5-ਜੀ : ਹੁਣ ਖਮਿਆਜ਼ਾ ਚੀਨ ਨੂੰ ਭੁਗਤਨਾ ਪਵੇਗਾ

08/10/2022 11:30:54 AM

ਭਾਰਤ 5-ਜੀ ਤਕਨੀਕ ’ਚ ਜਲਦੀ ਹੀ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ, ਇਸ ਦੇ ਲਈ ਭਾਰਤ ਸਰਕਾਰ ਨੇ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਇਕ ਪਾਸੇ ਜਿੱਥੇ 5-ਜੀ ਸਪੈਕਟ੍ਰਮ ਦੀ ਖਰੀਦਦਾਰੀ ਲਈ ਅੰਬਾਨੀ ਅਤੇ ਅਡਾਨੀ ਵਰਗੀਆਂ ਮਹਾਰਥੀ ਭਾਰਤੀ ਕੰਪਨੀਆਂ ਮੈਦਾਨ ’ਚ ਖੜ੍ਹੀਆਂ ਹਨ ਤਾਂ ਦੂਜੇ ਪਾਸੇ ਇਸ ਦੇ ਇਲੈਕਟ੍ਰਾਨਿਕ ਯੰਤਰਾਂ ਦੀ ਖਰੀਦਦਾਰੀ ਨੂੰ ਲੈ ਕੇ ਅਜੇ ਥੋੜ੍ਹਾ ਸ਼ਸ਼ੋਪੰਜ ਬਣਿਆ ਹੋਇਆ ਹੈ ਕਿਉਂਕਿ ਹੁਣ ਭਾਰਤ ’ਚ 5-ਜੀ ਤਕਨੀਕ ਅਤੇ ਉਸ ਦੇ ਇਲੈਕਟ੍ਰਾਨਿਕ ਪੁਰਜ਼ਿਆਂ ਨੂੰ ਚੀਨ ਤੋਂ ਨਾ ਖਰੀਦਣ ’ਤੇ ਇਕ ਤਰ੍ਹਾਂ ਮੋਹਰ ਲੱਗ ਚੁੱਕੀ ਹੈ। ਹੁਣ ਭਾਰਤ ਦੇ ਸਾਹਮਣੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਇਲੈਕਟ੍ਰਾਨਿਕ ਪੁਰਜ਼ੇ ਕਿੱਥੋਂ ਖਰੀਦੇ ਜਾਣਗੇ।

ਅਜੇ ਤੱਕ ਭਾਰਤ ’ਚ 3-ਜੀ ਅਤੇ 4-ਜੀ ਦੇ ਇਲੈਕਟ੍ਰਾਨਿਕਸ ਪਾਰਟਸ ਨੂੰ ਲੈ ਕੇ ਜੋ ਵੀ ਖਰੀਦਦਾਰੀ ਹੋਈ ਹੈ ਉਹ ਚੀਨ ਤੋਂ ਹੋਈ ਹੈ, ਇਸ ਦੇ ਨਾਲ ਹੀ ਸੈਮਸੰਗ ਅਤੇ ਐਰਿਕਸਨ ਵਰਗੀਆਂ ਕੰਪਨੀਆਂ ਤੋਂ ਵੀ ਪਾਰਟਸ ਲਏ ਗਏ ਸਨ ਪਰ ਸਭ ਤੋਂ ਵੱਧ ਪਾਰਟਸ ਚੀਨ ਤੋਂ ਹੀ ਖਰੀਦੇ ਗਏ ਸਨ। ਪਹਿਲਾਂ 5-ਜੀ ਦੇ ਇਲੈਕਟ੍ਰਾਨਿਕਸ ਪਾਰਟਸ ਦੀ ਖਰੀਦਦਾਰੀ ਵੀ ਚੀਨ ਤੋਂ ਹੋਣੀ ਤੈਅ ਸੀ ਪਰ ਚੀਨੀ ਪਾਰਟਸ ’ਚ ਇਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਦਾ ਡਾਟਾ ਚੀਨ ’ਚ ਜਾਂਦਾ ਹੈ ਜਿਸ ਨਾਲ ਦੇਸ਼ ਦੀ ਸਾਰੀ ਨਾਜ਼ੁਕ ਅਤੇ ਖੁਫੀਆ ਜਾਣਕਾਰੀ ਚੀਨ ਕੋਲ ਜਾਵੇਗੀ, ਇਹ ਸਾਡੇ ਦੇਸ਼ ਲਈ ਇਕ ਬੜਾ ਵੱਡਾ ਖਤਰਾ ਹੈ। ਭਾਰਤ ਨੇ ਚੀਨ ਤੋਂ ਆਪਣਾ ਵਪਾਰ ਘਟਾਉਣ ਲਈ ਕੋਈ ਕਸਰ ਨਹੀਂ ਛੱਡੀ। ਇਸ ਦਾ ਨਤੀਜਾ ਹੈ ਕਿ ਹੁਣ ਭਾਰਤ ਨੇ ਮਨ ਬਣਾ ਲਿਆ ਹੈ ਕਿ ਚੀਨ ਤੋਂ 5-ਜੀ ਇਲੈਕਟ੍ਰਾਨਿਕਸ ਪਾਰਟਸ ਨਹੀਂ ਖਰੀਦੇ ਜਾਣਗੇ।

ਸੂਤਰਾਂ ਦੀ ਮੰਨੀਏ ਤਾਂ ਭਾਰਤੀ ਕੰਪਨੀਆਂ ਨੇ 5-ਜੀ ਲਈ ਵਿਦੇਸ਼ੀ ਕੰਪਨੀਆਂ ਨਾਲ ਕਰਾਰ ਵੀ ਕਰਨਾ ਸ਼ੁਰੂ ਕਰ ਲਿਆ ਹੈ ਜਿਸ ’ਚ ਸਵੀਡਨ ਦੀ ਐਰਿਕਸਨ, ਫਿਨਲੈਂਡ ਦੀ ਨੋਕੀਆ ਅਤੇ ਦੱਖਣੀ ਕੋਰੀਆ ਦੀ ਸੈਮਸੰਗ ਵਰਗੀਆਂ ਕੰਪਨੀਆਂ ਸ਼ਾਮਲ ਹਨ। ਇਸ ਦੌੜ ’ਚ ਚੀਨ ਦੀਆਂ ਜ਼ੈੱਡ. ਟੀ. ਈ. ਅਤੇ ਹੁਆਵੇ ਕੰਪਨੀਆਂ ਨੇ ਵੀ ਹਿੱਸਾ ਲਿਆ ਸੀ ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਪਾਸੇ ਕਰ ਿਲਆ ਗਿਆ ਹੈ। ਦੇਸ਼ ’ਚ ਚੱਲਣ ਵਾਲੀ ਆਤਮਨਿਰਭਰ ਭਾਰਤ ਅਤੇ ਚੀਨ ਦੇ ਬਾਈਕਾਟ ਦੀ ਮੁਹਿੰਮ ਦੀ ਇਹ ਬੜੀ ਵੱਡੀ ਉਦਾਹਰਣ ਹੈ ਜਿੱਥੇ ਭਾਰਤ ਦੇ ਸਾਰੇ ਪ੍ਰਾਜੈਕਟਾਂ ’ਚ ਹੁਣ ਚੀਨ ਦਾ ਬਦਲ ਤੇਜ਼ੀ ਨਾਲ ਲੱਭਿਆ ਜਾ ਰਿਹਾ ਹੈ? ਜੇਕਰ ਅਸੀਂ ਗੱਲ ਕਰੀਏ 5-ਜੀ ਸਪੈਕਟ੍ਰਮ ਦੀ ਤਾਂ ਇਸ ’ਚ ਭਾਰਤ ਦੀਆਂ 3 ਵੱਡੀਆਂ ਅਤੇ ਮਹਾਰਥੀ ਕੰਪਨੀਆਂ ਜੁਟੀਆਂ ਹੋਈਆਂ ਹਨ। ਇਨ੍ਹਾਂ ’ਚ ਏਅਰਟੈੱਲ ਦੇ ਮਿੱਤਲ, ਰਿਲਾਇੰਸ ਦੇ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਪ੍ਰਮੁੱਖ ਤੌਰ ’ਤੇ ਹਿੱਸਾ ਲੈ ਰਹੇ ਹਨ।

ਇਲੈਕਟ੍ਰਾਨਿਕਸ ਪਾਰਟਸ ਲਈ ਇਨ੍ਹਾਂ ਤਿੰਨਾਂ ਵੱਡੀਆਂ ਕੰਪਨੀਆਂ ਨੇ ਸਵੀਡਨ, ਫਿਨਲੈਂਡ ਅਤੇ ਕੋਰੀਆਈ ਕੰਪਨੀਆਂ ਨਾਲ ਗੱਲਬਾਤ ਕਰ ਲਈ ਹੈ। ਇਸ ਦਾ ਭਾਵ ਇਹ ਹੈ ਕਿ ਭਾਰਤ ’ਚ 5-ਜੀ ਮੋਬਾਇਲ ਨੈੱਟਵਰਕ ਦੀ ਸ਼ੁਰੂਆਤ ਲਈ ਇਕ ਵੀ ਇਲੈਕਟ੍ਰਾਨਿਕ ਪਾਰਟ ਚੀਨ ਦਾ ਵਰਤਿਆ ਨਹੀਂ ਜਾਵੇਗਾ। 5-ਜੀ ਡੀਲ ’ਚ ਕੰਟ੍ਰੈਕਟ ਨੋਕੀਆ, ਐਰਿਕਸਨ ਅਤੇ ਸੈਮਸੰਗ ਵਰਗੀਆਂ ਕੰਪਨੀਆਂ ਨੂੰ ਦਿੱਤੇ ਗਏ ਹਨ। ਇਸ ਬਿਡਿੰਗ ’ਚ ਚੀਨ ਦੇ ਹੱਥ ਕੁਝ ਨਹੀਂ ਲੱਗਾ। ਤਿੰਨੋਂ ਵੱਡੀਆਂ ਭਾਰਤੀ ਕੰਪਨੀਆਂ ਨੇ ਜਾਣਬੁੱਝ ਕੇ ਚੀਨ ਦੀ ਕਿਸੇ ਵੀ ਕੰਪਨੀ ਦੇ ਕੋਈ ਇਲੈਕਟ੍ਰਾਨਿਕਸ ਪਾਰਟਸ ਨਹੀਂ ਖਰੀਦੇ।

ਰਿਲਾਇੰਸ ਅਤੇ ਏਅਰਟੈੱਲ ਦੇ ਇਲਾਵਾ ਵੋਡਾਫੋਨ-ਆਇਡੀਆ ਕੰਪਨੀ ਨੇ ਆਪਣੇ 5-ਜੀ ਇਲੈਕਟ੍ਰਾਨਿਕਸ ਪਾਰਟਸ ਲਈ ਯੂਰਪੀ ਕੰਪਨੀਆਂ ਨਾਲ ਕਰਾਰ ਕੀਤਾ ਹੈ। ਹਾਲਾਂਕਿ ਇੱਥੇ ਵੀ ਚੀਨੀ ਕੰਪਨੀਆਂ ਨੇ ਇਸ ਆਸ ’ਚ ਬਿਡਿੰਗ ’ਚ ਹਿੱਸਾ ਲਿਆ ਸੀ ਕਿ ਸ਼ਾਇਦ ਉਨ੍ਹਾਂ ਦੇ ਹੱਥ ਕੁਝ ਲੱਗ ਜਾਵੇ।

ਪਰ ਇਸ ਕੰਪਨੀ ਨੇ ਵੀ ਚੀਨ ਦੀਆਂ ਦੋਵਾਂ ਕੰਪਨੀਆਂ ਨਾਲ ਇਸ ਬਿਡਿੰਗ ’ਚ ਕੋਈ ਵੀ ਸਮਝੌਤਾ ਨਹੀਂ ਕੀਤਾ। ਭਾਰਤੀ ਏਅਰਟੈੱਲ ਨੇ ਆਪਣੀ ਡੀਲ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਕਿ ਨੋਕੀਆ, ਐਰਿਕਸਨ ਅਤੇ ਸੈਮਸੰਗ ਨਾਲ ਡੀਲ ਪੂਰੀ ਹੋ ਚੁੱਕੀ ਹੈ। ਓਧਰ ਦੂਜੇ ਪਾਸੇ ਰਿਲਾਇੰਸ ਜੀਓ ਅਤੇ ਵੋਡਾਫੋਨ-ਆਇਡੀਆ ਨੇ ਅਜੇ ਡੀਲ ਨੂੰ ਫਾਈਨਲ ਨਹੀਂ ਕੀਤਾ ਹੈ। ਜਲਦੀ ਹੀ ਇਹ ਦੋਵੇਂ ਭਾਰਤੀ ਕੰਪਨੀਆਂ ਵੀ ਡੀਲ ਫਾਈਨਲ ਕਰਨਗੀਆਂ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਯੂਰਪੀ ਵੈਂਡਰ ਰਿਲਾਇੰਸ ਜੀਓ ਨੂੰ ਆਪਣੇ ਮੋਬਾਇਲ ਨੈੱਟਵਰਕ ਨਾਲ ਜੁੜੇ ਇਲੈਕਟ੍ਰਾਨਿਕਸ ਯੰਤਰ ਸਪਲਾਈ ਕਰਨਗੇ। ਰਿਲਾਇੰਸ ਜੀਓ ਨੇ ਜਿੱਥੇ ਪਹਿਲਾਂ 4-ਜੀ ਤਕਨੀਕ ’ਚ ਸੈਮਸੰਗ ਨਾਲ ਰਲ ਕੇ ਕੰਮ ਕੀਤਾ ਸੀ ਤਾਂ ਉੱਥੇ ਇਸ ਵਾਰ ਸੈਮਸੰਗ ਭਾਰਤੀ ਏਅਰਟੈੱਲ ਨੂੰ ਮੋਬਾਇਲ ਨੈੱਟਵਰਕ ਗੀਅਰ ਸਪਲਾਈ ਕਰੇਗਾ।

ਚੀਨ ਇਕ ਪਾਸੇ ਭਾਰਤ ਨਾਲ ਵਪਾਰ ਕਰਨਾ ਚਾਹੁੰਦਾ ਹੈ ਤਾਂ ਦੂਜੇ ਪਾਸੇ ਸਰਹੱਦ ’ਤੇ ਸਾਡੇ ਫੌਜੀਆਂ ਨਾਲ ਜੰਗ ਕਰ ਕੇ ਸਾਡੀ ਸਰਹੱਦ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਅਜਿਹੇ ’ਚ ਚੀਨ ਨੂੰ ਇਹ ਚੁਣਨਾ ਹੋਵੇਗਾ ਕਿ ਉਹ ਵਪਾਰ ਕਰੇਗਾ ਜਾਂ ਦੁਸ਼ਮਣੀ। ਚੀਨ ਨੂੰ ਆਪਣੀ ਆਰਥਿਕ ਅਤੇ ਫੌਜੀ ਸ਼ਕਤੀ ’ਤੇ ਇੰਨਾ ਹੰਕਾਰ ਹੋ ਚੁੱਕਾ ਸੀ ਕਿ ਉਸ ਨੇ ਸੋਚਿਆ ਕਿ ਵਪਾਰ ’ਚ ਸਾਡਾ ਕੋਈ ਬਦਲ ਨਹੀਂ ਹੈ, ਦੁਨੀਆ ਕਿਸੇ ਵੀ ਹਾਲ ’ਚ ਸਾਡੇ ਨਾਲ ਵਪਾਰ ਕਰੇਗੀ। ਅਜਿਹੀ ਹਾਲਤ ’ਚ ਆਪਣੇ ਮਨਸੂਬੇ ਪੂਰੇ ਕਰਨ ’ਚ ਕੋਈ ਗੁਰੇਜ਼ ਨਹੀਂ ਹੈ। ਇਹੀ ਸੋਚ ਕੇ ਚੀਨ ਨੇ ਨਾ ਸਿਰਫ ਭਾਰਤ ਸਗੋਂ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਨਾਲ ਵੀ ਸਰਹੱਦ ਹਥਿਆਉਣ ਦੇ ਮਾਮਲੇ ’ਚ ਉਨ੍ਹਾਂ ਨਾਲ ਦੁਸ਼ਮਣੀ ਮੁੱਲ ਲੈ ਲਈ ਹੈ।

ਹੁਣ ਇਸ ਦਾ ਖਮਿਆਜ਼ਾ ਵੀ ਚੀਨ ਨੂੰ ਭੁਗਤਣਾ ਪਵੇਗਾ ਕਿਉਂਕਿ ਪੂਰੀ ਦੁਨੀਆ ਨੇ ਇਹ ਤੈਅ ਕਰ ਲਿਆ ਹੈ ਕਿ ਹੁਣ ਉਹ ਚੀਨ ਦੇ ਨਾਲ ਵਪਾਰਕ ਸਬੰਧ ਅੱਗੇ ਨਹੀਂ ਵਧਾਵੇਗੀ। ਅਜਿਹੇ ’ਚ ਕੋਰੋਨਾ ਮਹਾਮਾਰੀ ਕਾਰਨ ਚੀਨ ਦੀ ਸਪਲਾਈ ਲੜੀ ਰੁਕਣ ਦੇ ਕਾਰਨ ਦੱਖਣੀ ਚੀਨ ਤੋਂ ਵਿਦੇਸ਼ੀ ਕੰਪਨੀਆਂ ਬਾਹਰ ਨਿਕਲ ਕੇ ਵੀਅਤਨਾਮ, ਭਾਰਤ, ਇੰਡੋਨੇਸ਼ੀਆ, ਥਾਈਲੈਂਡ ਅਤੇ ਫਿਲੀਪੀਨਜ਼ ਦਾ ਰੁਖ ਕਰ ਰਹੀਆਂ ਹਨ ਭਾਵ ਚੀਨ ਦਾ ਆਰਥਿਕ ਆਧਾਰ ਵੀ ਤੇਜ਼ੀ ਨਾਲ ਘੱਟ ਹੁੰਦਾ ਜਾ ਰਿਹਾ ਹੈ। ਹੁਣ ਆਉਣ ਵਾਲੇ ਦਿਨਾਂ ’ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਚੀਨ ਵਿਦੇਸ਼ੀ ਵਪਾਰ ਨੂੰ ਵਧਾਉਣ ਲਈ ਕਿਹੜਾ ਕਦਮ ਚੁੱਕਦਾ ਹੈ ਕਿਉਂਕਿ ਉਸ ਦਾ ਦੇਸੀ ਬਾਜ਼ਾਰ ਕੋਰੋਨਾ ਮਹਾਮਾਰੀ ਕਾਰਨ ਪਹਿਲਾਂ ਤੋਂ ਹੀ ਚੌਪਟ ਹੋ ਚੁੱਕਾ ਹੈ।


Rakesh

Content Editor

Related News