ਪੜ੍ਹ ਕੇ ਆ ਰਹੀ ਕੁੜੀ ਅਤੇ ਸਕਿਊਰਿਟੀ ਗਾਰਡ ਤੋਂ ਮੋਟਰਸਾਇਕਲ ਸਵਾਰ ਲੁਟੇਰੇ ਮੋਬਾਇਲ ਖੋਹ ਕੇ ਫ਼ਰਾਰ

01/27/2021 10:43:16 AM

ਤਪਾ ਮੰਡੀ (ਸ਼ਾਮ,ਗਰਗ): ਸਥਾਨਕ ਮੰਡੀ ’ਚ ਮੋਬਾਇਲ ਖੋਹਣ ਅਤੇ ਚੋਰੀ ਦੀਆਂ ਵਾਰਦਾਤਾਂ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਪਰ ਪੁਲਸ ਗਸ਼ਤ ਢਿੱਲੀ ਹੋਣ ਕਾਰਨ ਸਮਾਜ ਵਿਰੋਧੀ ਅਨਸਰਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਬੀਤੀ ਰਾਤ ਮੋਟਰਸਾਇਕਲ ਸਵਾਰਾਂ ਨੇ ਇੱਕ ਕੁੜੀ ਅਤੇ ਇੱਕ ਸਕਿਊਰਿਟੀ ਗਾਰਡ ਤੋਂ ਦੋ ਮੋਬਾਇਲ ਖੋਹਣ ਦੀਆਂ ਵਾਰਦਾਤਾਂ ਕਾਰਨ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੀੜਤ ਕੁੜੀ ਗੁਰਪ੍ਰੀਤ ਕੌਰ ਵਾਸੀ ਸ਼ਹਿਣਾ ਜੋ ਬਠਿੰਡਾ ਵਿਖੇ ਪੜ੍ਹਦੀ ਹੈ ਆਪਣੇ ਪਿੰਡ ਜਾਣ ਲਈ ਸ਼ਹਿਰ ’ਚ ਕੁਝ ਖ਼ਰੀਦਦਾਰੀ ਕਰਨ ਤੋਂ ਬਾਅਦ ਪੋਸਟ ਆਫਿਸ ਪਾਸ ਖੜ੍ਹੀ ਆਪਣੇ ਭਰਾ ਦਾ ਇੰਤਜਾਰ ਕਰ ਰਹੀ ਸੀ ਤਾਂ ਇਕ ਨਾ-ਮਾਲੂਮ ਨੌਜਵਾਨ ਜੋ ਉਸ ਦੇ ਕੋਲ ਖੜ੍ਹਾ ਸੀ। ਜਦ ਮੋਬਾਇਲ ਪਰਸ ’ਚ ਪਾਉਣ ਲੱਗੀ ਤਾਂ ਝਪਟ ਕੇ 50 ਗਜ ਦੂਰੀ ਤੇ ਖੜ੍ਹਾ ਮੋਟਰਸਾਇਕਲ ਸਵਾਰ ਤੇ ਬੈਠ ਕੇ ਫੁਰਰ ਹੋ ਗਿਆ ਤਾਂ ਨੇੜਲੇ ਦੁਕਾਨਦਾਰਾਂ ਨੇ ਉਨ੍ਹਾਂ ਮੋਟਰਸਾਇਕਲ ਸਵਾਰਾਂ ਦਾ ਪਿੱਛਾ ਵੀ ਕੀਤਾ ਪਰ ਪੱਖੋ ਕਲਾਂ ਵੱਲ ਮੋਟਰਸਾਇਕਲ ਸਣੇ ਫਰਾਰ ਹੋ ਗਏ।

ਪੁਲਸ ਨੂੰ ਸੂਚਨਾ ਮਿਲਣ ਤੇ ਸਹਾਇਕ ਥਾਣੇਦਾਰ ਨਿਰਮਲਜੀਤ ਸਿੰਘ, ਸਹਾਇਕ ਥਾਣੇਦਾਰ ਗੁਰਦੀਪ ਸਿੰਘ ਦੀ ਅਗਵਾਈ ’ਚ ਪੁੱਜੀ ਪੁਲਸ ਪਾਰਟੀ ਨੇ ਵੀ ਮੋਟਰਸਾਇਕਲ ਸਵਾਰ ਲੁਟੇਰਿਆਂ ਦਾ ਪਿੱਛਾ ਕੀਤਾ ਪਰ ਆਲੋਪ ਹੋ ਗਏ। ਇਸੇ ਤਰ੍ਹਾਂ ਮੋਟਰਸਾਇਕਲ ਸਵਾਰ ਤਿੰਨ ਲੁਟੇਰਿਆਂ ਨੇ ਰੇਲਵੇ ਪਲੇਟੀ ਤੋਂ ਇੱਕ ਸਰਿਊਰਿਟੀ ਗਾਰਡ ਗੋਪਾਲ ਰਾਮ ਜਦ ਭਰੀ ਖੜ੍ਹੀ ਸਪੈਸ਼ਲ ਗੱਡੀ ਦੀ ਚੈਕਿੰਗ ਕਰ ਰਿਹਾ ਸੀ ਤਾਂ ਉਸ ਨੂੰ ਧੱਕਾ ਦੇ ਕੇ ਉਸ ਦੇ ਹੱਥ ’ਚ ਫੜਿ੍ਹਆ ਮੋਬਾਇਲ ਖੋਹ ਕੇ ਫਰਾਰ ਹੋ ਗਏ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅੱਧੀ ਦਰਜਨ ਤੋਂ ਵੱਧ ਮੋਬਾਇਲ ਖੋਹਣ ਦੀਆਂ ਘਟਨਾਵਾਂ, ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਪਰ ਪੁਲਸ ਲੱਬਣ ’ਚ ਨਾਕਾਮ ਰਹੀ ਹੈ। ਸ਼ਹਿਰ ਦੇ ਲੋਕਾਂ ਦੀ ਪੁਲਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਬੰਦ ਪੁਲਸ ਚੌਂਕੀ ਨੂੰ ਬਹਾਲ ਕੀਤਾ ਜਾਵੇ।

Shyna

This news is Content Editor Shyna