ਪੰਜਾਬ ''ਚ ਜੰਗਲਾਂ ਅਧੀਨ ਰਕਬਾ ਵਧਾਉਣਾ ਸਮੇਂ ਦੀ ਲੋੜ

10/05/2019 12:41:53 AM

ਪੰਜਾਬ ਸੰਸਾਰ ਦੀ ਉਹ ਖੁਸ਼ ਕਿਸਮਤ ਜਗ੍ਹਾ ਹੈ, ਜਿਸਨੂੰ ਕੁਦਰਤ ਨੇ ਉਪਜਾਊ ਮਿੱਟੀ, ਸਾਫ ਪਾਣੀ, ਅਣਥੱਕ-ਮਿਹਨਤੀ ਅਤੇ ਦਲੇਰ ਲੋਕਾਂ ਨਾਲ ਨਿਵਾਜਿਆ ਹੈ। ਪੰਜਾਬ ਵਿਚ ਉਪਜਾਊ ਮਿੱਟੀ ਅਤੇ ਸਾਰੇ ਤਰ੍ਹਾਂ ਦਾ ਮੌਸਮ ਮਿਲਦਾ ਹੈ, ਜੋ ਕਿ ਲਗਭਗ ਹਰ ਪ੍ਰਕਾਰ ਦੀਆਂ ਫਸਲਾਂ, ਫਲਾਂ ਅਤੇ ਸਬਜ਼ੀਆਂ ਉਗਾਉਣ ਲਈ ਇਕ ਵਰਦਾਨ ਹੈ।
ਪੰਜਾਬ ਦੇ ਮਿਹਨਤੀ ਕਿਸਾਨ ਨੇ ਉਪਜਾਊ ਮਿੱਟੀ ਵਿਚ ਆਪਣੀ ਦਲੇਰੀ ਅਤੇ ਦ੍ਰਿੜ੍ਹਤਾ ਨਾਲ ਸੋਨਾ ਉਗਾਇਆ ਅਤੇ ਆਜ਼ਾਦੀ ਤੋਂ ਬਾਅਦ ਭੁੱਖਮਰੀ ਨਾਲ ਜੂਝ ਰਹੇ ਦੇਸ਼ ਵਿਚ ਪੰਜਾਬ ਨੂੰ 'ਅੰਨਦਾਤਾ' ਦੇ ਰੂਪ ਵਿਚ ਉਭਾਰਿਆ ਪਰ ਦੇਸ਼ ਦੀ ਭੁੱਖ ਮਿਟਾਉਣ ਲਈ ਵੱਧ ਤੋਂ ਵੱਧ ਰਕਬਾ ਖੇਤੀ ਅਧੀਨ ਲਿਆਉਣ ਲਈ ਕੁਦਰਤੀ ਜੰਗਲਾਂ ਨੂੰ ਬੇਰਹਿਮੀ ਨਾਲ ਕੱਟਿਆ ਗਿਆ।
ਪੰਜਾਬ ਕੋਲ ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦਾ ਸਿਰਫ 1.53 ਪ੍ਰਤੀਸ਼ਤ ਹਿੱਸਾ ਹੈ ਅਤੇ ਖੇਤਰਫਲ ਪੱਖੋਂ ਪੰਜਾਬ ਦੇਸ਼ ਵਿਚ 20ਵੇਂ ਸਥਾਨ 'ਤੇ ਆਉਂਦਾ ਹੈ ਪਰ ਖੇਤੀ ਯੋਗ ਭੂਮੀ ਪੱਖੋਂ ਦੇਸ਼ ਦੇ ਮੋਹਰੀ ਸੂਬਿਆਂ ਵਿਚ ਗਿਣਿਆ ਜਾਂਦਾ ਹੈ। 2018 ਦੇ ਅੰਕੜਿਆਂ ਅਨੁਸਾਰ ਸੂਬੇ ਦਾ 81.9 ਪ੍ਰਤੀਸ਼ਤ ਰਕਬਾ ਖੇਤੀ ਅਧੀਨ, 13.02 ਪ੍ਰਤੀਸ਼ਤ ਰਕਬਾ ਗੈਰ-ਖੇਤੀ ਵਰਤੋਂ ਅਧੀਨ ਅਤੇ ਸਿਰਫ 5.08 ਪ੍ਰਤੀਸ਼ਤ ਰਕਬਾ ਜੰਗਲ ਅਧੀਨ ਹੈ। ਖੇਤਰੀ ਵੰਡ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਜ਼ਿਲਾ ਜੰਗਲ ਅਧੀਨ ਰਕਬੇ ਵਿਚ ਸਭ ਤੋਂ ਮੋਹਰੀ ਹੈ ਅਤੇ ਫਤਿਹਗੜ੍ਹ ਸਾਹਿਬ ਸਭ ਤੋਂ ਫਾਡੀ ਹੈ। ਸੂਬੇ ਦੇ ਜ਼ਿਆਦਾਤਰ ਜੰਗਲ ਸਿਰਫ ਉੱਤਰ ਪੂਰਬੀ ਜ਼ਿਲਿਆਂ ਵਿਚ ਮੌਜੂਦ ਹਨ। ਇਥੇ ਇਹ ਵੀ ਵਰਨਣਯੋਗ ਹੈ ਕਿ ਭਾਰਤ ਦੀ ਰਾਸ਼ਟਰੀ ਵਣਾਂ ਅਧੀਨ ਰਕਬੇ ਦੀ ਔਸਤ 22 ਪ੍ਰਤੀਸ਼ਤ ਹੈ, ਜਿਸ ਦੇ ਮੁਕਾਬਲੇ ਪੰਜਾਬ ਦਾ ਜੰਗਲਾਂ ਅਧੀਨ ਖੇਤਰ ਨਾ-ਮਾਤਰ ਹੀ ਜਾਪਦਾ ਹੈ, ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ।
ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਪੰਜਾਬ ਵਿਚ ਵਾਤਾਵਰਣ ਦੀ ਸੰਭਾਲ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਬੇਸ਼ੱਕ ਪੰਜਾਬ ਵਿਚ ਖੇਤੀ ਅਧੀਨ ਰਕਬਾ ਵਧਾਉਣ ਲਈ ਜੰਗਲਾਂ ਦੀ ਵੱਡੇ ਪੱਧਰ 'ਤੇ ਕਟਾਈ ਕੀਤੀ ਗਈ ਹੈ ਪਰ ਹੁਣ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕ ਵੀ ਪੰਜਾਬ ਵਿਚ ਜੰਗਲਾਂ ਅਧੀਨ ਰਕਬਾ ਵਧਾਉਣ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਇਨ੍ਹਾਂ ਯਤਨਾਂ ਸਦਕਾ ਹੀ ਭਾਰਤੀ ਵਣ ਸਰਵੇਖਣ 2017 ਅਨੁਸਾਰ ਪੰਜਾਬ ਵਿਚ ਜੰਗਲਾਂ ਅਧੀਨ ਰਕਬੇ 'ਚ 66 ਵਰਗ ਕਿਲੋਮੀਟਰ ਦਾ ਵਾਧਾ ਹੋਇਆ ਹੈ।
ਪੰਜਾਬ ਨੂੰ ਮੁੜ ਹਰਿਆ-ਭਰਿਆ ਬਣਾਉਣ ਲਈ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਪੰਜਾਬ ਸਰਕਾਰਾਂ ਵਲੋਂ ਕਈ ਹਾਂ-ਪੱਖੀ ਕਦਮ ਚੁੱਕੇ ਜਾ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਹਰੇਕ ਪਿੰਡਾਂ ਵਿਚ 550 ਬੂਟੇ ਲਗਾ ਕੇ ਮਨਾਇਆ ਜਾ ਰਿਹਾ ਹੈ, ਘਰ-ਘਰ ਹਰਿਆਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿਚ ਸਰਕਾਰ, ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕ ਵੀ ਵੱਧ-ਚੜ੍ਹ ਕੇ ਆਪਣਾ ਯੋਗਦਾਨ ਪਾ ਰਹੇ ਹਨ ਅਤੇ ਸਰਕਾਰੀ ਅਦਾਰਿਆਂ, ਸਕੂਲਾਂ, ਕਾਲਜਾਂ, ਧਰਮਸ਼ਾਲਾਵਾਂ, ਪੰਚਾਇਤੀ ਜ਼ਮੀਨਾਂ ਅਤੇ ਸ਼ਮਸ਼ਾਨਘਾਟਾਂ ਆਦਿ ਦੀ ਖਾਲੀ ਪਈ ਜ਼ਮੀਨ 'ਤੇ ਪੌਦੇ ਲਗਾਏ ਜਾ ਰਹੇ ਹਨ।
ਭਾਰਤੀ ਵਣ ਨੀਤੀ ਅਨੁਸਾਰ ਸੂਬੇ ਦਾ 33 ਪ੍ਰਤੀਸ਼ਤ ਰਕਬਾ ਜੰਗਲਾਂ ਅਧੀਨ ਹੋਣਾ ਚਾਹੀਦਾ ਹੈ ਪਰ ਪੰਜਾਬ ਦਾ ਕੁੱਲ ਰਕਬਾ ਤਾਂ ਮਾਰੂਥਲੀ ਸੂਬੇ ਰਾਜਸਥਾਨ ਤੋਂ ਵੀ ਘੱਟ ਹੈ। ਸੋ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਵੱਧ ਤੋਂ ਵੱਧ ਖੇਤਰ ਵਿਚ ਦਰੱਖਤ ਲਗਵਾਉਣ ਦੀ ਲੋੜ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਵਿਚ ਪੱਟੀ ਜੰਗਲ (ਸੜਕਾਂ, ਨਹਿਰਾਂ, ਦਰਿਆਵਾਂ, ਰੇਲਵੇ ਲਾਈਨਾਂ ਦੇ ਕਿਨਾਰੇ ਰੁੱਖ ਲਗਾਉਣੇ) ਅਹਿਮ ਯੋਗਦਾਨ ਪਾ ਸਕਦੇ ਹਨ। ਪੰਜਾਬ ਵਿਚ ਸੜਕੀ ਮਾਰਗ ਦਾ ਇਕ ਵਿਕਸਿਤ ਜਾਲ ਹੈ ਜਦਕਿ ਸੜਕੀ ਪੱਟੀ ਜੰਗਲ ਕੁੱਲ ਵਣ ਰਕਬੇ ਦਾ ਸਿਰਫ 17% ਹਿੱਸਾ ਪਾ ਰਹੇ ਹਨ ਅਤੇ ਜ਼ਿਆਦਾਤਰ ਰਾਸ਼ਟਰੀ ਮਾਰਗ, ਰਾਜਮਾਰਗ, ਲਿੰਕ ਰੋਡ ਦਰੱਖਤਾਂ ਪੱਖੋਂ ਸੱਖਣੇ ਹਨ।
ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਸੰਭਵ ਕਿਵੇਂ ਹੋ ਸਕਦਾ ਹੈ? ਜੇਕਰ ਸੰਭਵ ਹੈ ਤਾਂ ਕਿਸ ਕਿਸਮ ਦੇ ਰੁੱਖ ਸੜਕਾਂ ਦੇ ਕਿਨਾਰਿਆਂ 'ਤੇ ਲਗਾਏ ਜਾਣ? ਜਵਾਬ ਹੈ, ਹਾਂ ਸੰਭਵ ਹੈ ਪਰ ਸੜਕਾਂ ਕਿਨਾਰੇ ਸਿਰਫ ਉਹ ਦਰੱਖਤ ਲਗਾਏ ਜਾਣ, ਜੋ ਲੋਕਾਂ ਖਾਸ ਕਰ ਕੇ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਪ੍ਰਭਾਵਿਤ ਨਾ ਕਰਨ। ਰੁੱਖ ਉੱਪਰ ਅਤੇ ਹੇਠਾਂ ਦੋਵੇਂ ਪਾਸੇ ਵਧਦੇ ਹਨ, ਰੁੱਖਾਂ ਦੀਆਂ ਜੜ੍ਹਾਂ ਹੇਠਾਂ ਵੱਲ ਅਤੇ ਟਾਹਣੀਆਂ ਉੱਪਰ ਵੱਲ ਫੈਲਦੀਆਂ ਹਨ, ਜਿਸ ਕਾਰਣ ਟਾਹਣੀਆਂ ਅਤੇ ਪੱਤਿਆਂ ਦੇ ਹੇਠਾਂ ਧਰਤੀ ਛਾਂਦਾਰ ਬਣ ਜਾਂਦੀ ਹੈ ਕਿਉਂਕਿ ਜ਼ਿਆਦਾਤਰ ਸੜਕੀ ਮਾਰਗਾਂ ਨਾਲ ਖੇਤੀ ਯੋਗ ਭੂਮੀ ਲਗਦੀ ਹੈ ਤਾਂ ਇਹ ਛਾਂ ਫਸਲਾਂ (ਜਿਵੇਂਕਿ ਕਣਕ, ਚੌਲ ਆਦਿ) ਦੇ ਉਤਪਾਦਨ 'ਤੇ ਮਾੜਾ ਪ੍ਰਭਾਵ ਪਾਉਂਦੀ ਹੈ, ਜਿਸ ਕਾਰਣ ਫਸਲਾਂ ਦਾ ਉਤਪਾਦਨ ਘਟਦਾ ਹੈ। ਸ਼ਾਇਦ ਇਹੋ ਕਾਰਣ ਹੈ ਕਿ ਸੜਕਾਂ ਦੇ ਕਿਨਾਰੇ ਰੁੱਖਾਂ ਦੀ ਗਿਣਤੀ ਘੱਟ ਰੱਖੀ ਹੈ।
ਪਰ ਇਸ ਗਿਣਤੀ ਨੂੰ ਇਕ ਮੁਨਾਫੇਯੋਗ ਦਿਸ਼ਾ ਰਾਹੀਂ ਵਧਾਇਆ ਜਾ ਸਕਦਾ ਹੈ, ਜਿਸ ਨਾਲ ਕੁਦਰਤ ਅਤੇ ਕਿਸਾਨ ਦੋਵਾਂ ਨੂੰ ਮੁਨਾਫਾ ਹੋਵੇਗਾ। ਜੇਕਰ ਸੜਕਾਂ ਦੇ ਕਿਨਾਰੇ ਫਲਦਾਰ ਰੁੱਖ ਜਿਵੇਂ ਕਿ ਅੰਬ, ਕਿੰਨੂੰ, ਸੰਗਤਰਾ, ਨਿੰਬੂ, ਅਮਰੂਦ, ਨਾਸ਼ਪਤੀ ਆਦਿ ਲਗਾਏ ਜਾਣ ਅਤੇ ਜਿਸ ਕਿਸਾਨ ਦੀ ਜ਼ਮੀਨ ਸੜਕ ਨਾਲ ਲੱਗਦੀ ਹੈ, ਉਸਨੂੰ ਹੀ ਇਨ੍ਹਾਂ ਪੌਦਿਆਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਦਿੱਤੀ ਜਾਵੇ ਅਤੇ ਨਾਲ ਹੀ ਉਨ੍ਹਾਂ ਰੁੱਖਾਂ 'ਤੇ ਲੱਗਣ ਵਾਲੇ ਫਲਾਂ ਨੂੰ ਤੋੜ ਕੇ ਵੇਚਣ ਦਾ ਹੱਕ ਵੀ ਉਕਤ ਕਿਸਾਨ ਨੂੰ ਹੀ ਦਿੱਤਾ ਜਾਵੇ। ਇਸ ਨਾਲ ਕਿਸਾਨ ਦਾ ਜੋ ਫਸਲੀ ਨੁਕਸਾਨ ਰੁੱਖਾਂ ਦੀ ਮਾਰ ਨਾਲ ਹੁੰਦਾ ਹੈ, ਉਸ ਦੀ ਪੂਰਤੀ ਉਹ ਰੁੱਖ ਆਪ ਹੀ ਕਰ ਦੇਣਗੇ।
ਜੇਕਰ ਚੰਗੀ ਕਿਸਮ ਦੇ ਫਲਾਂ ਦੇ ਬੂਟੇ ਪੂਰੀ ਸਾਂਭ-ਸੰਭਾਲ ਨਾਲ ਸੜਕਾਂ ਦੇ ਕਿਨਾਰੇ ਲਗਾਏ ਜਾਣ ਤਾਂ ਆਉਣ ਵਾਲੇ 3-4 ਸਾਲਾਂ ਵਿਚ ਪੰਜਾਬ 'ਚ ਫਲਾਂ ਦੇ ਉਤਪਾਦਨ ਵਿਚ ਇੰਨਾ ਵਾਧਾ ਹੋ ਸਕਦਾ ਹੈ ਕਿ ਜਿਸ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ਇਕ ਚੰਗੀ ਕਿਸਮ ਦਾ ਕਿੰਨੂੰ ਦਾ ਬੂਟਾ ਇਕ ਸਾਲ ਵਿਚ ਔਸਤਨ 110-120 ਕਿਲੋਗ੍ਰਾਮ, ਅਮਰੂਦ 50-60 ਕਿਲੋਗ੍ਰਾਮ, ਨਾਸ਼ਪਤੀ 60-70 ਕਿਲੋਗ੍ਰਾਮ, ਅੰਬ 60-70 ਕਿਲੋਗ੍ਰਾਮ ਪ੍ਰਤੀ ਬੂਟਾ ਝਾੜ ਦੇ ਸਕਦੇ ਹਨ, ਜਿਸ ਨਾਲ ਸੂਬੇ ਦੇ ਫਲਾਂ ਦੇ ਉਤਪਾਦਨ ਵਿਚ ਵਾਧਾ ਹੋਵੇਗਾ ਅਤੇ ਨਾਲ ਹੀ ਕਿਸਾਨਾਂ, ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ। ਸੋ ਜੇਕਰ ਸੜਕਾਂ ਦੇ ਕਿਨਾਰਿਆਂ ਨਾਲ ਫਲਦਾਰ ਰੁੱਖ ਲਗਾਏ ਜਾਣ ਤਾਂ ਵਾਤਾਵਰਣ ਦਾ ਵੀ ਬਚਾਅ ਹੋਵੇਗਾ, ਪੰਜਾਬ ਵਿਚ ਰੁੱਖਾਂ ਦੀ ਗਿਣਤੀ ਵਧੇਗੀ, ਪੰਛੀਆਂ ਨੂੰ ਘਰ ਮਿਲੇਗਾ, ਸੜਕੀ ਕਿਨਾਰਿਆਂ 'ਤੇ ਜ਼ਮੀਨ ਨਹੀਂ ਖੁਰੇਗੀ, ਸੜਕੀ ਸਫਰ ਛਾਂਦਾਰ, ਸ਼ਾਨਦਾਰ ਅਤੇ ਸੁਹਾਵਣਾ ਬਣੇਗਾ।

                                                                                               —ਰਣਦੀਪ ਸਿੰਘ


KamalJeet Singh

Content Editor

Related News