ਆਈ. ਐੱਸ. ਦੇ ਖ਼ਤਰੇ ਨੂੰ ਨਵੇਂ ਸੰਦਰਭ ’ਚ ਸਮਝਣ ਦੀ ਲੋੜ

Saturday, May 04, 2019 - 06:01 AM (IST)

ਹਰੀ ਜੈਸਿੰਘ
ਇਸਲਾਮਿਕ ਸਟੇਟ (ਆਈ. ਐੱਸ.) ਦੇ ਲੜਾਕਿਆਂ ਦੇ ਪੈਰ ਉਨ੍ਹਾਂ ਦੇ ਗਲਬੇ ਵਾਲੇ ਇਰਾਕ ਅਤੇ ਸੀਰੀਆ ’ਚ ਜ਼ਰੂਰ ਉੱਖੜ ਗਏ ਹਨ ਪਰ ਇਹ ਦੁਨੀਆ ਦੇ ਹੋਰਨਾਂ ਹਿੱਸਿਆਂ, ਖਾਸ ਕਰਕੇ ਦੱਖਣੀ ਏਸ਼ੀਆ ’ਚ ਆਪਣਾ ਨੈੱਟਵਰਕ ਫੈਲਾਉਣ ’ਚ ਸਫਲ ਰਹੇ ਹਨ। ਭਾਰਤੀ ਅਧਿਕਾਰੀਆਂ ਨੂੰ ਭਾਰਤ ਅਤੇ ਆਪਣੇ ਗੁਆਂਢ ’ਚ ਉਨ੍ਹਾਂ ਦੀਆਂ ਸਰਗਰਮੀਆਂ ਦੀ ਪੂਰੀ ਜਾਣਕਾਰੀ ਰਹੀ ਹੈ। ਇਸ ਗੱਲ ਦਾ ਸਿਹਰਾ ਸਾਡੀਆਂ ਖੁਫੀਆ ਏਜੰਸੀਆਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਆਈ. ਐੱਸ. ਦੀਆਂ ਸਾਜ਼ਿਸ਼ਾਂ ’ਤੇ ਨਜ਼ਰ ਰੱਖੀ ਹੈ। ਖੁਫੀਆ ਏਜੰਸੀਆਂ 2014 ਤੋਂ ਹੀ ਕੁਝ ਸ਼ੱਕੀ ਨੌਜਵਾਨਾਂ ਦੇ ਫੇਸਬੁੱਕ ਅਕਾਊਂਟਸ ’ਤੇ ਨਜ਼ਰ ਰੱਖ ਰਹੀਆਂ ਹਨ, ਜਦੋਂ ਤੋਂ ਮੁੰਬਈ ਦੇ ਕੁਝ ਨੌਜਵਾਨ ਆਈ. ਐੱਸ. ’ਚ ਸ਼ਾਮਿਲ ਹੋਣ ਲਈ ਸੀਰੀਆ ਜਾਂ ਇਰਾਕ ਚਲੇ ਗਏ। ਇਥੋਂ ਤਕ ਕਿ ਹੈਦਰਾਬਾਦ ਪੁਲਸ ਦਾ ਸਾਈਬਰ ਵਿੰਗ ਵੀ ਸ਼ਹਿਰ ’ਚ ਮੁਸਲਿਮ ਨੌਜਵਾਨਾਂ ਦੀਆਂ ਸ਼ੱਕੀ ਆਨਲਾਈਨ ਸਰਗਰਮੀਆਂ ’ਤੇ ਨਜ਼ਰ ਰੱਖਦਾ ਰਿਹਾ ਹੈ, ਜਿਨ੍ਹਾਂ ਨੂੰ ਕੱਟੜਵਾਦੀ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਇਹ ਪੈਟਰਨ ਕਈ ਸੂਬਿਆਂ ’ਚ ਦੇਖਿਆ ਗਿਆ, ਜਿਸ ਦੇ ਸਿੱਟੇ ਵਜੋਂ ਕੁਝ ਕੱਟੜਵਾਦੀ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਇਸ ਦਾ ਫਾਇਦਾ ਇਹ ਹੋਇਆ ਕਿ ਭਵਿੱਖ ’ਚ ਹੋਣ ਵਾਲੀਆਂ ਸੰਭਾਵੀ ਅੱਤਵਾਦੀ ਘਟਨਾਵਾਂ ਤੋਂ ਬਚਿਆ ਜਾ ਸਕਿਆ। ਪਿਛਲੇ 4 ਸਾਲਾਂ ’ਚ ਅਸੀਂ ਦੇਖਿਆ ਹੈ ਕਿ ਵੱਖ-ਵੱਖ ਏਜੰਸੀਆਂ ਅਤੇ ਉਨ੍ਹਾਂ ਦੀਆਂ ਅੱਤਵਾਦ ਰੋਕੂ ਯੂਨਿਟਾਂ ਨੇ ਅੱਤਵਾਦੀ ਸਰਗਰਮੀਆਂ ਨੂੰ ਰੋਕਣ ਲਈ ਸਾਂਝੇ ਯਤਨ ਕੀਤੇ ਹਨ। ਐੱਨ. ਆਈ. ਏ. ਅਤੇ ਹੋਰ ਏਜੰਸੀਆਂ ਨੇ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ, ਜਿਸ ਦੇ ਸਿੱਟੇ ਵਜੋਂ ਦਿੱਲੀ, ਯੂ. ਪੀ., ਮਹਾਰਾਸ਼ਟਰ, ਰਾਜਸਥਾਨ, ਕੇਰਲ, ਕਰਨਾਟਕ, ਤਾਮਿਲਨਾਡੂ ਤੇ ਹੈਦਰਾਬਾਦ ’ਚ ਆਈ. ਐੱਸ. ਦੀਆਂ ਵੱਖ-ਵੱਖ ਯੋਜਨਾਬੱਧ ਕਾਰਵਾਈਆਂ ਦਾ ਭਾਂਡਾ ਭੰਨਿਆ ਜਾ ਸਕਿਆ।

ਈਸਟਰ ਕਤਲੇਆਮ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ

ਕੋਲੰਬੋ ਦੇ ਲਗਜ਼ਰੀ ਹੋਟਲਾਂ ਤੇ ਗਿਰਜਾਘਰਾਂ ’ਚ ਈਸਟਰ ਮੌਕੇ ਹੋਏ ਅੱਤਵਾਦੀ ਹਮਲਿਆਂ/ਕਤਲੇਆਮ ਨੂੰ ਦੱਖਣੀ ਏਸ਼ੀਆ ਖੇਤਰ ਦੇ ਦੇਸ਼ਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਹ ਕਿਸੇ ਸਥਾਨਕ ਅੱਤਵਾਦੀ ਸਮੂਹ ਦੀ ਇਕੱਲੇ ਸਥਾਨਕ ਪੱਧਰ ਦੀ ਵਾਰਦਾਤ ਨਹੀਂ ਸੀ। ਈਸਟਰ ਕਤਲੇਆਮ ਦੀ ਰੇਂਜ ਅਤੇ ਦਾਇਰੇ ਨੂੰ ਦੇਖਦਿਆਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਪੂਰੀ ਅੱਤਵਾਦੀ ਵਾਰਦਾਤ ਨੂੰ ਭਾਰਤ ਅਤੇ ਵਿਦੇਸ਼ਾਂ ’ਚ ਰਹਿ ਰਹੀਆਂ ਅੱਤਵਾਦੀ ਤਾਕਤਾਂ ਦੀ ਸਹਾਇਤਾ ਨਾਲ ਅੰਜਾਮ ਦਿੱਤਾ ਗਿਆ। ਅਸਲ ’ਚ ਭਾਰਤੀ ਖੁਫੀਆ ਏਜੰਸੀਆਂ ਤਾਮਿਲਨਾਡੂ ਤੇ ਕੇਰਲ ਦੇ ਲੱਗਭਗ ਦਰਜਨ ਨੌਜਵਾਨਾਂ ਨੂੰ ‘ਟ੍ਰੈਕ’ ਕਰ ਰਹੀਆਂ ਸਨ, ਜਿਨ੍ਹਾਂ ਦੇ ਫੋਨ ਨੰਬਰ ਜ਼ਹਿਰਾਨ ਹਾਸ਼ਿਮ ਦੀ ਕਾਲ ਡਿਟੇਲ ’ਚੋਂ ਮਿਲੇ। ਹਾਸ਼ਿਮ ਸ਼੍ਰੀਲੰਕਾ ’ਚ ਹੋਏ ਹਮਲਿਆਂ ਦਾ ਸ਼ੱਕੀ ਮਾਸਟਰਮਾਈਂਡ ਹੈ। ਇਹ ਬਹੁਤ ਗੰਭੀਰ ਮਾਮਲਾ ਹੈ, ਜਿਸ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਭਾਰਤ ਦੀ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਹਾਸ਼ਿਮ ਦੇ ਭਾਰਤ ’ਚ ਸੰਪਰਕਾਂ ਦੀ ਜਾਂਚ ਕਰ ਰਹੀ ਹੈ, ਜੋ ਸਾਡੇ ਦੇਸ਼ ਅਤੇ ਪੂਰੇ ਦੱਖਣੀ ਏਸ਼ੀਆ ਖੇਤਰ ਦੀ ਸੁਰੱਖਿਆ ਲਈ ਗੰਭੀਰ ਮਾਮਲਾ ਹੋ ਸਕਦੇ ਹਨ। ਸਾਨੂੰ ਆਈ. ਐੱਸ. ਦੇ ਇਕ ਵੀਡੀਓ ’ਚ ਅਬੂ ਬਕਰ ਅਲ ਬਗਦਾਦੀ ਦੇ ਅਚਾਨਕ ਸਾਹਮਣੇ ਆਉਣ ਨੂੰ ਵੀ ਗੰਭੀਰਤਾ ਨਾਲ ਲੈਣਾ ਪਵੇਗਾ, ਜੋ 5 ਸਾਲਾਂ ਬਾਅਦ ਦਿਸਿਆ ਹੈ। ਇਸ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਬਗਦਾਦੀ ਮਰਿਆ ਨਹੀਂ ਹੈ ਤੇ ਆਈ. ਐੱਸ. ਦੀਆਂ ਸਰਗਰਮੀਆਂ ਨੂੰ ਕੰਟਰੋਲ ਕਰ ਰਿਹਾ ਹੈ, ਜਦਕਿ ਇਸ ਤੋਂ ਪਹਿਲਾਂ ਉਸ ਦੇ ਹਵਾਈ ਹਮਲਿਆਂ ’ਚ ਮਾਰੇ ਜਾਣ ਦੀਆਂ ਅਫਵਾਹਾਂ ਫੈਲੀਆਂ ਸਨ।

ਆਈ. ਐੱਸ. ਵਿਚਾਰਕ ਤੇ ਧਾਰਮਿਕ ਤੌਰ ’ਤੇ ਜ਼ਿੰਦਾ

ਇਹ ਸਹੀ ਸਮਾਂ ਹੈ ਕਿ ਭਾਰਤ ਆਈ. ਐੱਸ. ਦੇ ਖਤਰੇ ਨੂੰ ਕੌਮੀ ਅਤੇ ਗਲੋਬਲ ਸੰਦਰਭ ’ਚ ਦੇਖੇ। ਬੇਸ਼ੱਕ ਆਈ. ਐੱਸ. ਨੇ ਇਰਾਕ ਤੇ ਸੀਰੀਆ ’ਚ ਆਪਣੀ ਪਕੜ ਗੁਆ ਲਈ ਹੈ ਪਰ ਵਿਚਾਰਕ ਅਤੇ ਧਾਰਮਿਕ ਤੌਰ ’ਤੇ ਇਹ ਹੁਣ ਵੀ ਆਪਣੇ ਸਮਰਥਕਾਂ ਦੇ ਦਿਲੋ-ਦਿਮਾਗ ’ਚ ਜ਼ਿੰਦਾ ਹੈ। 2014 ’ਚ ਸੀਰੀਆ ਤੇ ਇਰਾਕ ’ਚ ਭੂ-ਮੱਧ ਸਾਗਰ ਤੱਟ ਤੋਂ ਬਗਦਾਦ ਦੇ ਦੱਖਣ ਤਕ 34,000 ਵਰਗਮੀਲ ਖੇਤਰ ਆਈ. ਐੱਸ. ਦੇ ਕਬਜ਼ੇ ’ਚ ਸੀ। ਉਦੋਂ ਇਸ ਦਾ ਮਾਲੀਆ ਮੁੱਖ ਤੌਰ ’ਤੇ ਤੇਲ ਉਤਪਾਦਨ, ਸਮੱਗਲਿੰਗ, ਅਗਵਾ ਕੀਤੇ ਲੋਕਾਂ ਨੂੰ ਛੱਡਣ ਨਾਲ ਮਿਲਣ ਵਾਲੀ ਫਿਰੌਤੀ ਅਤੇ ਚੋਰੀ ਦੀਆਂ ਚੀਜ਼ਾਂ ਵੇਚਣ ਤੋਂ ਆਉਂਦਾ ਸੀ। ਅਮਰੀਕਾ ਦੀ ਕੌਮੀ ਸੁਰੱਖਿਆ ਪ੍ਰੀਸ਼ਦ ਦੇ ਸਾਬਕਾ ਸੀਨੀਅਰ ਨਿਰਦੇਸ਼ਕ (ਅੱਤਵਾਦ ਰੋਕੂ) ਨਿਕੋਲਸ ਦਾ ਕਹਿਣਾ ਹੈ ਕਿ ਇਰਾਕ ਤੇ ਸੀਰੀਆ ’ਚ ਖਲੀਫਾ ਦੀ ਹਾਰ ਨਾਲ ਆਈ. ਐੱਸ. ਦੀ ਚੁਣੌਤੀ ਖਤਮ ਨਹੀਂ ਹੋਈ ਹੈ। ਨਿਕੋਲਸ ਨੇ ਓਬਾਮਾ ਤੇ ਟਰੰਪ ਦੇ ਕਾਰਜਕਾਲ ’ਚ ਕੌਮੀ ਅੱਤਵਾਦ ਰੋਕੂ ਕੇਂਦਰ ਵੀ ਚਲਾਇਆ। ਇਸ ਲਈ ਅੱਤਵਾਦ ਬਾਰੇ ਬਹੁਤ ਸਾਰੇ ਮਾਹਿਰਾਂ ਨੇ ਆਈ. ਐੱਸ. ਦੀ ਹਾਰ ਦਾ ਦਾਅਵਾ ਕਰਨ ’ਚ ਸੰਜਮ ਵਰਤਣ ਦੀ ਸਲਾਹ ਦਿੱਤੀ ਹੈ। ਨਿਕੋਲਸ ਦਾ ਕਹਿਣਾ ਹੈ ਕਿ ਖਲੀਫਾ ਦੀ ਵਿਚਾਰਧਾਰਾ ਇਰਾਕ ਤੇ ਸੀਰੀਆ ਤੋਂ ਬਾਹਰ ਪਹੁੰਚ ਚੁੱਕੀ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਆਈ. ਐੱਸ. ਦਾ ਮਕਸਦ ਇਸਲਾਮਿਕ ਰਾਜ ਕਾਇਮ ਕਰਨਾ ਹੈ, ਜੋ ਸੀਰੀਆ ਅਤੇ ਇਰਾਕ ਤੋਂ ਬਾਹਰ ਤਕ ਫੈਲਿਆ ਹੋਵੇ। ਇਹ ਸ਼ਰੀਅਤ ਕਾਨੂੰਨ ’ਚ ਯਕੀਨ ਰੱਖਦਾ ਹੈ, ਜਿਸ ਦੀਆਂ ਜੜ੍ਹਾਂ 8ਵੀਂ ਸਦੀ ਦੇ ਇਸਲਾਮ ’ਚ ਹਨ। ਆਈ. ਐੱਸ. ਆਪਣੀਆਂ ਨੀਤੀਆਂ ਅਤੇ ਧਾਰਮਿਕ ਕੱਟੜਵਾਦ ਨੂੰ ਫੈਲਾਉਣ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦਾ ਹੈ। ਇਸ ਦੇ ਕੱਟੜਵਾਦੀ ਪੋਸਟਰ ਕਸ਼ਮੀਰ ’ਚ ਵੀ ਦੇਖੇ ਗਏ ਹਨ।

ਭਾਰਤ ਨੇ ਸ਼੍ਰੀਲੰਕਾ ਨੂੰ ਕੀਤਾ ਸੀ ਅਲਰਟ

ਈਸਟਰ ਧਮਾਕਿਆਂ ਤੋਂ ਕੁਝ ਦਿਨ ਪਹਿਲਾਂ ਭਾਰਤ ਨੇ ਸ਼੍ਰੀਲੰਕਾ ਨੂੰ ਆਈ. ਐੱਸ. ਦੇ ਖਤਰੇ ਬਾਰੇ ਵਿਸ਼ੇਸ਼ ਤੌਰ ’ਤੇ ਅਲਰਟ ਕੀਤਾ ਸੀ। ਇਸ ਦੌਰਾਨ ਸ਼੍ਰੀਲੰਕਾ ਨੂੰ ਅੱਤਵਾਦੀ ਸਮੂਹ ਅਤੇ ਉਸ ਦੇ ਲੀਡਰ ਬਾਰੇ ਵੀ ਦੱਸਿਆ ਗਿਆ ਸੀ ਪਰ ਇਸ ਦੇਸ਼ ’ਚ ਸੁਰੱਖਿਆ ਤੇ ਖੁਫੀਆ ਜਾਣਕਾਰੀਆਂ ਸਮੇਤ ਵੱਖ-ਵੱਖ ਅਹਿਮ ਖੇਤਰਾਂ ’ਚ ਅੰਦਰੂਨੀ ਸਿਆਸਤ ਚੱਲ ਰਹੀ ਹੈ। ਸ਼੍ਰੀਲੰਕਾ ਸਰਕਾਰ ਨੂੰ ਆਪਣਾ ਘਰ ਦਰੁੱਸਤ ਕਰਨਾ ਪਵੇਗਾ। ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਅੱਤਵਾਦੀ ਘਟਨਾਵਾਂ ’ਚ 359 ਕੀਮਤੀ ਜਾਨਾਂ ਗਈਆਂ। ਈਸਟਰ ਧਮਾਕਿਆਂ ਤੋਂ ਪਹਿਲਾਂ ਕੁਝ ਬੋਧੀ ਮੰਦਰਾਂ ’ਚ ਭੰਨ-ਤੋੜ ਵੀ ਕੀਤੀ ਗਈ ਸੀ। ਅੱਤਵਾਦ ਦਾ ਵਿਸ਼ਲੇਸ਼ਣ ਕਰਨ ਵਾਲੇ ਇਕ ਸੰਗਠਨ ਐੱਸ. ਆਈ. ਟੀ. ਈ. ਖੁਫੀਆ ਸਮੂਹ ਦੀ ਸਹਿ-ਬਾਨੀ ਰੀਟਾ ਕਾਟਜ਼ ਅਨੁਸਾਰ ਸ਼੍ਰੀਲੰਕਾ ਦੇ ਹਮਲਿਆਂ ’ਚ ਤਕਨੀਕ ਅਤੇ ਤਾਲਮੇਲ ਦਾ ਇਸਤੇਮਾਲ ਹੋਇਆ, ਜਿਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਆਈ. ਐੱਸ. ਤੋਂ ਟ੍ਰੇਨਿੰਗ ਤੇ ਸਹਾਇਤਾ ਮਿਲੀ, ਜਿਨ੍ਹਾਂ ਦਾ ਟਿਕਾਣਾ ਸ਼ਾਇਦ ਫਿਲਪੀਨਜ਼ ਜਾਂ ਖੇਤਰ ’ਚ ਕਿਸੇ ਹੋਰ ਜਗ੍ਹਾ ਰਿਹਾ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਸ਼੍ਰੀਲੰਕਾ ਆਈ. ਐੱਸ. ਦੀਆਂ ਸਰਗਰਮੀਆਂ ਦਾ ਗੜ੍ਹ ਬਣ ਸਕਦਾ ਹੈ ਕਿਉਂਕਿ ਦੱਖਣ-ਪੂਰਬੀ ਏਸ਼ੀਆ ’ਚ ਆਈ. ਐੱਸ. ਵਿਚ ਭਰਤੀ ਦੀ ਪ੍ਰਕਿਰਿਆ ਤੋਂ ਇਸ ਗੱਲ ਦੇ ਸੰਕੇਤ ਮਿਲਦੇ ਹਨ। ਹਾਲਾਂਕਿ ਇਹ ਅਜੇ ਦੂਰ ਦੀ ਗੱਲ ਲੱਗਦੀ ਹੈ ਪਰ ਖੇਤਰ ’ਚ ਮੌਜੂਦਾ ਪੇਚੀਦਗੀਆਂ ਨੂੰ ਦੇਖਦਿਆਂ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਆਈ. ਐੱਸ. ਮਨੋਵਿਗਿਆਨਿਕ ਪੱਧਰ ’ਤੇ ਵੀ ਜ਼ਬਰਦਸਤ ਕੰਮ ਕਰਦਾ ਹੈ, ਜਿਸ ਦੇ ਤਹਿਤ ਇਹ ਨੌਜਵਾਨਾਂ ਨੂੰ ਇੰਟਰਨੈੱਟ ਦੇ ਜ਼ਰੀਏ ਕੱਟੜਵਾਦੀ ਬਣਾਉਂਦਾ ਹੈ। ਸਾਡੇ ਨੀਤੀਘਾੜਿਆਂ ਨੂੰ ਭਾਰਤ ਅਤੇ ਦੱਖਣੀ ਏਸ਼ੀਆ ਨੂੰ ਦਰਪੇਸ਼ ਆਈ. ਐੱਸ. ਦੇ ਖਤਰੇ ਨੂੰ ਇਕ ਅਸਲੀਅਤ ਵਜੋਂ ਲੈਣਾ ਪਵੇਗਾ। ਇਸ ਵਿਸ਼ੇ ’ਤੇ ਗੰਭੀਰ ਅਧਿਐਨ ਕਰ ਚੁੱਕੇ ਇਕ ਭਾਰਤੀ ਮਾਹਿਰ ਦਾ ਕਹਿਣਾ ਹੈ ਕਿ ਆਈ. ਐੱਸ. ਦੀਆਂ ਸਰਗਰਮੀਆਂ ਫੈਲਾਉਣ ’ਚ ਇੰਟਰਨੈੱਟ ਮੁੱਖ ਭੂਮਿਕਾ ਨਿਭਾਅ ਰਿਹਾ ਹੈ ਅਤੇ ਇਸ ਦੀ ਮੁਕੰਮਲ ਹਾਰ ਤੋਂ ਬਾਅਦ ਵੀ ਇੰਟਰਨੈੱਟ ਦੇ ਜ਼ਰੀਏ ਇਸ ਦਾ ਪ੍ਰਚਾਰ ਜਾਰੀ ਰਹਿ ਸਕਦਾ ਹੈ। ਇਸ ਲਈ ਇਸ ਖਤਰੇ ਨਾਲ ਨਜਿੱਠਣ ਵਾਸਤੇ ਭਾਰਤ, ਦੱਖਣੀ ਏਸ਼ੀਆ ਅਤੇ ਬਾਕੀ ਦੁਨੀਆ ਨੂੰ ਸਮੂਹਿਕ ਤੌਰ ’ਤੇ ਯਤਨ ਕਰਨੇ ਪੈਣਗੇ। ਇਹ ਸਿਰਫ ਆਈ. ਐੱਸ. ਤਕ ਦਾ ਮਾਮਲਾ ਨਹੀਂ ਹੈ, ਭਵਿੱਖ ’ਚ ਅੱਤਵਾਦ ਹੋਰਨਾਂ ਰੂਪਾਂ ’ਚ ਵੀ ਸਾਹਮਣੇ ਆ ਸਕਦਾ ਹੈ। ਇਸ ਮਾਮਲੇ ’ਚ ਕੀ ਕੀਤਾ ਜਾਣਾ ਚਾਹੀਦਾ ਹੈ, ਇਹ ਹੁਣ ਸਾਊਥ ਬਲਾਕ (ਜਿਸ ’ਚ ਪੀ. ਐੱਮ. ਓ., ਰੱਖਿਆ ਅਤੇ ਵਿਦੇਸ਼ ਮੰਤਰਾਲੇ ਸਥਿਤ ਹਨ) ਦੇ ਘਾਗਾਂ ਦੀ ਜ਼ਿੰਮੇਵਾਰੀ ਹੈ।
 


Bharat Thapa

Content Editor

Related News