ਡਿਸਪੋਜੇਬਲ ਪੇਪਰ ਕੱਪ ’ਚ ਚਾਹ-ਕੌਫੀ ਪੀਣਾ ਖ਼ਤਰਨਾਕ

11/07/2020 9:08:08 AM

ਨਵੀਂ ਦਿੱਲੀ- ਭਾਰਤੀ ਤਕਨਾਲੌਜੀ ਸੰਸਥਾਨ (ਆਈ. ਆਈ. ਟੀ.) ਖੜਗਪੁਰ ਦੇ ਖੋਜਕਾਰਾਂ ਨੇ ਹਾਲ ’ਚ ਹੀ ਕੀਤੀ ਗਈ ਇਕ ਖੋਜ ’ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਡਿਸਪੋਜੇਬਲ ਪੇਪਰ ਕੱਪ ’ਚ ਚਾਹ ਅਤੇ ਕੌਫੀ ਪੀਣਾ ਸਿਹਤ ਲਈ ਬਹੁਤ ਹੀ ਖਤਰਨਾਕ ਹੈ ਕਿਉਂਕਿ ਪੇਪਰ ਦੇ ਅੰਦਰ ਵਰਤੀ ਸਮੱਗਰੀ ’ਚ ਸੂਖਮ-ਪਲਾਸਟਿਕ ਅਤੇ ਹੋਰ ਖਤਰਨਾਕ ਕੰਪੋਨੈਂਟਸ ਦੀ ਮੌਜੂਦਗੀ ਹੁੰਦੀ ਹੈ।

ਦੇਸ਼ ’ਚ ਪਹਿਲੀ ਵਾਰ ਆਪਣੀ ਤਰ੍ਹਾਂ ਦੀ ਖੋਜ

ਦੇਸ਼ ’ਚ ਪਹਿਲੀ ਵਾਰ ਕੀਤੀ ਗਈ ਆਪਣੀ ਤਰ੍ਹਾਂ ਦੀ ਇਸ ਖੋਜ ’ਚ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਖੋਜਕਾਰ ਅਤੇ ਐਸੋਸੀਏਟ ਪ੍ਰੋ. ਡਾ. ਸੁਧਾ ਗੋਇਲ ਅਤੇ ਵਾਤਾਵਰਣ ਇੰਜੀਨੀਅਰਿੰਗ ਅਤੇ ਪ੍ਰਬੰਧਨ ’ਚ ਅਧਿਐਨ ਕਰ ਰਹੇ ਖੋਜਕਾਰ ਵੇਦ ਪ੍ਰਕਾਸ਼ ਰੰਜਨ ਅਤੇ ਅਨੁਜਾ ਜੋਸੇਫ ਨੇ ਦੱਸਿਆ ਕਿ 15 ਮਿੰਟ ਦੇ ਅੰਦਰ ਇਹ ਸੂਖਮ ਪਲਾਸਟਿਕ ਦੀ ਪਰਤ ਗਰਮ ਪਾਣੀ ਜਾਂ ਚਾਹ ਆਦਿ ਦੀ ਪ੍ਰਤੀਕਿਰਿਆ ਨਾਲ ਪਿਘਲ ਜਾਂਦੀ ਹੈ।

ਸੂਖਮ ਪਲਾਸਟਿਕ ਕਣ ਛੱਡਣ ਦੀ ਪ੍ਰਕਿਰਿਆ ਨੂੰ ਲੱਗਦੈ 15 ਮਿੰਟ

ਪ੍ਰੋਫੈਸਰ ਸੁਧਾ ਗੋਇਲ ਨੇ ਕਿਹਾ ਕਿ ਸਾਡੇ ਅਧਿਐਨ ਮੁਤਾਬਕ ਇਕ ਪੇਪਰ ਕੱਪ ’ਚ ਰੱਖਿਆ 100 ਮਿਲੀਲੀਟਰ ਗਰਮ ਤਰਲ ਪਦਾਰਥ 25,000 ਮਾਈਕ੍ਰੋਨ-ਆਕਾਰ (10 ਮਾਈਕ੍ਰੋਨ ਤੋਂ 1000 ਮਾਈਕ੍ਰੋਨ) ਦੇ ਸੂਖਮ ਪਲਾਸਟਿਕ ਦੇ ਕਣ ਛੱਡਦਾ ਹੈ ਅਤੇ ਇਹ ਪ੍ਰਕਿਰਿਆ ਕੁਲ 15 ਮਿੰਟ ’ਚ ਪੂਰੀ ਹੋ ਜਾਂਦੀ ਹੈ। ਇਸ ਤਰ੍ਹਾਂ ਜੇਕਰ ਇਕ ਔਸਤ ਵਿਅਕਤੀ ਰੋਜ਼ਾਨਾ ਤਿੰਨ ਕੱਪ ਚਾਹ ਜਾਂ ਕੌਫੀ ਪੀਂਦਾ ਹੈ ਤਾਂ ਉਹ ਮਨੁੱਖੀ ਅੱਖਾਂ ਲਈ ਅਦ੍ਰਿਸ਼ 75,000 ਛੋਟੇ ਸੂਖਮ ਪਲਾਸਟਿਕ ਦੇ ਕਣਾਂ ਨੂੰ ਨਿਗਲਦਾ ਹੈ। ਪ੍ਰੋ. ਗੋਇਲ ਨੇ 15 ਮਿੰਟ ਦਾ ਸਮਾਂ ਤੈਅ ਕੀਤੇ ਜਾਣ ਬਾਰੇ ਦੱਸਦੇ ਹੋਏ ਇਕ ਸਰਵੇਖਣ ’ਚ ਉੱਤਰਦਾਤਾਵਾਂ ਨੇ ਦੱਸਿਆ ਕਿ ਚਾਹ ਜਾਂ ਕੌਫੀ ਨੂੰ ਕੱਪ ’ਚ ਪਾਏ ਜਾਣ ਦੇ 15 ਮਿੰਟ ਦੇ ਅੰਦਰ ਉਨ੍ਹਾਂ ਨੇ ਇਸਨੂੰ ਪੀ ਲਿਆ ਸੀ। ਇਸੇ ਗੱਲ ਨੂੰ ਆਧਾਰ ਬਣਾਕੇ ਇਕ ਖੋਜ ਸਮਾਂ ਤੈਅ ਕੀਤਾ ਗਿਆ। ਸਰਵੇਖਣ ਦੇ ਨਤੀਜਿਆਂ ਤੋਂ ਇਲਾਵਾ, ਇਹ ਵੀ ਦੇਖਿਆ ਗਿਆ ਕਿ ਇਸ ਸਮੇਂ ਦੌਰਾਨ ਤਰਲ ਪਦਾਰਥ ਆਪਣੇ ਵਾਤਾਵਰਣ ਮੁਤਾਬਕ ਹੋ ਗਿਆ।

ਸਰੀਰ ’ਚ ਪਹੁੰਚ ਕੇ ਪਾ ਸਕਦੇ ਗੰਭੀਰ ਅਸਰ

ਸੂਖਮ ਪਲਾਸਟਿਕ ਆਇਨ ਜ਼ਹਿਰੀਲੀਆਂ ਭਾਰੀ ਧਾਤਾਂ ਜਿਵੇਂ ਪੈਲੇਡੀਅਮ, ਕ੍ਰੋਮੀਅਮ ਅਤੇ ਕੈਡਮੀਅਮ ਵਰਗੇ ਕਾਰਬਨਿਕ ਮਿਸ਼ਰਣਾਂ ਅਤੇ ਅਜਿਹੇ ਕਾਰਬਨਿਕ ਮਿਸ਼ਰਣਾਂ, ਜੋ ਕੁਦਰਤੀ ਤੌਰ ’ਤੇ ਪਾਣੀ ’ਚ ਘੁਲਣਸ਼ੀਲ ਨਹੀਂ ਹਨ ’ਚ, ਬਰਾਬਰ ਰੂਪ ਨਾਲ, ਵਾਹਕ ਦੇ ਰੂਪ ’ਚ ਕੰਮ ਕਰ ਸਕਦੇ ਹਨ। ਜਦੋਂ ਇਹ ਮਨੁੱਖੀ ਸਰੀਰ ’ਚ ਪਹੁੰਚ ਜਾਂਦੇ ਹਨ, ਤਾਂ ਸਿਹਤ ’ਤੇ ਗੰਭੀਰ ਅਸਰ ਪਾ ਸਕਦੇ ਹਨ।

Lalita Mam

This news is Content Editor Lalita Mam