ਘੁੰਡ ਅਤੇ ਬੁਰਕੇ ’ਤੇ ਚਰਚਾ, ਆਖਿਰ ਰਵਾਇਤਾਂ ਨੂੰ ਬਚਾਉਣ ਦਾ ਸਾਰਾ ਜ਼ਿੰਮਾ ਔਰਤਾਂ ’ਤੇ ਹੀ ਕਿਉਂ

05/04/2019 5:52:09 AM

ਕਸ਼ਮਾ ਸ਼ਰਮਾ

ਘੁੰਡ ਅਤੇ ਬੁਰਕਾ ਔਰਤਾਂ ਦੇ ਪਹਿਰਾਵੇ ਦਾ ਅਜਿਹਾ ਹਿੱਸਾ ਹਨ, ਜੋ ਮਰਦਾਂ ਅਤੇ ਔਰਤਾਂ ’ਚ ਫਰਕ ਨੂੰ ਦਰਸਾਉਂਦਾ ਹੈ। ਸਦੀਆਂ ਤੋਂ ਪ੍ਰੰਪਰਾ ਦੇ ਨਾਂ ’ਤੇ ਔਰਤਾਂ ਇਨ੍ਹਾਂ ਨੂੰ ਢੋਣ ਲਈ ਮਜਬੂਰ ਹਨ ਅਤੇ ਹੁਣ ਤਾਂ ਧਾਰਮਿਕ ਬਹਿਸ ਅਜਿਹੀ ਹੋ ਗਈ ਹੈ ਕਿ ਜੇਕਰ ਕਿਹਾ ਜਾਵੇ ਕਿ ਬੁਰਕਾ ਔਰਤਾਂ ਦੀ ਦੂਜੇ ਦਰਜੇ ਦੀ ਨਾਗਰਿਕਤਾ ਦਾ ਪ੍ਰਤੀਕ ਹੈ, ਤਾਂ ਕਿਹਾ ਜਾਂਦਾ ਹੈ ਕਿ ਤੈਨੂੰ ਬੁਰਕਾ ਦਿਸਦਾ ਹੈ, ਆਪਣਾ ਘੁੰਡ ਨਹੀਂ, ਭਾਵ ਕਿ ਸਾਡੀਆਂ ਔਰਤਾਂ ਬੁਰਕੇ ’ਚ ਠੀਕ ਹਨ ਅਤੇ ਤੁਹਾਡੀਆਂ ਔਰਤਾਂ ਘੁੰਡ ’ਚ। ਪ੍ਰਾਚੀਨ ਕਲਾਕ੍ਰਿਤੀਆਂ ਨੂੰ ਦੇਖੀਏ ਤਾਂ ਕਿਸੇ ਚਿੱਤਰ, ਕਿਸੇ ਮੂਰਤੀ ’ਚ ਔਰਤਾਂ ਘੁੰਡ ਕੱਢੀ ਨਜ਼ਰ ਨਹੀਂ ਆਉਂਦੀਆਂ। ਪਰ ਪਤਾ ਨਹੀਂ ਕਿਉਂ ਘੁੰਡ ਅਤੇ ਬੁਰਕੇ ਨੂੰ ਔਰਤਾਂ ਦੀ ਸ਼ਾਲੀਨਤਾ ਅਤੇ ਪ੍ਰੰਪਰਾ ਨਿਭਾਉਣ ਦੇ ਨਾਂ ’ਤੇ ਚਲਾਇਆ ਜਾਂਦਾ ਰਿਹਾ ਹੈ। ਆਖਿਰ ਰਵਾਇਤਾਂ ਨੂੰ ਬਚਾਉਣ ਦਾ ਸਾਰਾ ਜ਼ਿੰਮਾ ਔਰਤਾਂ ’ਤੇ ਹੀ ਕਿਉਂ ਹੈ ਜਾਂ ਕੀ ਇਹ ਮਰਦਾਂ ਦੀ ਅਸੁਰੱਖਿਆ ਹੈ ਕਿ ਉਹ ਕਿਸੇ ਨਾ ਕਿਸੇ ਬਹਾਨੇ ਔਰਤਾਂ ਨੂੰ ਆਪਣੀ ਕੈਦ ’ਚੋਂ ਆਜ਼ਾਦ ਨਹੀਂ ਹੋਣ ਦੇਣਾ ਚਾਹੁੰਦੇ? ਅਫਸੋਸ ਇਸ ਗੱਲ ਨੂੰ ਦੇਖ ਕੇ ਹੁੰਦਾ ਹੈ ਕਿ ਆਪੋ-ਆਪਣੇ ਸਿਆਸੀ ਸੁਆਰਥ ਕਾਰਨ ਬਹੁਤ ਸਾਰੀਆਂ ਔਰਤਾਂ, ਜੋ ਪੜ੍ਹੀਆਂ-ਲਿਖੀਆਂ ਹਨ, ਹਰ ਗੱਲ ’ਤੇ ਆਪਣੀ ਰਾਇ ਦਿੰਦੀਆਂ ਹਨ, ਟਵੀਟ ਕਰਦੀਆਂ ਹਨ, ਫੇਸਬੁੱਕ ਪੋਸਟ ਲਗਾਉਂਦੀਆਂ ਹਨ। ਕਈ ਵਾਰ ਉਹ ਔਰਤਾਂ ਦੀ ਦੂਜੇ ਦਰਜੇ ਦੀ ਨਾਗਰਿਕਤਾ ਦਾ ਸਮਰਥਨ ਕਰਦੀਆਂ ਨਜ਼ਰ ਆਉਂਦੀਆਂ ਹਨ ਅਤੇ ਜਗ੍ਹਾ, ਸ਼ਹਿਰ ਅਤੇ ਆਪਣੇ ਹਿੱਤ ਦੇਖ ਕੇ ਬਿਆਨ ਬਦਲਦੀਆਂ ਰਹਿੰਦੀਆਂ ਹਨ।

ਜੇ. ਐੱਨ. ਯੂ. ਦੀ ਸ਼ਹਿਲਾ ਰਸ਼ੀਦ ਦਿੱਲੀ ’ਚ ਬੇਹੱਦ ਕ੍ਰਾਂਤੀਕਾਰੀ ਸੀ। ਉਹ ਹੋਸਟਲਾਂ ’ਚ ਕੁੜੀਆਂ ਦੇ ਆਉਣ-ਜਾਣ ਦੇ ਸਮੇਂ ਦੀ ਪਾਬੰਦੀ ਦੇ ਵਿਰੁੱਧ ਸੀ। ਦਿੱਲੀ ਯੂਨੀਵਰਿਸਟੀ ’ਚ ਚੱਲਣ ਵਾਲੇ ਪਿੰਜਰਾ ਤੋੜ ਅੰਦੋਲਨ ਦੀ ਉਸ ਨੇ ਅਗਵਾਈ ਕੀਤੀ ਸੀ। ਉਹ ਅਜਿਹੀ ਟੀ-ਸ਼ਰਟ ਪਹਿਨਦੀ ਸੀ, ਜਿਸ ’ਤੇ ਲਿਖਿਆ ਹੁੰਦਾ ਸੀ ਕਿ ਮੈਂ ਆਜ਼ਾਦ, ਆਵਾਰਾ, ਵਿਗੜੀ ਹੋਈ ਕੁੜੀ ਹਾਂ ਪਰ ਜਦੋਂ ਕਸ਼ਮੀਰ ’ਚ ਉਹ ਸਾਬਕਾ ਆਈ. ਏ. ਐੱਸ. ਅਫਸਰ ਸ਼ਾਹ ਫੈਜ਼ਲ ਦੀ ਪਾਰਟੀ ’ਚ ਸ਼ਾਮਿਲ ਹੋਈ ਤਾਂ ਪ੍ਰੈੱਸ ਕਾਨਫਰੰਸ ’ਚ ਮੱਥੇ ਤਕ ਸਿਰ ਢਕੀ ਨਜ਼ਰ ਆਈ। ਜਦੋਂ ਉਸ ਦੀ ਸੋਸ਼ਲ ਮੀਡੀਆ ’ਤੇ ਭਾਰੀ ਆਲੋਚਨਾ ਹੋਈ ਤਾਂ ਉਸ ਨੇ ਲਿਖਿਆ ਕਿ ‘‘ਕੀ ਮੈਂ ਕਦੇ ਘੁੰਡ ਅਤੇ ਕਰਵਾਚੌਥ ਦੀ ਆਲੋਚਨਾ ਕੀਤੀ ਹੈ?’’ ਉਸ ਦੇ ਮੁਤਾਬਿਕ ਸਾਰੀਆਂ ਔਰਤਾਂ ਘੁੰਡ ਕੱਢਦੀਆਂ ਹਨ, ਹੋਰਨਾਂ ਧਰਮਾਂ ਦੇ ਸਾਰੇ ਲੋਕ ਘੁੰਡ ਦੇ ਸਮਰਥਕ ਹਨ ਅਤੇ ਸਾਰੀਆਂ ਔਰਤਾਂ ਕਰਵਾਚੌਥ ਨੂੰ ਮੰਨਦੀਆਂ ਹਨ, ਜੋ ਹਿੰਦੀ ਫਿਲਮਾਂ ਅਤੇ ਟੀ. ਵੀ. ਲੜੀਵਾਰਾਂ ਨੇ ਦੇਸ਼ ਭਰ ’ਚ ਫੈਲਾ ਦਿੱਤਾ ਹੈ। ਸਵਾਲ ਤਾਂ ਇਹ ਹੈ ਕਿ ਸ਼ਹਿਲਾ ਰਸ਼ੀਦ ਖ਼ੁਦ ਘੁੰਡ ਦਾ ਵਿਰੋਧ ਕਰ ਕੇ ਤਾਂ ਦੇਖਦੀ, ਫਿਰ ਪਤਾ ਲੱਗਦਾ ਉਸ ਨੂੰ ਕਿੰਨੀ ਹਮਾਇਤ ਮਿਲਦੀ ਹੈ? ਜਦੋਂ ਹਰਿਆਣਾ ਸਰਕਾਰ ਨੇ ਆਪਣੇ ਇਕ ਇਸ਼ਤਿਹਾਰ ’ਚ ਘੁੰਡ ਨੂੰ ਔਰਤਾਂ ਦੀ ਅਣਖ ਅਤੇ ਸਨਮਾਨ ਦਾ ਪ੍ਰਤੀਕ ਦੱਸਿਆ ਸੀ ਤਾਂ ਸਰਕਾਰ ਦੀ ਕਾਫੀ ਆਲੋਚਨਾ ਹੋਈ ਸੀ। ਉਂਝ ਵੀ ਹੁਣ ਸ਼ਹਿਰੋਂ, ਇਥੋਂ ਤਕ ਕਿ ਛੋਟੇ ਕਸਬਿਆਂ ਤਕ ’ਚ ਵੱਡੀ ਗਿਣਤੀ ’ਚ ਔਰਤਾਂ ਘੁੰਡ ਨੂੰ ਅਲਵਿਦਾ ਕਹਿ ਚੁੱਕੀਆਂ ਹਨ ਕਿਉਂਕਿ ਜ਼ਿਆਦਾਤਰ ਪਹਿਰਾਵੇ ’ਚੋਂ ਸਾੜ੍ਹੀਆਂ ਤੇ ਦੁਪੱਟੇ ਗਾਇਬ ਹੋ ਚੁੱਕੇ ਹਨ। ਜਦੋਂ ਸ਼ਹਿਲਾ ਤੇ ਸ਼ਬਾਨਾ ਆਜ਼ਮੀ ਬੇਗੂਸਰਾਏ ’ਚ ਕਨ੍ਹੱਈਆ ਕੁਮਾਰ ਲਈ ਪ੍ਰਚਾਰ ਕਰਨ ਪਹੁੰਚੀਆਂ, ਉਦੋਂ ਵੀ ਮੰਚ ’ਤੇ ਉਹ ਮੱਥੇ ਤਕ ਆਪਣਾ ਸਿਰ ਢਕੀ ਨਜ਼ਰ ਆਈਆਂ। ਇਹ ਦੋਵੇਂ ਬਹੁਤ ਵੱਡੀਆਂ ਮਹਿਲਾਵਾਦੀ ਹਨ ਅਤੇ ਖ਼ੁਦ ਨੂੰ ਖੱਬੇਪੱਖੀ ਵੀ ਕਹਿੰਦੀਆਂ ਹਨ ਪਰ ਵਿਚਾਰਾ ਮਹਿਲਾਵਾਦ ਕੀ ਕਰੇ, ਜਦੋਂ ਲੋਕਾਂ ਨੂੰ ਆਪੋ-ਆਪਣੀਆਂ ਬੇੜੀਆਂ ’ਚ ਕੈਦ ਕਰ ਕੇ ਵੋਟਾਂ ਬਟੋਰਨੀਆਂ ਹੋਣ।

ਸ਼੍ਰੀਲੰਕਾ ’ਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਬੁਰਕੇ ’ਤੇ ਪਾਬੰਦੀ ਦੀ ਬਹਿਸ ਸ਼ੁਰੂ ਹੋ ਗਈ, ਜਦਕਿ ਇਸ ਤੋਂ ਪਹਿਲਾਂ ਬਹੁਤ ਸਾਰੇ ਪੱਛਮੀ ਦੇਸ਼ ਤੇ ਕਈ ਇਸਲਾਮਿਕ ਦੇਸ਼ ਵੀ ਇਸ ’ਤੇ ਪਾਬੰਦੀ ਲਾ ਚੁੱਕੇ ਹਨ। ਸ਼੍ਰੀਲੰਕਾ ਹਮਲਿਆਂ ਤੋਂ ਬਾਅਦ ਸ਼ੁਰੂ ਹੋਈ ਬਹਿਸ ਭਾਰਤ ਵਿਚ ਵੀ ਆ ਪਹੁੰਚੀ। ਇਸ ਤੋਂ ਪਹਿਲਾਂ ਵੋਟਾਂ ਦੇ ਸਮੇਂ ਭਾਜਪਾ ਦੇ ਕਈ ਨੇਤਾ ਕਹਿ ਚੁੱਕੇ ਸਨ ਕਿ ਬੁਰਕੇ ’ਚ ਫਰਜ਼ੀ ਵੋਟਿੰਗ ਹੋ ਰਹੀ ਹੈ। ਬੁਰਕੇ ’ਤੇ ਬਹਿਸ ਸ਼ੁਰੂ ਹੋਈ ਤਾਂ ਕੇਰਲ ਦੀ ਮੁਸਲਿਮ ਐਜੂਕੇਸ਼ਨ ਸੋਸਾਇਟੀ (ਐੱਮ. ਈ. ਐੱਸ.), ਜਿਸ ਦੇ ਤਹਿਤ 150 ਤੋਂ ਜ਼ਿਆਦਾ ਸਿੱਖਿਆ ਸੰਸਥਾਵਾਂ ਚੱਲਦੀਆਂ ਹਨ, ਨੇ ਇਕ ਹੁਕਮ ਦੇ ਤਹਿਤ ਆਪਣੀਆਂ ਸਾਰੀਆਂ ਸੰਸਥਾਵਾਂ ਨੂੰ ਹਦਾਇਤ ਜਾਰੀ ਕੀਤੀ ਕਿ ਇਨ੍ਹਾਂ ਸੰਸਥਾਵਾਂ ’ਚ ਕੋਈ ਵੀ ਕੁੜੀ/ਔਰਤ ਬੁਰਕਾ ਪਹਿਨ ਕੇ ਨਾ ਆਵੇ ਅਤੇ ਜੋ ਕਿਹਾ ਗਿਆ, ਦਿਲਚਸਪ ਹੈ। ਐੱਮ. ਈ. ਐੱਸ. ਦੇ ਪ੍ਰਧਾਨ ਪੀ. ਏ. ਫਜ਼ਲ ਗਫੂਰ ਨੇ ਕਿਹਾ ਕਿ ਇਸਲਾਮ ’ਚ ਔਰਤਾਂ ਦਾ ਮੂੰਹ ਢਕਣਾ ਲਾਜ਼ਮੀ ਨਹੀਂ ਹੈ। ਇਹ ਸਭ ਸੱਭਿਅਤਾ ਵਿਦੇਸ਼ਾਂ ਤੋਂ ਆਈ ਹੈ, ਇਸ ਦਾ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਸਾਡੀ ਸੱਭਿਅਤਾ ’ਤੇ ਹਮਲਾ ਹੈ। ਗਫੂਰ ਦੇ ਬਿਆਨ ਦੀ ਹੁਣ ਤੋਂ ਹੀ ਆਲੋਚਨਾ ਹੋਣ ਲੱਗੀ ਹੈ ਤੇ ਇਸ ਪ੍ਰਸੰਗ ’ਚ ਬਹੁਤ ਪਹਿਲਾਂ ਕੇਰਲ ਦੇ ਇਕ ਵਾਈਸ ਚਾਂਸਲਰ ਵਲੋਂ ਦਿੱਤਾ ਗਿਆ ਬਿਆਨ ਯਾਦ ਆਉਂਦਾ ਹੈ, ਜਿਨ੍ਹਾਂ ਨੇ ਕਿਹਾ ਸੀ ਕਿ ਨੌਜਵਾਨ ਵਰਗ ਹੁਣ ਇਸਲਾਮ ’ਚ ਦਿਲਚਸਪੀ ਲੈਣ ਲੱਗਾ ਹੈ ਤੇ ਵੱਡੀ ਗਿਣਤੀ ’ਚ ਕੁੜੀਆਂ ਬੁਰਕਾ ਪਹਿਨਣ ਲੱਗੀਆਂ ਹਨ। ਅਸਦੁਦੀਨ ਓਵੈਸੀ ਨੇ ਵੀ ਕਿਹਾ ਕਿ ਜੇ ਬੁਰਕੇ ’ਤੇ ਪਾਬੰਦੀ ਲਾਉਣੀ ਹੈ ਤਾਂ ਘੁੰਡ ’ਤੇ ਵੀ ਲਾਓ। ਇਹੋ ਗੱਲ ਜਾਵੇਦ ਅਖਤਰ ਨੇ ਵੀ ਕਹੀ ਤੇ ਮੰਗ ਕੀਤੀ ਕਿ ਰਾਜਸਥਾਨ ’ਚ ਚੋਣਾਂ ਤੋਂ ਪਹਿਲਾਂ ਘੁੰਡ ’ਤੇ ਪਾਬੰਦੀ ਲਾਈ ਜਾਵੇ। ਹੁਣੇ ਜਿਹੇ ਜਦੋਂ ਫਿਲਮ ਸੰਗੀਤਕਾਰ ਏ. ਆਰ. ਰਹਿਮਾਨ ਦੀ ਕੁੜੀ ਬੁਰਕੇ ’ਚ ਦਿਖਾਈ ਦਿੱਤੀ ਤਾਂ ਉਨ੍ਹਾਂ ਨੇ ਇਸ ਨੂੰ ਉਸ ਦੀ ਪਸੰਦ ਦਾ ਮਾਮਲਾ ਦੱਸਿਆ। ਜੇ ਕੋਈ ਔਰਤ ਆਪਣੀ ਮਰਜ਼ੀ ਨਾਲ ਬੁਰਕਾ ਪਹਿਨਦੀ ਹੈ ਜਾਂ ਘੁੰਡ ਕੱਢਦੀ ਹੈ ਤਾਂ ਇਹ ਉਸ ਦੀ ਆਜ਼ਾਦੀ ਹੈ ਕਿ ਉਹ ਕਿਵੇਂ ਰਹਿਣਾ ਚਾਹੁੰਦੀ ਹੈ ਪਰ ਮਰਦ ਗਲਬੇ ਦੇ ਝੰਡੇ ਅਤੇ ਡੰਡੇ ਹੇਠਾਂ ਬੁਰਕੇ ਅਤੇ ਘੁੰਡ ਦੋਹਾਂ ਦਾ ਲਾਜ਼ਮੀ ਹੋਣਾ ਬਿਨਾਂ ਸ਼ੱਕ ਔਰਤਾਂ ਲਈ ਬੇੜੀਆਂ ਹਨ। ਘੁੰਡ ਅਤੇ ਪਰਦਾ ਪ੍ਰਥਾ ਦਾ ਵਿਰੋਧ ਸਾਡੇ ਇਥੇ ਗਾਂਧੀ ਜੀ ਦੇ ਜ਼ਮਾਨੇ ਤੋਂ ਹੁੰਦਾ ਰਿਹਾ ਹੈ ਪਰ ਔਰਤਾਂ ਨੂੰ ਵੱਖ-ਵੱਖ ਤਰ੍ਹਾਂ ਦੇ ਡਰ ਦਿਖਾ ਕੇ ਰਵਾਇਤਾਂ ਦੇ ਝੰਡਾਬਰਦਾਰ ਇਸ ਨੂੰ ਹਟਣ ਨਹੀਂ ਦਿੰਦੇ। ਦੁੱਖ ਇਸ ਗੱਲ ਦਾ ਹੈ ਕਿ ਖੱਬੇਪੱਖੀ ਤੇ ਦੱਖਣਪੰਥੀ ਵੀ ਇਸ ਮਾਮਲੇ ’ਚ ਇਕ ਨਜ਼ਰ ਆਉਂਦੇ ਹਨ।
 


Bharat Thapa

Content Editor

Related News