ਲਾਹੌਰ ਦਾ ਪੁੱਤਰ ‘ਕੁਲਦੀਪ ਨਈਅਰ’

Sunday, Oct 21, 2018 - 06:19 AM (IST)

ਹੋ ਸਕਦਾ ਏ ਕਿਸੇ ਨੇ ਏਸ ਵੱਲ ਧਿਆਨ ਨਾ ਦਿੱਤਾ ਹੋਵੇ, ਫੇਸਬੁੱਕ ’ਤੇ ਲੱਗੀ ਇਹ ਇਕ ਨਿੱਕੀ ਜਿਹੀ ਤਸਵੀਰ ਸੀ। ਲਾਹੌਰ ’ਚੋਂ ਲੰਘਦੇ ਰਾਵੀ ਦਰਿਆ ਵਿਚ ਇਕ ਨਿੱਕੀ ਜਿਹੀ ਚੱਪੂਆਂ ਵਾਲੀ ਬੇੜੀ ਏ, ਜਿਸ ਵਿਚ ਕੁਝ ਬੰਦੇ ਬੈਠੇ ਹਨ। ਇਨ੍ਹਾਂ ਵਿਚ ਇਕ ਫਾਰੂਕ ਤਾਰਿਕ ਹੈ ਤੇ ਦੂਜਾ ਐਤਜ਼ਾਜ਼ ਅਹਿਸਾਨ ਹੈ, ਬਾਕੀ ਬੰਦੇ ਓਪਰੇ ਹਨ, ਜਿਨ੍ਹਾਂ ’ਚ ਇਕ ਔਰਤ ਵੀ ਹੈ। ਤਸਵੀਰ ਦੇ ਥੱਲੇ ਲਿਖਿਆ ਹੋਇਆ ਹੈ-ਕੁਲਦੀਪ ਨਈਅਰ ਦੀ ਵਸੀਅਤ ਮੁਤਾਬਕ ਉਹਦੇ ਖਾਨਦਾਨ ਦੇ ਲੋਕ ਉਹਦੇ ਫੁੱਲ (ਅਸਥੀਆਂ) ਲਾਹੌਰ ਆ ਕੇ ਰਾਵੀ ਦੇ ਪਾਣੀ ’ਚ ਰਲ਼ਾ ਰਹੇ ਹਨ।
ਇਸ ਤਸਵੀਰ ਨੇ ਮੇਰੇ ਮਾਜ਼ੀ ਵਿਚ ਕਈ ਤਾਰਾਂ ਨੂੰ ਛੇੜ ਕੇ ਰਾਗਾਂ ਦਾ ਇਕ ਸਿਲਸਿਲਾ ਛੋਹ ਦਿੱਤਾ। ਮੈਂ ਬੁੱਲ੍ਹ ਚਿੱਥਦਾ ਹੋਇਆ, ਹੰਝੂਆਂ, ਵੈਰਾਗ ਤੇ ਵਿਛੋੜੇ ਦੇ ਡੱਕੇ-ਡੋਲੇ ਖਾਂਦਾ ਯਾਦਾਂ ਵਿਚ ਗੁਆਚ ਜਾਂਦਾ ਹਾਂ। ਇਹ ਸ਼ਾਇਦ 1978 ਜਾਂ 1979 ਦੀ ਗੱਲ ਹੈ, ਮੇਰੇ ਇਕ ਸਵੀਡਿਸ਼ ਦੋਸਤ ਨੇ ਕਿਹਾ :
 ‘‘ਸਟਾਕਹੋਮ ਦੇ ਪੁਰਾਣੇ ਸ਼ਹਿਰ ਗਾਮਲਾਸਤਾਨ ਵਿਚ ਇਕ ਸੈਮੀਨਾਰ ਹੋ ਰਿਹਾ ਹੈ, ਜਿਸ ਵਿਚ ਹਿੱਸਾ ਲੈਣ ਲਈ ਬਾਹਰਲੇ ਮੁਲਕਾਂ ਤੋਂ ਵੀ ਲੋਕ ਆਉਣੇ ਸਨ ਪਰ ਕਿਸੇ ਵਜ੍ਹਾ ਕਰਕੇ ਬਹੁਤ ਸਾਰਿਆਂ ਨੂੰ ਵੀਜ਼ੇ ਨਹੀਂ ਮਿਲੇ ਤੇ ਬੋਲਣ ਵਾਲਿਆਂ ਦੀ ਗਿਣਤੀ ਘਟ ਗਈ। ਇਹ ਖਾਲੀ ਜਗ੍ਹਾ ਪੁਰ ਕਰਨ ਲਈ ਉਨ੍ਹਾਂ ਨੂੰ ਬੋਲਣ ਵਾਲਿਆਂ ਦੀ ਲੋੜ ਹੈ। ਤੂੰ ਸਵੇਰੇ ਇਸ ਸੈਮੀਨਾਰ ਵਿਚ ਚਲਾ ਜਾ। ਉਨ੍ਹਾਂ ਨੂੰ ਦੱਸੀਂ ਕਿ ਤੂੰ ਪਾਕਿਸਤਾਨ ਤੋਂ ਹੈਂ, ਨਾਲ ਮੇਰਾ ਹਵਾਲਾ ਦੇਵੀਂ ਕਿ ਮੈਂ ਤੈਨੂੰ ਘੱਲਿਆ ਹੈ।’’
‘‘ਜੀ ਅੱਛਾ’’, ਮੈਂ ਉਹਨੂੰ ਜਵਾਬ ਦਿੱਤਾ।
ਅਗਲੇ ਦਿਨ ਮੈਂ ਆਪਣੇ ਇਕ ਦੋਸਤ ਨੂੰ ਨਾਲ ਲੈ ਕੇ ਲੱਭਦਾ-ਲੱਭਦਾ ਸੈਮੀਨਾਰ ਵਾਲੀ ਥਾਂ ’ਤੇ ਪਹੁੰਚ ਗਿਆ। ਸੈਮੀਨਾਰ ਦਾ ਬੰਦੋਬਸਤ ਕਰਨ ਵਾਲਿਆਂ ਨੂੰ ਆਪਣੇ ਸਵੀਡਿਸ਼ ਦੋਸਤ ਦਾ ਸੁਨੇਹਾ ਦਿੱਤਾ ਤੇ ਉਨ੍ਹਾਂ ਨੇ ਬਹੁਤ ਆਓ ਭਗਤ ਕੀਤੀ। ਬੋਲਣ ਵਾਲਿਆਂ ਦੀ ਲਿਸਟ ਵਿਚ ਮੇਰਾ ਨਾਂ ਵੀ ਲਿਖ ਲਿਆ। 
ਅੱਜ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਕਿ ਉਸ ਸੈਮੀਨਾਰ ਦਾ ਮੁੱਦਾ ਕੀ ਸੀ? ਸਿਰਫ ਇਕੋ ਗੱਲ ਯਾਦ ਰਹਿ ਗਈ, ਜਿਸ ਨੂੰ ਮੈਂ ਉਸ ਸੈਮੀਨਾਰ ਦਾ ਦਿੱਤਾ ਵਡਮੁੱਲਾ ਤੋਹਫਾ ਕਹਿੰਦਾ ਹਾਂ। ਇਹ ਸੀ ਕੁਲਦੀਪ ਨਈਅਰ ਨਾਲ ਮੁਲਾਕਾਤ। ਕੁਲਦੀਪ ਨਈਅਰ ਇਕੱਲਾ ਬੰਦਾ ਹਿੰਦੁਸਤਾਨ ਤੋਂ ਆਇਆ ਸੀ। ਸੈਮੀਨਾਰ ਵਿਚ ਉਹ ਡਾਇਸ ’ਤੇ ਜਾ ਕੇ ਵੀ ਬੋਲਿਆ ਤੇ ਬਹਿਸ ਵਿਚ ਵੀ ਹਿੱਸਾ ਲਿਆ। ਉਹਨੂੰ ਜਦ ਪਤਾ ਲੱਗਾ ਕਿ ਅਸੀਂ ਪਾਕਿਸਤਾਨ ਤੇ ਲਾਹੌਰ ਤੋਂ ਹਾਂ ਤੇ ਉਹਨੂੰ ਚਾਅ ਚੜ੍ਹ ਗਿਆ। ਉਹਦੇ ਜਜ਼ਬਾਤ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਜਿਵੇਂ ਉਹ ਪ੍ਰਦੇਸ਼ ਵਿਚ ਆਪਣੇ ਟੱਬਰ ਦੇ ਬੰਦਿਆਂ ਨੂੰ ਮਿਲ ਪਿਆ ਹੋਵੇ। 
ਪਾਕਿਸਤਾਨ ਦੀ ਪਰਵਰਿਸ਼ ਰਾਹੀਂ ਬਣੀ ਮੇਰੀ ਹਿੰਦੂ ਵਾਲੀ ਤਸਵੀਰ ਧੜੰਮ ਕਰ ਕੇ ਆ ਡਿੱਗੀ, ਨਾ ਉਹਦੀ ਬੋਦੀ, ਨਾ ਤਨ ’ਤੇ ਲਾਂਗੜ, ਨਾ ਗਲੋਂ ਨੰਗਾ ਤੇ ਨਾ ਰਾਮ-ਰਾਮ ਦਾ ਜਾਪ ਕਰਦਾ। ਸ਼ਕਲੋਂ ਉਹ ਸਾਡੇ ਵਰਗਾ ਹੀ ਸੀ ਪਰ ਪੰਜਾਬੀ ਬੋਲੀ ਦਾ ਲਹਿਜ਼ਾ ਸਿਆਲਕੋਟ ਤੇ ਲਾਹੌਰ ਦੀ ਬੋਲੀ ਦਾ ਰਲ਼ਿਆ-ਮਿਲਿਆ ਸੀ, ਜਿਸ ਵਿਚ ਪੂਰਬੀ ਪੰਜਾਬ ਦੀ ਪੰਜਾਬੀ ਦੇ ਲਹਿਜ਼ਿਆਂ ਦਾ ਰੱਤੀ ਭਰ ਵੀ ਰਲ਼ਾ ਨਹੀਂ।
ਉਹਦੇ ਵਿਚ ਨਾ ਕੋਈ ਆਕੜ ਤੇ ਨਾ ਕੋਈ ਗ਼ਰੂਰ। ਉਹਦੇ ਸਾਰੇ ਵਰਤਾਰੇ ਤੋਂ ਇੰਝ ਲੱਗਦਾ ਸੀ, ਜਿਵੇਂ ਉਹ ਕੋਈ ਮੇਰਾ ਚਾਚਾ ਜਾਂ ਤਾਇਆ ਹੋਵੇ। ਇਸ ਰਿਸ਼ਤੇ ਦਾ ਸਬੂਤ ਉਹਦੇ ਸਰੀਰ ਦੀ ਬੋਲੀ ਵੀ ਦੇ ਰਹੀ ਸੀ। ਸਾਨੂੰ ਜੱਫੀ ਪਾ ਕੇ ਮਿਲਿਆ ਤੇ ਆਨੇ-ਬਹਾਨੇ ਗੱਲ ਕਰਦਿਆਂ ਸਾਨੂੰ ਹੱਥ ਲਾਉਂਦਾ ਸੀ। ਉਹਦੇ ਹੱਥ ਲੱਗਣ ਨਾਲ ਵੈਰਾਗ ਤੇ ਅਪਣੱਤ ਦੇ ਸੁਆਦ ਦੀ ਇਕ ਲਹਿਰ ਜਿਹੀ ਸਾਰੇ ਸਰੀਰ ’ਚੋਂ ਲੰਘਦੀ ਮਹਿਸੂਸ ਹੁੰਦੀ ਸੀ।
ਲੰਚ ਦਾ ਸਮਾਂ ਹੋਇਆ ਤੇ ਕਹਿਣ ਲੱਗਾ : ‘‘ਦਫਾ ਕਰੋ ਲੰਚ ਨੂੰ ਚਲੋ ਹੋਟਲ ਦੇ ਕਮਰੇ ਵਿਚ ਚਲਦੇ ਹਾਂ।’’ ਉਹਦਾ ਹੋਟਲ ਪੁਰਾਣੇ ਸ਼ਹਿਰ ਵਿਚ ਸੀ, ਜੋ ਕਿਸੇ ਪੁਰਾਣੀ ਇਤਿਹਾਸਕ ਇਮਾਰਤ ਵਿਚ ਬਣਿਆ ਹੋਇਆ ਸੀ। ਉਥੇ ਇਕ ਤੰਗ ਜਿਹਾ ਕਮਰਾ ਸੀ। ਕਹਿਣ ਲੱਗਾ : ‘‘ਮਾਫ ਕਰਨਾ, ਇਹ ਬਹੁਤ ਤੰਗ ਹੈ। ਤੁਹਾਡੇ ਬੈਠਣ ਲਈ ਵੀ ਕਾਫੀ ਥਾਂ ਨਹੀਂ।’’
‘‘ਕੋਈ ਗੱਲ ਨਹੀਂ, ਸਾਨੂੰ ਤੁਸੀਂ ਮਿਲ ਗਏ ਓ, ਸਾਡੇ ਲਈ ਇਹੋ ਈਦ ਬਰਾਬਰ ਏ’’, ਅਸੀਂ ਉਹਨੂੰ ਤਸੱਲੀ ਦਿੱਤੀ। ਉਹ ਸਾਡੇ ਤੋਂ ਸਵਾਲ ਕਰ ਕੇ ਵੱਖ-ਵਖ ਕਿਸਮ ਦੀ ਜਾਣਕਾਰੀ ਲੈਂਦਾ ਤੇ ਵਿਚ ਲਾਹੌਰ ਦੀਆਂ ਗੱਲਾਂ ਕਰਨ ਲੱਗ ਪੈਂਦਾ। ਕਦੇ ਦੋਵਾਂ ਮੁਲਕਾਂ ਦੀ ਦੁਸ਼ਮਣੀ ’ਤੇ ਕੁੜ੍ਹਦਾ ਤਾਂ ਕਦੇ ਦੋਵਾਂ ਮੁਲਕਾਂ ਦੇ ਲੋਕਾਂ ਦੇ ਆਪਸੀ ਪਿਆਰ ਦੀ ਗੱਲ ਕਰਦਾ ਪਰ ਹਰ ਵਾਰ ਘੁੰਮ-ਘੁਮਾ ਕੇ ਲਾਹੌਰ ਵੱਲ ਆ ਜਾਂਦਾ ਸੀ। 
ਉਹਦੀਆਂ ਗੱਲਾਂ ਤੋਂ ਇੰਝ ਲੱਗਦਾ ਸੀ, ਜਿਵੇਂ ਉਹਦਾ ਕੋਈ ਹਮਜ਼ਾਦ ਲਾਹੌਰ ਰਹਿੰਦਾ ਹੈ। 
ਇਹ ਸੈਮੀਨਾਰ ਦੋ ਦਿਨ ਦਾ ਸੀ। ਸਾਡੀ ਮੁਲਾਕਾਤ ਮਗਰੋਂ ਸੈਮੀਨਾਰ ਵਿਚ ਨਾ ਕੁਲਦੀਪ ਨਈਅਰ ਨੂੰ ਕੋਈ ਦਿਲਚਸਪੀ ਰਹੀ ਤੇ ਨਾ ਸਾਨੂੰ। ਵਾਪਸ ਜਾਣ ਲੱਗਾ ਤਾਂ ਸਾਨੂੰ ਆਪਣੀ ਨਵੀਂ ਕਿਤਾਬ ‘‘ਦੁਰੇਡੇ ਗੁਆਂਢੀ’’ ਦੀ ਇਕ-ਇਕ ਜਿਲਦ ਦੇ ਗਿਆ ਤੇ ਵਾਰ-ਵਾਰ ਤਾਕੀਦ ਕਰਦਾ ਸੀ ਕਿ ‘‘ਹਿੰਦੁਸਤਾਨ ਆਉਣਾ ਤੇ ਮੈਨੂੰ ਜ਼ਰੂਰ ਮਿਲਣਾ।’’ ਉਹਦਾ ਉਸ ਵਕਤ ਦਾ ਦਿੱਤਾ ਉਹਦੇ ਘਰ ਦਾ ਪਤਾ ਤੇ ਟੈਲੀਫੋਨ ਨੰਬਰ ਹਾਲੇ ਵੀ ਮੇਰੇ ਕੋਲ ਲਿਖਿਆ ਪਿਆ ਹੈ।
ਮੇਰੀ ਆਪਣੀ ਬੀਵੀ ਐਨ ਕਰਸਤੀਨ ਨਾਲ ਮੁਲਾਕਾਤ 1980 ’ਚ ਹੋਈ। ਉਹਦੀ ਖਾਹਿਸ਼ ਸੀ ਕਿ ਅਸੀਂ ਕਿਸੇ ਲੰਬੇ ਸਫਰ ’ਤੇ ਇਕੱਠੇ ਚੱਲੀਏ। ਸੋਚ-ਵਿਚਾਰ ਮਗਰੋਂ ਹਿੰਦੁਸਤਾਨ ਦੇ ਹੱਕ ਵਿਚ ਫੈਸਲਾ ਹੋਇਆ। ਇਸ ਦੀ ਇਕ ਵਜ੍ਹਾ ਤਾਂ ਮਸ਼ਰਕੀ ਪੰਜਾਬ ਵੇਖਣ ਦਾ ਸ਼ੌਕ ਸੀ, ਦੂਜੀ ਵਜ੍ਹਾ ਦੇਸ਼ ਪਿਆਰ ਦੀ ਖਿੱਚ ਸੀ। ਜ਼ਿਆ-ਉਲ-ਹੱਕ ਦਾ ਕੋੜਿਆਂ, ਜੇਲਾਂ ਤੇ ਜਬਰ ਦਾ ਜ਼ਮਾਨਾ ਸੀ। ਪਾਕਿਸਤਾਨ ਜਾਂਦਿਆਂ ਡਰ ਲੱਗਦਾ ਸੀ ਪਰ ਪੰਜਾਬੀ ਸੁਣਨ ਨੂੰ ਕੰਨ ਵੀ ਤਰਸਦੇ ਸਨ।
ਇਸ ਦੇਸ਼ ਪਿਆਰ ਦੀ ਖਿੱਚ ਦੀ ਪਿਆਸ ਨੂੰ ਬੁਝਾਉਣ ਲਈ ਮਸ਼ਰਕੀ ਪੰਜਾਬ ਨਜ਼ਰ ਆਇਆ। ਜਦ ਦਿੱਲੀ ਪਹੁੰਚੇ ਤਾਂ ਕੁਲਦੀਪ ਨਈਅਰ ਦੀ ਤਾਕੀਦ ਯਾਦ ਆਈ। ਅਸੀਂ ਉਹਦੇ ਘਰ ਪਹੁੰਚ ਗਏ। ਉਹ ਬੇਹੱਦ ਖੁਸ਼ ਹੋਇਆ। ਇੰਝ ਲੱਗਦਾ ਸੀ, ਜਿਵੇਂ ਮੈਂ ਉਹਦੀ ਨੂੰਹ ਨੂੰ ਨਾਲ ਲੈ ਕੇ ਪਹਿਲੀ ਵਾਰ ਘਰ ਆਇਆ ਹੋਵਾਂ। ਜੋ ਵੀ ਉਹਦੇ ਵੱਸ ਵਿਚ ਸੀ, ਉਹਨੇ ਸਾਰਾ ਜ਼ੋਰ ਲਾ ਕੇ ਸਾਡੀ ਸੇਵਾ ਕੀਤੀ। ਸਾਰਾ ਟੱਬਰ ਸਾਡੇ ਦੁਆਲੇ ਇਕੱਠਾ ਹੋ ਗਿਆ। ਸਭ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਸਨ ਪਰ ਲੱਗਦਾ ਸੀ ਕੁਲਦੀਪ ਨਈਅਰ ਬਹੁਤਾ ਵਕਤ ਲੈਣਾ ਚਾਹੁੰਦਾ ਸੀ। ਕਹਿੰਦਾ, ‘‘ਮੈਂ ਸਾਰੀ ਜ਼ਿੰਦਗੀ ਕਦੇ ਪਾਕਿਸਤਾਨ ਦੇ ਖਿਲਾਫ ਇਕ ਲਫਜ਼ ਨਹੀਂ ਲਿਖਿਆ। ਇਸ ਪਾਰੋਂ ਕਦੇ-ਕਦੇ ਇਥੋਂ ਦੇ ਕੱਟੜ ਦਾਨਿਸ਼ਵਰ ਤੇ ਲਿਖਾਰੀ ਮੈਨੂੰ ਪਾਕਿਸਤਾਨ ਦਾ ਏਜੰਟ ਕਹਿੰਦੇ ਹਨ। ਕਮਲੇ ਹਨ, ਮੈਂ ਕੋਈ ਏਜੰਟ-ਵੇਜੰਟ ਨਹੀਂ। ਮੈਂ ਆਪਣੀ ਜਨਮ ਭੂਮੀ ਦੇ ਖਿਲਾਫ ਕਿਵੇਂ ਲਿਖ ਸਕਦਾ ਹਾਂ? ਮੈਂ ਲਾਹੌਰ ਦੇ ਖਿਲਾਫ ਕਿਵੇਂ ਲਿਖਾਂ?’’ 
ਉਹ ਜਦ ਵੀ ਲਾਹੌਰ ਦੀ ਗੱਲ ਕਰਦਾ, ਕੁਝ ਪਲਾਂ ਲਈ ਗੁਆਚ ਜਿਹਾ ਜਾਂਦਾ ਸੀ।
ਦਿੱਲੀ ਤੋਂ ਬਾਅਦ ਅਸੀਂ ਪੰਜਾਬ ਗਏ। ਸਭ ਨੇ ਸਾਨੂੰ ਸਿਰ ’ਤੇ ਚੁੱਕ ਲਿਆ ਪਰ ਕੁਲਦੀਪ ਦਾ ਪਿਆਰ ਸਾਡੇ ਨਾਲ-ਨਾਲ ਤੁਰਦਾ ਰਿਹਾ। ਸਵੀਡਨ ਵਾਪਸ ਆ ਕੇ ਕੁਲਦੀਪ ਨਈਅਰ ਕਦੇ ਨਾ ਭੁੱਲਿਆ ਤੇ ਉਹਦੇ ਪਿਆਰ ਨੂੰ ਯਾਦ ਕਰ ਕੇ ਮੇਰਾ ਅੰਦਰ ਖੁਸ਼ੀ ਨਾਲ ਖਿੜ ਜਾਂਦਾ ਸੀ। ਮੈਂ ਆਪਣੀ ਕਿਤਾਬ ‘ਦਾਸ ਫੈਕਟਰੀ’ ਕੁਲਦੀਪ ਨਈਅਰ ਦੇ ਨਾਂ ਕੀਤੀ ਤੇ ਕਿਤਾਬ ਮਿਲਣ ਮਗਰੋਂ ਮੇਰੀ ਉਹਦੇ ਨਾਲ ਗੱਲ ਹੋਈ। ਉਹਦੀਆਂ ਗੱਲਾਂ ਤੋਂ ਇੰਝ ਲੱਗਦਾ ਸੀ, ਜਿਵੇਂ ਇਕ ਪੁੱਤਰ ਆਪਣੀ ਕਮਾਈ ਲਿਆ ਕੇ ਪਿਓ ਦੀ ਤਲੀ ’ਤੇ ਰੱਖੇ ਅਤੇ ਪਿਓ ਨੂੰ ਜਿਸ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ।
ਮੈਂ ਜਦ ਆਪਣੀ ਅੰਗਰੇਜ਼ੀ ਦੀ ਕਿਤਾਬ ‘ਫਾਰਬਿਡਨ ਵਰਡਜ਼’ ਲਿਖੀ ਤਾਂ ਉਸ ਦਾ ਮੁਖਬੰਦ ਲਿਖਵਾਉਣ ਲਈ ਕੁਲਦੀਪ ਨਈਅਰ ਦਾ ਨਾਂ ਮੇਰੇ ਜ਼ਿਹਨ ਵਿਚ ਆਇਆ। ਮੈਂ ਜਦ ਉਨ੍ਹਾਂ ਕੋਲ ਆਪਣੀ ਇਹ ਖਾਹਿਸ਼ ਜ਼ਾਹਿਰ ਕੀਤੀ ਤਾਂ ਉਹ ਤੁਰੰਤ ਤਿਆਰ ਹੋ ਗਈ ਤੇ ਕਿਹਾ, ‘‘ਕਿਤਾਬ ਘੱਲ, ਮੈਂ ਪੜ੍ਹਾਂ ਤੇ ਸਹੀ।’’ ਮੈਂ ਕਿਤਾਬ ਈਮੇਲ ਰਾਹੀਂ ਭੇਜੀ ਪਰ ਬਦਕਿਸਮਤੀ ਨਾਲ ਸਾਡੀ ਅਗਲੀ ਪੀੜ੍ਹੀ ਦੇ ਬਹੁਤ ਸਾਰੇ ਬਜ਼ੁਰਗਾਂ ਵਾਂਗ ਕੁਲਦੀਪ ਨਈਅਰ ਵੀ ਕੰਪਿਊਟਰ ਦੇ ਮੱਤਭੇਦਾਂ ਤੋਂ ਵਾਕਫ ਨਹੀਂ ਸੀ। ਉਹ ਈ-ਮੇਲ ਖੋਲ੍ਹ ਕੇ ਮੇਰੀ ਈ-ਮੇਲ ਨਾ ਪੜ੍ਹ ਸਕਿਆ। ਕਈ ਮਹੀਨਿਆਂ ਦੀ ਕੋਸ਼ਿਸ਼ ਮਗਰੋਂ ਇਕ ਬੰਦੇ ਦੀ ਮਦਦ ਨਾਲ ਈ-ਮੇਲ ਖੋਲ੍ਹ ਕੇ ਇਹ ਕਿਤਾਬ ਕੁਲਦੀਪ ਨਈਅਰ ਤਕ ਪਹੁੰਚੀ। ਕੁਲਦੀਪ ਨਈਅਰ ਨੇ ਆਪਣਾ ਵਾਅਦਾ ਪੂਰਾ ਕੀਤਾ ਪਰ ਮੇਰੀ ਬਦਕਿਸਮਤੀ ਇਹ ਕਿ ਕਿਤਾਬ ਆਪਣੇ ਨਾਂ ਦੀ ਵਜ੍ਹਾ ਕਰਕੇ ਹਊਆ ਬਣ ਗਈ ਤੇ ਪਾਕਿਸਤਾਨੀ ਪਬਲਿਸ਼ਰਜ਼ ਨੇ ਇਸ ਨੂੰ ਛਾਪਣ ਤੋਂ ਇਨਕਾਰ ਕਰ ਦਿੱਤਾ। ਇਹ ਉਸ ਵਕਤ ਛਪੀ, ਜਦੋਂ ਕੁਲਦੀਪ ਨਈਅਰ ਦੁਨੀਆ ਛੱਡ ਕੇ ਜਾ ਚੁੱਕਿਆ ਸੀ ਤੇ ਉਹਨੂੰ ਇਹ ਕਿਤਾਬ ਪੇਸ਼ ਕਰਨ ਦੀ ਮੇਰੀ ਖੁਸ਼ੀ ਹਮੇਸ਼ਾ ਲਈ ਉਹਦੇ ਨਾਲ ਹੀ ਦਫਨ ਹੋ ਗਈ।
ਕੁਲਦੀਪ ਨਈਅਰ ਉਸ ਪਿਆਜ਼ ਵਾਂਗ ਸੀ, ਜਿਹਦਾ ਹਰ ਛਿਲਕਾ ਉਤਾਰਨ ਮਗਰੋਂ ਹਰ ਵਾਰ ਥੱਲਿਓਂ ਲਾਹੌਰੀ ਪੰਜਾਬੀ ਹੀ ਨਿਕਲਦਾ ਸੀ। ਲਾਹੌਰ ਨਾਲ ਨਈਅਰ ਦੇ ਇਸ਼ਕ ਨੂੰ ਸਾਹਮਣੇ ਰੱਖਦਿਆਂ ਮੈਂ ਇਕ ਵਾਰ ਉਹਦੇ ਕੋਲੋਂ ਪੁੱਛਿਆ : ਤੁਸੀਂ ਹਿੰਦੁਸਤਾਨ ਵਿਚ ਦਾਨਿਸ਼ ਤੇ ਪੱਤਰਕਾਰੀ ਦਾ ਥੰਮ੍ਹ ਓ, ਤੁਸੀਂ ਹਰ ਵੇਲੇ ਲਾਹੌਰ-ਲਾਹੌਰ ਕਰਦੇ ਰਹਿੰਦੇ ਓ, ਜੇ ਤੁਹਾਨੂੰ ਇਸ ਗੱਲ ਦੀ ਖੁੱਲ੍ਹ ਦੇ ਦਿੱਤੀ ਜਾਵੇ ਕਿ ਤੁਸੀਂ ਬਿਨਾਂ ਕਿਸੇ ਰੋਕ-ਟੋਕ ਦੇ ਲਾਹੌਰ ਵਿਚ ਇਕ ਲਾਹੌਰੀ ਵਾਂਗ ਰਹਿ ਸਕੋ ਤਾਂ ਕੀ ਤੁਸੀਂ ਲਾਹੌਰ ਚਲੇ ਜਾਓਗੇ?’’ ਇਸ ’ਤੇ ਉਨ੍ਹਾਂ ਦਾ ਜਵਾਬ ਸੀ, ‘‘ਮੈਂ ਇਕ ਮਿੰਟ ਵੀ ਨਹੀਂ ਲਾਵਾਂਗਾ।’’
ਕੁਲਦੀਪ ਨਈਅਰ ਸਾਰੀ ਜ਼ਿੰਦਗੀ ਲਾਹੌਰ ਲਈ ਵਿਲਕਦਾ ਰਿਹਾ। ਆਪਣੀ ਜ਼ਿੰਦਗੀ ਵਿਚ ਤੇ ਉਹ ਲਾਹੌਰ ਆ ਕੇ ਨਾ ਵਸ ਸਕਿਆ ਪਰ ਮਰਨ ਮਗਰੋਂ ਉਹਦੀ ਇਹ ਖਾਹਿਸ਼ ਪੂਰੀ ਹੋ ਗਈ। ਉਹਦੀ ਲਾਸ਼ ਦੀ ਸੁਆਹ (ਰਾਖ) ਨੂੰ ਕੋਈ ਵਾਹਗਾ ਬਾਰਡਰ ਨਾ ਰੋਕ ਸਕਿਆ ਤੇ ਉਹਦੀ ਇਹ ਸੁਆਹ ਹਮੇਸ਼ਾ ਲਈ ਲਾਹੌਰ ਦਾ ਹਿੱਸਾ ਬਣ ਗਈ। ਲਾਹੌਰ ਵਿਚ ਇਕ ਹੋਰ ਥਾਂ ਵੀ ਹੈ, ਜਿਥੇ ਕੁਲਦੀਪ ਨਈਅਰ ਰਹਿੰਦਾ ਹੈ। ਇਹ ਲੋਕਾਂ ਦੇ ਦਿਲ ਹਨ।
‘‘ਸੁਣ ਸ਼ਹਿਰ ਲਾਹੌਰਾ
ਤੇਰਾ ਵਿਛੜਿਆ ਪੁੱਤਰ ਘਰ ਆਇਆ ਏ
ਆਪਣੇ ਪੁੱਤਰ
ਆਪਣੇ ਮਾਣ ਦੀ
ਮਿੱਟੀ ਸਾਂਭ ਕੇ ਰੱਖੀਂ।
ਤੈਨੂੰ ਰੰਗ ਲੱਗਣਗੇ।’’
 


Related News