ਭਾਰਤ ਨੂੰ ਦੇਸ਼ਭਗਤਾਂ ਦੀਆਂ ''ਲੀਹਾਂ'' ''ਤੇ ਤੁਰਨ ਦੀ ਲੋੜ ਹੈ

01/04/2020 1:05:08 AM

ਪ੍ਰਗਤੀਸ਼ੀਲ ਧਿਰਾਂ 'ਚ ਇਕ ਤਸਵੀਰ ਦਾ ਆਾਦਾਨ-ਪ੍ਰਦਾਨ ਸੋਸ਼ਲ ਮੀਡੀਆ ਰਾਹੀਂ ਹੋ ਰਿਹਾ ਹੈ। ਇਸ ਤਸਵੀਰ 'ਚ ਪੰਜ ਦੇਸ਼ਭਗਤ ਬੇੜੀਆਂ ਤੇ ਹੱਥਕੜੀਆਂ 'ਚ ਜਕੜੇ ਅੰਮ੍ਰਿਤਸਰ ਸਟੇਸ਼ਨ 'ਤੇ ਖੜ੍ਹੇ ਹਨ, ਜਿਨ੍ਹਾਂ ਨੂੰ ਰੇਲ ਰਾਹੀਂ ਕਿਸੇ ਜੇਲ ਵਿਚ ਲਿਜਾਇਆ ਜਾਣਾ ਹੈ। ਉਹ ਪੰਜੇ ਬੜੇ ਹੀ ਫਖਰ ਨਾਲ ਸਿਰ ਉੱਚੇ ਕਰੀ ਖੜ੍ਹੇ ਹਨ। ਇਹ 1938 ਦਾ ਕਿਸਾਨ ਅੰਦੋਲਨ ਸੀ, ਜਿਸ ਦੇ ਆਗੂਆਂ ਵਜੋਂ ਇਨ੍ਹਾਂ ਗਦਰੀ ਦੇਸ਼ਭਗਤਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ 'ਚ ਗਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਵੀ ਸ਼ਾਮਿਲ ਸਨ, ਜਿਨ੍ਹਾਂ ਦਾ 150ਵਾਂ ਜਨਮ ਦਿਨ ਪੰਜਾਬ 'ਚ ਬਹੁਤ ਥਾਈਂ ਮਨਾਇਆ ਜਾ ਰਿਹਾ ਹੋਵੇਗਾ, ਜਿਸ ਵਕਤ ਤੁਸੀਂ ਅਖਬਾਰ ਪੜ੍ਹ ਰਹੇ ਹੋਵੋਗੇ। ਹਾਂ, 4 ਜਨਵਰੀ ਹੀ ਉਨ੍ਹਾਂ ਦਾ 150ਵਾਂ ਜਨਮ ਦਿਨ ਬਣਦਾ ਹੈ ਪਰ ਇਸ ਤਸਵੀਰ ਦਾ ਸਿਰਫ ਇਤਿਹਾਸਿਕ ਮਹੱਤਵ ਹੀ ਨਹੀਂ ਹੈ। ਇਸ ਦਾ ਅੱਜ ਦੇ ਸਮੇਂ 'ਚ, ਅੱਜ ਜਦੋਂ ਭਾਰਤ ਦੇ ਸਾਹਮਣੇ ਬਹੁਤ ਸਾਰੇ ਸਵਾਲ ਵਿਕਰਾਲ ਮੂੰਹ ਅੱਡੀ ਖੜ੍ਹੇ ਹਨ, ਇਸ ਦਾ ਮਹੱਤਵ ਹੋਰ ਵੀ ਡੂੰਘਾ ਹੋ ਜਾਂਦਾ ਹੈ। ਇਹ ਤਸਵੀਰ ਕਿਸਾਨ ਮੋਰਚੇ ਦੀ ਹੈ, ਅੱਜ ਜਦੋਂ ਕਿਸਾਨੀ ਸੰਕਟ ਬਹੁਤ ਹੀ ਗਹਿਰਾ ਹੈ। ਇਸ ਤਸਵੀਰ 'ਚ ਗਦਰੀ ਹਨ, ਜਿਨ੍ਹਾਂ ਨੇ ਅੰਗਰੇਜ਼ ਸਰਕਾਰ ਦੀਆਂ ਜੇਲਾਂ ਕੱਟੀਆਂ ਅਤੇ ਜਿਨ੍ਹਾਂ ਨੂੰ ਉਸ ਵਕਤ ਆਪਣੀ ਸਰਕਾਰ ਦੀਆਂ ਜੇਲਾਂ ਵੀ ਕੱਟਣੀਆਂ ਪਈਆਂ। ਅੱਜ ਜਦੋਂ ਦੇਸ਼ ਫਿਰਕੂ ਸੰਕਟ ਕਿਨਾਰੇ ਖੜ੍ਹਾ ਹੈ, ਤਾਂ ਗਦਰੀਆਂ ਦੀ ਸੈਕੁਲਰ ਤੇ ਦੇਸ਼ਭਗਤ ਪਹੁੰਚ ਵੱਲ ਇਸ਼ਾਰਾ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਅੱਜ ਜਿਸ ਮੋੜ ਉੱਤੇ, ਬਲਕਿ ਨਿਰਣਾਇਕ ਮੋੜ ਉੱਤੇ ਭਾਰਤ ਲਿਆ ਖੜ੍ਹਾ ਕੀਤਾ ਹੈ, ਸਾਨੂੰ ਸਾਡੇ ਕੁਰਬਾਨੀਆਂ ਦੇਣ ਵਾਲੇ ਦੇਸ਼ਭਗਤਾਂ ਦੇ ਇਤਿਹਾਸ 'ਤੇ ਵਿਚਾਰਾਂ ਨੂੰ ਪੁਨਰ ਵਿਚਾਰਨ ਦੀ ਜ਼ਰੂਰਤ ਹੈ।
ਨਾਗਰਿਕਤਾ ਸੋਧ ਬਿੱਲ ਨੇ ਜਿਵੇਂ ਸਾਡੇ ਅੱਗੇ ਸਵਾਲ ਖੜ੍ਹੇ ਕੀਤੇ ਨੇ, ਜਿਵੇਂ ਸੂਬਿਆਂ ਨੂੰ ਆਪਣੀਆਂ ਅਲੱਗ ਪਛਾਣਾਂ ਤੇ ਸਮੱਸਿਆਵਾਂ ਦੇ ਨਾਲ-ਨਾਲ ਕੇਂਦਰ ਦੇ ਜੂਲੇ 'ਚੋਂ ਬਾਹਰ ਆਉਣ ਵਾਲੀਆਂ ਕਵਾਇਦਾਂ ਸ਼ੁਰੂ ਹੋ ਗਈਆਂ ਨੇ। ਕਿਵੇਂ 80ਵਿਆਂ ਤੋਂ ਬਾਅਦ ਦੀ ਜੋ ਸਥਾਨਕਤਾ ਵਾਲੀ ਰਾਜਨੀਤੀ ਭਾਰੂ ਹੋ ਗਈ ਸੀ ਤੇ ਹੁਣ ਫੇਰ ਉਸੇ ਮਰਹਲੇ 'ਤੇ ਅਸੀਂ ਆਣ ਖੜ੍ਹੇ ਹਾਂ, ਸਾਨੂੰ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੌਰਾਨ ਜੋ ਦੇਸ਼-ਭਗਤਕ ਪਹੁੰਚ ਸੀ, ਉਸ ਉੱਤੇ ਨਜ਼ਰਸਾਨੀ ਦੀ ਜ਼ਰੂਰਤ ਹੈ ਕਿਉਂਕਿ ਬਹਾਨੇ ਨਾਲ ਅਸੀਂ ਬਾਬਾ ਸੋਹਣ ਸਿੰਘ ਭਕਨਾ ਤੇ ਗਦਰ ਪਾਰਟੀ ਦੇ ਸ਼ਹੀਦਾਂ ਤੇ ਵਿਚਾਰਕਾਂ ਨੂੰ ਯਾਦ ਕਰ ਰਹੇ ਹਾਂ, ਇਸ ਵਾਸਤੇ ਕਿਵੇਂ ਗਦਰ ਪਾਰਟੀ ਨੇ ਇਕ ਨਾਅਰਾ ਦਿੱਤਾ ਸੀ ਕਿ ਸਾਡਾ ਧਰਮ/ਜਾਤ/ਸੰਘਰਸ਼/ਸਭ ਕੁਝ ਗਦਰ ਹੈ। ਅਸੀਂ ਦੇਸ਼ ਵਿਚ ਗਦਰ ਕਰਾਂਗੇ ਤੇ ਅੰਗਰੇਜ਼ ਕੋਲੋਂ ਆਜ਼ਾਦੀ ਲੈ ਕੇ ਰਹਾਂਗੇ। ਕੀ ਅਸੀਂ ਬਾਬਾ ਭਕਨਾ ਜੀ ਦੀ ਕੁਰਬਾਨੀ ਭੁੱਲ ਸਕਦੇ ਹਾਂ? ਕਿਵੇਂ ਉਨ੍ਹਾਂ ਨੂੰ ਗਦਰੀ ਕਾਰਵਾਈਆਂ ਕਰਕੇ ਜੇਲ 'ਚ ਸੁੱਟਿਆ ਗਿਆ। ਪਹਿਲਾਂ ਫਾਂਸੀ ਦੀ ਸਜ਼ਾ ਸੁਣਾਈ ਗਈ। ਫਿਰ ਇਹ ਸਜ਼ਾ ਬਦਲ ਕੇ ਉਮਰ ਕੈਦ ਕੀਤੀ ਤੇ 1915 ਨੂੰ ਉਨ੍ਹਾਂ ਨੂੰ ਕਾਲੇ ਪਾਣੀ ਦੀ ਸੈਲੂਲਰ ਜੇਲ ਭੇਜ ਦਿੱਤਾ ਗਿਆ। ਉਨ੍ਹਾਂ ਦੇ ਸਿਰੜ ਤਾਂ ਦੇਖੋ ਕਿ ਉਨ੍ਹਾਂ ਨੇ ਉੱਥੇ ਵੀ ਵੱਡੀਆਂ ਭੁੱਖ ਹੜਤਾਲਾਂ ਕੀਤੀਆਂ ਤੇ ਕੈਦੀਆਂ ਉੱਤੇ ਹੁੰਦੇ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕੀਤੀ। ਇਨ੍ਹਾਂ ਕੁਰਬਾਨੀਆਂ ਨੂੰ ਅੱਜ ਭੁਲਾ ਦੇਵਾਂਗੇ ਤਾਂ ਅਸੀਂ ਉਨ੍ਹਾਂ ਸੁਪਨਿਆਂ ਦਾ ਕੀ ਕਰਾਂਗੇ, ਜਿਹੜੇ ਇਨ੍ਹਾਂ ਦੇਸ਼ਭਗਤਾਂ ਨੇ ਦੇਖੇ ਸਨ? ਫਿਰ ਬਾਅਦ 'ਚ ਵੀ ਕਿਵੇਂ ਇਹ ਸੂਰਮੇ ਲਗਾਤਾਰ ਸਾਡੀ ਆਪਣੀ ਹਕੂਮਤ ਨਾਲ ਹਕੂਕਾਂ ਵਾਸਤੇ ਲੜਦੇ ਰਹਿੰਦੇ ਨੇ, ਇਥੇ ਦਿੱਤੀ ਗਈ ਤਸਵੀਰ ਸਾਫ-ਸਾਫ ਪ੍ਰਗਟ ਕਰ ਦਿੰਦੀ ਹੈ।

ਅੱਜ ਦੇਸ਼ ਦੀ ਘੱਟਗਿਣਤੀ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ, ਖਾਸ ਕਰਕੇ ਮੁਸਲਿਮ ਭਾਈਚਾਰੇ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਸਾਰੇ ਦੇਸ਼ ਵਿਚ ਮੁਜ਼ਾਹਰੇ ਹੋ ਰਹੇ ਨੇ। ਇਸ ਮੌਕੇ ਵੀ ਸਾਨੂੰ ਗਦਰ ਪਾਰਟੀ ਦੇ ਅਕੀਦੇ ਯਾਦ ਆ ਰਹੇ ਨੇ। ਉਨ੍ਹਾਂ ਨੇ ਜਿਸ ਵੇਲੇ ਗਦਰ ਪਾਰਟੀ ਦੀ ਆਰਜ਼ੀ ਸਰਕਾਰ ਭਾਰਤ 'ਚ ਬਣਾਈ ਤਾਂ ਉਸ ਦੇ ਪ੍ਰਧਾਨ ਮੰਤਰੀ ਵਜੋਂ ਮੌਲਵੀ ਬਰਕਤੁੱਲਾ ਦਾ ਨਾਂ ਰੱਖਿਆ ਗਿਆ ਸੀ। ਮੌਲਵੀ ਸਾਹਿਬ ਗਦਰ ਪਾਰਟੀ ਦੇ ਬਾਨੀਆਂ 'ਚੋਂ ਸਨ। ਵਿਦਵਾਨ ਲੋਕ। ਜਿਹੜੇ ਕਿਸੇ ਵੀ ਧਰਮ ਨਾਲ ਨਹੀਂ ਸਨ ਬੱਝੇ ਹੋਏ। ਗਦਰੀ ਤਾਂ ਇਕੱਠੇ ਫਾਂਸੀਆਂ 'ਤੇ ਜਿਸ ਵਕਤ ਲਟਕਾਏ ਗਏ, ਤਾਂ ਉਨ੍ਹਾਂ ਵਿਚੋਂ ਇਕ ਹਾਫਿਜ਼ ਮੁਸਲਮਾਨ, ਇਕ ਪੰਡਿਤ, ਇਕ ਸਿੱਖ, ਇਕ ਨਾਸਤਿਕ ਵੀ ਸ਼ਾਮਿਲ ਸਨ। ਇਨ੍ਹਾਂ ਦੀਆਂ ਕੁਰਬਾਨੀਆਂ ਦੀਆਂ ਉਦਾਹਰਣਾਂ ਲੂੰ-ਕੰਡੇ ਹੀ ਖੜ੍ਹੇ ਨਹੀਂ ਕਰਦੀਆਂ, ਇਕ ਸੁਨੇਹਾ ਵੀ ਦਿੰਦੀਆਂ ਹਨ। ਏਕਤਾ ਦਾ ਸੁਨੇਹਾ। ਭਰਾਤਰੀ ਭਾਵ ਦਾ ਸੁਨੇਹਾ। ਭਾਰਤ ਦੀ ਆਜ਼ਾਦੀ ਦਾ ਸੁਨੇਹਾ। ਸੈਕੁਲਰ ਭਾਰਤ ਦਾ ਸੁਨੇਹਾ। ਸਮਾਨਤਾ ਵਾਲੇ ਸਮਾਜ ਦਾ ਸੁਨੇਹਾ। ਬੁੱਧ ਦਾ ਸੁਨੇਹਾ। ਤਦੇ ਤਾਂ ਗਦਰ ਪਾਰਟੀ ਦੇ ਬਾਨੀ ਜਨਰਲ ਸਕੱਤਰ ਲਾਲਾ ਹਰਦਿਆਲ ਵੀ ਜੀਵਨ ਦੇ ਆਖਰੀ ਪੜਾਅ 'ਚ ਜਾ ਕੇ ਬੁੱਧ ਧਰਮ ਗ੍ਰਹਿਣ ਕਰ ਲੈਂਦੇ ਨੇ ਤੇ ਬੁੱਧ ਮੱਤ ਬਾਰੇ ਇਕ ਵੱਡਾ ਖੋਜ ਕਾਰਜ ਕਰਦੇ ਨੇ।

ਮੋਰਚਰੀਆਂ ਤੇ ਬਿਰਧ ਆਸ਼ਰਮਾਂ ਦਾ ਸੂਬਾ ਬਣ ਰਿਹੈ ਪੰਜਾਬ
ਅੱਜ ਬੇਰੋਜ਼ਗਾਰੀ ਨੇ ਭਾਰਤੀ ਨੌਜਵਾਨ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਸਾਡੀ ਜੀ. ਡੀ. ਪੀ. ਲਗਾਤਾਰ ਹੇਠਾਂ ਡਿਗ ਰਹੀ ਹੈ। ਨੌਕਰੀਆਂ ਮਿਲਣ ਦੀ ਥਾਂ ਖੁੱਸ ਰਹੀਆਂ ਹਨ। ਨੌਜਵਾਨ ਨਿਰਾਸ਼ਾ 'ਚ ਝਾਕ ਰਿਹਾ ਹੈ। ਪੰਜਾਬੀ ਨੌਜਵਾਨ ਸਮੇਤ ਮੋਟੀਆਂ ਰਕਮਾਂ ਦੇ ਹਿਜਰਤ ਕਰ ਗਿਆ ਹੈ। ਇਥੋਂ ਨੌਜਵਾਨਾਂ ਦਾ ਚਲੇ ਜਾਣਾ ਛੋਟੀ ਗੱਲ ਨਹੀਂ ਹੈ। ਇਸ ਦੇ ਬਹੁਤ ਦੂਰਰਸ ਸਿੱਟੇ ਨਿਕਲਣੇ ਹਨ। ਅਜੇ ਤਾਂ ਵਕਤ ਦੱਸੇਗਾ ਪਰ ਸਾਨੂੰ ਇਹ ਖਬਰ ਨਹੀਂ ਹੈ ਕਿ ਅਸੀਂ ਕੀ ਗੁਆ ਲਿਆ ਹੈ। ਲੋਕਾਂ ਨੇ ਆਪਣੀਆਂ ਜ਼ਮੀਨਾਂ ਵੇਚਣੀਆਂ ਲਾਈਆਂ ਨੇ ਤਾਂ ਕਿ ਉਹ ਬਾਹਰ ਤੁਰਦੇ ਬਣਨ। ਸਾਡਾ ਪੈਸਾ ਨਿਵੇਸ਼ ਹੋਣ ਦੀ ਥਾਂ ਵਿਦੇਸ਼ ਜਾ ਰਿਹਾ ਹੈ। ਅਸੀਂ ਬਹੁਤ ਵੱਡੇ ਆਰਥਿਕ/ਸਮਾਜਿਕ ਸੰਕਟ ਦੇ ਕਿਨਾਰੇ ਖੜ੍ਹੇ ਹਾਂ। ਸਾਨੂੰ ਅੱਜ ਤਾਂ ਪਤਾ ਨਹੀਂ ਲੱਗਣਾ ਪਰ ਭਵਿੱਖ ਬਹੁਤ ਹੀ ਖਤਰਨਾਕ ਖੱਡ 'ਚ ਡਿਗਣ ਵਾਲਾ ਹੈ। ਪੰਜਾਬ ਦਾ ਹੋਰ ਵੀ ਬੁਰਾ ਹਾਲ ਹੋਵੇਗਾ। ਅਸੀਂ ਹਾਂ ਕਿ ਮਸਲਿਆਂ ਨੂੰ ਵਿਚਾਰਨ ਦੀ ਥਾਂ ਭਾਵਨਾ ਦੀ ਰਾਜਨੀਤੀ 'ਚ ਗੜੁੱਚ ਅਜਿਹੇ ਮਾਹੌਲ ਨੂੰ ਬਰਕਰਾਰ ਰੱਖ ਰਹੇ ਹਾਂ, ਜਿਸ ਨੇ ਧੁੰਦ ਛਟਣ ਹੀ ਨਹੀਂ ਦੇਣੀ। ਪੰਜਾਬ ਸਿਰਫ ਤੇ ਸਿਰਫ ਮੋਰਚਰੀਆਂ ਤੇ ਬਿਰਧ ਆਸ਼ਰਮਾਂ ਵਾਲਾ ਸੂਬਾ ਬਣਨ ਜਾ ਰਿਹਾ ਹੈ, ਬਲਕਿ ਬਣ ਹੀ ਗਿਆ ਹੈ। ਪਿੰਡਾਂ ਦੇ ਪਿੰਡ ਬਾਂ-ਬਾਂ ਕਰ ਰਹੇ ਨੇ। ਮਕਾਨ ਖਾਲੀ ਪਏ ਨੇ। ਬੁੱਢੇ-ਬੁੱਢੀਆਂ ਬਿੱਟ-ਬਿੱਟ ਝਾਕ ਰਹੇ ਨੇ। ਲਾਸ਼ਾਂ ਬਣ ਕੇ ਮੋਰਚਰੀਆਂ 'ਚ ਸਜ ਰਹੇ ਹਨ। ਬੱਚੇ ਵਿਦੇਸ਼ੋਂ ਆਉਣਗੇ ਤਾਂ ਸਸਕਾਰ ਕਰ ਦਿੱਤਾ ਜਾਵੇਗਾ।
ਅੱਜ ਜਿਸ ਵਕਤ ਫੈਜ਼ ਅਹਿਮਦ ਫੈਜ਼ ਦੇ ਕਿਸੇ ਖਾਸ ਗੀਤ ਤੱਕ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਵਕਤ 'ਮੇਰਾ ਰੰਗ ਦੇ ਬਸੰਤੀ ਚੋਲਾ' ਨੂੰ ਯਾਦ ਕੀਤਾ ਜਾਣਾ ਚਾਹੀਦਾ ਹੈ। 'ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ' ਗੀਤ ਦਾ ਅੱਜ ਮਹੱਤਵ ਹੋਰ ਜ਼ਿਆਦਾ ਵਧ ਗਿਆ ਹੈ। ਇਹ ਇਤਿਹਾਸ ਦੇ ਪ੍ਰਤੀਕ ਹਨ। ਇਤਿਹਾਸਕ ਸੰਘਰਸ਼ਾਂ ਦੇ ਪ੍ਰਤੀਕ ਹਨ। ਇਨ੍ਹਾਂ ਨੂੰ ਯਾਦ ਰੱਖਣ ਦਾ ਭਾਵ ਸਿਰਫ ਇਤਿਹਾਸ ਨੂੰ ਸਿਜਦਾ ਕਰਨਾ ਨਹੀਂ ਹੁੰਦਾ, ਇਤਿਹਾਸ ਨੂੰ ਜਗਦਿਆਂ ਰੱਖਣਾ ਵੀ ਹੁੰਦਾ ਹੈ। ਇਤਿਹਾਸ ਸਾਡਾ ਰਾਹ ਦਸੇਰਾ ਹੁੰਦਾ ਹੈ। ਜਿਹੜੇ ਲੋਕ ਇਤਿਹਾਸ ਨੂੰ ਗੋਲੀ ਮਾਰਦੇ ਨੇ, ਭਵਿੱਖ ਉਨ੍ਹਾਂ ਨੂੰ ਤੋਪ ਨਾਲ ਫੁੰਡਦਾ ਹੈ। ਇਹ ਸਬਕ ਨੇ। ਸਾਨੂੰ ਇਨ੍ਹਾਂ ਤੋਂ ਕੁਝ ਸਿੱਖਣਾ ਚਾਹੀਦਾ ਹੈ। ਸਾਡੇ ਰਾਜਨੀਤੀਵਾਨਾਂ ਨੂੰ ਇਨ੍ਹਾਂ ਤੋਂ ਸਬਕ ਲੈਣਾ ਚਾਹੀਦਾ ਹੈ। ਸਾਨੂੰ ਬਾਬਾ ਭਕਨਾ ਦੇ ਜੀਵਨ/ਫਲਸਫੇ ਤੋਂ ਸਬਕ ਲੈਣਾ ਚਾਹੀਦਾ ਹੈ। ਕਿਤੇ ਉੱਕ ਨਾ ਜਾਈਏ। ਵੇਲਾ ਅਗਾਂਹ ਸੌਖਾ ਨਹੀਂ ਭਾਰਤ ਵਾਸਤੇ। ਆਰਥਿਕ ਮੁਹਾਣ 'ਤੇ ਅਸੀਂ ਬਹੁਤ ਡਾਵਾਂਡੋਲ ਸਥਿਤੀ 'ਚ ਹਾਂ। ਸਮਾਜਿਕ ਤੌਰ 'ਤੇ ਅੱਗ 'ਚ ਧੱਕੇ ਜਾ ਰਹੇ ਹਾਂ। ਹੁਣੇ ਮੋੜਾ ਲਾਜ਼ਮੀ ਹੈ।

                                                                             —ਦੇਸ ਰਾਜ ਕਾਲੀ (ਹਰਫ਼ ਹਕੀਕੀ)


KamalJeet Singh

Content Editor

Related News