ਚੀਨ ਦੇ ਜੇ.ਐੱਫ.-17 ਨੂੰ ਪਛਾੜ ਕੇ ਭਾਰਤ ਦੇ ਤੇਜਸ ਨੇ ਮਲੇਸ਼ੀਆ ’ਚ ਮਾਰੀ ਬਾਜ਼ੀ

07/12/2022 2:05:52 PM

ਮਲੇਸ਼ੀਆ ਭਾਰਤ ਦੇ ਸਵਦੇਸ਼ੀ ਹਲਕਾ ਲੜਾਕੂ ਹਵਾਈ ਜਹਾਜ਼ ਤੇਜਸ ਨੂੰ ਖਰੀਦਣ ਜਾ ਰਿਹਾ ਹੈ। ਹਾਲਾਂਕਿ ਮਲੇਸ਼ੀਆ ਦੇ ਨਾਲ ਹੀ ਫਿਲੀਪੀਨਸ ਪਹਿਲਾਂ ਹੀ ਤੇਜਸ ਨੂੰ ਖਰੀਦਣ ’ਚ ਆਪਣੀ ਦਿਲਚਸਪੀ ਦਿਖਾ ਚੁੱਕਾ ਹੈ। ਫਿਲੀਪੀਨਸ ਨੇ ਤੇਜਸ ਨਾਲ ਧਰੁਵ ਹੈਲੀਕਾਪਟਰ ਅਤੇ ਸਾਮਾਨ ਢੋਣ ਵਾਲੇ ਹੈਲੀਕਾਪਟਰਾਂ ’ਚ ਵੀ ਆਪਣੀ ਦਿਲਚਸਪੀ ਦਿਖਾਈ ਹੈ। ਮਿਸਰ ਅਤੇ ਅਰਜਨਟੀਨਾ ਨੇ ਵੀ ਤੇਜਸ ਨੂੰ ਖਰੀਦਣ ’ਚ ਦਿਲਚਸਪੀ ਦਿਖਾਈ ਹੈ। ਦੁਬਈ ਏਅਰ ਸ਼ੋਅ ’ਚ ਬਾਜ਼ੀ ਮਾਰਨ ਪਿਛੋਂ ਤੇਜਸ ’ਤੇ ਦੁਨੀਆ ਦੀਅਾਂ ਨਜ਼ਰਾਂ ਟਿਕਣ ਲੱਗੀਅਾਂ।
ਮਲੇਸ਼ੀਆ ਆਪਣੀ ਹਵਾਈ ਫੌਜ ਦੇ ਬੇੜੇ ’ਚ ਪੁਰਾਣੇ ਹਵਾਈ ਜਹਾਜ਼ਾਂ ਦੀ ਥਾਂ ਹੁਣ ਨਵੇਂ ਤੇਜਸ ਨੂੰ ਦੇ ਰਿਹਾ ਹੈ। ਤੇਜਸ ਨੇ ਮਲੇਸ਼ੀਆ ’ਚ ਕਈ ਦੇਸ਼ਾਂ ਦੇ ਲੜਾਕੂ ਹਵਾਈ ਜਹਾਜ਼ਾਂ ਨੂੰ ਪਛਾੜ ਕੇ ਬਾਜ਼ੀ ਮਾਰੀ ਹੈ। ਇਨ੍ਹਾਂ ’ਚ ਰੂਸ, ਚੀਨ ਅਤੇ ਦੱਖਣੀ ਕੋਰੀਆ ਸ਼ਾਮਲ ਹਨ। ਚੀਨ ਦੇ ਜੇ.ਐੱਫ.-17, ਦੱਖਣੀ ਕੋਰੀਆ ਦੇ ਐੱਫ.ਏ-50, ਰੂਸ ਦੇ ਮਿਗ 35 ਅਤੇ ਯਾਕੋਕੇਲੇਵ 130 ਨੂੰ ਤੇਜਸ ਨੇ ਮਲੇਸ਼ੀਆ ’ਚ ਹਰਾ ਕੇ ਇਹ ਸੌਦਾ ਆਪਣੇ ਨਾਮ ਕੀਤਾ ਹੈ।
ਤੇਜਸ ਹਵਾਈ ਜਹਾਜ਼ ਨੂੰ ਭਾਰਤ ਦੀ ਸਰਕਾਰੀ ਹਵਾਈ ਕੰਪਨੀ ਹਿੰਦੁਸਤਾਨ ਐਰੋਨਾਟਿਕਸ ਬਣਾਉਂਦੀ ਹੈ। ਤੇਜਸ ਦੀਅਾਂ ਖੂਬੀਅਾਂ ਦੀ ਗੱਲ ਕਰੀਏ ਤਾਂ ਇਸ ’ਚ ਇਲੈਕਟ੍ਰਾਨਿਕ ਸਕੈਂਡ ਐਰੀ ਰਾਡਾਰ ਸਿਸਟਮ ਲੱਗਾ ਹੋਇਆ ਹੈ। ਜਿਸ ਨੂੰ ਕੋਈ ਵੀ ਉਪਕਰਨ ਇੰਟਰਸੈਪਟ ਨਹੀਂ ਕਰ ਸਕਦਾ। ਇਹ ਕਈ ਨਿਸ਼ਾਨਿਅਾਂ ਦਾ ਇਕੋ ਵੇਲੇ ਸਟੀਕਤਾ ਨਾਲ ਪਤਾ ਲਾ ਲੈਂਦਾ ਹੈ। ਅੱਖਾਂ ਰਾਹੀਂ ਦੇਖਣ ਦੀ ਦੂਰੀ ਤੋਂ ਵੀ ਵੱਧ ਦੂਰੀ ਤੱਕ ਤੇਜਸ ਦੀ ਮਿਜ਼ਾਈਲ ਹਮਲਾ ਕਰ ਸਕਦੀ ਹੈ।
ਇਸ ’ਚ ਇਲੈਕਟ੍ਰਾਨਿਕ ਜੰਗੀ ਹੁਨਰ ਵਾਲਾ ਸੂਟ ਲੱਗਾ ਹੋਇਆ ਹੈ। ਇਸ ’ਚ ਹਵਾ ’ਚ ਹੀ ਤੇਲ ਭਰਿਆ ਜਾ ਸਕਦਾ ਹੈ। ਤੇਜਸ ਦੇ ਕਿਸੇ ਮੁਕਾਬਲੇ ਵਾਲੇ ਹਵਾਈ ਜਹਾਜ਼ ’ਚ ਅਜਿਹੀ ਵਿਵਸਥਾ ਨਹੀਂ ਸੀ। ਤੇਜਸ ਐੱਮ.-1 ਲੜਾਕੂ ਹਵਾਈ ਜਹਾਜ਼ ਦੀ ਕੀਮਤ 309 ਕਰੋੜ ਰੁਪਏ ਹੈ। ਟ੍ਰੇਨਰ ਹਵਾਈ ਜਹਾਜ਼ ਦੀ ਕੀਮਤ 280 ਕਰੋੜ ਰੁਪਏ ਹੈ।
ਭਾਰਤ ਨੇ ਮਲੇਸ਼ੀਆ ਨੂੰ ਤੇਜਸ ਦੇ ਸੌਦੇ ਨਾਲ ਇਕ ਹੋਰ ਪ੍ਰਸਤਾਵ ਦਿੱਤਾ ਹੈ ਜਿਸ ਕਾਰਨ ਮਲੇਸ਼ੀਆ ਬਹੁਤ ਖੁਸ਼ ਹੈ। ਅਸਲ ’ਚ ਮਲੇਸ਼ੀਆ ਦੇ ਲੜਾਕੂ ਹਵਾਈ ਜਹਾਜ਼ਾਂ ਦੇ ਬੇੜੇ ’ਚ ਰੂਸ ਦੇ ਬਣੇ ਸੁਖੋਈ-30 ਹਵਾਈ ਜਹਾਜ਼ ਵੀ ਸ਼ਾਮਲ ਹਨ। ਇਨ੍ਹਾਂ ਹਵਾਈ ਜਹਾਜ਼ਾਂ ਦੀ ਸੇਵਾ-ਸੰਭਾਲ ਲਈ ਰੂਸ ਖੁਦ ’ਤੇ ਪੱਛਮੀ ਦੇਸ਼ਾਂ ਦੀਅਾਂ ਲੱਗੀਅਾਂ ਪਾਬੰਦੀਅਾਂ ਕਾਰਨ ਹਵਾਈ ਜਹਾਜ਼ਾਂ ਦੇ ਕਲਪੁਰਜ਼ੇ ਮਲੇਸ਼ੀਆ ਨੂੰ ਨਹੀਂ ਦੇ ਸਕਦਾ। ਇਸ ਲਈ ਭਾਰਤ ਨੇ ਇਹ ਪ੍ਰਸਤਾਵ ਮਲੇਸ਼ੀਆ ਨੂੰ ਦਿੱਤਾ ਹੈ।
ਹੁਣ ਤਕ ਮਲੇਸ਼ੀਆ ਰੂਸ ’ਤੇ ਲੱਗੀਅਾਂ ਇਨ੍ਹਾਂ ਪਾਬੰਦੀਅਾਂ ਕਾਰਨ ਸੁਖੋਈ-30 ਹਵਾਈ ਜਹਾਜ਼ਾਂ ਦੀ ਸੇਵਾ ਸੰਭਾਲ ਲਈ ਕਲਪੁਰਜ਼ੇ ਨਹੀਂ ਖਰੀਦ ਸਕਦਾ ਸੀ। ਅਜਿਹੀ ਹਾਲਤ ’ਚ ਭਾਰਤ ਨੇ ਮਲੇਸ਼ੀਆ ਦੀ ਮਦਦ ਕਰਦੇ ਹੋਏ ਸੁਖੋਈ-30 ਲੜਾਕੂ ਹਵਾਈ ਜਹਾਜ਼ਾਂ ਦੀ ਮੁਰੰਮਤ, ਸੇਵਾ ਸੰਭਾਲ ਅਤੇ ਉਸ ਦੇ ਕਲਪੁਰਜ਼ੇ ਬਦਲਣ ਦੀ ਪੇਸ਼ਕਸ਼ ਕੀਤੀ ਹੈ।
ਹਿੰਦੋਸਤਾਨ ਐਰੋਨਾਟਿਕਸ ਲਿਮਟਿਡ ਦੇ ਮੁਖੀ ਆਰ. ਮਾਧਵਨ ਨੇ ਦੱਸਿਆ ਕਿ ਦੋਹਾਂ ਦੇਸ਼ਾਂ ਦਰਮਿਆਨ ਤੇਜਸ ਨੂੰ ਲੈ ਕੇ ਸਮਝੌਤਾ ਆਪਣੇ ਆਖਰੀ ਪੜਾਅ ’ਚ ਹੈ। ਜੇ ਦੇਸ਼ ’ਚ ਕੋਈ ਹੈਰਾਨੀਜਨਕ ਘਟਨਾ ਨਹੀਂ ਵਾਪਰਦੀ ਤਾਂ ਮਲੇਸ਼ੀਆ ਨਾਲ ਇਹ ਸੌਦਾ ਯਕੀਨੀ ਹੈ। ਜੇ ਤੇਜਸ ਦਾ ਮਲੇਸ਼ੀਆ ਨਾਲ ਸੌਦਾ ਪੂਰਾ ਹੋ ਜਾਂਦਾ ਹੈ ਤਾਂ ਤੇਜਸ ਦਾ ਬਾਜ਼ਾਰ ਬਾਕੀ ਦੇਸ਼ਾਂ ਲਈ ਵੀ ਖੁੱਲ੍ਹ ਜਾਵੇਗਾ। ਮਲੇਸ਼ੀਆ ਤੋਂ ਪਹਿਲਾਂ ਅਰਜਨਟੀਨਾ, ਮਿਸਰ, ਵੀਅਤਨਾਮ ਅਤੇ ਫਿਲੀਪੀਨਸ ਨੇ ਵੀ ਤੇਜਸ ’ਚ ਦਿਲਚਸਪੀ ਦਿਖਾਈ ਹੈ। ਇਸ ਤੋਂ ਇਲਾਵਾ ਭਾਰਤ ਨੇ ਮਲੇਸ਼ੀਆ ਦੀ ਹਵਾਈ ਫੌਜ ’ਚ ਤਾਇਨਾਤ ਸੁਖੋਈ-30 ਹਵਾਈ ਜਹਾਜ਼ਾਂ ਦੀ ਸੇਵਾ ਸੰਭਾਲ, ਮੁਰੰਮਤ ਅਤੇ ਕਲਪੁਰਜ਼ੇ ਮੁਹੱਈਆ ਕਰਵਾਉਣ ਦਾ ਪ੍ਰਸਤਾਵ ਕੀਤਾ ਹੈ।
ਜੇ ਬਾਕੀ ਦੇ ਲੜਾਕੂ ਹਵਾਈ ਜਹਾਜ਼ਾਂ ਨਾਲ ਤੇਜਸ ਦੀ ਤੁਲਨਾ ਦੀ ਗੱਲ ਕੀਤੀ ਜਾਵੇ ਤਾਂ ਚੀਨ ਦਾ ਜੇ.ਐੱਫ.-17 ਹਵਾਈ ਜਹਾਜ਼ ਮਲੇਸ਼ੀਆ ਨੂੰ ਤੇਜਸ ਦੇ ਮੁਕਾਬਲੇ ਸਸਤਾ ਤਾਂ ਪੈ ਰਿਹਾ ਸੀ ਪਰ ਤਕਨੀਕੀ ਪੱਖੋਂ ਚੀਨੀ ਹਵਾਈ ਜਹਾਜ਼ ਤੇਜਸ ਨਾਲੋਂ ਪਛੜ ਗਿਆ ਅਤੇ ਚੀਨ ਸੁਖੋਈ-30 ਵਰਗਾ ਪ੍ਰਸਤਾਵ ਵੀ ਮਲੇਸ਼ੀਆ ਨੂੰ ਨਹੀਂ ਦੇ ਸਕਿਆ।
ਕੌਮਾਂਤਰੀ ਹਥਿਆਰਾਂ ਦੇ ਜਾਣਕਾਰਾਂ ਮੁਤਾਬਕ ਮਲੇਸ਼ੀਆ ਚੀਨ ਨਾਲ ਕੋਈ ਵੀ ਸੌਦਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਮਲੇਸ਼ੀਆ ਨੂੰ ਇਸ ਗੱਲ ਦਾ ਭਾਰੀ ਖਦਸ਼ਾ ਹੈ ਕਿ ਚੀਨ ਤੋਂ ਲਿਆ ਗਿਆ ਸਾਮਾਨ ਵਧੀਆ ਨਹੀਂ ਹੋਵੇਗਾ। ਕਿਸ਼ਤਾਂ ’ਚ ਪੈਸੇ ਦੇਣ ਦੀ ਚੀਨ ਦੀ ਸ਼ਰਤ ਪਾਰਦਰਸ਼ੀ ਨਹੀਂ ਹੁੰਦੀ, ਜਿਸ ਕਾਰਨ ਹੋ ਸਕਦਾ ਹੈ ਕਿ ਅਖੀਰ ਮਲੇਸ਼ੀਆ ਨੂੰ ਚੀਨ ਕੋਲੋਂ ਜੇ.ਐੱਫ.-17 ਦੀ ਖਰੀਦ ’ਚ ਪੈਸਿਅਾਂ ਦਾ ਵੀ ਨੁਕਸਾਨ ਹੋ ਜਾਏ।
ਨਾਰਵੇ ਦੀ ਇਕ ਸੰਸਥਾ ਸੀਕਰੀ ਮੁਤਾਬਕ ਭਾਰਤ ਇਸ ਸਮੇਂ ਦੁਨੀਆ ’ਚ ਸਾਊਦੀ ਅਰਬ ਤੋਂ ਬਾਅਦ ਹਥਿਆਰਾਂ ਦਾ ਦੂਜੇ ਨੰਬਰ ’ਤੇ ਬਰਾਮਦਕਾਰ ਹੈ। 2017 ਤੋਂ 2021 ਤੱਕ ਦੀ ਰਿਪੋਰਟ ਮੁਤਾਬਕ ਸਾਊਦੀ ਅਰਬ ਅਤੇ ਭਾਰਤ ਦੋਹਾਂ ਨੇ ਦੁਨੀਆ ਦੇ ਹਥਿਆਰ ਦਰਾਮਦਕਾਰਾਂ ’ਚ 11-11 ਫੀਸਦੀ ਦੀ ਭਾਈਵਾਲੀ ਨਿਭਾਈ ਹੈ ਪਰ ਹੁਣ ਭਾਰਤ ਹਥਿਆਰਾਂ ਦੇ ਦਰਾਮਦਕਾਰ ਦੇਸ਼ ਵਜੋਂ ਆਪਣਾ ਨਾਂ ਹਥਿਆਰਾਂ ਦੇ ਬਰਾਮਦਕਾਰ ਦੇਸ਼ ਵਜੋਂ ਵਿਕਸਿਤ ਕਰ ਰਿਹਾ ਹੈ।
ਵੱਡੀ ਪੱਧਰ ’ਤੇ ਇਸ ਦੀ ਸ਼ੁਰੂਆਤ ਫਿਲੀਪੀਨਸ ਦੀ ਬ੍ਰਹਿਮੋਸ ਮਿਜ਼ਾਈਲ ਦੀ ਖਰੀਦ ਤੋਂ ਸ਼ੁਰੂ ਹੋ ਚੁੱਕੀ ਹੈ। ਭਾਰਤ ਸਰਕਾਰ ਅਗਲੇ ਦੋ ਸਾਲਾਂ ’ਚ ਭਾਵ 2024 ਤੱਕ ਹਥਿਆਰਾਂ ਦੀ ਦਰਾਮਦ ਨੂੰ ਵਧਾ ਕੇ 5 ਅਰਬ ਡਾਲਰ ਕਰਨਾ ਚਾਹੁੰਦੀ ਹੈ। ਭਾਰਤ ਲਈ ਅਜਿਹਾ ਕਰਨਾ ਇਕ ਚੁਣੌਤੀ ਤਾਂ ਜ਼ਰੂਰ ਹੈ ਪਰ ਜਿਸ ਤੇਜ਼ੀ ਨਾਲ ਦੇਸ਼ ਅੰਦਰ ਇਸ ਖੇਤਰ ’ਚ ਲਗਾਤਾਰ ਨਵੇਂ ਤਜਰਬੇ ਕੀਤੇ ਜਾ ਰਹੇ ਹਨ ਅਤੇ ਨਵੇਂ ਹਥਿਆਰ ਬਣਾਏ ਜਾ ਰਹੇ ਹਨ, ਨੂੰ ਦੇਖਦਿਅਾਂ ਲੱਗਦਾ ਹੈ ਕਿ ਭਾਰਤ ਇਹ ਨਿਸ਼ਾਨਾ ਹਾਸਲ ਕਰ ਲਵੇਗਾ।

 


Aarti dhillon

Content Editor

Related News