ਪ੍ਰਤੱਖ ਤੌਰ ''ਤੇ ਗਲਤ ਹਨ ਮੋਦੀ ਦੇ ਦਾਅਵੇ

Sunday, May 05, 2019 - 05:35 AM (IST)

ਮੇਰੇ ਸਾਹਮਣੇ 1 ਮਈ ਦੇ ਇਕ ਅੰਗਰੇਜ਼ੀ ਅਖਬਾਰ ਦੀ ਕਾਪੀ ਹੈ ਅਤੇ ਮੈਂ ਚੋਣਾਂ ਨਾਲ ਸਬੰਧਤ ਵੱਖ-ਵੱਖ ਰਿਪੋਰਟਾਂ ਪੜ੍ਹ ਰਿਹਾ ਹਾਂ। ਇਸ 'ਚ ਇਕ ਸਟੋਰੀ ਪ੍ਰਮੁੱਖ ਸੁਰਖ਼ੀ ਨਾਲ ਹੈ–'ਜਿਸ ਪਾਰਟੀ ਦਾ ਲੋਕ ਸਭਾ 'ਚ ਅਪੋਜ਼ੀਸ਼ਨ ਲੀਡਰ ਨਹੀਂ ਬਣ ਸਕਦਾ, ਉਹ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਸੁਪਨੇ ਲੈ ਰਹੀ ਹੈ : ਮੋਦੀ'। ਇਸ 'ਚ ਨਰਿੰਦਰ ਮੋਦੀ ਦੇ ਲਖਨਊ ਤੇ ਮੁਜ਼ੱਫਰਪੁਰ ਆਦਿ 'ਚ ਦਿੱਤੇ ਭਾਸ਼ਣਾਂ ਨੂੰ ਕਾਫੀ ਵਿਸਥਾਰ ਨਾਲ ਦੱਸਿਆ ਗਿਆ ਹੈ।
ਭਾਰਤ ਦਾ ਸਭ ਤੋਂ ਵੱਡਾ ਸੂਬਾ ਉੱਤਰ ਪ੍ਰਦੇਸ਼ ਸਾਰੀਆਂ ਸਿਆਸੀ ਪਾਰਟੀਆਂ ਲਈ ਲੜਾਈ ਦਾ ਅਹਿਮ ਮੈਦਾਨ ਹੈ। ਇਸ ਵਾਰ ਇਹ ਭਾਜਪਾ ਲਈ ਇਸ ਕਰਕੇ ਜ਼ਿਆਦਾ ਅਹਿਮ ਹੈ ਕਿਉਂਕਿ ਉਹ 2014 'ਚ ਜਿੱਤੀਆਂ 71 ਸੀਟਾਂ (80 'ਚੋਂ) ਨੂੰ ਬਰਕਰਾਰ ਰੱਖਣ ਲਈ ਲੜ ਰਹੀ ਹੈ। ਇਨ੍ਹਾਂ ਹੀ 71 ਸੀਟਾਂ ਨੇ ਭਾਜਪਾ ਨੂੰ ਲੋਕ ਸਭਾ 'ਚ ਬਹੁਮਤ ਨਾਲ ਸਰਕਾਰ ਬਣਾਉਣ 'ਚ ਮਦਦ ਕੀਤੀ ਸੀ।
ਜੇ ਭਾਜਪਾ ਹੁਣ ਯੂ. ਪੀ. 'ਚ ਜਿੱਤੀਆਂ ਗਈਆਂ ਸੀਟਾਂ 'ਚੋਂ ਅੱਧੀਆਂ ਵੀ ਹਾਰ ਜਾਂਦੀ ਹੈ ਤਾਂ ਉਹ ਆਪਣੇ ਦਮ 'ਤੇ ਸਰਕਾਰ ਨਹੀਂ ਬਣਾ ਸਕੇਗੀ। ਇਸ ਲਈ ਹੈਰਾਨੀ ਵਾਲੀ ਕੋਈ ਗੱਲ ਨਹੀਂ ਕਿ ਮੋਦੀ ਆਪਣਾ ਬਹੁਤ ਸਾਰਾ ਸਮਾਂ ਯੂ. ਪੀ. 'ਚ ਲਾ ਰਹੇ ਹਨ। ਇਸ 'ਚ ਕੁਝ ਗਲਤ ਵੀ ਨਹੀਂ, ਸਿਵਾਏ ਇਸ ਦੇ ਕਿ ਹਰੇਕ ਭਾਸ਼ਣ ਨਾਲ ਮੋਦੀ ਹੋਰ ਜ਼ਿਆਦਾ ਅਸਾਧਾਰਨ ਦਾਅਵੇ ਅਤੇ ਖ਼ੁਦ ਨੂੰ 'ਭੋਲ਼ਾ' ਸਿੱਧ ਕਰ ਰਹੇ ਹਨ। ਉਹ ਸਕੂਲ ਜਾਂ ਕਾਲਜ 'ਚ ਪੜ੍ਹੇ ਔਸਤਨ ਵੋਟਰ ਦੀ ਸਮਝ ਨੂੰ ਚੁਣੌਤੀ ਦੇ ਰਹੇ ਹਨ ਅਤੇ ਕਿਸੇ ਵਿਅਕਤੀ ਦੀ ਸੱਚਾਈ ਨਾਲ ਆਜ਼ਾਦੀ ਦੀ ਹੱਦ ਦਾ ਵੀ ਪ੍ਰੀਖਣ ਕਰ ਰਹੇ ਹਨ। ਮੋਦੀ ਦੇ ਦਾਅਵਿਆਂ 'ਤੇ ਧਿਆਨ ਦਿੰਦੇ ਹਾਂ :

ਕੋਈ ਬੰਬ ਧਮਾਕੇ ਨਹੀਂ
ਅੱਤਵਾਦ ਨਾਲ ਲੜਾਈ 'ਚ ਅਸਮਰੱਥਾ ਲਈ ਕਾਂਗਰਸ ਤੇ ਹੋਰਨਾਂ ਪਾਰਟੀਆਂ ਦਾ ਵਿਰਲਾਪ ਕਰਨ ਤੋਂ ਬਾਅਦ ਮੋਦੀ ਨੇ ਕਿਹਾ ਕਿ ''ਕੀ ਤੁਸੀਂ ਮੰਦਰਾਂ, ਬਾਜ਼ਾਰਾਂ, ਰੇਲਵੇ ਸਟੇਸ਼ਨਾਂ ਜਾਂ ਬੱਸ ਅੱਡਿਆਂ 'ਤੇ ਹੁਣ ਧਮਾਕੇ ਸੁਣੇ ਹਨ? ਕੀ ਇਹ ਬੰਬ ਧਮਾਕੇ ਰੁਕੇ ਹਨ ਜਾਂ ਨਹੀਂ? ਉਹ ਮੋਦੀ ਦੇ ਡਰ ਕਾਰਨ ਰੁਕੇ ਹਨ।''
ਇਸ ਤੋਂ ਪਹਿਲਾਂ ਮੋਦੀ ਨੇ ਵਾਰ-ਵਾਰ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ 5 ਵਰ੍ਹਿਆਂ ਦੇ ਕਾਰਜਕਾਲ ਦੌਰਾਨ ਕੋਈ ਬੰਬ ਧਮਾਕੇ ਨਹੀਂ ਹੋਏ। ਬਦਕਿਸਮਤੀ ਨਾਲ ਤੱਥ ਕੁਝ ਹੋਰ ਕਹਿੰਦੇ ਹਨ। ਮੈਂ ਇਥੇ ਪਿਛਲੇ 5 ਸਾਲਾਂ 'ਚ ਹੋਏ ਪ੍ਰਮੁੱਖ ਬੰਬ ਧਮਾਕਿਆਂ ਦੀ ਇਕ ਅੰਸ਼ਿਕ ਸੂਚੀ ਦੇ ਰਿਹਾ ਹਾਂ, ਜਿਸ 'ਚ ਇਕ ਘਟਨਾ ਉਸ ਦਿਨ ਦੀ ਵੀ ਹੈ, ਜਿਸ ਦਿਨ ਮੋਦੀ ਨੇ ਝੂਠਾ ਦਾਅਵਾ ਕੀਤਾ ਸੀ। ਸੂਚੀ ਇਸ ਤਰ੍ਹਾਂ ਹੈ :

ਤਰੀਕ                    ਸਥਾਨ                     ਮੌਤਾਂ

05.12.2014         ਮੋਹਰਾ (ਕਸ਼ਮੀਰ)        10
10.04.2015         ਦਾਂਤੇਵਾੜਾ                  05
27.01.2016         ਪਲਾਮੂ                      06
19.07.2016         ਔਰੰਗਾਬਾਦ (ਬਿ.)        10
02.02.2017         ਕੋਰਾਪੁਟ                    07
10.05.2017         ਸੁਕਮਾ                      25
27.10.2018         ਅਵਾਪੱਲੀ (ਛ.)           04
14.02.2019         ਪੁਲਵਾਮਾ                  44
09.04.2019         ਦਾਂਤੇਵਾੜਾ                 5*
01.05.2019         ਗੜ੍ਹਚਿਰੌਲੀ            15
                    * ਭਾਜਪਾ ਵਿਧਾਇਕ ਸਮੇਤ

ਇਤਿਹਾਸ ਤੋਂ ਸਬਕ
ਮੋਦੀ ਦਾ ਇਕ ਹੋਰ ਪਸੰਦੀਦਾ ਵਿਸ਼ਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਵਿਰੁੱਧ ਪਹਿਲੀ 'ਸਰਜੀਕਲ ਸਟ੍ਰਾਈਕ' ਕੀਤੀ ਤੇ ਇਸ ਤੋਂ ਪਹਿਲਾਂ ਵਾਲੀ ਕਿਸੇ ਵੀ ਸਰਕਾਰ ਨੇ ਭਾਰਤੀ ਫੌਜ ਨੂੰ ਸਰਹੱਦ ਪਾਰ ਕਰਨ ਅਤੇ ਪਾਕਿਸਤਾਨ ਦੇ ਇਲਾਕੇ 'ਚ ਦਾਖਲ ਹੋਣ ਦਾ ਅਧਿਕਾਰ ਨਹੀਂ ਦਿੱਤਾ ਸੀ।
ਮੈਨੂੰ ਹੈਰਾਨੀ ਹੋਵੇਗੀ ਕਿ ਜੇ ਮੋਦੀ ਨੇ ਨਹੀਂ ਸੁਣਿਆ (ਜਾਂ ਪੜ੍ਹਿਆ) ਕਿ ਫੌਜ ਨੇ 1965 ਅਤੇ 1971 'ਚ ਕੀ ਕੀਤਾ ਸੀ? ਕੀ ਭਾਰਤੀ ਸੁਰੱਖਿਆ ਬਲਾਂ ਨੇ ਪਾਕਿਸਤਾਨ ਦੇ ਇਲਾਕੇ 'ਚ ਦਾਖਲ ਹੋਏ ਬਿਨਾਂ ਜੰਗਾਂ ਜਿੱਤੀਆਂ ਅਤੇ 1971 'ਚ ਬੰਗਲਾਦੇਸ਼ ਨੂੰ ਆਜ਼ਾਦ ਕਰਵਾਇਆ? ਇਸ ਤੋਂ ਇਲਾਵਾ ਫੌਜ ਦੇ ਜਵਾਨਾਂ ਨੇ ਸੰਕੇਤ ਦਿੱਤਾ ਹੈ ਕਿ ਮੋਦੀ ਦਾ ਦਾਅਵਾ ਗਲਤ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਸੀ ਅਤੇ ਆਖਰੀ ਵੀ ਨਹੀਂ ਹੋਵੇਗਾ। ਇਥੇ ਸਰਹੱਦ ਪਾਰ ਪਹਿਲਾਂ ਕੀਤੀਆਂ ਗਈਆਂ ਕਾਰਵਾਈਆਂ ਦੀ ਸੂਚੀ ਦੇ ਰਹੇ ਹਾਂ :

21.1.2000 : ਨਡਾਲਾ ਇਨਕਲੇਵ, ਨੀਲਮ ਨਦੀ ਦੇ ਪਾਰ
18.9.2003 : ਬਾਰੋਹ ਸੈਕਟਰ, ਪੁੰਛ
19.6.2008 : ਭੱਟਲ ਸੈਕਟਰ, ਪੁੰਛ
30.8.2011 : ਸ਼ਾਰਦਾ ਸੈਕਟਰ, ਨੀਲਮ ਨਦੀ ਦੇ ਪਾਰ
6.1.2013 : ਸਾਵਨ ਪਾਤਰ ਚੈੱਕ ਪੋਸਟ
27.7.2013 : ਨਾਜ਼ਾਪੀਰ ਸੈਕਟਰ
6.8.2013 : ਨੀਲਮ ਘਾਟੀ

ਨਰਿੰਦਰ ਮੋਦੀ ਸਿਰਫ ਇਕ ਸਿਆਸੀ ਪਾਰਟੀ ਦੇ ਨੇਤਾ ਤੇ ਪ੍ਰਚਾਰਕ ਨਹੀਂ ਹਨ, ਉਹ ਭਾਰਤ ਦੇ ਪ੍ਰਧਾਨ ਮੰਤਰੀ ਹਨ। ਲੋਕ ਹੈਰਾਨ ਹਨ ਕਿ ਦੇਸ਼ ਦਾ ਪ੍ਰਧਾਨ ਮੰਤਰੀ ਵਾਰ-ਵਾਰ ਝੂਠ ਕਿਉਂ ਦੁਹਰਾਅ ਰਿਹਾ ਹੈ? ਇਹ ਯਾਦਦਾਸ਼ਤ ਜਾਣ ਦਾ ਮਾਮਲਾ ਤਾਂ ਹੋ ਨਹੀਂ ਸਕਦਾ ਕਿਉਂਕਿ ਮੋਦੀ ਨੇ ਵਾਰ-ਵਾਰ ਯਾਦ ਦਿਵਾਇਆ ਹੈ ਕਿ ਬੰਬ ਧਮਾਕਿਆਂ ਤੇ ਸਰਜੀਕਲ ਸਟ੍ਰਾਈਕ ਬਾਰੇ ਉਨ੍ਹਾਂ ਦੇ ਦਾਅਵੇ ਪ੍ਰਤੱਖ ਤੌਰ 'ਤੇ ਗਲਤ ਹਨ। ਇਹ ਇਕ ਚਲਾਕੀ ਭਰੀ ਚੋਣ ਰਣਨੀਤੀ ਵੀ ਨਹੀਂ ਹੋ ਸਕਦੀ ਕਿਉਂਕਿ ਲੋਕ ਜਦੋਂ ਵਾਰ-ਵਾਰ ਝੂਠ ਸੁਣਨਗੇ ਤਾਂ ਉਨ੍ਹਾਂ ਨੂੰ ਗੁੱਸਾ ਆ ਜਾਵੇਗਾ। ਮੇਰਾ ਮੰਨਣਾ ਹੈ ਕਿ ਇਸ ਦੇ ਜਵਾਬ ਮੋਦੀ ਦੀ ਸ਼ਖ਼ਸੀਅਤ 'ਚ ਡੂੰਘੀ ਪੈਠ ਬਣਾ ਚੁੱਕੇ ਹਨ।

ਅਸਲੀ ਮੁੱਦਿਆਂ 'ਤੇ ਚੁੱਪ
ਹੁਣੇ ਜਿਹੇ ਮੋਦੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਹੇਠਲੇ ਮੂਲ (ਚਾਹ ਵਾਲਾ) ਜਾਂ ਆਪਣੀ ਜਾਤ (ਓ. ਬੀ. ਸੀ.) ਦਾ ਹਵਾਲਾ ਨਹੀਂ ਦਿੱਤਾ। ਇਸ 'ਤੇ ਮੈਂ ਹੈਰਾਨ ਹੋ ਗਿਆ ਤੇ ਕੁਝ ਖੋਜ ਕੀਤੀ। ਮੋਦੀ ਵਲੋਂ ਕਈ ਵਾਰ ਇਸ ਬਾਰੇ ਟਿੱਪਣੀਆਂ ਕੀਤੀਆਂ ਗਈਆਂ ਹਨ। ਮੈਂ ਦੇਖਿਆ ਕਿ ਸਭ ਤੋਂ ਪਹਿਲਾਂ ਉਨ੍ਹਾਂ ਨੇ 28 ਸਤੰਬਰ 2014 ਨੂੰ ਖ਼ੁਦ ਨੂੰ 'ਚਾਹ ਵਾਲਾ' ਕਿਹਾ ਸੀ ਅਤੇ ਉਸ ਤੋਂ ਬਾਅਦ ਕਈ ਵਾਰ ਕਹਿ ਚੁੱਕੇ ਹਨ।
ਇਸੇ ਤਰ੍ਹਾਂ ਕਈ ਅਜਿਹੀਆਂ ਟਿੱਪਣੀਆਂ ਹਨ, ਜਦੋਂ ਮੋਦੀ ਨੇ ਆਪਣੀ ਪੱਛੜੀ ਜਾਤ ਦੇ ਦਰਜੇ ਦਾ ਹਵਾਲਾ ਦਿੱਤਾ। ਇਸ ਦੀਆਂ ਦੋ ਮਿਸਾਲਾਂ 25 ਮਾਰਚ 2018 ਅਤੇ 18 ਅਪ੍ਰੈਲ 2018 ਦੀਆਂ ਹਨ। ਇਥੇ ਉਨ੍ਹਾਂ ਦੇ ਅਸਲੀ ਸ਼ਬਦਾਂ ਨੂੰ ਦੁਹਰਾਉਣਾ ਸ਼ਰਮਨਾਕ ਹੋਵੇਗਾ ਕਿਉਂਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਹਨ ਅਤੇ ਮੈਂ ਉਸ ਅਹੁਦੇ ਦਾ ਸਨਮਾਨ ਕਰਦਾ ਹਾਂ। ਮੋਦੀ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਕੋਈ ਵੀ ਉਨ੍ਹਾਂ ਦੇ ਤੱਥਾਂ ਦੀ ਨਾਲੋ-ਨਾਲ ਜਾਂਚ ਨਹੀਂ ਕਰ ਰਿਹਾ, ਜਿਵੇਂ ਕਿ ਟਰੰਪ ਦੇ ਭਾਸ਼ਣਾਂ ਦੀ।
ਅਫਸੋਸਨਾਕ ਪਹਿਲੂ ਇਹ ਹੈ ਕਿ ਬਹੁਤ ਸਾਰੇ ਅਜਿਹੇ ਅਸਲੀ ਮੁੱਦੇ ਹਨ, ਜਿਨ੍ਹਾਂ 'ਤੇ ਪ੍ਰਧਾਨ ਮੰਤਰੀ ਬੋਲ ਸਕਦੇ ਹਨ ਤੇ ਲੋਕ ਪ੍ਰਧਾਨ ਮੰਤਰੀ ਤੋਂ ਉਨ੍ਹਾਂ ਮੁੱਦਿਆਂ ਬਾਰੇ ਸੁਣਨਾ ਚਾਹੁੰਦੇ ਹਨ ਪਰ ਹੈਰਾਨੀਜਨਕ ਕਾਰਨਾਂ ਕਰਕੇ ਮੋਦੀ ਆਪਣੀ ਪਾਰਟੀ ਦੇ ਚੋਣ ਮੈਨੀਫੈਸਟੋ ਬਾਰੇ ਨਹੀਂ ਬੋਲਣਗੇ। ਉਹ ਬੇਰੋਜ਼ਗਾਰੀ ਅਤੇ ਨੌਕਰੀਆਂ ਬਾਰੇ ਨਹੀਂ ਬੋਲਣਗੇ, ਕਿਸਾਨਾਂ ਦੇ ਸੰਕਟ ਅਤੇ ਕਰਜ਼ੇ ਬਾਰੇ ਨਹੀਂ ਬੋਲਣਗੇ, ਉਹ ਖੇਤੀ ਉਤਪਾਦਾਂ ਦੀਆਂ ਘਟਦੀਆਂ ਕੀਮਤਾਂ ਜਾਂ ਫਸਲ ਬੀਮਾ ਯੋਜਨਾ ਦੀ ਵੱਡੀ ਨਾਕਾਮੀ ਬਾਰੇ ਨਹੀਂ ਬੋਲਣਗੇ ਅਤੇ ਨਾ ਹੀ ਉਹ ਔਰਤਾਂ, ਦਲਿਤਾਂ, ਅਨੁਸੂਚਿਤ ਜਾਤਾਂ, ਸਿੱਖਿਆ ਮਾਹਿਰਾਂ, ਵਿਦਵਾਨਾਂ, ਪੱਤਰਕਾਰਾਂ, ਐੱਨ. ਜੀ. ਓਜ਼ ਆਦਿ ਦੇ ਡਰ ਬਾਰੇ ਬੋਲਣਗੇ।
ਨਰਿੰਦਰ ਮੋਦੀ ਅਜਿਹਾ ਅਹਿਸਾਸ ਦੇ ਰਹੇ ਹਨ ਕਿ ਜਿਹੜੇ ਚੰਗੇ ਦਿਨਾਂ ਦਾ ਵਾਅਦਾ ਉਨ੍ਹਾਂ ਨੇ ਕੀਤਾ ਸੀ, ਉਹ ਆ ਗਏ ਹਨ। ਲੋਕ ਜਾਣਦੇ ਹਨ ਕਿ ਚੰਗੇ ਦਿਨ ਨਹੀਂ ਹਨ। ਲੋਕ ਥੱਕ ਚੁੱਕੇ ਹਨ ਅਤੇ ਝੂਠ ਸੁਣ-ਸੁਣ ਕੇ ਗੁੱਸੇ 'ਚ ਹਨ। ਉਹ ਸੱਚ ਦੀਆਂ ਕੁਝ ਖੁਰਾਕਾਂ ਲਈ ਤੜਫ ਰਹੇ ਹਨ।

                                                                                                         —ਪੀ. ਚਿਦਾਂਬਰਮ


KamalJeet Singh

Content Editor

Related News