ਅਧਰੰਗ ਦੇ ਸ਼ਿਕਾਰ ਲੋਕਾਂ ਲਈ ਵਰਦਾਨ ਸਾਬਿਤ ਹੋਵੇਗੀ ਨਵੀਂ ਤਕਨੀਕ

07/18/2019 11:07:02 AM

ਬਿਨਾਂ ਹੱਥ ਹਿਲਾਏ ਕਰ ਸਕਣਗੇ ਕੰਪਿਊਟਰ ਅਤੇ ਸਮਾਰਟਫੋਨ ਦੀ ਵਰਤੋਂ
ਐਲੋਨ ਮਸਕ ਨੇ ਕੀਤਾ ਬ੍ਰੇਨ ਇੰਪਲਾਂਟ ਰੋਬੋਟਿਕ ਡਿਵਾਈਸ ਦਾ ਖੁਲਾਸਾ

ਗੈਜੇਟ ਡੈਸਕ– ਮਰੀਜ਼ਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦਿੰਦਿਆਂ SpaceX ਅਤੇ Tesla ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਲੋਨ ਮਸਕ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕੀ ਨਿਊਰੋਟੈਕਨਾਲੋਜੀ ਕੰਪਨੀ Neuralink ਬ੍ਰੇਨ ਮਸ਼ੀਨ ਇੰਟਰਫੇਸਿਜ਼ ਤਿਆਰ ਕਰ ਰਹੀ ਹੈ। ਇਹ ਇਕ ਅਜਿਹਾ ਰੋਬੋਟਿਕ ਡਿਵਾਈਸ ਹੋਵੇਗਾ, ਜੋ ਅਧਰੰਗ ਦੇ ਸ਼ਿਕਾਰ ਲੋਕਾਂ ਨੂੰ ਬਿਨਾਂ ਹੱਥ ਹਿਲਾਏ ਸਮਾਰਟਫੋਨ ਅਤੇ ਕੰਪਿਊਟਰ ਦੀ ਵਰਤੋਂ ਕਰਨ ਵਿਚ ਮਦਦ ਕਰੇਗਾ।

USB ਨਾਲ ਟ੍ਰਾਂਸਮਿਟ ਹੋਵੇਗਾ ਡਾਟਾ
ਐਲੋਨ ਮਸਕ ਅਨੁਸਾਰ ਉਨ੍ਹਾਂ ਦੀ ਕੰਪਨੀ 'ਨਿਊਰਾਲਿੰਕ' ਨੇ ਇਕ ਕਸਟਮ ਚਿੱਪ ਤਿਆਰ ਕੀਤੀ ਹੈ, ਜੋ ਆਸਾਨੀ ਨਾਲ ਦਿਮਾਗ ਨੂੰ ਪੜ੍ਹਦੀ ਹੈ। ਇਹ ਇੰਪਲਾਂਟ ਰੋਬੋਟਿਕ ਡਿਵਾਈਸ ਡਾਟਾ ਸਿਰਫ ਇਕ ਵਾਇਰਡ ਕੁਨੈਕਸ਼ਨ (USB-C) ਰਾਹੀਂ ਟ੍ਰਾਂਸਮਿਟ ਕਰਦਾ ਹੈ। ਨਵੀਂ ਤਕਨੀਕ ਦੀ ਮਦਦ ਨਾਲ ਜਿੰਨੇ ਸਮੇਂ ਵਿਚ ਤੁਸੀਂ ਬੋਲ ਕੇ ਜਾਂ ਇਸ਼ਾਰੇ ਨਾਲ ਗੱਲ ਸਮਝਾਉਂਦੇ ਹੋ, ਇੰਨੇ ਹੀ ਸਮੇਂ ਵਿਚ ਗੱਲ ਕੰਪਿਊਟਰ ਰਾਹੀਂ ਸਮਝਾਈ ਜਾ ਸਕੇਗੀ।

ਚੂਹਿਆਂ 'ਤੇ ਸ਼ੁਰੂ ਹੋਈ ਪਰਖ
ਅਜੇ ਕੰਪਨੀ ਇਸ ਤਕਨੀਕ ਦੀ ਚੂਹਿਆਂ 'ਤੇ ਪਰਖ ਕਰ ਰਹੀ ਹੈ, ਜਿਸ ਤੋਂ ਬਾਅਦ ਇਸ ਨੂੰ ਰੋਬੋਟ ਸਰਜਰੀ ਰਾਹੀਂ ਮਨੁੱਖੀ ਦਿਮਾਗ ਵਿਚ ਪਾਇਆ ਜਾਵੇਗਾ। ਕੰਪਨੀ ਕੁਲ ਮਿਲਾ ਕੇ ਚਾਰ  N1 ਸੈਂਸਰ ਫਿੱਟ ਕਰੇਗੀ। ਇਕ ਡਿਵਾਈਸ ਨੂੰ ਕੰਨ ਦੇ ਪਿੱਛੇ ਲਾਇਆ ਜਾਵੇਗਾ, ਜਿਸ ਵਿਚ ਬੈਟਰੀ ਲੱਗੀ ਹੋਵੇਗੀ। ਇਸ ਡਿਵਾਈਸ ਨੂੰ ਆਈਫੋਨ ਐਪ ਰਾਹੀਂ ਕੰਟਰੋਲ ਕੀਤਾ ਜਾ ਸਕੇਗਾ।

ਵਾਲਾਂ ਨਾਲੋਂ ਵੀ ਛੋਟੀਆਂ ਤਾਰਾਂ ਦੀ ਕੀਤੀ ਗਈ ਵਰਤੋਂ
ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਡਿਵਾਈਸ ਨੂੰ ਲਚਕੀਲੇ ਪਦਾਰਥ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਨ੍ਹਾਂ ਵਿਚ ਲੱਗੀਆਂ ਧਾਗੇ ਵਰਗੀਆਂ ਤਾਰਾਂ ਦਾ ਆਕਾਰ ਮਨੁੱਖੀ ਵਾਲ ਨਾਲੋਂ ਵੀ ਛੋਟਾ ਹੈ, ਜਿਨ੍ਹਾਂ ਨੂੰ ਥ੍ਰੈੱਡਸ ਕਿਹਾ ਜਾਂਦਾ ਹੈ। ਇਸ ਨਾਲ ਯੂਜ਼ਰ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ। ਇਸ ਤੋਂ ਇਲਾਵਾ ਇਹ ਬਹੁਤ ਤੇਜ਼ੀ ਨਾਲ ਡਾਟਾ ਟ੍ਰਾਂਸਫਰ ਕਰ ਸਕਣਗੇ।

ਅਗਲੇ ਸਾਲ ਤੋਂ ਮਨੁੱਖੀ ਰੋਗੀਆਂ ਲਈ ਲਿਆਂਦੀ ਜਾਵੇਗੀ ਵਰਤੋਂ 'ਚ 
ਮਸਕ ਨੇ ਕਿਹਾ ਕਿ ਇਸ ਤਕਨੀਕ 'ਤੇ ਸਭ ਤੋਂ ਪਹਿਲਾਂ ਤਜਰਬੇ ਸਟੈਨਫੋਰਡ ਯੂਨੀਵਰਸਿਟੀ ਦੇ ਨਿਊਰੋ ਸਾਈਂਟਿਸਟ ਕਰਨਗੇ। ਸਾਨੂੰ ਆਸ ਹੈ ਕਿ ਇਸ ਨੂੰ ਅਗਲੇ ਸਾਲ ਦੇ ਅਖੀਰ ਤਕ ਮਨੁੱਖੀ ਰੋਗੀ ਲਈ ਵਰਤੋਂ ਵਿਚ ਲਿਆਂਦਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਅਜੇ ਮਨੁੱਖ 'ਤੇ ਇਸ ਨਵੀਂ ਤਕਨੀਕ ਸਬੰਧੀ ਕਿਸ ਤਰ੍ਹਾਂ ਦੇ ਨਤੀਜੇ ਆਉਣਗੇ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਮੰਨਿਆ ਜਾ ਰਿਹਾ ਹੈ ਕਿ ਅਸੀਂ AI ਭਾਵ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਦੀ ਮਦਦ ਨਾਲ ਖੋਪੜੀ ਨੂੰ ਪਾਰ ਕਰਦੇ ਹੋਏ ਦਿਮਾਗ ਤਕ ਪਹੁੰਚਾਂਗੇ ਅਤੇ  ਪੜ੍ਹ ਸਕਾਂਗੇ ਕਿ ਮਨੁੱਖ ਕੀ ਸੋਚ ਰਿਹਾ ਹੈ।