ਹਵਾ ਪ੍ਰਦੂਸ਼ਣ ਬਣ ਰਿਹਾ ਹੈ ਲੋਕਾਂ ਦੀ ਜਾਨ ਦਾ ਖੌਅ

06/05/2019 5:53:55 AM

ਯੁੱਧਵੀਰ ਸਿੰਘ ਲਾਂਬਾ

ਦੁਨੀਆ ’ਚ ਭਾਰਤ ਇਕ ਅਜਿਹਾ ਦੇਸ਼ ਬਣ ਗਿਆ ਹੈ, ਜਿਥੇ ਹਵਾ ਪ੍ਰਦੂਸ਼ਣ ਕਾਰਣ ਸਭ ਤੋਂ ਜ਼ਿਆਦਾ ਮੌਤਾਂ ਹੋ ਰਹੀਆਂ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਦੇਸ਼ ਦੀਆਂ ਵੱਡੀਆਂ ਪਾਰਟੀਆਂ ਹੋਣ ਜਾਂ ਛੋਟੀਆਂ ਖੇਤਰੀ ਪਾਰਟੀਆਂ, ਹਵਾ ਪ੍ਰਦੂਸ਼ਣ ਦੇ ਮੁੱਦੇ ’ਤੇ ਚੋਣਾਂ ’ਚ ਕਿਸੇ ਨੇ ਕੋਈ ਗੱਲ ਨਹੀਂ ਕੀਤੀ, ਕਿਸੇ ਵੀ ਸਿਆਸੀ ਪਾਰਟੀ ਨੇ ਆਪਣੀਆਂ ਚੋਣ ਰੈਲੀਆਂ ’ਚ ਹਵਾ ਪ੍ਰਦੂਸ਼ਣ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਨਹੀਂ ਰੱਖਿਆ।

ਚੌਗਿਰਦੇ ਦੀ ਸੁਰੱਖਿਆ ਅਤੇ ਸੰਭਾਲ ਲਈ ਪੂਰੀ ਦੁਨੀਆ ’ਚ 5 ਜੂਨ ਨੂੰ ਵਿਸ਼ਵ ਚੌਗਿਰਦਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਲੋਕਾਂ ਨੂੰ ਚੌਗਿਰਦੇ ਦੀ ਸੰਭਾਲ ਅਤੇ ਸੁਰੱਖਿਆ ਪ੍ਰਤੀ ਜਾਗਰੂਕ ਕਰਨਾ ਹੈ। ਸੰਯੁਕਤ ਰਾਸ਼ਟਰ ਸੰਘ ਨੇ ਚੌਗਿਰਦੇ ਪ੍ਰਤੀ ਸੰਸਾਰਕ ਪੱਧਰ ’ਤੇ ਸਿਆਸੀ ਅਤੇ ਸਮਾਜਿਕ ਜਾਗ੍ਰਿਤੀ ਲਿਆਉਣ ਲਈ 1972 ’ਚ ਇਸ ਦਿਨ ਨੂੰ ਮਨਾਉਣ ਦਾ ਐਲਾਨ ਕੀਤਾ ਸੀ। ਚੌਗਿਰਦਾ ਪ੍ਰਦੂਸ਼ਣ ਦੀ ਸਮੱਸਿਆ ’ਤੇ 1972 ’ਚ ਸੰਯੁਕਤ ਰਾਸ਼ਟਰ ਸੰਘ ਨੇ ਸਟਾਕਹੋਮ (ਸਵੀਡਨ) ’ਚ ਦੁਨੀਆ ਭਰ ਦੇ ਦੇਸ਼ਾਂ ਦਾ ਪਹਿਲਾ ਚੌਗਿਰਦਾ ਸੰਮੇਲਨ ਆਯੋਜਿਤ ਕੀਤਾ, ਜਿਸ ’ਚ 119 ਦੇਸ਼ਾਂ ਨੇ ਹਿੱਸਾ ਲਿਆ ਸੀ ਅਤੇ ਪਹਿਲੀ ਵਾਰ ਵਿਸ਼ਵ ਚੌਗਿਰਦਾ ਦਿਵਸ 5 ਜੂਨ 1974 ਨੂੰ ਮਨਾਇਆ ਗਿਆ।

ਚੌਗਿਰਦਾ ਪ੍ਰਦੂਸ਼ਣ ਅੱਜ ਮਨੁੱਖ ਜਾਤ ਸਾਹਮਣੇ ਇਕ ਗੰਭੀਰ ਸਮੱਸਿਆ ਹੈ, ਜਿਸ ਦਾ ਛੇਤੀ ਕੋਈ ਹੱਲ ਲੱਭਣਾ ਜ਼ਰੂਰੀ ਹੈ। ਚੌਗਿਰਦਾ ਅਤੇ ਜੀਵਨ ਦੋਵੇਂ ਇਕ-ਦੂਜੇ ਦੇ ਪੂਰਕ ਹਨ। ਚੌਗਿਰਦੇ ’ਚ ਫੈਲਦਾ ਪ੍ਰਦੂਸ਼ਣ ਦੁਨੀਆ ਦੀ ਸਭ ਤੋਂ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਚੌਗਿਰਦਾ ਪ੍ਰਦੂਸ਼ਣ ਨੇ ਦੁਨੀਆ ’ਚ ਅੱਜ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਚੌਗਿਰਦੇ ਦੀ ਸੰਭਾਲ ਪ੍ਰਤੀ ਹਰੇਕ ਆਮ ਆਦਮੀ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਣੀ ਵਪੇਗੀ ਤਾਂ ਕਿ ਪ੍ਰਦੂਸ਼ਣ ਮੁਕਤ ਵਾਤਾਵਰਣ ਦੀ ਕਲਪਨਾ ਨੂੰ ਸਾਕਾਰ ਕੀਤਾ ਜਾ ਸਕੇ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਮੁਤਾਬਕ ਹਵਾ ਪ੍ਰਦੂਸ਼ਣ ਦੀ ਵਜ੍ਹਾ ਕਰਕੇ ਹਰ ਸਾਲ ਦੁਨੀਆ ’ਚ ਲੱਖਾਂ ਲੋਕਾਂ ਦੀ ਮੌਤ ਹੁੰਦੀ ਹੈ।

ਅਮਰੀਕਾ ਦੀ ਯੂਨੀਵਰਸਿਟੀ ਆਫ ਸ਼ਿਕਾਗੋ ਨੇ ਦਿੱਲੀ ’ਚ ਲਗਾਤਾਰ ਖਰਾਬ ਹੋ ਰਹੀ ਹਵਾ ਦੀ ਗੁਣਵੱਤਾ ’ਤੇ ਅਧਿਐਨ ਕਰ ਕੇ ਪਤਾ ਲਾਇਆ ਹੈ ਕਿ ਉਥੇ ਪ੍ਰਦੂਸ਼ਣ ਕਾਰਣ ਹਾਲਾਤ ਕਿੰਨੇ ਗੰਭੀਰ ਬਣੇ ਹੋਏ ਹਨ। ਦਿੱਲੀ ਦਾ ਹਵਾ ਪ੍ਰਦੂਸ਼ਣ ਲੋਕਾਂ ਲਈ ਬੇਹੱਦ ਜਾਨਲੇਵਾ ਸਿੱਧ ਹੋ ਰਿਹਾ ਹੈ। ਅਧਿਐਨ ’ਚ ਪ੍ਰਦੂਸ਼ਿਤ ਹਵਾ ’ਚ ਸਾਹ ਲੈਣ ਕਾਰਣ ਹੋਣ ਵਾਲੇ ਖਤਰਿਆਂ ਦੀ ਵੀ ਜਾਂਚ ਕੀਤੀ ਗਈ, ਜਿਸ ਤੋਂ ਪਤਾ ਲੱਗਾ ਹੈ ਕਿ ਪ੍ਰਦੂਸ਼ਣ ਕਾਰਣ ਲੋਕਾਂ ਦੀ ਜ਼ਿੰਦਗੀ ਦੇ 10 ਸਾਲ ਘਟ ਰਹੇ ਹਨ।

ਇਹ ਬਹੁਤ ਚਿੰਤਾਜਨਕ ਹੈ ਕਿ ਸਾਡੇ ਦੇਸ਼ ’ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੋਈ ਚਿਰਸਥਾਈ ਨੀਤੀ ਨਹੀਂ ਹੈ। ਸਾਡਾ ਮੰਨਣਾ ਹੈ ਕਿ ਚੌਗਿਰਦੇ ਦੀ ਸੰਭਾਲ ਤੇ ਸੁਰੱਖਿਆ ਲਈ ਰੁੱਖਾਂ-ਪੌਦਿਆਂ ਦਾ ਅਹਿਮ ਯੋਗਦਾਨ ਹੁੰਦਾ ਹੈ। ਪੌਦੇ ਲਾ ਕੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈਏ ਤਾਂ ਕਿ ਭਵਿੱਖ ’ਚ ਚੌਗਿਰਦੇ ਕਾਰਣ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਸਾਨੂੰ ਬੱਚਿਆਂ ਦੇ ਜਨਮ ਦਿਨ, ਵਿਆਹ, ਤਿਉਹਾਰਾਂ ਜਾਂ ਖੁਸ਼ੀ ਦੇ ਹੋਰ ਮੌਕਿਆਂ ’ਤੇ ਰੁੱਖ ਉਗਾਉਣੇ ਚਾਹੀਦੇ ਹਨ ਤਾਂ ਕਿ ਆਪਣੇ ਚੌਗਿਰਦੇ ਨੂੰ ਸੁਰੱਖਿਅਤ ਕਰ ਸਕੀਏ। ਰੁੱਖ-ਪੌਦੇ ਸ਼ੁਰੂ ਤੋਂ ਹੀ ਮਨੁੱਖੀ ਜੀਵਨ ਅਤੇ ਭਾਰਤੀ ਸੱਭਿਅਤਾ ਦਾ ਅਟੁੱਟ ਹਿੱਸਾ ਰਹੇ ਹਨ।

ਹਵਾ ਪ੍ਰਦੂਸ਼ਣ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਅਮਰੀਕਾ ਦੇ ਹੈਲਥ ਇਫੈਕਟਸ ਇੰਸਟੀਚਿਊਟ ਦੀ ਰਿਪੋਰਟ ਮੁਤਾਬਕ ਭਾਰਤ ’ਚ ਹਵਾ ਪ੍ਰਦੂਸ਼ਣ ਸਿਹਤ ਸਬੰਧੀ ਸਾਰੇ ਖਤਰਿਆਂ ਨਾਲ ਹੋਣ ਵਾਲੀਆਂ ਮੌਤਾਂ ’ਚ ਤੀਜਾ ਸਭ ਤੋਂ ਵੱਡਾ ਕਾਰਣ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪੂਰੀ ਦੁਨੀਆ ’ਚ ਹਵਾ ਪ੍ਰਦੂਸ਼ਣ ਨਾਲ ਜਿੰਨੇ ਲੋਕਾਂ ਦੀ ਮੌਤ ਹੁੰਦੀ ਹੈ, ਉਸ ਦੀ ਅੱਧੀ ਗਿਣਤੀ ਭਾਰਤ ਅਤੇ ਚੀਨ ’ਚ ਹੈ। ਸੰਨ 2017 ’ਚ ਭਾਰਤ ਅਤੇ ਚੀਨ ’ਚ ਹਵਾ ਪ੍ਰਦੂਸ਼ਣ ਨਾਲ 12-12 ਲੱਖ ਲੋਕਾਂ ਦੀ ਮੌਤ ਹੋਈ। ਵਿਸ਼ਵ ਸਿਹਤ ਸੰਗਠਨ ਦੀ ਇਸ ਸੂਚੀ ’ਚ ਕੌਮੀ ਰਾਜਧਾਨੀ ਦਿੱਲੀ 6ਵੇਂ ਨੰਬਰ ’ਤੇ ਹੈ। ਹਵਾ ਪ੍ਰਦੂਸ਼ਣ ਨਾਲ ਨਜਿੱਠਣ ’ਚ ਨਾਕਾਮ ਰਹਿਣ ਲਈ ਇਥੋਂ ਦੇ ਨਾਮਜ਼ਦ ਨੁਮਾਇੰਦਿਆਂ ਦੀ ਉਦਾਸੀਨਤਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

ਭਾਰਤ ’ਚ ਜ਼ਹਿਰੀਲੀ ਹੁੰਦੀ ਹਵਾ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ‘ਹਵਾ ਪ੍ਰਦੂਸ਼ਣ ਤੇ ਬਾਲ ਸਿਹਤ’ ਵਿਚ ਦੱਸਿਆ ਗਿਆ ਹੈ ਕਿ ਸੰਨ 2016 ’ਚ ਭਾਰਤ ਵਿਚ 5 ਸਾਲ ਤੋਂ ਘੱਟ ਉਮਰ ਦੇ ਲਗਭਗ ਇਕ ਲੱਖ ਬੱਚਿਆਂ ਦੀ ਮੌਤ ਜ਼ਹਿਰੀਲੀ ਹਵਾ ਦੇ ਪ੍ਰਭਾਵ ਹੇਠ ਆਉਣ ਨਾਲ ਹੋਈ ਹੈ ਅਤੇ ਮਰਨ ਵਾਲੇ ਬੱਚਿਆਂ ’ਚ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਜ਼ਿਆਦਾ ਹੈ। ਦੁਨੀਆ ਦੇ ਵੱਖ-ਵੱਖ ਦੇਸ਼ਾਂ ’ਚ ਪ੍ਰਦੂਸ਼ਣ ਨੂੰ ਲੈ ਕੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ 2016 ’ਚ ਨੇਪਾਲ ਤੋਂ ਬਾਅਦ ਭਾਰਤ ਅਜਿਹਾ ਦੂਜਾ ਦੇਸ਼ ਹੈ, ਜਿਥੇ ਦੂਸ਼ਿਤ ਹਵਾ ਦਾ ਪੱਧਰ 2.5 ਜ਼ਿਆਦਾ ਮਾਪਿਆ ਗਿਆ ਹੈ। ਇਸ ਨਾਲ ਭਾਰਤ ਦੇ ਲੋਕਾਂ ਦੀ ਉਮਰ ’ਚ 4.4 ਸਾਲ ਦੀ ਕਮੀ ਆਈ ਹੈ ਭਾਵ ਲੋਕਾਂ ਦਾ ਜੀਵਨ 4.4 ਸਾਲ ਤਕ ਘਟਿਆ ਹੈ।

ਦਿੱਲੀ ਹੀ ਨਹੀਂ ਸਗੋਂ ਦੇਸ਼ ਦੇ ਹੋਰ 94 ਸ਼ਹਿਰਾਂ ਦੇ ਲੋਕ ਵੀ ਜ਼ਹਿਰੀਲੀ ਹਵਾ ’ਚ ਸਾਹ ਲੈ ਰਹੇ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਜਾਰੀ ਅਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਥੋਂ ਦੀ ਹਵਾ ਕਿੰਨੀ ਜ਼ਹਿਰੀਲੀ ਹੋ ਚੁੱਕੀ ਹੈ ਅਤੇ ਇਹ ਲੋਕਾਂ ਦੀ ਸਿਹਤ ਲਈ ਕਿੰਨੀ ਨੁਕਸਾਨਦੇਹ ਹੈ। ਪਿਛਲੇ ਸਾਲ ਮਈ ਮਹੀਨੇ ’ਚ ਵਿਸ਼ਵ ਸਿਹਤ ਸੰਗਠਨ ਨੇ ਕਾਨਪੁਰ ਨੂੰ ਦੁਨੀਆ ਦਾ ਸਭ ਤੋਂ ਦੂਸ਼ਿਤ ਸ਼ਹਿਰ ਦੱਸਿਆ ਸੀ। ਇਹ ਹਵਾ ’ਚ ਪੀ. ਐੱਮ. 2.5 ਦੀ ਮਾਤਰਾ ’ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਦੇ ਆਧਾਰ ’ਤੇ ਦੱਸਿਆ ਗਿਆ ਸੀ।

ਇਕ ਕੌਮਾਂਤਰੀ ਖੋਜ ਰਿਪੋਰਟ ’ਚ ਇਹ ਖਦਸ਼ਾ ਪ੍ਰਗਟਾਇਆ ਗਿਆ ਹੈ ਕਿ ਜੇ ਪ੍ਰਦੂਸ਼ਣ ਦੇ ਪੱਧਰ ਨੂੰ ਕਾਬੂ ਨਾ ਕੀਤਾ ਗਿਆ ਤਾਂ 2025 ਤਕ ਦਿੱਲੀ ’ਚ ਹਰ ਸਾਲ ਲਗਭਗ 32 ਹਜ਼ਾਰ ਲੋਕ ਜ਼ਹਿਰੀਲੀ ਹਵਾ ਦਾ ਸ਼ਿਕਾਰ ਹੋ ਕੇ ਬੇਵਕਤੀ ਮੌਤ ਦੇ ਮੂੰਹ ’ਚ ਜਾਣਗੇ।
 

Bharat Thapa

This news is Content Editor Bharat Thapa