ਕੀ ਇਹ ਬਜਟ ‘2014’ ਦੀ ਯਾਦ ਦਿਵਾਉਂਦਾ ਹੈ

02/03/2019 4:54:36 AM

ਮੋਦੀ ਸਰਕਾਰ ਦਾ ਇਹ ਤਾਜ਼ਾ ਬਜਟ ਦੋ ਰੁੱਸੇ ਵਰਗਾਂ ਨੂੰ ਮਨਾਉਣ ਲਈ ਹੈ। ਮੋਦੀ ਸਰਕਾਰ ਦੇ ਨਿਸ਼ਾਨੇ ’ਤੇ ਮੱਧਵਰਗ ਅਤੇ ਕਿਸਾਨ ਹਨ। ਇਕ ਫੀਲਗੁੱਡ ਮਾਹੌਲ ਬਣਾਉਣ ਦੀ ਪੂਰੀ ਮੁਸ਼ੱਕਤ ਹੋਈ ਹੈ। ਰਾਹੁਲ ਗਾਂਧੀ ਨੇ ਬਜਟ ਆਉਣ ਤੋਂ ਪਹਿਲਾਂ ‘ਯੂਨੀਵਰਸਲ ਬੇਸਿਕ ਇਨਕਮ’ ਦੀਅਾਂ ਆਹਟਾਂ ਨੂੰ ਹਵਾ ਕੀ ਦੇ ਦਿੱਤੀ, ਇਹ ਐਲਾਨ ਹੁੰਦੇ-ਹੁੰਦੇ ਰਹਿ ਗਿਆ। 
ਰਹੀ ਗੱਲ ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਵਾਅਦੇ ਦੀ, ਤਾਂ ਇਥੇ ਵੀ ਰਾਹੁਲ ਬਾਜ਼ੀ ਮਾਰ ਗਏ ਕਿਉਂਕਿ ਰਾਹੁਲ ਤਾਂ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰਨ ਦੀ ਗੱਲ ਕਰ ਰਹੇ ਹਨ।  5 ਲੱਖ ਰੁਪਏ ਦੀ ਆਮਦਨ ਕਰ ਛੋਟ ਦੇ ਐਲਾਨ  ਨਾਲ ਨੋਟਬੰਦੀ ਅਤੇ ਜੀ. ਐੱਸ. ਟੀ. ’ਤੇ ਇਕ ਸਵਾਲੀਆ ਨਿਸ਼ਾਨ ਲੱਗ ਸਕਦਾ ਹੈ ਕਿਉਂਕਿ ਮੋਦੀ ਸਰਕਾਰ ਦੇ ਜਿਹੜੇ ਮੰਤਰੀ ਵਧ-ਚੜ੍ਹ ਕੇ ਇਹ ਦਾਅਵੇ ਕਰ ਰਹੇ ਸਨ ਕਿ ਨੋਟਬੰਦੀ ਅਤੇ ਜੀ. ਐੱਸ. ਟੀ. ਦੀ ਵਜ੍ਹਾ ਕਰਕੇ 3 ਕਰੋੜ 67 ਲੱਖ ਟੈਕਸਦਾਤੇ ਵਧ ਕੇ 6 ਕਰੋੜ ਤੋਂ ਜ਼ਿਆਦਾ ਹੋ ਗਏ ਹਨ, ਤਾਂ ਹੁਣ 5 ਲੱਖ ਵਾਲੇ ਐਲਾਨ ਨਾਲ 3 ਕਰੋੜ ਟੈਕਸਦਾਤਾ ਟੈਕਸ ਦੇ ਦਾਇਰੇ ’ਚੋਂ ਬਾਹਰ ਹੋ ਜਾਣਗੇ। ਉਂਝ ਵੀ ਇਹ ਸਭ ਜਦੋਂ ਤਕ ਫਾਇਨਾਂਸ  ਬਿੱਲ ’ਚ ਨਹੀਂ ਆਵੇਗਾ, ਇਹ ਐਲਾਨ ਲਾਗੂ ਨਹੀਂ ਹੋਣਗੇ। 
ਵਿੱਤੀ  ਘਾਟੇ ਦੀਅਾਂ ਬਹੁਤ ਗੱਲਾਂ ਹੋਈਅਾਂ ਅਤੇ 4 ਸਾਲਾਂ ਤਕ 3.4 ਦਾ ਟੀਚਾ ਹੁਣ ਕਿਵੇਂ ਪੂਰਾ ਹੋਵੇਗਾ? ਯਾਦ ਕਰੋ, 2014 ਦਾ ਚੋਣ  ਵਰ੍ਹਾ  ਜਦੋਂ ਮਨਮੋਹਨ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਮੋਦੀ ਨੇ ਉਨ੍ਹਾਂ ਨਾਲੋਂ ਵੱਧ-ਚੜ੍ਹ ਕੇ ਉਦੋਂ ਵੱਡੇ ਵਾਅਦੇ ਕਰ ਦਿੱਤੇ ਸਨ ਅਤੇ  ਉਦੋਂ ਲੋਕਾਂ ਨੇ ਮੋਦੀ ’ਤੇ ਆਪਣਾ ਭਰੋਸਾ ਦਿਖਾਇਆ ਸੀ। ਅੱਜ ਹਾਲਾਤ ਬਦਲ ਗਏ ਹਨ ਅਤੇ ਮੋਦੀ ਨਾਲੋਂ ਵਧ-ਚੜ੍ਹ ਕੇ ਵੱਡੇ ਵਾਅਦੇ ਰਾਹੁਲ ਕਰ ਰਹੇ ਹਨ, ਕੀ ਇਤਿਹਾਸ ਮੁੜ ਦੁਹਰਾਇਆ ਜਾਵੇਗਾ? 
ਤੇਜਸਵੀ ਦੇ 2 ਸਲਾਹਕਾਰ 
ਇਕ ਪਾਸੇ ਜਿੱਥੇ ਬਿਹਾਰ ’ਚ ਨਿਤੀਸ਼ ਸਰਕਾਰ ਉੱਚ  ਜਾਤਾਂ  ਦੇ ਗਰੀਬਾਂ  ਲਈ 10 ਫੀਸਦੀ ਰਾਖਵੇਂਕਰਨ ’ਤੇ ਕੈਬਨਿਟ ਦੀ ਮੋਹਰ ਲਗਵਾ ਚੁੱਕੀ ਹੈ ਅਤੇ ਉਨ੍ਹਾਂ ਦੀ ਯੋਜਨਾ 11 ਫਰਵਰੀ ਤੋਂ ਸ਼ੁਰੂ ਹੋ ਰਹੇ ਵਿਧਾਨ ਮੰਡਲ ਦੇ ਬਜਟ ਸੈਸ਼ਨ ’ਚ ਬਿੱਲ  ਲੈ ਕੇ ਆਉਣ ਦੀ ਹੈ। ਨਿਤੀਸ਼ ਕੁਮਾਰ ਦੀ ਕੋਸ਼ਿਸ਼ ਹੈ ਕਿ ਵਿਧਾਨ  ਸਭਾ   ’ਚ ਬਿੱਲ ਦੇ ਪਾਸ ਹੁੰਦਿਅਾਂ ਹੀ ਰਾਜਪਾਲ ਦੀ ਸਹਿਮਤੀ ਨਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਰਾਖਵੇਂਕਰਨ ਦੀ ਵਿਵਸਥਾ ਨੂੰ ਲਾਗੂ ਕਰ ਦਿੱਤਾ ਜਾਵੇ। 
ਦੂਜੇ ਪਾਸੇ ਤੇਜਸਵੀ ਯਾਦਵ ਆਉਣ ਵਾਲੀਅਾਂ ਚੋਣਾਂ ’ਚ ਉੱਚ  ਜਾਤਾਂ ਨੂੰ ਰਾਖਵਾਂਕਰਨ ਦਿੱਤੇ ਜਾਣ ਦਾ ਖੁੱਲ੍ਹ ਕੇ ਵਿਰੋਧ ਕਰ ਸਕਦੇ ਹਨ। ਇਸ ਲਈ ਤੇਜਸਵੀ ਨੇ ਆਪਣੇ ਗੱਠਜੋੜ ਸਾਥੀਅਾਂ ਨੂੰ ਕਿਹਾ ਹੈ ਕਿ ਉਹ ਆਪਣੇ ਕੋਟੇ ਦੀਅਾਂ ਸੀਟਾਂ ’ਚੋਂ ਜ਼ਿਆਦਾ ਸੀਟਾਂ ’ਤੇ ਪੱਛੜੇ ਅਤੇ ਮੁਸਲਮਾਨਾਂ ਨੂੰ ਉਤਾਰਨ। ਉਪੇਂਦਰ ਕੁਸ਼ਵਾਹਾ ਨੂੰ ਉਨ੍ਹਾਂ ਕਿਹਾ ਹੈ ਕਿ ਉਹ ਆਪਣੀਅਾਂ 4 ਸੀਟਾਂ ’ਤੇ ਕੁਸ਼ਵਾਹਾ ਉਮੀਦਵਾਰ ਹੀ ਉਤਾਰਨ। 
ਤੇਜਸਵੀ ਦੀ ਯੋਜਨਾ ਬਿਹਾਰ ਦੀਅਾਂ 40 ’ਚੋਂ 35 ਸੀਟਾਂ ’ਤੇ ਪੱਛੜੇ, ਦਲਿਤ ਅਤੇ ਮੁਸਲਿਮ ਉਮੀਦਵਾਰਾਂ ਨੂੰ ਉਤਾਰਨ ਦੀ ਹੈ। ਰਾਜ ਸਭਾ ਮੈਂਬਰ ਮਨੋਜ ਝਾਅ ਅਤੇ ਆਈ. ਆਈ. ਐੱਮ. ਤੋਂ ਪੜ੍ਹੇ-ਲਿਖੇ ਮਹੇਂਦਰ ਯਾਦਵ ਤੇਜਸਵੀ ਦੇ ਟਵਿਟਰ ਅਕਾਊਂਟ  ਨੂੰ ਸੰਭਾਲਦੇ ਹਨ। ਉੱਚ  ਜਾਤਾਂ  ਨੂੰ ਰਾਖਵਾਂਕਰਨ ਦੀ ਚੀਰ-ਫਾੜ ਦਾ ਜ਼ਿੰਮਾ ਮਨੋਜ ਝਾਅ ਦਾ ਹੈ। 
ਤੇਜਸਵੀ ਨੇ ਪ੍ਰਧਾਨ ਮੰਤਰੀ ਨੂੰ ਜੋ ਚਿੱਠੀ ਲਿਖੀ ਹੈ, ਕਿਹਾ ਜਾਂਦਾ ਹੈ ਕਿ ਉਸ ਦਾ ਡਰਾਫਟ ਵੀ ਮਨੋਜ ਨੇ ਹੀ ਤਿਆਰ ਕੀਤਾ ਹੈ। ਯਾਦ ਰਹੇ ਕਿ ਮਨੋਜ ਝਾਅ ਵੀ ਜੇ. ਐੱਨ. ਯੂ. ਤੋਂ ਪੜ੍ਹੇ ਹਨ ਅਤੇ ਦਿੱਲੀ ਯੂਨੀਵਰਸਿਟੀ ’ਚ ਪ੍ਰੋਫੈਸਰ ਰਹਿ ਚੁੱਕੇ ਹਨ। 
ਬੰਗਾਲ  ’ਚ  ਭਗਵਾ  ਪਾਰਟੀ  ਦਾ  ਜੋਸ਼ 
ਅਮਿਤ ਸ਼ਾਹ ਨੇ ਪੱਛਮੀ ਬੰਗਾਲ ’ਚ ਜੋ ਸਰਵੇ ਕਰਵਾਇਆ ਹੈ, ਉਸ ਦੇ ਨਤੀਜੇ ਭਗਵਾ ਪਾਰਟੀ ’ਚ ਜੋਸ਼ ਜਗਾਉਣ ਵਾਲੇ ਹਨ। ਇਸ ਸਰਵੇ ’ਚ ਬੰਗਾਲ ਦੀਅਾਂ ਅਜਿਹੀਅਾਂ 19 ਸੀਟਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਜਿੱਥੇ ‘ਕਮਲ’ ਦੇ ਖਿੜਨ ਦੀਅਾਂ ਕਾਫੀ ਸੰਭਾਵਨਾਵਾਂ ਹਨ। ਸੋ ਲੋਕ ਸਭਾ ਚੋਣਾਂ ਤਕ ਭਾਜਪਾ ਪੱਛਮੀ ਬੰਗਾਲ ’ਚ 300 ਤੋਂ ਜ਼ਿਆਦਾ ਰੈਲੀਅਾਂ ਕਰਨ ਦਾ ਇਰਾਦਾ ਰੱਖਦੀ ਹੈ ਅਤੇ ਇਸ ਦੀ ਬਕਾਇਦਾ ਸ਼ੁਰੂਆਤ ਵੀ ਹੋ ਚੁੱਕੀ ਹੈ।
ਮੋਦੀ ਤੋਂ ਇਲਾਵਾ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਭਾਜਪਾ ਵਲੋਂ ਧੂੰਅਾਂਧਾਰ ਰੈਲੀਅਾਂ ਕਰਨਗੇ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਵੀ ਮੈਦਾਨ ’ਚ ਉਤਾਰਿਆ ਗਿਆ ਹੈ। ਰੋਜ਼ ਭਾਜਪਾ ਦਾ ਕੋਈ ਨਾ ਕੋਈ ਵੱਡਾ ਨੇਤਾ ਬੰਗਾਲ ’ਚ ਰੈਲੀ ਕਰਦਾ ਨਜ਼ਰ ਆ ਜਾਵੇਗਾ। 
ਅਮਿਤ ਸ਼ਾਹ ਦਾ ਵੀ ਦਾਅਵਾ ਹੈ ਕਿ ‘‘ਜਦੋਂ ਅਸੀਂ ਰਿੜਕਾਂਗੇ ਤਾਂ ਮੱਖਣ ਨਿਕਲੇਗਾ ਹੀ।’’ ਕਿਉਂਕਿ ਤ੍ਰਿਪੁਰਾ ’ਚ ਵੀ ਕਦੇ ਭਾਜਪਾ ਦੀ ਵੋਟ ਹਿੱਸੇਦਾਰੀ 1.5 ਫੀਸਦੀ ਸੀ, ਜੋ ਹੁਣ ਵਧ ਕੇ 43 ਫੀਸਦੀ ਹੋ ਗਈ ਹੈ। ਮਣੀਪੁਰ ਵਰਗੇ ਸੂਬੇ ’ਚ ਵੀ ਭਾਜਪਾ ਦਾ ਜਨ-ਆਧਾਰ ਵਧ ਰਿਹਾ ਹੈ।  ਸੋ ਅਮਿਤ ਸ਼ਾਹ ਕੋਈ ਵੀ ਮੌਕਾ ਗੁਆਉਣਾ ਨਹੀਂ ਚਾਹੁੰਦੇ। 
ਪ੍ਰਣਬ ਮੁਖਰਜੀ ’ਤੇ ਭਗਵਾ ਦਾਅ ਕਿਉਂ
ਇਸ ਵਾਰ ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ‘ਭਾਰਤ ਰਤਨ’ ਦਿਵਾਉਣ ’ਚ ਸੰਘ ਦੇ ਮੁਖੀ ਮੋਹਨ ਭਾਗਵਤ ਦੀ ਅਹਿਮ ਭੂਮਿਕਾ ਰਹੀ। ਸੂਤਰਾਂ ਮੁਤਾਬਿਕ ਬੇਸ਼ੱਕ ਮੋਦੀ ਨਾਲ ਪ੍ਰਣਬ ਮੁਖਰਜੀ ਦੇ ਰਿਸ਼ਤੇ ਬਹੁਤ ਚੰਗੇ ਹੋਣ ਪਰ ਕਹਿੰਦੇ ਹਨ ਕਿ ਖ਼ੁਦ ਮੋਦੀ ਉਨ੍ਹਾਂ ਨੂੰ ‘ਭਾਰਤ ਰਤਨ’ ਦਿੱਤੇ ਜਾਣ ਦੇ ਪੱਖ ’ਚ ਨਹੀਂ ਸਨ, ਜਦਕਿ ਭਾਗਵਤ ਦੀ ਦਲੀਲ ਸੀ ਕਿ ਜੇ 2019 ’ਚ ਭਾਜਪਾ ਬਹੁਮਤ ਹਾਸਿਲ ਕਰਨ ਤੋਂ ਖੁੰਝ ਜਾਂਦੀ ਹੈ ਤਾਂ ‘ਖਿਚੜੀ ਸਰਕਾਰ’ ਦੇ ਦੌਰ ’ਚ ਪ੍ਰਣਬ ਦਾ ਨਾਂ ਇਕ ਤਰੁੱਪ ਦਾ ਇੱਕਾ ਸਿੱਧ ਹੋ ਸਕਦਾ ਹੈ ਕਿਉਂਕਿ ਉਦੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਬਹੁਤ ਸਾਰੇ ਦਾਅਵੇਦਾਰ ਆਪਸ ’ਚ ਲੜ-ਭਿੜ ਰਹੇ ਹੋਣਗੇ। 
ਸੋ ਅਜਿਹੀ ਸਥਿਤੀ ’ਚ ਪ੍ਰਣਬ ਇਕ ਸਰਵ-ਪ੍ਰਵਾਨਿਤ ਚਿਹਰੇ ਵਜੋਂ ਉੱਭਰ ਸਕਦੇ ਹਨ ਤੇ ਦੇਸ਼ ਦਾ ਉਦਯੋਗ ਜਗਤ ਵੀ ਉਨ੍ਹਾਂ ਨੂੰ ਆਪਣਾ ਪੂਰਾ ਸਮਰਥਨ ਦੇ ਸਕਦਾ ਹੈ। 
ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਨਜ਼ਰਾਂ ਟਿਕਾਈ ਬੈਠੀ ਮਮਤਾ ਬੈਨਰਜੀ ਦੀ ਬੇਵਸੀ ਸਹਿਜੇ ਹੀ ਸਮਝੀ ਜਾ ਸਕਦੀ ਹੈ। 
ਹਾਜੀਪੁਰ ਤੋਂ ਕੌਣ 
ਜਦੋਂ ਤੋਂ ਲੋਕ ਜਨਸ਼ਕਤੀ ਪਾਰਟੀ ਦੇ ਮੁਖੀ ਰਾਮਵਿਲਾਸ ਪਾਸਵਾਨ ਨੇ ਆਪਣੀ ਇਹ ਇੱਛਾ ਜਨਤਕ ਕੀਤੀ ਹੈ ਕਿ ਹੁਣ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ, ਸਗੋਂ ਰਾਜ ਸਭਾ ’ਚ ਜਾਣ ਦੇ ਚਾਹਵਾਨ ਹਨ, ਉਦੋਂ ਤੋਂ ਹੀ ਕਿਆਸ-ਅਰਾਈਅਾਂ ਲੱਗ ਰਹੀਅਾਂ ਹਨ ਕਿ ਹਾਜੀਪੁਰ ਦਾ ਅਗਲਾ ‘ਹਾਜੀ’ ਕੌਣ ਹੋਵੇਗਾ? ਇਕ ਨਾਂ ਉਨ੍ਹਾਂ ਦੀ ਪਤਨੀ ਰੀਨਾ ਪਾਸਵਾਨ ਦਾ ਵੀ ਉੱਭਰ ਕੇ ਸਾਹਮਣੇ ਆਇਆ ਹੈ  ਪਰ ਸੂਤਰ ਦੱਸਦੇ ਹਨ ਕਿ ਰੀਨਾ ਨੇ ਚੋਣਾਂ ਲੜਨ ਤੋਂ ਸਾਫ ਮਨ੍ਹਾ ਕਰ ਦਿੱਤਾ ਹੈ। 
ਰਾਮਵਿਲਾਸ ਪਾਸਵਾਨ ਦਾ ਬੇਟਾ ਚਿਰਾਗ ਪਾਸਵਾਨ ਬਿਹਾਰ ਦੀ ਜਮੁਈ ਸੰਸਦੀ ਸੀਟ ਤੋਂ ਐੱਮ. ਪੀ. ਹੈ ਅਤੇ ਉਥੇ ਹੁਣ ਚਿਰਾਗ ਦੀਅਾਂ ਸੰਭਾਵਨਾਵਾਂ ਓਨੀਅਾਂ ਰੋਸ਼ਨ ਨਹੀਂ ਦੱਸੀਅਾਂ ਜਾ ਰਹੀਅਾਂ, ਸੋ ਇਹ ਸੰਭਾਵਨਾ ਬਣ ਰਹੀ ਹੈ ਕਿ ਚਿਰਾਗ ਆਪਣੇ ਪਿਤਾ ਵਾਲੀ ਹਾਜੀਪੁਰ ਸੀਟ ਤੋਂ ਚੋਣ ਲੜਨ। ਸੂਤਰ ਦੱਸਦੇ ਹਨ ਕਿ ਰਾਮਵਿਲਾਸ ਦੇ ਛੋਟੇ ਭਰਾ ਰਾਮਚੰਦਰ ਪਾਸਵਾਨ ਨੇ ਵੀ ਹਾਜੀਪੁਰ ਸੀਟ ’ਤੇ ਆਪਣਾ ਦਾਅਵਾ ਠੋਕ ਦਿੱਤਾ ਹੈ ਪਰ ਆਖਰੀ ਫੈਸਲਾ ਤਾਂ ਚਿਰਾਗ ਪਾਸਵਾਨ ਨੇ ਹੀ ਲੈਣਾ ਹੈ। 
ਮੰਦਰ ਬਣਾਉਣ ਦੀ ਤਰੀਕ ਕਦੋਂ 
ਸੰਘ ਦੇ ਮੁਖੀ ਮੋਹਨ ਭਾਗਵਤ ਨੇ ਰਾਮ ਮੰਦਰ ਬਣਾਉਣ ਦਾ ਐਲਾਨ ਜ਼ਰੂਰ ਕਰ ਦਿੱਤਾ ਹੈ ਪਰ ਇਸ ਦੀ ਤਰੀਕ ਦਾ ਨਹੀਂ। ਕੁੰਭ ’ਚ ਵਿਹਿਪ ਵਲੋਂ ਸੱਦੀ ਧਰਮ ਸੰਸਦ ’ਚ ਪੁੱਜੇ ਸਾਧੂ-ਸੰਤ ਇਸ ਗੱਲ ਦੀ ਪੜਤਾਲ ਕਰਦੇ ਨਜ਼ਰ ਆਏ ਕਿ ਮੰਦਰ ਬਣਾਉਣ ਦੀ ਕਿਹੜੀ ਤਰੀਕ ਤੈਅ ਹੋਈ ਹੈ। 
ਦੂਜੇ ਪਾਸੇ ਭਾਜਪਾ ਸੰਸਦੀ ਬੋਰਡ ਦੀ ਪਿਛਲੀ ਮੀਟਿੰਗ ਦੀ ਪ੍ਰਧਾਨਗੀ ਦਾ ਜ਼ਿੰਮਾ ਰਾਜਨਾਥ ਸਿੰਘ ਨੂੰ ਸੌਂਪਿਆ ਗਿਆ ਸੀ, ਜਿਸ ’ਚ ਮੋਦੀ ਅਤੇ ਸ਼ਾਹ ਸ਼ਾਮਿਲ ਨਹੀਂ  ਹੋਏ ਸਨ। ਉਸ ਮੀਟਿੰਗ ’ਚ ਮੌਜੂਦ ਕੁਝ ਸੰਸਦ ਮੈਂਬਰਾਂ ਨੇ ਮੰਦਰ ਬਣਾਉਣ ਦੀਅਾਂ ਤਰੀਕਾਂ ਨੂੰ ਲੈ ਕੇ ਰਾਜਨਾਥ ਸਿੰਘ ਨੂੰ ਸਵਾਲ ਕੀਤੇ ਸਨ ਪਰ ਹਰ ਮੌਕੇ ਵਾਂਗ ਇਸ ਵਾਰ ਵੀ ਰਾਜਨਾਥ ਇਸ ’ਤੇ ਚੁੱਪ ਹੀ ਰਹੇ। 
ਪਟਨਾ ’ਚ ਰਾਹੁਲ 
ਲੱਗਭਗ 3 ਦਹਾਕਿਅਾਂ ਬਾਅਦ ਕਾਂਗਰਸ ਆਪਣੇ ਦਮ ’ਤੇ 3 ਫਰਵਰੀ ਨੂੰ ਪਟਨਾ ਦੇ ਗਾਂਧੀ ਮੈਦਾਨ ’ਚ ਇਕ ਵੱਡੀ ਰੈਲੀ ਕਰਨ ਦਾ ਇਰਾਦਾ ਰੱਖ ਰਹੀ ਹੈ। ਇਸ ਰੈਲੀ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੰਬੋਧਨ ਕਰਨ ਵਾਲੇ ਹਨ। ਕਾਂਗਰਸ ਨੇ ਇਸ ਰੈਲੀ ਲਈ ਢਾਈ-ਤਿੰਨ ਲੱਖ ਲੋਕਾਂ ਦੀ ਭੀੜ  ਇਕੱਠੀ  ਕਰਨ ਦਾ ਟੀਚਾ ਰੱਖਿਆ ਹੈ। 
ਜ਼ਿਕਰਯੋਗ ਹੈ ਕਿ ਬਿਹਾਰ ’ਚ ਕਦੇ ਕਾਂਗਰਸ ਦੇ 27 ਵਿਧਾਇਕ ਹੁੰਦੇ ਸਨ, ਜਿਨ੍ਹਾਂ ’ਚੋਂ ਲੈ-ਦੇ ਕੇ ਹੁਣ ਸਿਰਫ 20 ਵਿਧਾਇਕ ਹੀ ਉਸ ਦੇ ਨਾਲ ਰਹਿ ਗਏ ਹਨ। ਸੋ, ਕਾਂਗਰਸ ਨੇ ਆਪਣੇ ਹਰੇਕ ਵਿਧਾਇਕ ਨੂੰ 5 ਤੋਂ 10 ਹਜ਼ਾਰ ਤਕ ਲੋਕਾਂ ਦੀ ਭੀੜ ਜੁਟਾਉਣ ਦਾ ਟੀਚਾ ਦਿੱਤਾ ਹੈ। ਵ
ੱਡੀ ਉਮੀਦ ਤੇਜਸਵੀ ਤੋਂ ਵੀ ਹੈ ਕਿ ਉਹ ਆਪਣੇ ਮਿੱਤਰ ਰਾਹੁਲ ਗਾਂਧੀ ਲਈ ਅੰਦਰਖਾਤੇ ਕੁਝ ਮਦਦ ਕਰ ਦੇਣ। ਬਾਹੂਬਲੀ ਅਨੰਤ ਸਿੰਘ ਨੂੰ ਲੱਗਭਗ 50,000 ਲੋਕਾਂ ਦੀ ਭੀੜ ਇਕੱਠੀ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ ਕਿਉਂਕਿ ਪਟਨਾ ਨਾਲ ਲੱਗਦੇ ਇਲਾਕਿਅਾਂ, ਜਿਵੇਂ ਮੁੰਗੇਰ, ਬਾੜ੍ਹ ਆਦਿ ’ਚ ਉਨ੍ਹਾਂ ਦਾ ਚੰਗਾ ਅਸਰ ਹੈ। 
ਅਡਵਾਨੀ ਨੂੰ ਹਾਂ, ਪ੍ਰਤਿਭਾ ਨੂੰ ਨਾਂਹ 
ਪਿਛਲੇ 5 ਸਾਲਾਂ ’ਚ ਭਗਵਾ ਸਿਆਸਤ ’ਚੋਂ  ਪੂਰੀ ਤਰ੍ਹਾਂ ਨਕਾਰ ਦਿੱਤੇ ਗਏ ਲਾਲ ਕ੍ਰਿਸ਼ਨ ਅਡਵਾਨੀ ਦੀ ਭਾਜਪਾ ਹਾਈਕਮਾਨ ਨੂੰ ਫਿਰ ਯਾਦ ਆਈ ਹੈ। ਮੋਦੀ-ਸ਼ਾਹ ਚਾਹੁੰਦੇ ਹਨ ਕਿ ਅਡਵਾਨੀ 2019 ਦੀਅਾਂ ਚੋਣਾਂ ਇਕ ਵਾਰ ਫਿਰ ਗਾਂਧੀਨਗਰ ਤੋਂ ਲੜਨ ਅਤੇ ਜਿੱਤਣ।
 ਸੂਤਰ ਦੱਸਦੇ ਹਨ ਕਿ ਉਮਰ ਦੇ ਇਸ ਪੜਾਅ ’ਤੇ ਪਹੁੰਚੇ ਅਡਵਾਨੀ ਇਸ ਵਾਰ ਚੋਣਾਂ ਨਹੀਂ ਲੜਨਾ ਚਾਹੁੰਦੇ। ਇਸ ਦੀ ਬਜਾਏ ਉਹ ਚਾਹੁੰਦੇ ਹਨ ਕਿ ਗਾਂਧੀਨਗਰ ਸੀਟ ਤੋਂ ਉਨ੍ਹਾਂ ਦੀ ਬੇਟੀ ਪ੍ਰਤਿਭਾ ਨੂੰ ਟਿਕਟ ਦਿੱਤੀ ਜਾਵੇ ਪਰ ਮੋਦੀ-ਸ਼ਾਹ ਦੀ ਜੋੜੀ ਇਸ ਦੇ ਲਈ ਤਿਆਰ ਨਹੀਂ ਲੱਗਦੀ।
ਸੂਤਰਾਂ ਦਾ ਦਾਅਵਾ ਹੈ ਕਿ ਮੋਦੀ-ਸ਼ਾਹ ਵਿਰਾਸਤ ਦੀ ਸਿਆਸਤ ਦੇ ਪੱਖ ’ਚ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਲੜਨਾ ਹੈ ਤਾਂ ਅਡਵਾਨੀ ਖ਼ੁਦ ਚੋਣ ਲੜਨ। ਉਂਝ ਵੀ ਭਾਜਪਾ ਦੇ ਨਵ-ਸਾਮਰਾਜਵਾਦ ’ਚ ਅਡਵਾਨੀ ਨੂੰ ਜਿਸ ਮਾਰਗਦਰਸ਼ਕ ਮੰਡਲ ’ਚ ਰੱਖਿਆ ਗਿਆ ਸੀ, ਪਿਛਲੇ ਲੱਗਭਗ 5 ਸਾਲਾਂ ਤੋਂ ਉਸ ਦੀ ਇਕ ਵੀ ਮੀਟਿੰਗ ਨਹੀਂ ਹੋਈ। 
ਉਮਰ ਦੀ ਕੋਈ ਪਾਬੰਦੀ ਨਹੀਂ
ਹਰ ਵੇਲੇ ਚੋਣ ਮੋਡ ’ਚ ਰਹਿਣ ਵਾਲੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਪਿਛਲੇ ਦਿਨੀਂ ਇਕ ਪੱਤਰਕਾਰ ਨੇ ਉਂਝ ਹੀ ਪੁੱਛ ਲਿਆ ਕਿ ਇਸ ਵਾਰ ਦੀਅਾਂ ਲੋਕ ਸਭਾ ਚੋਣਾਂ ’ਚ 75 ਸਾਲ ਤੋਂ ਜ਼ਿਆਦਾ ਉਮਰ ਵਾਲੇ ਨੇਤਾਵਾਂ ਦਾ ਕੀ ਹੋਵੇਗਾ? ਕੀ ਉਨ੍ਹਾਂ ’ਤੇ ਰੋਕ ਲੱਗੀ ਰਹੇਗੀ? ਸ਼ਾਹ ਨੇ ਉਸ ਪੱਤਰਕਾਰ ਨੂੰ ਜੁਆਬ ਦਿੱਤਾ ਕਿ ‘‘ਇਹ ਰੋਕ ਸਿਰਫ ਪੋਸਟ ਨੂੰ ਲੈ ਕੇ ਸੀ ਪਰ ਜੋ ਚੋਣਾਂ ਜਿੱਤ ਸਕਦਾ ਹੈ, ਉਸ ਦੇ ਲਈ ਉਮਰ ਦੀ ਕੋਈ ਪਾਬੰਦੀ ਨਹੀਂ ਹੈ।’’ 
 


Related News