ਸੇਵਾ ਕੇਂਦਰ ‘ਚ ਚੋਰਾਂ ਨੇ ਜਿੰਦਰੇ ਤੋਡ਼ ਕੇ ਕੀਤਾ ਲੱਖਾਂ ਦਾ ਸਮਾਨ ਚੋਰੀ

02/09/2021 1:50:54 PM

ਤਪਾ ਮੰਡੀ(ਸ਼ਾਮ,ਗਰਗ)-ਸਥਾਨਕ ਗੀਤਾ ਭਵਨ ਦੇ ਸਾਹਮਣੇ ਅਤੇ ਪਸ਼ੂ ਹਸਪਤਾਲ ਦੀ ਬਿਲਡਿੰਗ ‘ਚ ਬਣੇ ਸੇਵਾ ਕੇਂਦਰ ‘ਚ ਰਾਤ ਦੇ ਸਮੇਂ ਚੋਰਾਂ ਨੇ ਜਿੰਦਰੇ ਦੀ ਭੰਨ੍ਹ-ਤੋੜ ਕਰਕੇ ਅੰਦਰ ਪਈਆਂ ਚਾਰ ਐੱਲ.ਈ.ਡੀ, ਆਧਾਰ ਮਸ਼ੀਨ, ਵੈਬ ਕੈਮਰਾ, ਨਗਦੀ ਅਤੇ ਜ਼ਰੂਰੀ ਕਾਗਜਾਤ ਚੋਰੀ ਕਰਨ ਦੀ ਜਾਣਕਾਰੀ ਮਿਲੀ ਹੈ, ਜਿਸ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇੰਚਾਰਜ ਰਮਨ ਸੇਠੀ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ 5 ਵਜੇ ਦੇ ਕਰੀਬ ਕੇਂਦਰ ਨੂੰ ਬੰਦ ਕਰਕੇ ਚਲੇ ਜਾਂਦੇ ਹਨ। ਜਦ ਸਵੇਰ ਸਮੇਂ ਸਫਾਈ ਕਰਮਚਾਰੀ ਰਾਮ ਸਿੰਘ ਚਾਬੀ ਲੈ ਕੇ ਗਿਆ ਤਾਂ ਜਿੰਦਰਾ ਟੁੱਟਾ ਦੇਖ ਕੇ ਵਾਪਸ ਆ ਕੇ ਦੱਸਿਆ ਕਿ ਕੇਂਦਰ ਦਾ ਜਿੰਦਰਾ ਟੁੱਟਿਆਂ ਪਿਆ, ਜਦ ਉਹ ਸਫਾਈ ਕਰਮਚਾਰੀ ਸਣੇ 1-2 ਜਣਿਆਂ ਨੂੰ ਨਾਲ ਲਿਜਾ ਕੇ ਦੇਖਿਆ ਤਾਂ ਕਾਊਟਰ ਤੋਂ 4 ਐਲ.ਈ.ਡੀ, ਆਧਾਰ ਮਸ਼ੀਨ ਸੈੱਟ, ਵੈਬ ਮਸ਼ੀਨ, ਕੈਸ਼ ਬਾਕਸ ‘ਚੋਂ ਕੁਝ ਨਗਦੀ ਅਤੇ ਜ਼ਰੂਰੀ ਕਾਗਜਾਤ ਚੋਰੀ ਕਰਕੇ ਲੈ ਗਏ, ਜਿਨ੍ਹਾਂ ਦੀ ਕੀਮਤ 2 ਲੱਖ ਰੁਪਏ ਦੇ ਕਰੀਬ ਬਣਦੀ ਹੈ, ਚੋਰ ਚੋਰੀ ਕਰਕੇ ਲੈ ਗਏ। ਚੋਰਾਂ ਨੇ ਇਸ ਘਟਨਾ ਨੂੰ ਮੋਮਬਤੀ ਨਾਲ ਅੰਜ਼ਾਮ ਦਿੱਤਾ।

PunjabKesari

ਚੋਰਾਂ ਨੇ ਪਹਿਲਾਂ ਇਕ ਵਿਡੋ ਦੇ ਸ਼ੀਸ਼ੇ ਦੀ ਭੰਨ੍ਹਤੋੜ ਕਰਕੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ ਕੀਤੀ ਗਈ ਜੋ ਨਾਕਾਮ ਰਹੀ। ਉਸ ਤੋਂ ਬਾਅਦ ਚੋਰਾਂ ਨੇ ਜਿੰਦਰਾ ਕੱਟਰ ਨਾਲ ਵੱਢ ਕੇ ਅੰਦਰ ਦਾਖ਼ਲ ਹੋਏ। ਚੋਰ ਜਾਂਦੇ ਸਮੇਂ ਲੋਹੇ ਦੀ ਸਬਲ ਉਥੇ ਹੀ ਛੱਡ ਗਏ। ਇਸ ਘਟਨਾ ਸੰਬੰਧੀ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ, ਸਹਾਇਕ ਥਾਣੇਦਾਰ ਜਸਵੀਰ ਸਿੰਘ ਦੀ ਅਗਵਾਈ ‘ਚ ਪੁੱਜੀ ਪੁਲਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਟੁੱਟਾ ਜਿੰਦਰਾ ਬਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇੰਚਾਰਜ਼ ਰਮਨ ਸੇਠੀ ਅਨੁਸਾਰ ਚੋਰੀ ਸਬੰਧੀ ਕੰਪਨੀ ਦੇ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਹੈ, ਇਨ੍ਹਾਂ ਅਧਿਕਾਰੀਆਂ ਦੀ ਆਗਿਆ ਮਿਲਣ ਤੇ ਸੇਵਾ-ਕੇਂਦਰ ‘ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਖੰਘਾਲੇ ਜਾਣਗੇ ਕਿਉਂਕਿ ਚੋਰਾਂ ਨੇ ਇਨ੍ਹਾਂ ਕੈਮਰਿਆਂ ਦੀ ਬਿਲਕੁਲ ਵੀ ਛੇੜਛਾੜ ਨਹੀਂ ਕੀਤੀ। ਸੰਘਣੀ ਆਬਾਦੀ ‘ਚ ਹੋਈ ਚੋਰੀ ਨਾਲ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਨੇ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੀ ਰੱਖਿਆ ਲਈ ਬੰਦ ਕੀਤੀ ਪੁਲਸ ਚੌਂਕੀ ਨੂੰ ਬਹਾਲ ਕੀਤਾ ਜਾਵੇ।
                         


Aarti dhillon

Content Editor

Related News