... ਅਤੇ ਕੌੜੀਆਂ ਯਾਦਾਂ ਲੈ ਕੇ ਫਿਰ ਆ ਰਿਹਾ ਹੈ ਨਵਬੰਰ !

10/29/2020 2:25:34 AM

ਜਸਵੰਤ ਸਿੰਘ ਅਜੀਤ..

36 ਸਾਲ ਪਹਿਲਾਂ ਭੋਗੇ ਸੰਤਾਪ ਦੀਆਂ ਕੌੜੀਆਂ ਯਾਦਾਂ ਲੈ, ਨਵੰਬਰ ਫਿਰ ਆ ਰਿਹਾ ਹੈ! ਕੋਣ ਨਹੀਂ ਜਾਣਦਾ ਕਿ ਨਵੰਬਰ-84 ਦਾ ਸਿੱਖ ਹੱਤਿਆਕਾਂਡ ਭਾਰਤੀ ਇਤਿਹਾਸ ’ਚ ਇਕ ਅਜਿਹੇ ਕਾਲੇ ਕਾਂਡ ਦੇ ਰੂਹ ’ਚ ਜੁੜ ਗਿਆ ਹੈ, ਜਿਸ ਨੂੰ ਪੜ੍ਹ-ਸੁਣ, ਆਉਣ ਵਾਲੀਆਂ ਪੀੜ੍ਹੀਆਂ ਸ਼ਰਮ ਨਾਲ ਆਪਣਾ ਸਿਰ ਝੁਕਾ ਲੈਣ ਲਈ ਮਜਬੂਰ ਹੋ ਜਾਇਆ ਕਰਨਗੀਆਂ। ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ।

ਬਦਕਿਸਮਤੀ ਨਾਲ ਉਹ ਗਾਰਡ ਸਿੱਖ ਸਨ, ਬਸ ਫਿਰ ਕੀ ਸੀ, ਸਾਰੇ ਸਿੱਖ ਜਗਤ ਨੂੰ ਹੀ ਇੰਦਰਾ ਗਾਂਧੀ ਦੀ ਹੱਤਿਆ ਦਾ ਦੋਸ਼ੀ ਮੰਨ, ਦੇਸ਼ ਭਰ, ਖਾਸ ਤੌਰ ’ਤੇ ਸਮੇਂ ਦੀ ਕੇਂਦਰੀ ਸੱਤਾਧਾਰੀ ਸਿਆਸੀ ਪਾਰਟੀ ਦੀ ਸੱਤਾ ਵਾਲੇ ਸੂਬਿਆਂ ’ਚ ਬੇਗੁਨਾਹ ਸਿੱਖਾਂ ਦੀਆਂ ਹੱਤਿਆਵਾਂ ਆਰੰਭ ਹੋ ਗਈਆਂ। ਹਜ਼ਾਰਾਂ ਬੇਗੁਨਾਹ ਸਿੱਖਾਂ ਦੀ ਹੱਤਿਆ ਕਰ ਦਿੱਤੀ ਗਈ।

ਉਨ੍ਹਾਂ ਦੀ ਖੂਨ-ਪਸੀਨੇ ਦੀ ਕਮਾਈ ਨਾਲ ਬਣਾਈਆਂ ਗਈਆਂ ਅਰਬਾਂ-ਖਰਬਾਂ ਦੀਆਂ ਚੱਲ-ਅਚੱਲ ਜਾਇਦਾਦਾਂ ਲੁੱਟੀਆਂ ਅਤੇ ਸਾੜ ਦਿੱਤੀਆਂ ਗਈਆਂ। ਉਹ ਇਹ ਸਭ ਕੁਝ ਹੁੰਦਾ ਆਪਣੀਆਂ ਅੱਖਾਂ ਨਾਲ ਦੇਖਦੇ ਅਤੇ ਖੂਨ ਦੇ ਅੱਥਰੂ ਵਹਾਉਂਦੇ ਰਹਿ ਗਏ। ਅਜਿਹਾ ਜਾਪਣ ਲੱਗਾ ਜਿਵੇਂ ਦੇਸ਼ ’ਚ ਨਾ ਤਾਂ ਕੋਈ ਕਾਨੂੰਨ ਹੈ ਅਤੇ ਨਾ ਹੀ ਕੋਈ ਸਰਕਾਰ, ਜੇਕਰ ਕੁਝ ਹੈ ਤਾਂ ਬਸ ਸਿਰਫ ਅਤੇ ਸਿਰਫ ਜੰਗਲ-ਰਾਜ ਅਤੇ ਜਿਵੇਂ ਦੇਸ਼ ਦੀ ਸੱਤਾ ਲੁਟੇਰਿਆਂ ਅਤੇ ਕਾਤਲਾਂ ਨੂੰ ਸੌਂਪ ਦਿੱਤੀ ਹੋਵੇ।

ਉਹ ਖੁੱਲ੍ਹੇ-ਆਮ ਹਰਲ-ਹਰਲ ਕਰਦੇ ਫਿਰ ਰਹੇ ਸਨ, ਜਿਥੇ ਕਿਤੇ ਉਨ੍ਹਾਂ ਨੂੰ ਕੋਈ ਕੇਸਾਧਾਰੀ ਮਿਲਦਾ ਉਸਦੇ ਗਲੇ ’ਚ ਟਾਇਰ ਪਾ, ਜਲਨਸ਼ੀਲ ਪਦਾਰਸ਼ ਛਿੜਕ ਕੇ ਅੱਗ ਲਗਾ ਦਿੰਦੇ। ਤੜਪਦੇ ਅਤੇ ਚੀਕਾਂ ਮਾਰ ਰਹੇ ਸਿੱਖਾਂ ਦੇ ਦੁਆਲੇ ਭੰਗੜਾ ਪਾਉਣ ਅਤੇ ਚਾਂਗਰਾ ਮਾਰਨ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ, ਇਹ ਸਭ ਉਦੋਂ ਤਕ ਚੱਲਦਾ ਜਦੋਂ ਤਕ ਸੜ ਅਤੇ ਤੜਪ ਰਹੇ ਸਿੱਖ ਦੀਆਂ ਚੀਕਾਂ ਸੁਣਾਈ ਦਿੰਦੀਆਂ ਰਹੀਆਂ।

ਸਿਆਸੀ ਸਵਾਰਥ ਦੀਆਂ ਰੋਟੀਆਂ : ਇਨ੍ਹਾਂ 36 ਸਾਲਾਂ ’ਚ ਜਦੋਂ ਵੀ ਚੋਣਾਂ ਭਾਵੇਂ ਲੋਕ ਸਭਾ ਦੀਆਂ ਹੋ ਰਹੀਆਂ ਹੋਣ ਜਾਂ ਵਿਧਾਨ ਸਭਾ ਦੀਆਂ, ਸਮਾਂ ਆਉਂਦਾ ਹੈ, ਪੰਜਾਬ, ਦਿੱਲੀ ਅਤੇ ਆਸਪਾਸ ਦੇ ਸੂਬਿਆਂ ’ਚ ਨਵੰਬਰ-84 ਸਿੱਖ ਹੱਤਿਆਕਾਂਡ ਦਾ ਮੁਦਾ ਤਰੁੱਪ ਦੇ ਪੱਤੇ ਦੇ ਰੂਪ ’ਚ ਉਛਾਲਿਆ ਜਾਣ ਲੱਗਦਾ ਹੈ। ਇਸੇ ਨੂੰ ਉਛਾਲ, ਸਿੱਖਾਂ ਦੀਆਂ ਦੁਖੀ ਭਾਵਨਾਵਾਂ ਦਾ ਸ਼ੋਸ਼ਣ ਕਰਨ ’ਚ ਕੋਈ ਕਸਰ ਨਹੀਂ ਛੱਡੀ ਜਾਂਦੀ। ਕਦੀ ਇਹ ਨਹੀਂ ਸੋਚਿਆ ਜਾਂਦਾ ਕਿ ਸਿਆਸੀ ਸਵਾਰਥ ਦੀਆਂ ਰੋਟੀਆਂ ਸੇਕਣ ਲਈ ਇਸ ਮੁੱਦੇ ਨੂੰ ਉਛਾਲੇ ਜਾਣ ਨਾਲ ਉਨ੍ਹਾਂ ਪੀੜਤਾਂ ਦੇ ਭਰੇ ਜਾ ਰਹੇ ਜ਼ਖਮ ਛਿੱਲੇ ਜਾਂਦੇ ਹਨ, ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਆਪਣੇ ਪਰਿਵਾਰਾਂ ਦੇ ਮੈਂਬਰਾਂ ਨੂੰ ਸਾੜਿਆ ਜਾਂਦਾ ਅਤੇ ਉਨ੍ਹਾਂ ਨੂੰ ਸੜਦੇ-ਤੜਪਦੇ, ਚੀਖਦੇ ਮੌਤ ਦਾ ਸ਼ਿਕਾਰ ਹੁੰਦਿਆਂ ਦੇਖਿਆ ਪਰ ਉਹ ਉਨ੍ਹਾਂ ਨੂੰ ਬਚਾਉਣ ਦੇ ਲਈ ਕੁਝ ਨਹੀਂ ਕਰ ਸਕੇ ਸਨ। ਨਵਬੰਰ-84 ਦੇ ਇਕ ਪੀੜਤ ਦੇ ਸ਼ਬਦਾਂ ’ਚ ‘ਦੁਸ਼ਮਣਾਂ ਨੇ ਤਾਂ ਇਕ ਵਾਰ ਸਾਡੇ ਸੀਨਿਆਂ ’ਚ ਖੰਜਰ ਚੁਭੋਇਆ ਸੀ ਪਰ ਤੁਹਾਡੇ ਵਰਗੇ ਹਮਦਰਦਾਂ ਨੇ ਤਾਂ ਇਨ੍ਹਾਂ ਸਾਲਾਂ ’ਚ ਸੈਂਕੜੇ ਵਾਰ ਖੰਜਰ ਲੈ ਸਾਡੇ ਭਰੇ ਜਾ ਰਹੇ ਜ਼ਖਮਾਂ ਨੂੰ ਆ ਛਿਲੀਆ ਹੈ।

ਤੁਸੀਂ ਲੋਕ ਨਾ ਤਾਂ ਸਾਡੇ ਜ਼ਖਮ ਭਰਨ ਦਿੰਦੇ ਹੋ ਅਤੇ ਨਾ ਹੀ ਛਿੱਲੇ ਗਏ ਜ਼ਖਮਾਂ ਦੇ ਦਰਦ ਤੋਂ ਉੱਠਣ ਵਾਲੀਆਂ ਚੀਸਾਂ ਦੇ ਕਾਰਨ ਵਗਦੇ ਹੰਝੂਆਂ ਨੂੰ ਸੁੱਕਣ ਦਿੰਦੇ ਹੋ। ਤੁਹਾਨੂੰ ਕੀ ਪਤਾ ਕਿ ਹਰ ਸਾਲ ਆ, ਤੁਸੀਂ ਜੋ ਜ਼ਖਮ ਛਿੱਲ ਜਾਂਦੇ ਹੋ, ਉਨ੍ਹਾਂ ਦੇ ਦਰਦ ਨਾਲ ਉੱਠਣ ਵਾਲੀਆਂ ਚੀਸਾਂ ਨੂੰ ਸਹਿੰਦੇ ਅਸੀਂ ਕਦੋਂ ਤਕ ਅੱਥਰੂ ਵਹਾਉਂਦੇ ਰਹਿੰਦੇ ਹਾਂ?’’

ਇਸਦੇ ਨਾਲ ਹੀ ਇਹ ਸਵਾਲ ਵੀ ਉੱਠਦਾ ਹੈ ਕਿ ਜੋ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਮੁਖੀ ਚੋਣਾਂ ਦੇ ਸਮੇਂ ਇਸ ਮੁੱਦੇ ਨੂੰ ਉਛਾਲ ਕੇ ਆਪਣੇ ਸਿਆਸੀ ਸਵਾਰਥ ਦੀਆਂ ਰੋਟੀਆਂ ਸੇਕਣ ਚੱਲੇ ਆ ਰਹੇ ਹਨ, ਉਨ੍ਹਾਂ ਨੇ ਇਸ ਸਮੇਂ ’ਚ ਕਦੀ ਜਾ ਕੇ ਦੇਖਿਆ ਹੈ ਕਿ ਚੋਣਾਂ ਦੇ ਸਮੇਂ ਜਿੰਨੀਆਂ ਦੁਖੀ ਭਾਵਨਾਵਾਂ ਦਾ ਉਹ ਸ਼ੋਸ਼ਣ ਕਰਦੇ ਹਨ, ਉਹ ਕਿਹੋ ਜਿਹਾ ਨਰਕ ਭਰਿਆ ਜੀਵਨ ਜਿਉਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਨੇ ਕਦੀ ਉਨ੍ਹਾਂ ਦਾ ਜੀਵਨ ਸੰਵਾਰਨ ਅਤੇ ਉਨ੍ਹਾਂ ਨੂੰ ਸਨਮਾਨਜਨਕ ਜੀਵਨ ਦੇਣ ਦੇ ਯੋਗ ਬਣਾਉਣ ਲਈ ਕੁਝ ਕੀਤਾ ਹੈ? ਜੇਕਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੈਨਸ਼ਨ ਦੇ ਰੂਪ ’ਚ ਉਨ੍ਹਾਂ ਦੀ ਮਦਦ ਕੀਤੀ ਤਾਂ ਉਸਦੇ ਮੁਖੀਆਂ ਨੇ ਚੋਣਾਂ ਅਤੇ ਪ੍ਰਦਰਸ਼ਨਾਂ ’ਚ ਆਪਣੇ ਹਿੱਤ ’ਚ ਉਨ੍ਹਾਂ ਦੀ ਵਰਤੋਂ ਵੀ ਕੀਤੀ।

ਹਿੱਤ ਨੂੰ ਅਗਵਾਈ- ਦਿੱਲੀ ਪ੍ਰਦੇਸ਼ਕ ਅਕਾਲੀ ਦਲ (ਬਾਦਲ ) ਦੇ ਸੂਤਰਾਂ ਦੀ ਮੰਨੀਏ ਤਾਂ ਉਸਦਾ ਇਕ ਧੜਾ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਇਹ ਦਬਾਅ ਬਣਾਉਣ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਨੇ ਅਗਲੇ ਸਾਲ ਹੋਣ ਵਾਲੀਆਂ ਦਿੱਲੀ ਗੁਰਦੁਆਰਾ ਚੋਣਾਂ ’ਚ ਦਲ ਦੀ ਸਾਖ ਨੂੰ ਬਚਾਈ ਰੱਖਣਾ ਹੈ ਤਾਂ ਉਨ੍ਹਾਂ ਨੂੰ ਦਿੱਲੀ ਪ੍ਰਦੇਸ਼ ਅਕਾਲੀ ਦਲ ਦੀ ਅਗਵਾਈ ਅਵਤਾਰ ਸਿੰਘ ਹਿੱਤ ਨੂੰ ਸੌਂਪਣੀ ਹੋਵੇਗੀ। ਇਸਦਾ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਸਰਦਾਰ ਹਿੱਤ ਬੀਤੇ 45 ਸਾਲਾਂ ਤੋਂ ਗੁਰਦੁਆਰਾ ਕਮੇਟੀ ਦੀ ਸਿਆਸਤ ਨਾਲ ਜੁੜੇ ਆ ਰਹੇ ਹਨ ਅਤੇ ਉਨ੍ਹਾਂ ’ਚ ਦਲ ਦੇ ਸਾਰੇ ਸਾਥੀਆਂ ਨੂੰ ਆਪਣੇ ਨਾਲ ਲੈ ਕੇ ਚੱਲਣ ਦੀ ਸਮਰੱਥਾ ਵੀ ਹੈ। ਇਸ ਧੜੇ ਦਾ ਇਹ ਵੀ ਮੰਨਣਾ ਹੈ ਕਿ ਸਰਦਾਰ ਹਿੱਤ ਲੀਡਰਸ਼ਿਪ ਦੇ ਪ੍ਰਤੀ ਸਦਾ ਸਮਰਪਿਤ ਰਹੇ ਹਨ, ਜਦ ਉਨ੍ਹਾਂ ਕੋਲੋਂ ਪੁੱਛੇ ਬਿਨਾਂ ਹੀ, ਉਨ੍ਹਾਂ ਨੂੰ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾ, ਉਨ੍ਹਾਂ ਦੀ ਥਾਂ ਮਨਜੀਤ ਸਿੰਘ ਜੀ.ਕੇ ਨੂੰ ਪ੍ਰਦੇਸ਼ ਪ੍ਰਧਾਨ ਬਣਾ ਦਿੱਤਾ ਗਿਆ ਸੀ, ਉਸ ਸਮੇਂ ਵੀ ਉਨ੍ਹਾਂ ਨੇ ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਅਗਵਾਈ ਦੇ ਫੈਸਲੇ ਨੂੰ ਪ੍ਰਵਾਨ ਕਰ ਲਿਆ।

ਗੁਰਦੁਆਰਾ ਚੋਣਾਂ ਲਈ ਸਰਗਰਮੀ - ਇਸ ਸਮੇਂ ਦਿੱਲੀ ਗੁਰਦੁਆਰਾ ਚੋਣਾਂ ਨੂੰ ਲੈ ਕੇ ਜੋ ਸਰਗਰਮੀਆਂ ਚਲ ਰਹੀਆਂ ਹਨ, ਉਨ੍ਹਾਂ ਨੂੰ ਦੇਖਦੇ ਹੋਏ ਜੋ ਤਸਵੀਰ ਉੱਭਰ ਕੇ ਸਾਹਮਣੇ ਆ ਰਹੀ ਹੈ, ਉਸਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਸ਼ੋਮਣੀ ਅਕਾਲੀ ਦਲ ਦਿੱਲੀ (ਸਰਨਾ) ਅਤੇ ਜਾਗੋ (ਜਗ ਆਸਰਾ ਗੁਰੂ ਓਟ - ਜੀ.ਕੇ.) ਸਭ ਤੋਂ ਵਧ ਸਰਗਰਮ ਹਨ। ਇਹ ਤਿੰਨੇ ਜਥੇਬੰਦੀਆਂ ਆਪਣਾ ਵਿਸਤਾਰ ਕਰਨ ਦੇ ਲਈ ਰਾਜਧਾਨੀ ਦੇ ਵੱਖ-ਵੱਖ ਇਲਾਕਿਆਂ ਦੇ ਸਿੱਖਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਆਪਣੇ ਨਾਲ ਜੋੜਨ ’ਚ ਜੁੱਟੀਆਂ ਹੋਈਆਂ ਹਨ। ਇਨ੍ਹਾਂ ਦੇ ਇਲਾਵਾ ਆਪ ਅਕਾਲੀ ਦਲ, ਨੈਸ਼ਨਲ ਅਕਾਲੀ ਦਲ, ਪੰਥ ਅਕਾਲੀ ਲਹਿਰ (ਭਾਈ ਰਣਜੀਤ ਸਿੰਘ ਦੀ ਅਗਵਾਈ ’ਚ) ਅਤੇ ਪੰਥਕ ਸੇਵਾ ਦਲ (ਕਰਤਾਰ ਸਿੰਘ ਕੋਛੜ) ਨੇ ਵੀ ਆਪਣੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ। ਮੰਨਿਆ ਜਾਂਦਾ ਹੈ ਕਿ ਚੋਣਾਂ ਦੇ ਨੇੜੇ ਆਉਣ ’ਤੇ ਹੋਰ ਵੀ ਛੋਟੀਆਂ ਮੋਟੀਆਂ ਪਾਰਟੀਆਂ ਵੱਡੀਆਂ ਪਾਰਟੀਆਂ ਦੇ ਨਾਲ ਸੌਦੇਬਾਜ਼ੀ ਕਰਨ ਲਈ ਸਾਹਮਣੇ ਆ ਸਕਦੀਆਂ ਹਨ?

ਗਠਜੋੜ ਦੀਆਂ ਕੋਸ਼ਿਸ਼ਾਂ : ਸੰਕੇਤ ਮਿਲੇ ਹਨ ਕਿ ਸੁਖਦੇਵ ਸਿੰਘ ਢੀਂਡਸਾ ਦਿੱਲੀ ਗੁਰਦੁਆਰਾ ਚੋਣਾਂ ’ਚ ਬਾਦਲ ਵਿਰੋਧੀ ਵੋਟਾਂ ਨੂੰ ਵੰਡਣ ਤੋਂ ਬਚਾਉਣ ਦੇ ਲਈ ਸਰਨਾ ਅਤੇ ਜੀ.ਕੇ ਦਰਮਿਆਨ ਸਮਝੌਤਾ ਕਰਵਾਉਣ ਦੇ ਜੁਗਾੜ ’ਚ ਹਨ। ਦੱਸਿਆ ਜਾਂਦਾ ਹੈ ਕਿ ਉਹ ਭਾਈ ਰਣਜੀਤ ਸਿੰਘ ਨੂੰ ਇਸ ਗਠਜੋੜ ਦਾ ਹਿੱਸਾ ਬਣਾਉਣਾ ਚਾਹੁੰਦੇ ਹਨ। ਕਿਹਾ ਜਾਂਦਾ ਹੈ ਕਿ ਜੇਕਰ ਕੋਈ ਅਜਿਹੀ ਕੋਸ਼ਿਸ਼ ਹੋਈ ਤਾਂ ਸ਼ਾਇਦ ਸ. ਸਰਨਾ ਉਸਨੂੰ ਪ੍ਰਵਾਨ ਨਾ ਕਰਨ। ਕਿਉਂਕਿ ਇਕ ਵਾਰ ਉਹ ਭਾਈ ਰਣਜੀਤ ਸਿੰਘ ਨਾਲ ਚੋਣ ਸਮਝੌਤਾ ਕਰ ਕੇ ਧੋਖਾ ਖਾ ਚੁੱਕੇ ਹਨ। ਉਸ ਸਮੇਂ ਭਾਈ ਰਣਜੀਤ ਸਿੰਘ ਨੇ ਸ. ਸਰਨਾ ਨਾਲ ਸਮਝੌਤਾ ਕਰ ਕੇ ਆਪਣੇ ਸਮਰਥਕਾਂ ਲਈ ਟਿਕਟਾਂ ਲਈਆਂ ਅਤੇ ਟਿਕਟਾਂ ਲੈਣ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਹਰਾਉਣ ਦੇ ਲਈ ਸਰਗਮਰ ਹੋ ਗਏ। ਇਥੋਂ ਤਕ ਕਿ ਚੋਣ ਨਤੀਜਿਆਂ ਦੇ ਬਾਅਦ ਉਨ੍ਹਾਂ ਨੇ ਸ. ਸਰਨਾ ਨੂੰ ਚੁਣੌਤੀ ਦੇ ਦਿੱਤੀ ਕਿ ਉਹ ਕਿਸੇ ਵੀ ਕੀਮਤ ’ਤੇ ਉਨ੍ਹਾਂ ਨੂੰ ਕਮੇਟੀ ਦਾ ਪ੍ਰਧਾਨ ਨਹੀਂ ਬਣਨ ਦੇਣਗੇ । ਇਹ ਗੱਲ ਵੱਖਰੀ ਹੈ ਕਿ ਉਹ ਆਪਣੇ ਮਕਸਦ ’ਚ ਸਫਲ ਨਾ ਹੋ ਸਕੇ।

... ਅਤੇ ਅਖੀਰ ’ਚ : ਮੰਨਿਆ ਜਾਂਦਾ ਹੈ ਕਿ ਜੇਕਰ ਸਰਕਾਰਾਂ ਅਤੇ ਸਿੱਖ ਸੰਸਥਾਵਾਂ ਆਰੰਭਕ ਸਮੇਂ ’ਚ ਨਵਬੰਰ-84 ਦੇ ਪੀੜਤਾਂ ਦੀ ਆਰਥਿਕ ਸਹਾਇਤਾ ਕਰਦੇ ਰਹਿਣ ਦੇ ਨਾਲ, ਉਨ੍ਹਾਂ ਲਈ ਵੱਖ-ਵੱਖ ਘਰੇਲੂ ਉਦਯੋਗ ਸਥਾਪਤ ਕਰ ਦਿੰਦੀਆਂ ਤਾਂ ਨਾ ਸਿਰਫ ਉਨ੍ਹਾਂ ਨੂੰ ਰੋਜ਼ਗਾਰ ਹੀ ਮਿਲਦਾ, ਸਗੋਂ ਇਸ ਨਾਲ ਉਨ੍ਹਾਂ ਨੂੰ ਜੋ ਮਿਹਨਤ ਦੀ ਕਮਾਈ ਮਿਲਦੀ ਉਸ ਨਾਲ ਉਹ ਆਪਣੇ ਆਤਮ-ਵਿਸ਼ਵਾਸ ਦੇ ਨਾਲ ਆਤਮ ਸਨਮਾਨ ਮੋੜ ਸਕਣ ’ਚ ਸਫਲ ਹੋ ਸਕਦੇ ਸਨ।


Bharat Thapa

Content Editor

Related News