30 ਸਾਲਾਂ ਬਾਅਦ ਫਿਰ ਸ਼ੁਰੂ ਹੋਇਆ ‘ਚੋਰ-ਚੋਰ’ ਦਾ ਰੌਲਾ

Saturday, May 04, 2019 - 06:17 AM (IST)

ਐੱਸ. ਮੋਮਿਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਚੋਰ’ ਕਹੇ ਜਾਣ ’ਤੇ ਭਾਜਪਾ ਨੇਤਾ ਗੁੱਸੇ ਨਾਲ ਲਾਲ ਹੋ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਕ ਗਾਲ੍ਹ ਹੈ, ਜੋ ਦੇਸ਼ ਦੇ ਸਭ ਤੋਂ ਵੱਡੇ ਨਾਮਜ਼ਦ ਅਹੁਦੇ ’ਤੇ ਬੈਠੇ ਵਿਅਕਤੀ ਲਈ ਇਸਤੇਮਾਲ ਨਹੀਂ ਕੀਤੀ ਜਾਣੀ ਚਾਹੀਦੀ ਪਰ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਪ੍ਰਧਾਨ ਮੰਤਰੀ ਨੂੰ ‘ਚੋਰ’ ਕਿਹਾ ਜਾ ਰਿਹਾ ਹੈ। 30 ਸਾਲ ਪਹਿਲਾਂ ਉਨ੍ਹਾਂ ਹੀ ਲੋਕਾਂ ਵਲੋਂ ਤੱਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ‘ਚੋਰ’ ਕਿਹਾ ਜਾ ਰਿਹਾ ਸੀ, ਜਿਹੜੇ ਅੱਜ ਇਸ ਸ਼ਬਦ ਦੀ ਵਰਤੋਂ ਤੋਂ ਪ੍ਰੇਸ਼ਾਨ ਹੋ ਰਹੇ ਹਨ। ਹਾਲਾਂਕਿ ਕਾਂਗਰਸ ਨੇ ਕਦੇ ਵੀ ਇਸ ਗੱਲ ਨੂੰ ਮੁੱਦਾ ਨਹੀਂ ਬਣਾਇਆ। 1989 ਦੀਆਂ ਲੋਕ ਸਭਾ ਚੋਣਾਂ ’ਚ ਵਿਰੋਧੀ ਧਿਰ (ਭਾਜਪਾ ਵੀ ਜਿਸ ਦਾ ਹਿੱਸਾ ਸੀ) ਦਾ ਇਹ ਪ੍ਰਸਿੱਧ ਨਾਅਰਾ ਸੀ, ‘ਗਲੀ-ਗਲੀ ਮੇਂ ਸ਼ੋਰ ਹੈ, ਰਾਜੀਵ ਗਾਂਧੀ ਚੋਰ ਹੈ।’ ਰਾਜੀਵ ਗਾਂਧੀ ਉਦੋਂ ਪ੍ਰਧਾਨ ਮੰਤਰੀ ਸਨ ਅਤੇ ਕਾਂਗਰਸ 541 ਸੀਟਾਂ ’ਚੋਂ 414 ਸੀਟਾਂ ਜਿੱਤ ਕੇ ਭਾਰੀ ਬਹੁਮਤ ਨਾਲ ਲੋਕ ਸਭਾ ’ਚ ਪਹੁੰਚੀ ਸੀ। 2014 ਦੀ ਮੋਦੀ ਲਹਿਰ ਦੇ ਬਾਵਜੂਦ ਭਾਜਪਾ ਇਸ ਅੰਕੜੇ ਦੇ ਨੇੜੇ ਵੀ ਨਹੀਂ ਪਹੁੰਚ ਸਕੀ। ਜੇਕਰ ਭਾਜਪਾ ਇਹ ਦਾਅਵਾ ਕਰਦੀ ਹੈ ਕਿ ਮੋਦੀ ਭਾਰਤੀ ਇਤਿਹਾਸ ’ਚ ਸਭ ਤੋਂ ਵੱਧ ਹਰਮਨਪਿਆਰੇ ਪ੍ਰਧਾਨ ਮੰਤਰੀ ਹਨ ਅਤੇ ਇਸ ਲਈ ਉਨ੍ਹਾਂ ਨੂੰ ‘ਚੋਰ’ ਨਹੀਂ ਕਿਹਾ ਜਾ ਸਕਦਾ ਤਾਂ ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ 1984 ’ਚ ਰਾਜੀਵ ਗਾਂਧੀ 49.10 ਫੀਸਦੀ ਵੋਟਾਂ ਹਾਸਿਲ ਕਰ ਕੇ ਪ੍ਰਧਾਨ ਮੰਤਰੀ ਬਣੇ ਸਨ, ਜਦਕਿ 2014 ’ਚ ਮੋਦੀ ਨੂੰ ਸਿਰਫ 31.3 ਫੀਸਦੀ ਵੋਟਾਂ ਮਿਲੀਆਂ ਸਨ। ਜੋ ਲੋਕ ਅੱਜ ਕਾਂਗਰਸ ਵਲੋਂ ਚੋਣ ਪ੍ਰਚਾਰ ’ਚ ਇਸਤੇਮਾਲ ਕੀਤੇ ਜਾ ਰਹੇ ‘ਚੌਕੀਦਾਰ ਚੋਰ ਹੈ’ ਦੇ ਨਾਅਰੇ ਦਾ ਵਿਰੋਧ ਕਰ ਰਹੇ ਹਨ, ਉਹੀ ਲੋਕ 30 ਸਾਲ ਪਹਿਲਾਂ ‘ਰਾਜੀਵ ਗਾਂਧੀ ਚੋਰ ਹੈ’ ਦਾ ਨਾਅਰਾ ਜ਼ੋਰ-ਸ਼ੋਰ ਨਾਲ ਲਾਉਂਦੇ ਸਨ। ਇਹ ਕੁਝ ਉਸੇ ਤਰ੍ਹਾਂ ਦਾ ਮਾਮਲਾ ਹੈ, ਜਿਸ ਤਰ੍ਹਾਂ ਸ਼ਤਰੂਘਨ ਸਿਨ੍ਹਾ ਚੋਣਾਂ ’ਚ ਇਕ ਨਾਅਰਾ ਲਾਉਂਦੇ ਸਨ–‘ਤੁਮ ਕਰੋ ਤੋ ਰਾਸ ਲੀਲਾ, ਹਮ ਕਰੇਂ ਤੋ ਕਰੈਕਟਰ ਢੀਲਾ’।

1989 ਦੀਆਂ ਚੋਣਾਂ ਅਤੇ ਮੌਜੂਦਾ ਚੋਣਾਂ ’ਚ ਸਿਰਫ ਇਹੋ ਬਰਾਬਰੀ ਨਹੀਂ ਹੈ। 30 ਸਾਲ ਪਹਿਲਾਂ ਜਨਤਾ ਦਲ ਦੇ ਬਾਨੀ ਵੀ. ਪੀ. ਸਿੰਘ ਦੀ ਪ੍ਰਧਾਨਗੀ ਹੇਠ ਪੂਰੀ ਵਿਰੋਧੀ ਧਿਰ ਰਾਜੀਵ ਗਾਂਧੀ ਨੂੰ ਹਰਾਉਣ ਲਈ ਇਕਜੁੱਟ ਹੋ ਗਈ ਸੀ। ਇਸ ਵਾਰ ਵਿਰੋਧੀ ਧਿਰ ਨੇ ਮੋਦੀ ਨੂੰ ਹਟਾਉਣ ਲਈ ਭਾਜਪਾ ਵਿਰੁੱਧ ਗੱਠਜੋੜ ਬਣਾਇਆ ਹੈ। ਮੋਦੀ ਵਿਰੋਧੀ ਧਿਰ ਨੂੰ ‘ਮਹਾਮਿਲਾਵਟੀ ਖਿਚੜੀ’ ਕਹਿੰਦੇ ਹਨ, ਜੋ ਕਮਜ਼ੋਰ ਸਰਕਾਰ ਬਣਾਏਗੀ ਅਤੇ ਲੰਮੇ ਸਮੇਂ ਤਕ ਨਹੀਂ ਚੱਲ ਸਕੇਗੀ। 1989 ’ਚ ਕਾਂਗਰਸ ਨੇ ਵਿਰੋਧੀ ਧਿਰ ਨੂੰ ਇਕ ਅਜਿਹਾ ਫਰੰਟ ਦੱਸ ਕੇ ਨਕਾਰ ਦਿੱਤਾ ਸੀ, ਜਿਸ ’ਚ ਨੇਤਾ ਜ਼ਿਆਦਾ ਅਤੇ ਵਰਕਰ ਘੱਟ ਸਨ। ਉਦੋਂ ਵੀ ਇਹੋ ਕਿਹਾ ਗਿਆ ਸੀ ਕਿ ਵਿਰੋਧੀ ਧਿਰ ਦਾ ਫਰੰਟ ਸਥਾਈ ਸਰਕਾਰ ਨਹੀਂ ਦੇ ਸਕਦਾ। ਉਦੋਂ ਵਿਰੋਧੀ ਧਿਰ ਦੇ ਵੱਖ-ਵੱਖ ਸਮੂਹਾਂ ਤੇ ਖੇਤਰੀ ਪਾਰਟੀਆਂ ਨੇ ਮਿਲ ਕੇ ਕੌਮੀ ਮੋਰਚੇ ਦੀ ਸਰਕਾਰ ਬਣਾਈ ਸੀ, ਜੋ ਸਿਰਫ 1 ਸਾਲ ਚੱਲੀ ਕਿਉਂਕਿ ਭਾਜਪਾ ਵਲੋਂ ਹਮਾਇਤ ਵਾਪਿਸ ਲੈਣ ਨਾਲ ਇਹ ਡਿੱਗ ਗਈ ਸੀ। ਅਮੇਠੀ ਤੋਂ ਭਾਜਪਾ ਦੀ ਉਮੀਦਵਾਰ ਸਮ੍ਰਿਤੀ ਇਰਾਨੀ ਇਸ ਗੱਲ ਲਈ ਰਾਹੁਲ ਦੀ ਆਲੋਚਨਾ ਕਰਦੀ ਹੈ ਕਿ ਉਨ੍ਹਾਂ ਨੇ ਅਮੇਠੀ ਦਾ ਵਿਕਾਸ ਨਹੀਂ ਕਰਵਾਇਆ ਪਰ ਤਿੰਨ ਦਹਾਕੇ ਪਹਿਲਾਂ ਇਸੇ ਗਾਂਧੀ ਪਰਿਵਾਰ ’ਤੇ ਦੋਸ਼ ਲੱਗਦਾ ਸੀ ਕਿ ਉਹ ਅਮੇਠੀ ਅਤੇ ਰਾਇਬਰੇਲੀ ਨੂੰ ਜ਼ਿਆਦਾ ਤਰਜੀਹ ਦਿੰਦਾ ਹੈ। ਉਦੋਂ ਇਕ ਪੱਛੜੇ ਹੋਏ ਸੂਬੇ ’ਚ ਅਮੇਠੀ ਤੇ ਰਾਇਬਰੇਲੀ ਨੂੰ ਕਾਫੀ ਵਿਕਸਿਤ ਮੰਨਿਆ ਜਾਂਦਾ ਸੀ। ਇਥੋਂ ਦੀਆਂ ਚੰਗੀਆਂ ਸੜਕਾਂ, ਉਪਜਾਊ ਜ਼ਮੀਨਾਂ, ਵਿੱਦਿਅਕ ਅਦਾਰਿਆਂ ਅਤੇ ਉਦਯੋਗਾਂ ਨੂੰ ਹੋਰਨਾਂ ਇਲਾਕਿਆਂ ਦੇ ਲੋਕ ਈਰਖਾ ਦੀ ਭਾਵਨਾ ਨਾਲ ਦੇਖਦੇ ਸਨ। ਯੂ. ਪੀ. ’ਚ ਕਾਂਗਰਸ ਦਾ ਪ੍ਰਭਾਵ ਘਟਣ ਅਤੇ 30 ਸਾਲਾਂ ਤੋਂ ਉਸ ਦੇ ਸੱਤਾ ’ਚ ਨਾ ਹੋਣ ਕਰਕੇ ਅਮੇਠੀ ਦੀ ਮਹੱਤਤਾ ਵੀ ਘਟ ਗਈ। ਅਸਲ ’ਚ ਉਸ ਤੋਂ ਬਾਅਦ ਯੂ. ਪੀ. ’ਚ ਬਣੀਆਂ ਸਰਕਾਰਾਂ ਨੇ ਇਨ੍ਹਾਂ ਲੋਕ ਸਭਾ ਹਲਕਿਆਂ ਵੱਲ ਧਿਆਨ ਨਹੀਂ ਦਿੱਤਾ। ਇਸ ਦੇ ਬਾਵਜੂਦ ਗਾਂਧੀ ਪਰਿਵਾਰ ਨੇ ਇਹ ਲੋਕ ਸਭਾ ਹਲਕੇ ਨਹੀਂ ਛੱਡੇ, ਜਿਥੋਂ ਸਿਰਫ ਇਕ ਸਾਲ 1998 ਨੂੰ ਛੱਡ ਕੇ 1981 ਤੋਂ ਲਗਾਤਾਰ ਕਾਂਗਰਸੀ ਉਮੀਦਵਾਰ ਜਿੱਤੇ।

ਇਨ੍ਹਾਂ ਮਾਇਨਿਆਂ ’ਚ ਵੱਖਰੀਆਂ ਸਨ 1989 ਦੀਆਂ ਚੋਣਾਂ

1989 ਦੀਆਂ ਲੋਕ ਸਭਾ ਚੋਣਾਂ ਕਈ ਮਾਇਨਿਆਂ ’ਚ ਵੱਖਰੀਆਂ ਵੀ ਸਨ। ਇਹ ਚੋਣਾਂ ਉਦੋਂ ਲੜੀਆਂ ਗਈਆਂ, ਜਦੋਂ 24 ਘੰਟੇ ਚੱਲਣ ਵਾਲੇ ਟੀ. ਵੀ. ਚੈਨਲ, ਇੰਟਰਨੈੱਟ, ਮੋਬਾਇਲ ਫੋਨ ਅਤੇ ਸੋਸ਼ਲ ਮੀਡੀਆ ਨਹੀਂ ਹੁੰਦੇ ਸਨ। ਸੂਚਨਾ ਦਾ ਇਕੋ-ਇਕ ਜ਼ਰੀਆ ਅਖਬਾਰਾਂ ਸਨ, ਜਿਨ੍ਹਾਂ ’ਤੇ ਕਾਫੀ ਨਜ਼ਰ ਰੱਖੀ ਜਾਂਦੀ ਸੀ। ਉਦੋਂ ਸਿਆਸੀ ਪਾਰਟੀਆਂ ਦੇ ਆਗੂ ਰੈਲੀਆਂ ਦੇ ਜ਼ਰੀਏ ਹੀ ਲੋਕਾਂ ਨੂੰ ਮਿਲਦੇ ਸਨ। ਪ੍ਰਧਾਨ ਮੰਤਰੀ ਨੂੰ ਮੀਡੀਆ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਪ੍ਰੈੱਸ ਕਾਨਫਰੰਸ ’ਚ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਸਨ। ਅੱਜ ਵਾਂਗ ਸਿਆਸੀ ਨਾਅਰੇ ਨਹੀਂ ਹੁੰਦੇ ਸਨ। ਰਾਜਨੇਤਾ ਇਕ-ਦੂਜੇ ਪ੍ਰਤੀ ਜ਼ਹਿਰ ਨਹੀਂ ਉਗਲਦੇ ਸਨ। ਉਹ ਵਿਰੋਧੀਆਂ ਲਈ ਅਭੱਦਰ ਭਾਸ਼ਾ ਇਸਤੇਮਾਲ ਨਹੀਂ ਕਰਦੇ ਸਨ ਅਤੇ ਨਾ ਹੀ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ। ‘ਚੋਰ’ ਸ਼ਾਇਦ ਸਭ ਤੋਂ ਤਿੱਖਾ ਸ਼ਬਦ ਸੀ, ਜੋ ਉਦੋਂ ਚੋਣ ਪ੍ਰਚਾਰ ’ਚ ਇਸਤੇਮਾਲ ਕੀਤਾ ਗਿਆ ਸੀ। ਉਸ ਜ਼ਮਾਨੇ ’ਚ ਉਮੀਦਵਾਰਾਂ ਨੂੰ ਲੋਕਾਂ ਦਾ ਦਿਲ ਜਿੱਤਣਾ ਪੈਂਦਾ ਸੀ, ਨਾ ਕਿ ਖੁੱਲ੍ਹੇ ਤੌਰ ’ਤੇ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਉਦੋਂ ਦੇਸ਼ ’ਚ ਬੈਲੇਟ ਪੇਪਰ ਦੇ ਜ਼ਰੀਏ ਵੋਟਾਂ ਪੈਂਦੀਆਂ ਸਨ। ਹਾਲਾਂਕਿ ਹੇਰਾਫੇਰੀ ਉਦੋਂ ਵੀ ਹੁੰਦੀ ਸੀ ਪਰ ਚੋਣ ਕਮਿਸ਼ਨ ਨੂੰ ਉਸ ਦਾ ਪਤਾ ਲੱਗ ਜਾਂਦਾ ਸੀ ਤੇ ਉਨ੍ਹਾਂ ਥਾਵਾਂ ’ਤੇ ਪੋਲਿੰਗ ਦੁਬਾਰਾ ਕਰਵਾਈ ਜਾਂਦੀ ਸੀ, ਜਿਥੇ ਧਾਂਦਲੀ ਹੋਈ ਹੁੰਦੀ ਸੀ ਪਰ ਅੱਜ ਦੇ ਦੌਰ ’ਚ ਕਈ ਜਗ੍ਹਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਗੜਬੜ ਪਾਏ ਜਾਣ ਦੇ ਬਾਵਜੂਦ ਚੋਣ ਕਮਿਸ਼ਨ ਇਹ ਮੰਨਣ ਲਈ ਤਿਆਰ ਨਹੀਂ ਕਿ ਅਜਿਹਾ ਸੰਭਵ ਹੈ। ਤੱਤਕਾਲੀ ਪ੍ਰਧਾਨ ਮੰਤਰੀ (ਸਵ.) ਰਾਜੀਵ ਗਾਂਧੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਹਾਂ ’ਤੇ ਰੱਖਿਆ ਸੌਦਿਆਂ ’ਚ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ। 1989 ਦੀਆਂ ਚੋਣਾਂ ’ਚ ਵਿਰੋਧੀ ਧਿਰ ਨੇ ਇਹ ਪ੍ਰਚਾਰ ਕੀਤਾ ਕਿ ਰਾਜੀਵ ਗਾਂਧੀ ਨੇ ਆਪਣੇ ਮਿੱਤਰਾਂ ਨੂੰ ਬੋਫਰਜ਼ ਤੋਪਾਂ ਦਾ ਸੌਦਾ ਦਿਵਾਉਣ ਲਈ ਗੜਬੜ ਕੀਤੀ, ਜਿਸ ਦੇ ਸਿੱਟੇ ਵਜੋਂ ਕਾਂਗਰਸ ਚੋਣਾਂ ’ਚ ਹਾਰ ਗਈ। ਹੁਣ ਇਨ੍ਹਾਂ ਚੋਣਾਂ ’ਚ ਵਿਰੋਧੀ ਧਿਰ ਨੇ ਨਰਿੰਦਰ ਮੋਦੀ ’ਤੇ ਰਾਫੇਲ ਲੜਾਕੂ ਜਹਾਜ਼ਾਂ ਦੇ ਸੌਦੇ ’ਚ ਅਨਿਲ ਅੰਬਾਨੀ ਨੂੰ ਆਫਸੈੱਟ ਦਿਵਾਉਣ ਦਾ ਦੋਸ਼ ਲਾਇਆ ਹੈ। ਇਹ ਦੋਵੇਂ ਦੋਸ਼ ਉੱਚ ਪੱਧਰ ਦੇ ਭ੍ਰਿਸ਼ਟਾਚਾਰ ਦੇ ਹਨ। ਬੋਫਰਜ਼ ਮਾਮਲੇ ਨੇ ਤਾਂ 1989 ’ਚ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ ਸੀ, ਹੁਣ ਦੇਖਣਾ ਇਹ ਹੈ ਕਿ ਕੀ ਰਾਫੇਲ ਸੌਦਾ ਵੀ ਮੋਦੀ ਦੇ ਮਾਮਲੇ ’ਚ 30 ਸਾਲ ਪੁਰਾਣੀ ਕਹਾਣੀ ਨੂੰ ਦੁਹਰਾਏਗਾ? (ਟੈ.)
 


Bharat Thapa

Content Editor

Related News