ਮਸਨੂਈ ਲੱਤ ਲਗਾਉਣ ਦੇ ਬਾਅਦ ਗਧੀ ਵੀ ਬਿਹਤਰ ਜੀਵਨ ਜੀਅ ਸਕੇਗੀ

11/06/2017 7:26:59 AM

ਪਹਿਲੀ ਨਜ਼ਰੇ ਤੁਹਾਨੂੰ ਉਸ 'ਚ ਕੁਝ ਵੀ ਗ਼ੈਰ-ਸਾਧਾਰਨ ਦਿਖਾਈ ਨਹੀਂ ਦੇਵੇਗਾ। ਪੁਣੇ 'ਚ ਪਸ਼ੂ ਬਚਾਅ ਕੇਂਦਰ ਦੇ ਸ਼ੈੱਡ 'ਚ ਰੱਖੇ ਇਕ ਨੀਲੇ ਟੱਬ 'ਚੋਂ ਦਾਣਾ ਖਾਂਦੇ ਹੋਏ 'ਫਲੋ' ਕਿਸੇ ਵੀ ਹੋਰ ਗਧੀ ਤੋਂ ਵੱਖਰੀ ਦਿਖਾਈ ਨਹੀਂ ਦਿੰਦੀ ਪਰ ਜਦੋਂ ਉਹ ਕੁਝ ਲੰਗੜਾਉਂਦੀ ਹੋਈ ਅੱਗੇ-ਪਿੱਛੇ ਹਟਦੀ ਹੈ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਉਸ ਦੀ ਅਗਲੀ ਇਕ ਲੱਤ ਨਕਲੀ ਹੈ। 
'ਫਲੋ' ਦੀ ਅਗਲੀ ਸੱਜੀ ਲੱਤ ਟੁੱਟ ਗਈ ਸੀ ਅਤੇ ਇਸੇ ਹਾਲਤ 'ਚ ਉਸ ਨੂੰ ਬਚਾਅ ਵਰਕਰਾਂ ਵਲੋਂ ਚੁੱਕ ਕੇ ਲਿਆਂਦਾ ਗਿਆ ਸੀ। ਹੁਣੇ-ਹੁਣੇ ਉਸ ਨੂੰ ਮਸਨੂਈ ਲੱਤ ਲਾਈ ਗਈ ਹੈ ਅਤੇ ਉਸ ਨੇ ਕਿਸੇ ਬੱਚੇ ਵਾਂਗ ਚੱਲਣਾ ਸ਼ੁਰੂ ਕਰ ਦਿੱਤਾ ਹੈ। ਉਹ ਵੱਡੇ ਆਕਾਰ ਦੇ ਜਾਨਵਰਾਂ 'ਚੋਂ ਇਕ ਦੁਰਲੱਭ ਨਸਲ ਦੀ ਗਧੀ ਹੈ, ਜਿਸ ਨੂੰ ਖੁਸ਼ਕਿਸਮਤੀ ਨਾਲ ਮਸਨੂਈ ਅੰਗ ਹਾਸਿਲ ਹੋਇਆ ਹੈ। 
'ਫਲੋ' ਨੂੰ ਪੁਣੇ ਦੇ ਬਾਵਧਨ 'ਚ ਸਥਿਤ ਐੱਨ. ਜੀ. ਓ. 'ਰੈਸਕਿਊ' ਵਲੋਂ ਚਲਾਏ ਜਾਂਦੇ ਕੇਂਦਰ 'ਚ 2 ਮਹੀਨੇ ਪਹਿਲਾਂ ਧੂਲੇ ਸ਼ਹਿਰ ਤੋਂ ਲਿਆਂਦਾ ਗਿਆ ਸੀ, ਜਿਥੇ ਉਹ ਬਹੁਤ ਦਰਦ ਭਰੀ ਹਾਲਤ 'ਚ ਦੇਖੀ ਗਈ ਸੀ। ਇਸ ਐੱਨ. ਜੀ. ਓ. ਦੀ ਸੰਸਥਾਪਕ ਪ੍ਰਧਾਨ ਨੇਹਾ ਪੰਚਮੀਆ ਨੇ ਕਿਹਾ, ''ਉਸ ਦੀ ਇਕ ਲੱਤ ਲਟਕੀ ਹੋਈ ਸੀ। ਅਸੀਂ ਉਸ ਨੂੰ ਐਂਬੂਲੈਂਸ ਵਿਚ ਪਾ ਕੇ ਆਪਣੇ ਕੇਂਦਰ 'ਚ ਲਿਆਏ ਸੀ।''
ਮੁੱਢਲੇ ਇਲਾਜ ਤੋਂ ਬਾਅਦ ਉਸ ਦੀ ਟੁੱਟੀ ਹੋਈ ਲੱਤ ਨੂੰ ਇਕ ਪਾਈਪ ਤੇ ਇਕ ਲੱਕੜੀ ਦੇ ਟੁਕੜੇ ਨਾਲ ਬੰਨ੍ਹੀ ਹੋਈ ਬੈਸਾਖੀ ਨਾਲ ਸਹਾਰਾ ਦਿੱਤਾ ਗਿਆ ਪਰ ਉਸ ਦੇ ਲਈ ਚੱਲਣਾ ਬਹੁਤ ਮੁਸ਼ਕਿਲ ਸੀ। ਤੁਰਦੇ ਹੋਏ ਉਸ ਦੀ ਟੁੱਟੀ ਹੋਈ ਲੱਤ ਵੀ ਮਨਹੂਸ ਢੰਗ ਨਾਲ ਲਟਕਦੀ ਹੋਈ ਦਿਖਾਈ ਦਿੰਦੀ ਸੀ। ਉਸ ਦਾ ਇਲਾਜ ਕਰਨ ਵਾਲੇ ਡਾ. ਰੋਹਿਤ ਜੋਸਫ ਨੇ ਦੱਸਿਆ ਕਿ ਉਸ ਦੀ ਜੋ ਲੱਤ ਸਹੀ ਸੀ, ਉਸ ਦਾ ਪੱਟ ਵੀ ਟੁੱਟਾ ਹੋਇਆ ਸੀ, ਫਿਰ ਵੀ ਉਸ ਨੂੰ ਚੱਲਦੇ ਸਮੇਂ ਆਪਣਾ ਸਾਰਾ ਭਾਰ ਖੱਬੇ ਪਾਸੇ ਪਾਉਣਾ ਪੈਂਦਾ ਸੀ। ਇਸ ਨਾਲ ਉਸ ਦੀ ਸ਼ਕਲ-ਸੂਰਤ ਵਿਗੜ ਜਾਂਦੀ ਸੀ। ਇਸ ਨਾਲ ਉਸ ਦੀ ਰੀੜ੍ਹ ਦੀ ਹੱਡੀ 'ਤੇ ਬੁਰਾ ਪ੍ਰਭਾਵ ਪੈ ਸਕਦਾ ਸੀ। 
ਉਨ੍ਹੀਂ ਦਿਨੀਂ ਪੁਣੇ ਦੇ ਸੰਚੇਤੀ ਹਸਪਤਾਲ 'ਚ ਹੱਡੀਆਂ ਅਤੇ ਮਸਨੂਈ ਅੰਗਾਂ ਦੇ ਵਿਭਾਗ ਦੇ ਮੁਖੀ ਸਲਿਲ ਜੈਨ ਨੇ 'ਫਲੋ' ਲਈ ਵਿਸ਼ੇਸ਼ ਤੌਰ 'ਤੇ ਅੰਗ ਤਿਆਰ ਕੀਤਾ ਸੀ। ਡਾ. ਸਲਿਲ ਦਾ ਕਹਿਣਾ ਹੈ ਕਿ ਕਿਸੇ ਜਾਨਵਰ ਲਈ ਅੰਗ ਤਿਆਰ ਕਰਨਾ ਮਨੁੱਖ ਦੀ ਤੁਲਨਾ 'ਚ ਕਿਤੇ ਜ਼ਿਆਦਾ ਮੁਸ਼ਕਿਲ ਭਰਿਆ ਹੁੰਦਾ ਹੈ ਕਿਉਂਕਿ ਜਾਨਵਰ ਬੋਲ ਕੇ ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ। ਤੁਸੀਂ ਸਿਰਫ ਜਾਇਜ਼ੇ ਨਾਲ ਹੀ ਪਤਾ ਲਾਉਣਾ ਹੁੰਦਾ ਹੈ ਕਿ ਮਸਨੂਈ ਅੰਗ ਨਾਲ ਉਸ ਨੂੰ ਆਰਾਮ ਮਹਿਸੂਸ ਹੋ ਰਿਹਾ ਹੈ ਕਿ ਨਹੀਂ। ਇਸ ਤੋਂ ਪਹਿਲਾਂ ਵੀ ਡਾ. ਸਲਿਲ 2 ਗਊਆਂ ਲਈ ਮਸਨੂਈ ਅੰਗ ਡਿਜ਼ਾਈਨ ਕਰ ਚੁੱਕੇ ਹਨ। 
'ਫਲੋ' ਦੀ ਕੱਟੀ ਜਾ ਚੁੱਕੀ ਲੱਤ ਦਾ ਜ਼ਖਮ ਜਿਸ ਢੰਗ ਨਾਲ ਭਰ ਰਿਹਾ ਸੀ, ਉਸ ਦੀ ਵੀਡੀਓਗ੍ਰਾਫੀ ਦਾ ਅਧਿਐਨ ਕਰ ਕੇ ਡਾ. ਜੈਨ ਨੇ ਆਪਣੇ ਵਲੋਂ ਬਣਾਈ ਗਈ ਮਸਨੂਈ ਲੱਤ ਦੇ ਡਿਜ਼ਾਈਨ ਨੂੰ ਪੂਰਨਤਾ ਪ੍ਰਦਾਨ ਕੀਤੀ। ਵਰਣਨਯੋਗ ਹੈ ਕਿ ਇਸ ਵਿਸ਼ੇਸ਼ ਇਲਾਜ ਲਈ ਡਾ. ਜੈਨ ਨੇ ਕੋਈ ਵੀ ਫੀਸ ਨਹੀਂ ਲਈ। 
ਨੇਹਾ ਪੰਚਮੀਆ ਨੇ ਦੱਸਿਆ ਕਿ ਫਿਲਹਾਲ 'ਫਲੋ' ਇਸ ਉਡੀਕ ਵਿਚ ਹੈ ਕਿ ਕੋਈ ਪਸ਼ੂ ਪ੍ਰੇਮੀ ਉਸ ਨੂੰ ਅਪਣਾ ਲਵੇ। ਉਨ੍ਹਾਂ ਨੇ ਕਿਹਾ ਕਿ ਛੇਤੀ ਹੀ ਉਹ ਉਸ ਦੀ ਫਿਜ਼ੀਓਥੈਰੇਪੀ ਸ਼ੁਰੂ ਕਰਨਗੇ ਅਤੇ ਕਿਸੇ ਫਿਜ਼ੀਓਥੈਰੇਪਿਸਟ ਦੀਆਂ ਸੇਵਾਵਾਂ ਲੈਣ ਦਾ ਯਤਨ ਕਰ ਰਹੇ ਹਨ। 
ਥ੍ਰੀ-ਡੀ ਪਿੰ੍ਰਟਿੰਗ ਸਲਾਹਕਾਰ ਦੈਵਿਕ ਮਹਾਮੁਨੀ ਨੇ 'ਫਲੋ' ਲਈ ਨਵੀਂ ਲੱਤ ਦੀ ਵਿਵਸਥਾ ਕਰਨ 'ਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਹੀ ਦਿਨਾਂ ਵਿਚ ਉਹ ਆਪਣੀ ਨਵੀਂ ਲੱਤ ਨਾਲ ਕਾਫੀ ਆਸਾਨੀ ਨਾਲ ਚੱਲਣਾ ਸ਼ੁਰੂ ਕਰ ਦੇਵੇਗੀ, ਜਿਸ ਨਾਲ 'ਫਲੋ' ਦੀ ਜ਼ਿੰਦਗੀ 'ਚ ਬਿਹਤਰੀ ਆਏਗੀ। ('ਟਾਈਮਜ਼ ਆਫ ਇੰਡੀਆ' ਤੋਂ ਧੰਨਵਾਦ ਸਹਿਤ)


Related News