ਜ਼ਿਲ੍ਹੇ ''ਚ 159 ਕਰੋੜ ਰੁਪਏ ਦੀ ਲਾਗਤ ਨਾਲ ਹੋਣਗੇ 3113 ਵਿਕਾਸ ਕਾਰਜ਼: ਸਿੰਗਲਾ

10/18/2020 12:21:33 PM

ਭਵਾਨੀਗੜ੍ਹ (ਵਿਕਾਸ): ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਰਾਜ ਭਰ 'ਚ 2774 ਕਰੋੜ ਰੁਪਏ ਦੀ ਲਾਗਤ ਵਾਲੇ 'ਸਮਾਰਟ ਪਿੰਡ ਮੁਹਿੰਮ' ਦੇ ਦੂਜੇ ਪੜਾਅ ਦੀ ਸ਼ੁਰੂਆਤ ਉਪਰੰਤ ਇੱਥੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਚੰਨੋਂ ਬਲਾਕ ਦੇ ਪਿੰਡਾਂ ਲਈ 'ਸਮਾਰਟ ਪਿੰਡ ਮੁਹਿੰਮ' ਦਾ ਆਗਾਜ਼ ਕੀਤਾ। 

ਇਸ ਮੌਕੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਸਰਕਾਰ ਵਲੋਂ ਰਾਜ ਅੰਦਰ ਸ਼ਹਿਰਾਂ ਦੀ ਤਰਜ਼ 'ਤੇ ਪਿੰਡਾਂ ਦਾ ਵਿਕਾਸ ਕਰਵਾਇਆ ਜਾਵੇਗਾ। 
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਲੋਂ 'ਸਮਾਰਟ ਪਿੰਡ ਮੁਹਿੰਮ' ਦੇ ਦੂਜੇ ਪੜਾਅ ਤਹਿਤ 159 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹੇ ਦੇ 601 ਪਿੰਡਾਂ ਵਿੱਚ ਵੱਖ-ਵੱਖ 3113 ਵਿਕਾਸ ਕਾਰਜ ਕਰਵਾਏ ਜਾਣਗੇ ਜਦੋਂ ਕਿ ਸਿਰਫ ਚੰਨੋਂ ਵਿਖੇ 30 ਲੱਖ ਦੀ ਲਾਗਤ ਨਾਲ ਵਿਕਾਸ ਕੰਮ ਕਰਵਾਏ ਜਾਣਗੇ ਤੇ ਚੰਨੋਂ ਵਿਖੇ ਬਹੁਤ ਜਲਦ ਖੇਡ ਸਟੇਡੀਅਮ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਮਾਰਟ ਵਿਲੇਜ਼ ਮੁਹਿੰਮ ਤਹਿਤ ਜ਼ਿਲ੍ਹੇ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਰਫਤਾਰ ਨੂੰ ਹੋਰ ਹੁਲਾਰਾ ਮਿਲੇਗਾ।ਪਿੰਡਾਂ 'ਚ ਪੱਕੀਆਂ ਗਲੀਆਂ-ਨਾਲੀਆਂ, ਛੱਪੜਾਂ ਦੇ ਕਾਰਜ, ਸਟਰੀਟ ਲਾਈਟਾਂ, ਪਾਰਕ, ਜਿੰਮ, ਕਮਿਊਨਿਟੀ ਹਾਲ, ਪੀਣ ਵਾਲੇ ਪਾਣੀ ਦੀ ਸਪਲਾਈ, ਮਾਡਲ ਆਂਗਣਵਾੜੀ ਸੈਂਟਰਾਂ ਦੀ ਸਥਾਪਤੀ, ਸਮਾਰਟ ਸਕੂਲਾਂ ਦੇ ਨਾਲ-ਨਾਲ ਠੋਸ ਰਹਿੰਦ-ਖੂੰਹਦ ਪ੍ਰਬੰਧਨ ਆਦਿ ਨਾਲ ਸਬੰਧਤ ਕੰਮ ਕਰਵਾਏ ਜਾਣਗੇ।

ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਲੋਂ 1 ਲੱਖ ਸਰਕਾਰੀ ਅਸਾਮੀਆਂ 'ਤੇ ਭਰਤੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ 33 ਫੀਸਦੀ ਅਸਾਮੀਆਂ ਨੌਜਵਾਨ ਕੁੜੀਆਂ ਲਈ ਰਾਖਵੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਸਬ-ਡਵੀਜ਼ਨ ਭਵਾਨੀਗੜ੍ਹ ਦੇ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਲਈ 14 ਕਰੋੜ ਰੁਪਏ ਖਰਚ ਕਰਕੇ ਪਿੰਡਾਂ ਦੀ ਨੁਹਾਰ ਬਦਲੀ ਗਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ, ਐਸ.ਐਸ.ਪੀ. ਵਿਵੇਕਸ਼ੀਲ ਸੋਨੀ, ਵਧੀਕ ਡਿਪਟੀ ਕਮਿਸ਼ਨਰ ਰਜਿੰਦਰ ਬੱਤਰਾ, ਚੇਅਰਮੈਨ ਬਲਾਕ ਸੰਮਤੀ ਭਵਾਨੀਗੜ੍ਹ ਵਰਿੰਦਰ ਪੰਨਵਾ ਸਮੇਤ ਅਰਵਿੰਦਰ ਕੌਰ ਸਰਪੰਚ ਚੰਨੋ, ਹਰਜੀਤ ਸਿੰਘ ਸਿੱਧੂ ਅਤੇ ਹੋਰ ਅਧਿਕਾਰੀ ਤੇ ਆਗੂ ਹਾਜ਼ਰ ਸਨ।


Shyna

Content Editor

Related News