ਭਾਰਤ-ਪਾਕਿ ਸੰਬੰਧ ਅਤੇ ਨਵਜੋਤ ਸਿੱਧੂ

Sunday, Oct 21, 2018 - 06:17 AM (IST)

ਮੇਰੇ ’ਚ ਕਹਿਣ ਦੀ ਹਿੰਮਤ ਹੈ ਕਿ ਨਵਜੋਤ ਸਿੰਘ ਸਿੱਧੂ ਵਿਵਾਦਾਂ ਨੂੰ ਸੱਦਾ ਦਿੰਦੇ ਹਨ। ਅਜਿਹਾ ਲੱਗਦਾ ਹੈ ਕਿ ਉਹ ਯਕੀਨੀ ਤੌਰ ’ਤੇ ਇਸ ਦਾ ਆਨੰਦ ਮਾਣਦੇ ਹਨ। 
ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ’ਚ ਪਾਕਿਸਤਾਨ ਦੀ ਫੌਜ ਦੇ ਮੁਖੀ ਨਾਲ ਜੱਫੀ ਪਾਉਣ ਤੋਂ ਬਾਅਦ ਹੋਏ ਹੰਗਾਮੇ ਮਗਰੋਂ ਹੁਣ ਸਿੱਧੂ ਨੇ ਕਸੌਲੀ ’ਚ ਆਯੋਜਿਤ ਖੁਸ਼ਵੰਤ ਸਿੰਘ ਸਾਹਿਤ ਉਤਸਵ ’ਚ ਆਪਣੀਆਂ ਟਿੱਪਣੀਆਂ ਨਾਲ ਇਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਹਾਲਾਂਕਿ ਇਸ ਵਾਰ ਮੇਰਾ ਮੰਨਣਾ ਹੈ ਕਿ ਸਿੱਧੂ ਸਹੀ ਹਨ ਤੇ ਉਨ੍ਹਾਂ ਦੇ ਆਲੋਚਕ ਗਲਤ।
ਨਵਜੋਤ ਸਿੱਧੂ ਨੇ ਕਸੌਲੀ ’ਚ ਇਕੱਠੇ ਹੋਏ ਸਰੋਤਿਆਂ, ਜਿਨ੍ਹਾਂ ’ਚ ਸਥਾਨਕ ਲੋਕ ਥੋੜ੍ਹੇ ਪਰ ਚੰਡੀਗੜ੍ਹ ਤੇ ਪੰਜਾਬ ਤੋਂ ਵੱਡੀ ਗਿਣਤੀ ’ਚ ਆਏ ਲੋਕ ਸ਼ਾਮਲ ਸਨ, ਨੂੰ ਕਿਹਾ ਕਿ ਉਨ੍ਹਾਂ (ਸਿੱਧੂ) ਵਰਗੇ ਲੋਕ ਦੱਖਣ ਭਾਰਤੀ ਸੂਬਿਆਂ ਦੀ ਬਜਾਏ ਪਾਕਿਸਤਾਨ ਨਾਲ ਜ਼ਿਆਦਾ ਲਗਾਅ ਮਹਿਸੂਸ ਕਰਦੇ ਹਨ। 
ਉਨ੍ਹਾਂ ਕਿਹਾ ਕਿ ਜਦੋਂ ਉਹ ਤਾਮਿਲਨਾਡੂ ਜਾਂਦੇ ਹਨ ਤਾਂ ਉਨ੍ਹਾਂ ਨੂੰ ਉਥੋਂ ਦੀ ਭਾਸ਼ਾ ਸਮਝ ਨਹੀਂ ਆਉਂਦੀ, ਸਿਰਫ ਇਕ-ਦੋ ਸ਼ਬਦ ਹੀ ਸਮਝ ਆਉਂਦੇ ਹਨ। ਅਜਿਹਾ ਨਹੀਂ ਹੈ ਕਿ ਉਹ ਉਥੋਂ ਦੇ ਖਾਣ-ਪੀਣ ਨੂੰ ਪਸੰਦ ਨਹੀਂ ਕਰਦੇ ਪਰ ਜ਼ਿਆਦਾ ਸਮੇਂ ਤਕ ਨਹੀਂ ਖਾ-ਪੀ ਸਕਦੇ। ਉਥੋਂ ਦਾ ਕਲਚਰ ਪੂਰੀ ਤਰ੍ਹਾਂ ਵੱਖਰਾ ਹੈ। ਫਿਰ ਉਨ੍ਹਾਂ ਕਿਹਾ ਕਿ ਜਦੋਂ ਉਹ ਪਾਕਿਸਤਾਨ ਜਾਂਦੇ ਹਨ ਤਾਂ ਉਥੇ ਭਾਸ਼ਾ ਇਕੋ ਜਿਹੀ ਹੈ। 
ਇਹ ਗੱਲ ਸ਼੍ਰੋਮਣੀ ਅਕਾਲੀ ਦਲ ਨੂੰ ਗੁੱਸਾ ਦਿਵਾਉਣ ਲਈ ਕਾਫੀ ਸੀ, ਜਿਸ ਨੇ ਇਸ ਨੂੰ ‘ਦੇਸ਼ ਲਈ ਇਕ ਅਪਮਾਨ’ ਦੱਸਿਆ। ਇਸ ਗੱਲ ਨੇ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੂੰ ਵੀ ਗੁੱਸਾ ਲਿਆ ਦਿੱਤਾ, ਜਿਨ੍ਹਾਂ ਨੇ ਸੁਝਾਅ ਦਿੱਤਾ ਕਿ ਸਿੱਧੂ ਨੂੰ ਪਾਕਿਸਤਾਨ ਦੀ ਕੈਬਨਿਟ ’ਚ ਹੀ ਸ਼ਾਮਲ ਹੋ ਜਾਣਾ ਚਾਹੀਦਾ ਹੈ। 
ਹਾਲਾਂਕਿ ਸੱਚ ਇਹ ਹੈ ਕਿ ਪੰਜਾਬ ਵਰਗੇ ਸੂਬੇ ਅਤੇ ਹਰਿਆਣਾ, ਹਿਮਾਚਲ, ਰਾਜਸਥਾਨ, ਉੱਤਰਾਖੰਡ ਵਰਗੇ ਸੂਬਿਆਂ ਦੇ ਮਾਮਲੇ ’ਚ ਵੀ ਇਹ ਗੱਲ ਸੱਚ ਹੋ ਸਕਦੀ ਹੈ ਜਿਨ੍ਹਾਂ ਦੀ ਭਾਸ਼ਾ, ਖਾਣ-ਪੀਣ, ਕਲਚਰ, ਰਹਿਣ-ਸਹਿਣ, ਇਥੋਂ ਤਕ ਕਿ ਹੱਦਾਂ ਦੇ ਆਰ-ਪਾਰ ਗਾਲ੍ਹ ਕੱਢਣ ਦਾ ਤਰੀਕਾ ਵੀ ਲਗਭਗ ਇਕੋ ਜਿਹਾ ਹੈ। ਇਹ ਖਾਸ ਤੌਰ ’ਤੇ ਦੋ ਪੰਜਾਬਾਂ ਬਾਰੇ ਸੱਚ ਹੈ–ਇਕ ਸਾਡਾ ਤੇ ਦੂਜਾ ਪਾਕਿਸਤਾਨ ਦਾ। ਇਹ ਇਤਿਹਾਸਕ ਤੇ ਭੂਗੋਲਿਕ ਤੌਰ ’ਤੇ ਜੁੜੇ ਹੋਏ ਹਨ, ਜਿਨ੍ਹਾਂ ਨੂੰ ਉਂਝ ਹੀ ਖਾਰਿਜ ਨਹੀਂ ਕੀਤਾ ਜਾ ਸਕਦਾ। ਇਹ ਕੁਝ ਲੋਕਾਂ ਲਈ ਸਿਆਸੀ ਤੌਰ ’ਤੇ ਅਸਹਿਜ ਹੋ ਸਕਦੇ ਹਨ ਪਰ ਅਜਿਹੇ ਤੱਥ ਬਣੇ ਰਹਿਣਗੇ, ਜਿਨ੍ਹਾਂ ਤੋਂ ਤੁਸੀਂ ਦੂਰ ਨਹੀਂ ਜਾਣਾ ਚਾਹੋਗੇ।
ਇਸ ਦੇ ਉਲਟ ਭਾਸ਼ਾ, ਖਾਣ-ਪੀਣ, ਕਲਚਰ ਤੇ ਰਹਿਣ-ਸਹਿਣ ਦਾ ਤਰੀਕਾ ਪੰਜਾਬ ਨੂੰ ਤਾਮਿਲਨਾਡੂ, ਕੇਰਲਾ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ ਨਾਲੋਂ ਅੱਡ ਕਰਦਾ ਹੈ ਤੇ ਇਸ ਤੋਂ ਇਕ ਵਾਰ ਫਿਰ ਇਨਕਾਰ ਨਹੀਂ ਕੀਤਾ ਜਾ ਸਕਦਾ। 
ਯਕੀਨੀ ਤੌਰ ’ਤੇ ਅਸੀਂ ਇਕ ਦੇਸ਼ ਹਾਂ ਤੇ ਸਾਨੂੰ ਇਸ ’ਤੇ ਮਾਣ ਹੈ ਪਰ ਅਸੀਂ ਵੱਖ-ਵੱਖ ਲੋਕ ਵੀ ਹਾਂ। ਕੀ ਇਹੋ ਏਕਤਾ ’ਚ ਅਨੇਕਤਾ ਨਹੀਂ ਹੈ? ਇਹੋ ਵੰਨ-ਸੁਵੰਨਤਾ ਭਾਰਤ ਦੀ ਖੁਸ਼ਹਾਲੀ ਹੈ, ਇਸ ਦੀ ਨਵੀਨਤਾ ਹੈ। 
ਇਸ ਗੱਲ ’ਤੇ ਜ਼ੋਰ ਦੇਣਾ ਕਿ ਜਦੋਂ ਸਿੱਧੂ ਆਪਣੇ ਭਾਰਤੀ ਨਾਗਰਿਕਾਂ ਜੋ ਤਮਿਲ, ਕੰਨੜ, ਮਲਿਆਲੀ ਹਨ, ਦੀ ਬਜਾਏ ਪਾਕਿਸਤਾਨੀਆਂ ਨਾਲ ਜ਼ਿਆਦਾ ਲਗਾਅ ਮਹਿਸੂਸ ਕਰਦੇ ਹਨ ਤਾਂ ਦੇਸ਼ ਦਾ ਅਪਮਾਨ ਕਰਦੇ ਹਨ, ਇਹ ਇਸ ਤੱਥ ਨੂੰ ਵੀ ਨਜ਼ਰਅੰਦਾਜ਼ ਕਰਦਾ ਹੈ ਕਿ ਪਾਕਿਸਤਾਨ ਇਕ ਸਮੇਂ ਭਾਰਤ ਦਾ ਹਿੱਸਾ ਸੀ ਤੇ ਇਸ ਦਾ ਪੰਜਾਬ ਸੂਬਾ ਮੂਲ ਪੰਜਾਬ ਦਾ ਇਕ ਹਿੱਸਾ ਸੀ। ਯਕੀਨੀ ਤੌਰ ’ਤੇ ਬਹੁਤ ਸਾਰੇ ਲੋਕ ਜੋ ਅੱਜ ਭਾਰਤ ’ਚ ਰਹਿੰਦੇ ਹਨ, ਕਈ ਪੀੜ੍ਹੀਆਂ ਤਕ ਪੰਜਾਬ ਦੇ ਦੂਜੇ ਹਿੱਸੇ ’ਚ ਰਹੇ ਹਨ। ਉਨ੍ਹਾਂ ਦੀਆਂ ਪਰਿਵਾਰਕ ਯਾਦਾਂ ਤੇ ਭਾਵਨਾਤਮਕ ਸੰਬੰਧ ਹਨ, ਜਿਨ੍ਹਾਂ ਨੂੰ ਉਹ ਧੁੰਦਲਾ ਨਹੀਂ ਹੋਣ ਦੇ ਸਕਦੇ। ਇਕ ਵਾਰ ਫਿਰ ਇਹ ਉਹ ਤੱਥ ਹੈ ਜਿਸ ਤੋਂ ਇਨਕਾਰ ਜਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਅਸਲ ’ਚ ਇਹੋ ਵਜ੍ਹਾ ਹੈ ਕਿ  ਪਾਕਿਸਤਾਨ ਨਾਲ ਸਾਡੀਆਂ ਸਮੱਸਿਆਵਾਂ ਨੂੰ ਦੱਖਣ ਦੇ ਮੁਕਾਬਲੇ ਉੱਤਰ ’ਚ ਇੰਨੇ ਵੱਖਰੇ ਢੰਗ ਨਾਲ ਦੇਖਿਆ ਜਾ ਰਿਹਾ ਹੈ। ਯਕੀਨੀ ਤੌਰ ’ਤੇ ਇਸੇ ਕਾਰਨ ਬਹੁਤ ਸਾਰੇ ਪੰਜਾਬੀਆਂ ਲਈ ਪਾਕਿਸਤਾਨ ਦਾ ਮੁੱਦਾ ਆਮ ਤੌਰ ’ਤੇ ਆਪਾ-ਵਿਰੋਧੀ ਅਤੇ ਉਲਟ ਭਾਵਨਾ ਪੈਦਾ ਕਰਦਾ ਹੈ। ਅਸੀਂ ਜਾਣਦੇ ਹਾਂ ਕਿ ਸਾਡੇ ਵਿਚਾਲੇ ਇਕ ਸਮੱਸਿਆ ਹੈ ਤੇ ਇਹ ਵੀ ਜਾਣਦੇ ਹਾਂ ਕਿ ਉਹ ਗਲਤ  ਹੈ ਪਰ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਭਾਈਚਾਰੇ ਵਾਲੀ ਭਾਵਨਾ ਦੇ ਸੰਬੰਧਾਂ ਨੂੰ  ਬਹਾਲ ਕੀਤਾ ਜਾਵੇ, ਜੋ ਇਕ ਸਮੇਂ ਸਾਂਝੇ ਪੰਜਾਬ ’ਚ ਮੌਜੂਦ ਸਨ।
ਆਖਿਰ ’ਚ ਸਿੱਧੂ ਦੇ ਆਲੋਚਕਾਂ ਨੂੰ ਕੀ ਇਹ ਵੀ ਲੱਗਦਾ ਹੈ ਕਿ ਜੋ ਉਨ੍ਹਾਂ ਨੇ ਕਿਹਾ, ਉਹ ਇਸ ਮਾਮਲੇ ’ਚ ਵੀ ਸੱਚ ਹੋ ਸਕਦਾ ਹੈ ਕਿ ਪਾਕਿਸਤਾਨੀ ਪੰਜਾਬੀ ਕਿਹੋ ਜਿਹਾ ਮਹਿਸੂਸ ਕਰਦੇ ਹਨ? ਉਹ ਸ਼ਾਇਦ ਆਪਣੀ ਪੂਰਬੀ ਸਰਹੱਦ ਦੇ ਪਾਰ ਖੁਦ ਨੂੰ ਲੋਕਾਂ ਦੇ ਜ਼ਿਆਦਾ ਨੇੜੇ ਮਹਿਸੂਸ ਕਰਦੇ ਹਨ, ਬਜਾਏ ਦੱਖਣ ’ਚ ਸਿੰਧੀਆਂ, ਪੱਛਮ ’ਚ ਬਲੋਚਾਂ ਤੇ ਇਥੋਂ ਤਕ ਉੱਤਰ ’ਚ ਪਠਾਣਾਂ ਦੇ। 
ਭਾਰਤ-ਪਾਕਿ ਸੰਬੰਧਾਂ ਦੀਆਂ ਪੇਚੀਦਗੀਆਂ ਅਤੇ ਨਤੀਜੇ ਉਹ ਤੱਥ ਹਨ ਜਿਨ੍ਹਾਂ ਨੂੰ ਸਾਨੂੰ ਸਵੀਕਾਰ ਕਰਨਾ ਪਵੇਗਾ। ਉਨ੍ਹਾਂ ਨੂੰ ਲੈ ਕੇ ਲੜਨ ਦਾ ਕੋਈ ਫਾਇਦਾ ਨਹੀਂ।          
 


Related News