ਪਸ਼ੂ ਪਾਲਕਾਂ ਲਈ ਜਾਗਰੂਕਤਾ ਸੈਮੀਨਾਰ
Saturday, Dec 01, 2018 - 04:39 PM (IST)

ਸੰਗਰੂਰ (ਜ਼ਹੂਰ)- ਮੈਗਾਸਾਸੇ, ਪਦਮ ਸ਼੍ਰੀ ਤੇ ਪਦਮ ਵਿਭੂਸ਼ਨ ਵਰਗੇ ਅਨੇਕਾਂ ਵਕਾਰੀ ਸਨਮਾਨਾਂ ਨਾਲ ਸਨਮਾਨੇ ਜਾ ਕੇ ਚੁੱਕੇ ਮਿਲਕ ਮੈਨ ਆਫ ਇੰਡੀਆ ਡਾ.ਵਰਗੀਜ਼ ਕੁਰੀਅਨ ਦੀ ਯਾਦ ਵਿਚ ਮਨਾਏ ਗਏ ਰਾਸ਼ਟਰੀ ਦੁੱਧ ਦਿਵਸ ਮੌਕੇ ਅੱਜ ਤਹਿਸੀਲ ਮਾਲੇਰਕੋਟਲਾ ਅਧੀਨ ਸਿਵਲ ਪਸ਼ੂ ਹਸਪਤਾਲ ਸੰਗਾਲਾ ਵਿਖੇ ਪਸ਼ੂ ਪਾਲਣ ਵਿਭਾਗ ਸੰਗਰੂਰ ਵੱਲੋਂ ਪਸ਼ੂ ਪਾਲਕਾਂ ਨੂੰ ਮਿਆਰੀ ਤੇ ਸ਼ੁੱਧ ਦੁੱਧ ਉਤਪਾਦਨ ਲਈ ਜਾਗਰੂਕ ਕਰਨ ਵਾਸਤੇ ਇਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਵੈਟਰਨਰੀ ਅਫਸਰ ਸੰਗਾਲਾ ਦੇ ਪ੍ਰਬੰਧਾਂ ਹੇਠ ਕਰਵਾਏ ਗਏ ਉਕਤ ਸੈਮੀਨਾਰ ’ਚ ਡਾ. ਕੇ. ਜੀ. ਗੋਇਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸੰਗਰੂਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦਕਿ ਸੈਮੀਨਾਰ ਦੀ ਪ੍ਰਧਾਨਗੀ ਡਾ. ਮੁਹੰਮਦ ਇਕਬਾਲ ਸੀਨੀਅਰ ਵੈਟਰਨਰੀ ਅਫਸਰ ਮਾਲੇਰਕੋਟਲਾ ਨੇ ਕੀਤੀ। ਐੱਸ. ਵੀ. ਓ. ਮਾਲੇਰਕੋਟਲਾ ਡਾ. ਮੁਹੰਮਦ ਇਕਬਾਲ ਨੇ ਬਨਾਉਟੀ ਦੁੱਧ ਦੀ ਪਰਖ ਬਾਰੇ ਵੀ ਜਾਣਕਾਰੀ ਦਿੱਤੀ। ਦਲਜੀਤ ਸਿੰਘ ਵੈਟਰਨਰੀ ਇੰਸਪੈਕਟਰ ਹਥਨ ਵੱਲੋਂ ਕੀਤੇ ਮੰਚ ਸੰਚਾਲਨ ਦੌਰਾਨ ਡਾ. ਟੀ. ਪੀ. ਸਿੰਘ ਵੈਟਰਨਰੀ ਅਫਸਰ ਕੁੱਪ ਖੁਰਦ ਪਸ਼ੂਆਂ ਦੀਆਂ ਛੂਤੀ ਬੀਮਾਰੀਆਂ ਤੇ ਉਨ੍ਹਾਂ ਦੇ ਬਚਾਅ, ਡਾ. ਭੁਪਿੰਦਰ ਸਿੰਘ ਮੁੱਖ ਪ੍ਰਬੰਧਕ ਨੇ ਪ੍ਰੋਜਨੀ ਟੈਸਟਿੰਗ ਸਕੀਮ, ਡਾ. ਪਰਦੀਪ ਸਿੰਘ ਚੌਂਦਾ ਨੇ ਸ਼ੁੱਧ ਦੁੱਧ ਉਤਪਾਦਨ ਅਤੇ ਡਾ.ਅੰਮ੍ਰਿਤ ਸਿੰਘ ਹਥਨ ਨੇ ਪਸ਼ੂਆਂ ਅੰਦਰ ਛੂਤ ਦੀਆਂ ਬੀਮਾਰੀਆਂ ਟੀਕਾਕਰਨ ਆਦਿ ਬਾਰੇ ਵਿਸਥਾਰ ਸਹਿਤ ਜਾਣੂ ਕਰਵਾਇਆ। ਇਸ ਮੌਕੇ ਵਿਭਾਗ ਵੱਲੋਂ ਗੁਰਿੰਦਰ ਸਿੰਘ ਵੈਟਰਨਰੀ ਇੰਸਪੈਕਟਰ ਮੀਮਸਾ ਅਤੇ ਸਵਰਾਜ ਸਿੰਘ ਵੈਟਰਨਰੀ ਫਾਰਮਾਸਿਸਟ ਗੁਆਰਾ ਵੀ ਮੌਜੂਦ ਸਨ।