ ਵਿਚ ਇਹ ਵੀ ਸੋਚਣ ਦੀ ਲੋੜ ਹੈ ਕਿ ਭਾਰਤੀ ਪ੍ਰੰਪਰਾ ਦਾ ਮੂਲ ਸਾਰ ਧਾਰਮਿਕ ਸਹਿਣਸ਼ੀਲਤਾ ਤੋਂ ਬਿਨਾਂ ਆਪਣੇ ਦਿਮਾਗ ਵਿਚ ਬਿਠਾਇਆ ਨਹੀਂ ਜਾ ਸਕਦਾ। ਇਸ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ। ਭਾਰਤੀ ਲੀਡਰਸ਼ਿਪ ਸਾਹਮਣੇ ਮੁੱਖ ਚੁਣੌਤੀ ਇਹ ਹੈ ਕਿ ਕਿਸ ਤਰ੍ਹਾਂ ਰਾਜਨੀਤੀ ਦਾ ਧਰਮ ਨਿਰਪੱਖ ਆਧਾਰ ਮਜ਼ਬੂਤ ਕੀਤਾ ਜਾਵੇ। ਇਸ ਦੇ ਨਾਲ-ਨਾਲ ਦੇਸ਼ ਦੇ ਰਾਸ਼ਟਰੀ ਮੂਲ ਮੁੱਦਿਆਂ ਨਾਲ ਕਿਵੇਂ ਨਜਿੱਠਿਆ ਜਾਵੇ? ਸਾਨੂੰ ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਸਪਾਂਸਰਡ ਯੁੱਧ ਦੇ ਵਿਰੁੱਧ ਵੀ ਲੜਨਾ ਹੋਵੇਗਾ।

                                                                                                                —ਹਰੀ ਜੈਸਿੰਘ


KamalJeet Singh

Content Editor

Related News