ਭਾਰਤ ਨਾ ਬਣੇ ਕਿਸੇ ਦਾ ਮੋਹਰਾ

10/25/2020 3:51:29 AM

ਡਾ. ਵੇਦਪ੍ਰਤਾਪ ਵੈਦਿਕ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਤੇ ਰੱਖਿਆ ਮੰਤਰੀ ਮਾਰਕ ਐਸਪਰ 26-27 ਅਕਤੂਬਰ ਨੂੰ ਦਿੱਲੀ ’ਚ ਸਾਡੇ ਵਿਦੇਸ਼ ਅਤੇ ਰੱਖਿਆ ਮੰਤਰੀ ਨਾਲ ਮਿਲ ਕੇ ਇਕ ਸਮਝੌਤਾ ਕਰਨਗੇ, ਜਿਸਦਾ ਅਜੀਬ ਜਿਹਾ ਨਾਂ ਹੈ- ‘ਬੁਨਿਆਦੀ ਵਟਾਂਦਰਾ ਸਹਿਯੋਗ ਸਮਝੌਤਾ’ (ਬੇਸਿਕ ਐਕਸਚੇਂਜ ਐਂਡ ਕੋਆਪ੍ਰੇਸ਼ਨ ਐਗਰੀਮੈਂਟ)। ਇਸ ਸਮਝੌਤੇ ਦਾ ਮੁੱਖ ਮਕਸਦ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੱਲ ਰਹੀ ਚੀਨ ਦੀ ਦਾਦਾਗਿਰੀ ਨੂੰ ਪਛਾੜਨਾ ਹੈ। ਇਹ ਉਸੇ ਤਰ੍ਹਾਂ ਦਾ ਜੰਗੀ ਸਮਝੌਤਾ ਹੈ ਜਿਵੇਂ 2016 ਅਤੇ 2018 ’ਚ ਦੋਵਾਂ ਦੇਸ਼ਾਂ ਦਰਮਿਆਨ ਹੋਏ ਸਨ। ਇਸ ਸਮਝੌਤੇ ਤਹਿਤ ਭਾਰਤ ਨੂੰ ਅਮਰੀਕਾ ਅਜਿਹੀ ਤਕਨੀਕੀ ਮਦਦ ਕਰੇਗਾ, ਜਿਸ ਨਾਲ ਲੱਦਾਖ ਖੇਤਰ ’ਚ ਆਪਣੀਆਂ ਮਿਜ਼ਾਈਲਾਂ ਅਤੇ ਡ੍ਰੋਨਾਂ ਦੀ ਮਾਰ ਨੂੰ ਬਿਹਤਰ ਬਣਾ ਸਕੇਗਾ।

ਇਹ ਸਮਝੌਤਾ ਇਸੇ ਵਕਤ ਕਿਉਂ ਕੀਤਾ ਜਾ ਰਿਹਾ ਹੈ? ਹੁਣ ਜਦਕਿ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ ਮੁਸ਼ਕਲ ਨਾਲ ਇਕ ਹਫਤਾ ਬਚਿਆ ਹੈ, ਇਹ ਸਮਝੌਤਾ ਕਰਨਾ ਖਤਰੇ ਤੋਂ ਖਾਲੀ ਨਹੀਂ ਹੈ। ਡੋਨਾਲਡ ਟਰੰਪ ਜਿੱਤਣਗੇ ਜਾਂ ਬਾਈਡੇਨ, ਇਸ ਦਾ ਕੋਈ ਪਤਾ ਨਹੀਂ ਹੈ। ਸਰਕਾਰ ਪਲਟਣ ’ਤੇ ਇਸ ਤਰ੍ਹਾਂ ਦੇ ਸਮਝੌਤੇ ਵੀ ਖਟਾਈ ’ਚ ਪੈ ਜਾਂਦੇ ਹਨ ਜਿਵੇਂ ਕਿ 2016 ਵਿਚ ਅਮਰੀਕੀ ਰਾਸ਼ਟਰਪਤੀ ਦੀ ਚੋਣ ਸਮੇਂ ਡੈਮੋਕ੍ਰੇਟ ਉਮੀਦਵਾਰ ਹਿਲੇਰੀ ਕਲਿੰਟਨ ਦਾ ਪੱਖ ਲੈਣ ਦੇ ਫੇਰ ਵਿਚ ਨਰਿੰਦਰ ਮੋਦੀ ਨੇ ਗਾਂਧੀ ਜਯੰਤੀ ਦੇ ਦਿਨ ਪੈਰਿਸ ਜਲਵਾਯੂ ਸਮਝੌਤੇ ਦਾ ਐਲਾਨ ਕਰ ਦਿੱਤਾ। ਉਸ ਸਮੇਂ ਅਮਰੀਕਾ ’ਚ ਓਬਾਮਾ ਦੀ ਸਰਕਾਰ ਸੀ।

ਉਸ ਸਰਕਾਰ ਦੇ ਉਲਟਦੇ ਹੀ ਡੋਨਾਲਡ ਟਰੰਪ ਨੇ ਭਾਰਤ ਉੱਤੇ ਕਈ ਬੇਕਾਰ ਟਕੋਰਾਂ ਕੀਤੀਆਂ ਅਤੇ ਅਮਰੀਕਾ ਨੂੰ ਉਨ੍ਹਾਂ ਨੇ ਉਸ ਪੈਰਿਸ ਸਮਝੌਤੇ ਤੋਂ ਬਾਹਰ ਕਰ ਲਿਆ। ਅਮਰੀਕਾ ਦੇ ਅਰਬਾਂ ਡਾਲਰਾਂ ’ਤੇ ਜੋ ਮੋਦੀ ਸਰਕਾਰ ਦੀ ਲਾਰ ਟਪਕ ਰਹੀ ਸੀ, ਉਹ ਮੂੰਹ ’ਚ ਹੀ ਰਹਿ ਗਈ। ਇਹ ਵੱਖਰੀ ਗੱਲ ਹੈ ਕਿ ਟਰੰਪ ਨੂੰ ਪਟਾਉਣ ਲਈ ਹਿਊਸਟਨ ਅਤੇ ਅਹਿਮਦਾਬਾਦ ਵਿਚ ਮੋਦੀ ਨੂੰ ਖੁਸ਼ਾਮਦਾਂ ਦਾ ਅੰਬਾਰ ਲਗਾਉਣਾ ਪਿਆ ਪਰ ਟਰੰਪ ਬੜੇ ਰਾਸ਼ਟਰਵਾਦੀ ਅਤੇ ਯਥਾਰਥਵਾਦੀ ਹਨ। ਉਨ੍ਹਾਂ ਨੇ ਭਾਰਤ ਦੇ ਨਾਲ ਸਿਰਫ ਉਨ੍ਹਾਂ ਹੀ ਮਾਮਲਿਆਂ ਵਿਚ ਸਹਿਯੋਗ ਕੀਤਾ ਹੈ, ਜਿਨ੍ਹਾਂ ਨਾਲ ਉਨ੍ਹਾਂ ਦੇ ਦੇਸ਼ ਨੂੰ ਫਾਇਦਾ ਹੋਵੇ।

ਭਾਰਤ-ਅਮਰੀਕਾ ਵਪਾਰ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ। ਭਾਰਤ ਨੂੰ ਕਾਰਜ-ਵੀਜ਼ਾ ਦੀ ਪ੍ਰੇਸ਼ਾਨੀ ਬਣੀ ਹੋਈ ਹੈ। ਰੂਸੀ ਮਿਜ਼ਾਈਲ ਖਰੀਦ ’ਤੇ ਪਾਬੰਦੀਆਂ ਦਾ ਅੜਿੱਕਾ ਅਜੇ ਹਟਿਆ ਨਹੀਂ ਹੈ ਪਰ ਟਰੰਪ ਪ੍ਰਸ਼ਾਸਨ ਚਾਹੁੰਦਾ ਹੈ ਕਿ ਚੀਨ ਦੀ ਘੇਰਾਬੰਦੀ ਦਾ ਸਿਪਾਹਸਲਾਰ ਭਾਰਤ ਬਣ ਜਾਵੇ। ਟੋਕੀਓ ’ਚ ਹੋਈ ਚੌਕੜੀ (ਅਮਰੀਕਾ, ਜਾਪਾਨ, ਆਸਟ੍ਰੇਲੀਆ, ਭਾਰਤ) ਦੀ ਬੈਠਕ ਵਿਚ ਭਾਰਤ ਨੇ ਆਪਣੇ ਕਦਮ ਬਹੁਤ ਹੀ ਫੂਕ-ਫੂਕ ਕੇ ਰੱਖੇ ਹਨ। ਅਜੇ ਵੀ ਭਾਰਤ ਨੂੰ ਚੀਨ ਨਾਲ ਨਜਿੱਠਣ ਲਈ ਅਮਰੀਕੀ ਮੋਹਰਾ ਬਣਨ ਤੋਂ ਬਚਣਾ ਹੋਵੇਗਾ। ਚੀਨ ਨੂੰ ਘੇਰਨ ਦੇ ਹਿਸਾਬ ਨਾਲ ਇਹ ਦੋਵੇਂ ਅਮਰੀਕੀ ਮੰਤਰੀ ਸ਼੍ਰੀਲੰਕਾ ਅਤੇ ਮਾਲਦੀਵ ਵੀ ਜਾਣ ਵਾਲੇ ਹਨ।

ਉਨ੍ਹਾਂ ਨੇ ਤਿੱਬਤ ਉੱਤੇ ਵੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਜੇਕਰ ਟਰੰਪ ਦੁਬਾਰਾ ਰਾਸ਼ਟਰਪਤੀ ਬਣ ਗਏ ਤਾਂ ਉਨ੍ਹਾਂ ਦਾ ਕੋਈ ਭਰੋਸਾ ਨਹੀਂ ਕਿ ਉਹ ਕੀ ਕਰਨਗੇ? ਹੋ ਸਕਦਾ ਹੈ ਕਿ ਉਹ ਫਿਰ ਚੀਨ ਨਾਲ ਗਲਵਕੜੀ ਪਾ ਲੈਣ। ਭਾਰਤ ਦੀ ਜੰਗੀ ਮਜ਼ਬੂਤੀ ਜਿਹੜੇ ਤਰੀਕਿਆਂ ਨਾਲ ਹੋ ਸਕਦੀ ਹੈ, ਸਰਕਾਰ ਜ਼ਰੂਰ ਕਰੇ ਪਰ ਇਹ ਵੀ ਧਿਆਨ ਰੱਖੇ ਕਿ ਭਾਰਤ ਦਾ ਚਰਿੱਤਰ ਅਜਿਹਾ ਹੈ ਕਿ ਉਹ ਕਿਸੇ ਨਾਟੋ, ਸੀਟੋ, ਸੇਂਟੋ ਜਾਂ ਵਾਰਸਾ-ਪੈਕਟ ਵਰਗੇ ਫੌਜੀ ਧੜੇ ਦਾ ਮੈਂਬਰ ਕਦੀ ਨਹੀਂ ਬਣ ਸਕਦਾ।


Bharat Thapa

Content Editor

Related News