ਬ੍ਰਿਟੇਨ ਦੇ ਸਰਬਉੱਚ ਸਿਆਸੀ ਅਹੁਦਿਆਂ ''ਤੇ ਬਿਰਾਜਮਾਨ ''ਭਾਰਤੀ''

02/15/2020 12:55:58 AM

ਭਾਰਤੀਆਂ ਨੂੰ ਇਹ ਪੜ੍ਹ ਕੇ ਬੜੀ ਖੁਸ਼ੀ ਹੋਵੇਗੀ ਕਿ ਉਨ੍ਹਾਂ ਦੀ ਧਰਤੀ ਦੇ ਤਿੰਨ ਲਾਲ ਇਸ ਸਮੇਂ ਬ੍ਰਿਟੇਨ ਦੇ ਸਰਵਉੱਚ ਸਿਆਸੀ ਅਹੁਦਿਆਂ 'ਤੇ ਬਿਰਾਜਮਾਨ ਹਨ ਅਤੇ ਇਹ ਅਹੁਦੇ ਹਨ : ਵਿੱਤ ਮੰਤਰੀ, ਗ੍ਰਹਿ ਮੰਤਰੀ ਅਤੇ ਵਪਾਰ ਮੰਤਰੀ। ਇਹ ਤਿੰਨੋਂ ਅਹੁਦੇ ਮਹਾਰਾਣੀ ਐਲਿਜ਼ਾਬੇਥ ਵਲੋਂ ਨਿਯੁਕਤ ਬ੍ਰਿਟਿਸ਼ ਮੰਤਰੀ ਮੰਡਲ 'ਚ ਅਤੇ ਹੋਰ ਸਾਰੇ ਅਹੁਦਿਆਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਹਨ।
ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀਰਵਾਰ 13 ਫਰਵਰੀ ਨੂੰ ਆਪਣੇ ਮੰਤਰੀ ਮੰਡਲ 'ਚ ਵਿਸਤਾਰ ਨਾਲ ਮੌਜੂਦਾ ਕੁਝ ਮੰਤਰੀਆਂ ਦੇ ਅਹੁਦਿਆਂ 'ਚ ਤਬਦੀਲੀ ਕੀਤੀ, ਜਿਸ 'ਚ ਦੇਸ਼ ਦੇ ਦੂਸਰੇ ਨੰਬਰ 'ਤੇ ਗਿਣੇ ਜਾਣ ਵਾਲੇ ਅਹੁਦੇ ਚਾਂਸਲਰ ਆਫ ਦਿ ਐਕਸਚੈੱਕਰ (ਵਿੱਤ ਮੰਤਰੀ) ਦੇ ਆਸਣ 'ਤੇ ਭਾਰਤੀ ਮੂਲ ਦੇ 39 ਸਾਲਾ ਪੰਜਾਬੀ ਅਰਥ ਸ਼ਾਸਤਰ ਮਾਹਿਰ ਰਿਸ਼ੀ ਸੂਨਕ ਨੂੰ ਬਿਠਾਇਆ। ਇਸ ਤੋਂ ਪਹਿਲਾਂ ਇਹ ਅਹੁਦਾ ਪਾਕਿਸਤਾਨੀ ਮੂਲ ਦੇ ਸਾਜਿਦ ਜਾਵੇਦ ਕੋਲ ਸੀ ਪਰ ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫਾ ਇਸ ਲਈ ਦੇ ਦਿੱਤਾ ਕਿ ਬੋਰਿਸ ਜਾਨਸਨ ਦੇ ਨਾਲ ਕਿਸੇ ਵਿਸ਼ੇ 'ਤੇ ਉਨ੍ਹਾਂ ਦੇ ਮੱਤਭੇਦ ਹੋ ਗਏ ਸਨ। ਦੂਸਰਾ ਮਹੱਤਵਪੂਰਨ ਅਤੇ ਪ੍ਰਸ਼ਾਸਨਿਕ ਨਜ਼ਰੀਏ ਤੋਂ ਸਭ ਤੋਂ ਪ੍ਰਭਾਵਸ਼ਾਲੀ ਅਹੁਦਾ ਹੈ ਗ੍ਰਹਿ ਮੰਤਰੀ ਦਾ, ਜਿਸ 'ਤੇ ਇਸ ਸਮੇਂ ਕਾਬਜ਼ ਹੈ ਗੁਜਰਾਤੀ ਪਿਛੋਕੜ ਦੀ ਪ੍ਰੀਤੀ ਪਟੇਲ। ਮੰਤਰੀ ਮੰਡਲ 'ਚ ਅਹੁਦਿਆਂ ਦੀ ਤਬਦੀਲੀ ਦਾ ਉਨ੍ਹਾਂ 'ਤੇ ਕੋਈ ਪ੍ਰਭਾਵ ਨਹੀਂ ਪਿਆ ਭਾਵ ਗ੍ਰਹਿ ਮੰਤਰੀ ਅਹੁਦੇ 'ਤੇ ਉਹੀ ਡਟੀ ਰਹੇਗੀ।
ਤੀਸਰਾ ਅਤਿਅੰਤ ਮਹੱਤਵਪੂਰਨ ਵਿਭਾਗ ਹੈ ਵਪਾਰ ਦਾ, ਜੋ ਸੌਂਪਿਆ ਗਿਆ ਹੈ ਸ਼੍ਰੀ ਅਲੋਕ ਸ਼ਰਮਾ ਨੂੰ, ਜਿਨ੍ਹਾਂ ਦੇ ਪਰਿਵਾਰ ਦਾ ਸਬੰਧ ਆਗਰਾ ਨਾਲ ਹੈ। ਅੰਗਰੇਜ਼ਾਂ ਦਾ ਸਭ ਤੋਂ ਪਿਆਰਾ ਵਿਸ਼ਾ ਹੈ ਵਪਾਰ, ਵਪਾਰ ਲਈ ਅੰਗਰੇਜ਼ ਕੁਝ ਵੀ ਕਰ ਸਕਦੇ ਹਨ। ਇਹ ਵਪਾਰ ਹੀ ਸੀ, ਜੋ ਅੰਗਰੇਜ਼ਾਂ ਨੂੰ ਭਾਰਤ ਖਿੱਚ ਕੇ ਲੈ ਗਿਆ ਅਤੇ ਇਸੇ ਵਪਾਰ ਦੀਆਂ ਜੜ੍ਹਾਂ ਜਮਾਉਣ ਦੀ ਆੜ 'ਚ ਉਸ ਨੇ ਭਾਰਤ 'ਤੇ ਕਬਜ਼ਾ ਜਮਾ ਲਿਆ। ਨੇਪੋਲੀਅਨ ਦਾ ਕਹਿਣਾ ਸੀ ਕਿ ਅੰਗਰੇਜ਼ ਪੱਕਾ ਵਪਾਰੀ ਪੁੱਤਰ ਹੈ। ਹਾਲ ਹੀ 'ਚ ਤੁਸੀਂ ਬ੍ਰਿਟੇਨ ਵਲੋਂ ਯੂਰਪੀਅਨ ਯੂਨੀਅਨ ਛੱਡੇ ਜਾਣ ਦਾ ਬਖੇੜਾ ਦੇਖਿਆ ਹੈ। ਬ੍ਰੈਗਜ਼ਿਟ ਆਦਿ ਸਭ ਵਪਾਰ ਦਾ ਹੀ ਧੰਦਾ ਸੀ, ਜਿਸ ਨੂੰ ਇੰਨਾ ਵੱਡਾ ਮੁੱਦਾ ਬਣਾ ਕੇ ਸਾਰੇ ਸੰਸਾਰ ਨੂੰ ਉਲਝਣ 'ਚ ਪਾਈ ਰੱਖਿਆ ਗਿਆ। ਹੁਣ ਜਦਕਿ ਬ੍ਰਿਟੇਨ ਨੇ ਯੂਰਪੀਅਨ ਯੂਨੀਅਨ ਨੂੰ ਛੱਡ ਦਿੱਤਾ ਹੈ, ਵਪਾਰ ਦੇ ਲਈ ਉਸ ਨੂੰ ਨਵੇਂ ਦੇਸ਼, ਨਵੇਂ ਸਾਥੀ ਲੱਭਣੇ ਪੈਣਗੇ। ਇਸੇ ਪਿਛੋਕੜ 'ਚ ਸ਼੍ਰੀ ਅਲੋਕ ਸ਼ਰਮਾ ਨੂੰ ਵਪਾਰ ਵਿਭਾਗ ਸੰਭਾਲਿਆ ਜਾਣਾ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਸਮੇਂ ਉਨ੍ਹਾਂ ਨੇ ਬੋਰਿਸ ਜਾਨਸਨ ਦੇ ਮੰਤਰੀ ਮੰਡਲ 'ਚ ਕੌਮਾਂਤਰੀ ਵਿਕਾਸ ਮੰਤਰਾਲੇ ਦਾ ਕਾਰਜਭਾਰ ਸੰਭਾਲਿਆ ਹੋਇਆ ਹੈ।
ਰਿਸ਼ੀ ਸੂਨਕ, ਪ੍ਰੀਤੀ ਪਟੇਲ ਅਤੇ ਅਲੋਕ ਸ਼ਰਮਾ ਤਿੰਨੋਂ ਹੀ ਉਤਸ਼ਾਹੀ ਹਨ, ਤਜਰਬੇਕਾਰ ਹਨ। ਤਿੰਨੋਂ ਹੀ ਬੋਰਿਸ ਜਾਨਸਨ ਦੇ ਮੌਜੂਦਾ ਮੰਤਰੀ ਮੰਡਲ 'ਚ ਹਨ। ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਥੇਰੇਸਾ ਮੇ ਦੀ ਕੈਬਨਿਟ 'ਚ ਵੀ ਸਨ। ਟੋਰੀ ਪਾਰਟੀ ਦੇ ਨੌਜਵਾਨ ਵਰਗ ਦੀ ਪ੍ਰਤੀਨਿਧਤਾ ਕਰਦੇ ਹਨ।
ਬ੍ਰਿਟਿਸ਼ ਰਾਜਨੀਤੀ 'ਚ ਇਸ ਸਮੇਂ ਏਸ਼ੀਆਈ ਪਿਛੋਕੜ ਵਾਲੇ ਨੌਜਵਾਨਾਂ ਦੀ ਭਾਰੀ ਕਮੀ ਹੈ, ਜਿਸ ਨੂੰ ਪੂਰਾ ਕਰਨ ਦੇ ਸਾਰੇ ਸਿਆਸੀ ਦਲ ਪੂਰਾ ਯਤਨ ਕਰ ਰਹੇ ਹਨ। ਲੇਬਰ ਪਾਰਟੀ ਦੇ ਨਾਲ ਤਾਂ ਏਸ਼ੀਆਈਆਂ ਵਿਸ਼ੇਸ਼ ਕਰਕੇ ਭਾਰਤ, ਪਾਕਿਸਤਾਨ, ਬੰਗਲਾਦੇਸ਼ ਤੋਂ ਆਏ ਪ੍ਰਵਾਸੀਆਂ ਦਾ ਫਿਰ ਵੀ ਕਾਫੀ ਸਬੰਧ ਰਿਹਾ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਤੋਂ ਆਏ ਲੋਕ ਮਾਨਸਿਕ ਤੌਰ 'ਤੇ ਆਪਣੇ ਆਪ ਨੂੰ ਲੇਬਰ ਪਾਰਟੀ ਦੇ ਨਾਲ ਜੋੜਦੇ ਸਨ। ਇਸ ਲਈ ਟੋਰੀ ਪਾਰਟੀ ਤੋਂ ਥੋੜ੍ਹਾ ਦੂਰ ਹੀ ਰਹੇ ਪਰ ਇਹ ਦੂਰੀਆਂ ਹੁਣ ਘੱਟ ਹੋ ਰਹੀਆਂ ਹਨ। ਏਸ਼ੀਆਈ ਮੂਲ ਦੇ ਪ੍ਰਵਾਸੀਆਂ ਦਾ ਝੁਕਾਅ ਹੁਣ ਟੋਰੀ ਪਾਰਟੀ ਵੱਲ ਵਧ ਰਿਹਾ ਹੈ। ਯੂਰਪ 'ਚੋਂ ਨਿਕਲਣ ਤੋਂ ਬਾਅਦ ਬ੍ਰਿਟੇਨ ਨੂੰ ਹੁਣ ਵਿਸ਼ਵ ਦੋਸਤੀ ਅਤੇ ਵਪਾਰ ਦੇ ਨਵੇਂ ਖੇਤਰਾਂ ਦੀ ਭਾਲ ਹੋਵੇਗੀ। ਬ੍ਰਿਟੇਨ ਅਤੇ ਭਾਰਤ ਵਿਚਾਲੇ ਇਸ ਸਮੇਂ ਉਂਝ ਤਾਂ ਦੋਸਤੀ ਅਤੇ ਵਪਾਰ ਦੋਵਾਂ ਖੇਤਰਾਂ 'ਚ ਡੂੰਘੇ ਸਬੰਧ ਹਨ ਪਰ ਭਾਰਤ ਕਿਉਂਕਿ ਇਕ ਬਹੁਤ ਵੱਡੀ ਵਪਾਰਕ ਮੰਡੀ ਹੈ, ਵਪਾਰ ਵਿਸਤਾਰ ਦੀ ਗੁੰਜਾਇਸ਼ ਬਹੁਤ ਜ਼ਿਆਦਾ ਹੈ। ਉਸੇ ਤਰ੍ਹਾਂ ਬਰਾਮਦ ਲਈ ਭਾਰਤ ਦੇ ਨਜ਼ਰੀਏ ਤੋਂ ਬ੍ਰਿਟੇਨ ਇਕ ਅਤਿਅੰਤ ਕੀਮਤੀ ਮਾਰਕੀਟ ਹੈ, ਇਸ ਲਈ ਦੋਵਾਂ ਦੇਸ਼ਾਂ ਦਾ ਹਮੇਸ਼ਾ ਇਹੀ ਯਤਨ ਰਹਿੰਦਾ ਹੈ ਕਿ ਇਨ੍ਹਾਂ ਰਿਸ਼ਤਿਆਂ ਨੂੰ ਹੋਰ ਜ਼ਿਆਦਾ ਵਧਾਇਆ ਜਾਵੇ।
ਬੋਰਿਸ ਜਾਨਸਨ ਵਲੋਂ ਆਪਣੇ ਮੰਤਰੀ ਮੰਡਲ 'ਚ ਇਨ੍ਹਾਂ ਤਿੰਨ ਉੱਭਰਦੇ ਭਾਰਤੀ ਸਿਆਸਤਦਾਨਾਂ ਨੂੰ ਮਹੱਤਵਪੂਰਨ ਅਹੁਦਿਆਂ 'ਤੇ ਸਥਾਪਿਤ ਕਰਨਾ ਇਕ ਅਤਿਅੰਤ ਹਿੰਮਤੀ ਫੈਸਲਾ ਹੈ। ਰਾਸ਼ਟਰੀ ਸਿਆਸੀ ਮੰਚ 'ਤੇ ਰਿਸ਼ੀ ਸੂਨਕ, ਪ੍ਰੀਤੀ ਪਟੇਲ ਅਤੇ ਅਲੋਕ ਸ਼ਰਮਾ ਦਾ ਆਗਮਨ ਦੇਸ਼ ਦੀ ਰਾਜਨੀਤੀ 'ਚ ਤਾਂ ਇਕ ਨਵੇਂ ਅਧਿਆਇ ਦੀ ਸ਼ੁਰੂਆਤ ਹੈ ਹੀ, ਬ੍ਰਿਟੇਨ ਅਤੇ ਭਾਰਤ ਵਿਚਾਲੇ ਸਾਰੇ ਖੇਤਰਾਂ 'ਚ ਨੇੜਤਾ ਵਧਣ ਦੀ ਉਮੀਦ ਵੀ ਹੈ।

                                                                                                  —ਕ੍ਰਿਸ਼ਨ ਭਾਟੀਆ


KamalJeet Singh

Content Editor

Related News