ਸੁਰੱਖਿਆ ’ਚ ਤਾਇਨਾਤ ਪੁਲਸ ਕਰਮਚਾਰੀਆਂ ਨੂੰ ਚਪੜਾਸੀ ਨਾ ਸਮਝੋ

Monday, Oct 22, 2018 - 06:58 AM (IST)

ਪਿਛਲੇ ਹਫਤੇ ਇਕ ਜੱਜ ਦੀ ਪਤਨੀ ਤੇ ਬੇਟੇ ਨੂੰ ਪੁਲਸ ਦੇ ਸੁਰੱਖਿਆ ਕਰਮਚਾਰੀ ਨੇ ਦਿਨ-ਦਿਹਾੜੇ ਬਾਜ਼ਾਰ ’ਚ ਗੋਲੀ ਮਾਰ ਦਿੱਤੀ। ਜੱਜ ਦੀ ਪਤਨੀ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ, ਲੜਕੇ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ। ਤਮਾਸ਼ਬੀਨ ਵੱਡੀ ਗਿਣਤੀ ’ਚ ਤਮਾਸ਼ਾ ਦੇਖਦੇ ਰਹੇ ਪਰ ਕਿਸੇ ਦੀ ਹਿੰਮਤ ਉਸ ਨੂੰ ਰੋਕਣ ਦੀ ਨਹੀਂ ਹੋਈ। ਹੱਤਿਆ ਕਰਨ ਤੋਂ ਬਾਅਦ ਸਿਪਾਹੀ ਨੇ ਜੱਜ  ਅਤੇ ਆਪਣੇ ਘਰ ਫੋਨ ਕਰ ਕੇ ਘਰਵਾਲਿਆਂ ਤੇ ਦੋਸਤਾਂ ਨੂੰ ਕਿਹਾ ਕਿ ਉਸ ਨੇ ਇਹ ਕਾਂਡ ਕਰ ਦਿੱਤਾ ਹੈ। ਬਾਅਦ ’ਚ ਗ੍ਰਿਫਤਾਰ ਹੋਣ ’ਤੇ ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਜੱਜ ਦੀ ਪਤਨੀ ਤੇ ਬੇਟੇ ਦੇ ਮਾੜੇ ਰਵੱਈਏ ਤੋਂ ਤੰਗ ਆ ਕੇ ਇਹ ਖਤਰਨਾਕ ਕਾਂਡ ਕੀਤਾ। 
ਜ਼ਿਕਰਯੋਗ ਹੈ ਕਿ ਉਸ ਪੁਲਸ ਵਾਲੇ ਦੀ ਡਿਊਟੀ ਜੱਜ ਸਾਹਿਬ ਦੀ ਸੁਰੱਖਿਆ ਲਈ ਲਾਈ ਗਈ ਸੀ, ਜਦਕਿ ਘਟਨਾ ਦੇ ਸਮੇਂ ਜੱਜ ਸਾਹਿਬ  ਨੇ ਉਸ ਨੂੰ ਆਪਣੀ ਨਿੱਜੀ ਗੱਡੀ ਦਾ ਡਰਾਈਵਰ ਬਣਾ ਕੇ ਆਪਣੀ  ਪਤਨੀ ਤੇ  ਬੇਟੇ ਨੂੰ ਸ਼ਾਪਿੰਗ ਕਰਵਾ ਕੇ ਲਿਆਉਣ ਲਈ ਕਿਹਾ ਸੀ, ਜੋ ਕਿ ਉਸ ਦੀ ਕਾਨੂੰਨੀ ਡਿਊਟੀ ਬਿਲਕੁਲ ਨਹੀਂ ਸੀ। ਜੇ ਇਸ ਵਿਚਾਲੇ ਕੋਈ ਘਰ ’ਚ ਦਾਖਲ ਹੋ ਕੇ ਜੱਜ ਦੀ ਹੱਤਿਆ ਕਰ ਦਿੰਦਾ ਤਾਂ ਇਸ ਪੁਲਸ ਵਾਲੇ ਦੀ ਨੌਕਰੀ ਚਲੀ ਜਾਣੀ ਸੀ। ਉਸ ’ਤੇ ਡਿਊਟੀ ਦੌਰਾਨ ਲਾਪਰਵਾਹੀ ਵਰਤਣ ਦਾ ਦੋਸ਼ ਲੱਗਦਾ, ਜਦਕਿ ਉਹ ਉਸ ਦਾ ਅਪਰਾਧ ਨਹੀਂ ਹੁੰਦਾ। 
ਇਹ ਪਹਿਲੀ ਘਟਨਾ ਨਹੀਂ ਹੈ, ਪੂਰੇ ਦੇਸ਼ ’ਚ ਰਾਜਨੇਤਾਵਾਂ, ਵਿਸ਼ੇਸ਼ ਵਿਅਕਤੀਆਂ, ਅਧਿਕਾਰੀਆਂ ਤੇ ਜੱਜਾਂ ਦੀ ਸੁਰੱਖਿਆ ’ਚ ਸਰਕਾਰ ਵਲੋਂ ਸਮੇ-ਸਮੇਂ ’ਤੇ ਪੁਲਸ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ। ਇਨ੍ਹਾਂ ਸੁਰੱਖਿਆ ਕਰਮਚਾਰੀਆਂ ਦਾ ਕੰਮ ‘ਪੀ. ਪੀ.’ (ਪ੍ਰੋਟੈਕਟਿਡ ਪਰਸਨ) ਦੀ ਸੁਰੱਖਿਆ ਕਰਨਾ ਹੁੰਦਾ ਹੈ, ਨਾ ਕਿ ਉਸ ਦਾ ਬੈਗ ਚੁੱਕਣਾ ਜਾਂ ਉਸ ਦੇ ਮਹਿਮਾਨਾਂ ਨੂੰ ਚਾਹ ਪਿਲਾਉਣਾ ਜਾਂ ਉਸ ਦੀ ਗੱਡੀ ਚਲਾਉਣਾ ਜਾਂ ਦੂਜੇ ਘਰੇਲੂ ਨੌਕਰਾਂ ਦੀ ਤਰ੍ਹਾਂ ਕੰਮ ਕਰਨਾ ਪਰ ਦੇਖਣ ’ਚ ਇਹ ਆਇਆ ਹੈ ਕਿ ਬਹੁਤ ਘੱਟ ‘ਪੀ. ਪੀ.’ ਅਜਿਹੇ ਹੁੰਦੇ ਹਨ, ਜੋ ਸਰਕਾਰ ਵਲੋਂ ਮੁਹੱਈਆ ਸੁਰੱਖਿਆ ਕਰਮਚਾਰੀਆਂ ਨੂੰ ਉਨ੍ਹਾਂ ਦੀ ਡਿਊਟੀ ਪੂਰੀ ਕਰਨ ਦਿੰਦੇ ਹਨ। ਆਮ ਤੌਰ ’ਤੇ ਸਾਰੇ ‘ਪੀ. ਪੀ.’ ਅਤੇ ਉਨ੍ਹਾਂ ਦੇ ਪਰਿਵਾਰ ਇਨ੍ਹਾਂ ਸੁਰੱਖਿਆ  ਪੁਲਸ ਕਰਮਚਾਰੀਆਂ ਤੋਂ ਬੇਗਾਰ ਕਰਵਾਉਂਦੇ ਹਨ। 
ਇਸ ਦੇ ਕਈ ਪਹਿਲੂ ਹਨ। ਸੁਰੱਖਿਆ ਡਿਊਟੀ ’ਤੇ ਤਾਇਨਾਤ ਪੁਲਸ ਕਰਮਚਾਰੀ ਚਾਹੇ ਤਾਂ ਅਜਿਹੀ ਬੇਗਾਰ ਕਰਨ ਤੋਂ ਮਨ੍ਹਾ ਕਰ ਸਕਦਾ ਹੈ।  ਕੋਈ ‘ਪੀ. ਪੀ.’ ਉਸ ਨੂੰ ਇਸ ਲਈ ਮਜਬੂਰ ਨਹੀਂ ਕਰ ਸਕਦਾ ਪਰ ਤਾੜੀ ਇਕ ਹੱਥ ਨਾਲ ਨਹੀਂ ਵੱਜਦੀ। ਹੁੰਦਾ ਇਹ ਹੈ ਕਿ ਪਹਿਲਾਂ ਤਾਂ ‘ਪੀ. ਪੀ.’ ਇਨ੍ਹਾਂ ਸੁਰੱਖਿਆ ਕਰਮਚਾਰੀਆਂ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹਨ ਤੇ ਫਿਰ ਇਹ ਸੁਰੱਖਿਆ ਕਰਮਚਾਰੀ ਆਪਣੇ ਸੀਨੀਅਰ ਅਧਿਕਾਰੀਆਂ ਦੀ ਜਾਣਕਾਰੀ ਤੋਂ ਬਿਨਾਂ  ‘ਪੀ. ਪੀ.’ ਦੀ ਸਹਿਮਤੀ ਨਾਲ ਆਪਣੀ  ਡਿਊਟੀ ’ਚ ਤਬਦੀਲੀ ਕਰਦੇ ਰਹਿੰਦੇ ਹਨ। ਉਨ੍ਹਾਂ ਤੋਂ ਸਿਫਾਰਿਸ਼ ਕਰਵਾ ਕੇ ਕਦੇ ਆਪਣੇ ਨਿੱਜੀ ਕੰਮ ਵੀ ਕਰਵਾ ਲੈਂਦੇ ਹਨ।
ਜਦ ਕਦੇ ‘ਪੀ. ਪੀ.’ ਕੋਈ ਬਹੁਤ ਜ਼ਿਆਦਾ ਅਮੀਰ ਜਾਂ ਭ੍ਰਿਸ਼ਟ ਨੇਤਾ ਹੁੰਦਾ ਹੈ ਤੇ ਉਸ ਵਲੋਂ ਇਨ੍ਹਾਂ ਸੁਰੱਖਿਆ ਕਰਮਚਾਰੀਆਂ ਦੀ ਖੂਬ ਸੇਵਾ ਹੁੰਦੀ ਹੈ ਮਤਲਬ ਇਨ੍ਹਾਂ ਦੇ ਵਧੀਆ ਖਾਣ-ਪੀਣ, ਆਰਾਮ ਨਾਲ ਰਹਿਣ ਤੇ ਖਰਚੇ ਦੇ ਲਈ ਵੀ ਵਾਧੂ ਰਕਮ ਉਸ ‘ਪੀ. ਪੀ.’ ਵਲੋਂ ਮੁਹੱਈਆ ਕਰਵਾਈ ਜਾਂਦੀ ਹੈ। ਅਜਿਹੇ ‘ਪੀ. ਪੀ.’ ਦੇ ਨਾਲ ਆਮ ਤੌਰ ’ਤੇ ਸੁਰੱਖਿਆ ਕਰਮਚਾਰੀ ਬਹੁਤ ਖੁਸ਼ ਰਹਿੰਦੇ ਹਨ ਕਿਉਂਕਿ ਉਨ੍ਹਾਂ ਦੇ ਭੱਤੇ ਖਰਚ ਨਹੀਂ ਹੁੰਦੇ ਸਗੋਂ ਉਨ੍ਹਾਂ ਦੀ ਆਮਦਨ ਵੀ ਵਧ   ਜਾਂਦੀ  ਹੈ ਪਰ ਸਾਰੇ ਸੁਰੱਖਿਆ ਪੁਲਸ ਕਰਮਚਾਰੀ ਅਜਿਹੇ ਨਹੀਂ ਹੁੰਦੇ। ਉਹ ਆਪਣੀ ਡਿਊਟੀ ਮੁਸਤੈਦੀ ਨਾਲ ਕਰਨਾ ਚਾਹੁੰਦੇ ਹਨ ਤੇ ਇਸ ਤਰ੍ਹਾਂ ਦੀ ਬੇਗਾਰੀ ਨੂੰ ਆਪਣੇ ਮਨ ਦੇ ਵਿਰੁੱਧ ਮਜਬੂਰੀ ’ਚ ਕਰਦੇ ਹਨ। 
‘ਜੈਨ ਹਵਾਲਾ ਕਾਂਡ’ ਸਾਹਮਣੇ ਲਿਆਉਣ ਦੌਰਾਨ ਮੇਰੇ ’ਤੇ 1993-96 ਦੇ ਵਿਚਾਲੇ ਕਈ ਵਾਰ ਜਾਨਲੇਵਾ ਹਮਲੇ ਹੋਏ। ਉਸ ਤੋਂ ਬਾਅਦ ਕਿਤੇ ਜਾ ਕੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲਾ ਨੇ ਮੈਨੂੰ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ, ਜਿਸ ’ਚ 1 ਪਲੱਸ 4 ਦੀ ਗਾਰਦ  ਮੇਰੇ ਘਰ ਦੀ ਰਖਵਾਲੀ ਕਰਦੀ ਸੀ ਜਾਂ ਜਿਸ ਸ਼ਹਿਰ ’ਚ ਮੈਂ ਜਾਂਦਾ ਸੀ, ਮੇਰੇ ਸੌਣ ਵਾਲੇ ਕਮਰੇ ਦੀ ਰਖਵਾਲੀ ਕਰਦੇ ਸਨ। ਪਿਸਤੌਲ ਤੇ ਬੰਦੂਕ ਲੈ ਕੇ ਦੋ ਸੁਰੱਖਿਆ ਕਰਮਚਾਰੀ ਮੇਰੇ ਨਾਲ ਰਹਿੰਦੇ ਸਨ। ਇਕ ਜੀਪ ’ਚ ਕੁਝ ਪੁਲਸ ਕਰਮਚਾਰੀ ਮੇਰੀ  ਗੱਡੀ ਦੇ ਅੱਗੇ ਐਸਕਾਰਟ ਕਰ ਕੇ ਚੱਲਦੇ ਸਨ। ਉਨ੍ਹਾਂ ਦਿਨਾਂ ’ਚ ਲਗਭਗ ਰੋਜ਼ਾਨਾ ਪੂਰੇ ਦੇਸ਼ ’ਚ ਮੇਰੇ ਲੈਕਚਰ ਤੇ ਜਨ ਸਭਾਵਾਂ ਹੋਇਆ ਕਰਦੀਆਂ ਸਨ, ਇਸ ਲਈ ਸੂਬਾ ਸਰਕਾਰਾਂ ਵੀ ਇਸ ਤਰ੍ਹਾਂ ਦੀ ਸੁਰੱਖਿਆ ਦੀ ਵਿਵਸਥਾ ਕਰਦੀਆਂ ਸਨ। ਇਹ ਵਿਵਸਥਾ ਮੇਰੇ ਨਾਲ ਕਈ ਸਾਲਾਂ ਤਕ ਰਹੀ ਪਰ ਮੈਨੂੰ ਯਾਦ ਨਹੀਂ ਕਿ ਮੈਂ ਕਦੇ ਇੰਨੇ ਸਾਰੇ ਸੁਰੱਖਿਆ ਕਰਮਚਾਰੀਆਂ ਦੇ ਨਾਲ ਮਾੜਾ ਵਿਵਹਾਰ ਕੀਤਾ ਹੋਵੇ ਜਾਂ ਉਨ੍ਹਾਂ ਤੋਂ ਬੇਗਾਰ ਕਰਵਾਈ ਹੋਵੇ। ਇਸ ਲਈ ਉਨ੍ਹਾਂ  ਸਾਰਿਆਂ ਨਾਲ ਅੱਜ ਤਕ ਪ੍ਰੇਮਪੂਰਨ ਸਬੰਧ ਬਣਿਆ ਹੋਇਆ ਹੈ।
ਇਹ ਦੱਸਣਾ ਇਸ ਲਈ ਜ਼ਰੂਰੀ ਹੈ ਕਿ ਉਹ ਸੁਰੱਖਿਆ ਵਿਵਸਥਾ ਮੇਰੀ ਜਾਨ ਦੀ ਰੱਖਿਆ ਲਈ ਤਾਇਨਾਤ ਕੀਤੀ ਗਈ ਸੀ, ਜਿਸ ’ਤੇ ਲੱਖਾਂ ਰੁਪਏ ਮਹੀਨਾ ਦੇਸ਼ ਦਾ ਖਰਚ ਹੁੰਦਾ ਸੀ। ਇਹ ਸਾਰੇ ਸੁਰੱਖਿਆ ਕਰਮਚਾਰੀ ਮੇਰੇ ਨਿੱਜੀ ਕਰਮਚਾਰੀ ਨਹੀਂ ਸਨ ਅਤੇ ਨਾ ਹੀ ਮੇਰੇ ਪਰਿਵਾਰ ਲਈ ਬੇਗਾਰ ਕਰਨ ਲਈ ਤਾਇਨਾਤ ਕੀਤੇ ਗਏ ਸਨ। ਚਲੋ, ਅਸੀਂ ਤਾਂ ਪੱਤਰਕਾਰ ਹਾਂ, ਇਸ ਲਈ ਸੰਵੇਦਨਸ਼ੀਲਤਾ ਨਾਲ ਉਨ੍ਹਾਂ  ਨਾਲ ਵਿਵਹਾਰ ਕੀਤਾ ਪਰ ਸੱਤਾ, ਅਹੁਦੇ ਅਤੇ ਪੈਸੇ ਦੇ ਹੰਕਾਰ ’ਚ ਰਹਿਣ ਵਾਲੇ ‘ਪੀ. ਪੀ’ ਅਤੇ ਉਨ੍ਹਾਂ ਦੇ ਪਰਿਵਾਰ ਇਨ੍ਹਾਂ ਸੁਰੱਖਿਆ ਕਰਮਚਾਰੀਆਂ ਨੂੰ ਆਪਣਾ ਨਿੱਜੀ ਸਟਾਫ ਸਮਝਦੇ ਹਨ, ਜੋ ਇਕ ਖਤਰਨਾਕ ਆਦਤ ਹੈ।
ਜਿਸ ਤਰ੍ਹਾਂ ਗੁੜਗਾਓਂ ਦੇ ਪੁਲਸ ਕਰਮਚਾਰੀ ਨੇ ਇਕ ਖਤਰਨਾਕ ਕਦਮ ਚੁੱਕਿਆ ਤੇ ‘ਪੀ. ਪੀ.’ ਦੇ ਪਰਿਵਾਰ ਨੂੰ ਹੀ ਖਤਮ ਕਰ ਦਿੱਤਾ, ਉਸੇ ਤਰ੍ਹਾਂ ਕਦੋਂ, ਕਿਸ ਸੁਰੱਖਿਆ ਕਰਮਚਾਰੀ ਨੂੰ ‘ਪੀ. ਪੀ.’ ਪਰਿਵਾਰ ਦੇ ਅਜਿਹੇ ਗਲਤ ਰਵੱਈਏ ਦੀ ਗੱਲ ਬੁਰੀ ਲੱਗ ਜਾਏ ਤੇ ਉਹ ਅਜਿਹਾ ਖਤਰਨਾਕ ਕਦਮ ਚੁੱਕ ਲਏ, ਇਸ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। 
ਇਸ ਲਈ ਗੁੜਗਾਓਂ ਦੀ ਇਸ ਘਟਨਾ ਤੋਂ ਸਾਰਿਆਂ ਨੂੰ ਸਬਕ ਲੈਣਾ ਚਾਹੀਦਾ ਹੈ ਅਤੇ ਜਿਨ੍ਹਾਂ ਦੀ ਸੁਰੱਖਿਆ ’ਚ ਪੁਲਸ ਕਰਮਚਾਰੀ ਤਾਇਨਾਤ ਹਨ, ਉਨ੍ਹਾਂ ਨੂੰ ਇਨ੍ਹਾਂ ਨੂੰ ਆਪਣੀ ਡਿਊਟੀ ਮੁਸਤੈਦੀ ਨਾਲ ਕਰਨ ਦੇਣੀ ਚਾਹੀਦੀ ਹੈ। ਇਨ੍ਹਾਂ ਤੋਂ ਬੇਗਾਰ ਕਰਵਾ ਕੇ ਇਨ੍ਹਾਂ ਦਾ ਸ਼ੋਸ਼ਣ ਤੇ ਅਪਮਾਨ ਨਹੀਂ ਕਰਨਾ ਚਾਹੀਦਾ।
 


Related News