ਪਾਣੀ ਦੀ ਨਿਕਾਸੀ ਤੇ ਸਾਫ-ਸਫਾਈ ਨਾ ਹੋਣ ਕਾਰਨ ਨਗਰ ਕੌਂਸਲ ਵਿਰੁੱਧ ਕੀਤਾ ਰੋਸ ਪ੍ਰਗਟ

11/15/2018 1:15:46 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਇਕ ਪਾਸੇ ਤਾਂ ਸਰਕਾਰ ਸਵੱਛ ਭਾਰਤ ਮੁਹਿੰਮ ਤਹਿਤ ਵੱਡੇ-ਵੱਡੇ ਦਾਅਵੇ ਕਰ ਰਹੀ ਹੈ। ਦੂਜੇ ਪਾਸੇ ਸ਼ਹਿਰ ਬਰਨਾਲਾ ਅੰਦਰ ਸਫਾਈ ਪ੍ਰਬੰਧਾਂ ਦੀ ਹਾਲਤ ਦਿਨ-ਪ੍ਰਤੀਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਸ ਦੀ ਤਾਜ਼ਾ ਉਦਾਹਰਣ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਸਥਾਨਕ ਗਾਂਧੀ ਨਗਰ ਵਾਰਡ ਨੰਬਰ 3 ਦੇ ਵਾਸੀਆਂ ਵਲੋਂ ਵਾਰਡ ’ਚ ਪਾਣੀ ਦੀ ਨਿਕਾਸੀ ਅਤੇ ਸਾਫ-ਸਫਾਈ ਨਾ ਹੋਣ ਕਾਰਨ ਨਗਰ ਕੌਂਸਲ ਵਿਰੁੱਧ ਰੋਸ ਪ੍ਰਗਟ ਕੀਤਾ ਗਿਅਾ। ਜਾਣਕਾਰੀ ਦਿੰਦਿਆਂ ਵਾਰਡ ਵਾਸੀ ਸੁਖਵਿੰਦਰ ਸਿੰਘ, ਬਿੱਲੂ ਸਿੰਘ, ਜਰਨੈਲ ਕੌਰ, ਦਰਸੋ ਕੌਰ, ਸੁਰਜੀਤ ਕੌਰ, ਪਰਮਜੀਤ ਕੌਰ, ਨਿੰਮੋ ਦੇਵੀ, ਰਾਜ ਕੌਰ, ਪਾਲ ਕੌਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਵਾਰਡ ’ਚ ਪਾਣੀ ਦੀ ਨਿਕਾਸੀ ਦਾ ਬਹੁਤ ਬੁਰਾ ਹਾਲ ਹੈ ਅਤੇ ਸਾਫ-ਸਫਾਈ ਵੱਲ ਵੀ ਸਬੰਧਤ ਕਰਮਚਾਰੀਆਂ ਦਾ ਕੋਈ ਧਿਆਨ ਨਹੀਂ। ਗਾਂਧੀ ਬਸਤੀ ਨਜ਼ਦੀਕ ਸਥਿਤ ਰੇਲਵੇ ਫਾਟਕਾਂ ’ਤੇ ਵੀ ਨਗਰ ਕੌਂਸਲ ਵੱਲੋਂ ਵੱਡੇ-ਵੱਡੇ ਕੂਡ਼ੇ ਦੇ ਢੇਰ ਲਾਏ ਜਾਂਦੇ ਹਨ, ਜਿਨ੍ਹਾਂ ਨੂੰ ਅੱਜ ਤੱਕ ਇਕ ਵਾਰ ਉਥੋਂ ਨਹੀਂ ਚੁੱਕਿਆ ਗਿਆ। ਉਕਤ ਵਾਰਡ ’ਚ ਸਾਫ-ਸਫਾਈ, ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਚਾਰੇ ਪਾਸੇ ਗੰਦਗੀ ਫੈਲੀ ਹੋਈ ਹੈ, ਜਿਸ ਕਾਰਨ ਮੁਹੱਲੇ ਦੇ ਕਈ ਪਰਿਵਾਰ ਡੇਂਗੂ ਦੀ ਲਪੇਟ ’ਚ ਆ ਗਏ ਹਨ ਪਰ ਜ਼ਿਲਾ ਪ੍ਰਸ਼ਾਸਨ ਵੱਲੋਂ ਉਥੇ ਅੱਜ ਤੱਕ ਇਕ ਵਾਰ ਵੀ ਫੌਗਿੰਗ ਮਸ਼ੀਨ ਰਾਹੀਂ ਸਪਰੇਅ ਵਗੈਰਾ ਨਹੀਂ ਕਰਵਾਈ ਗਈ। ਮੁਹੱਲੇ ਦੀਆਂ ਅੌਰਤਾਂ ਨੇ ਕਿਹਾ ਕਿ ਗਲੀਆਂ ’ਚ ਖਡ਼੍ਹੇ ਗੰਦੇ ਪਾਣੀ ਨੂੰ ਕੱਢਣ ਲਈ ਉਨ੍ਹਾਂ ਨੂੰ ਆਪ ਕਹੀਆਂ ਲੈ ਕੇ ਸਫਾਈ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ।

ਜ਼ਿਕਰਯੋਗ ਹੈ ਕਿ ਉਕਤ ਮੁਹੱਲੇ ’ਚ ਇਕ ਆਂਗਣਵਾਡ਼ੀ ਸਕੂਲ ਅਤੇ ਇਕ ਪ੍ਰਾਇਮਰੀ ਸਕੂਲ ਹੈ, ਜਿਥੇ ਕਾਫੀ ਗਿਣਤੀ ’ਚ ਬੱਚੇ ਪਡ਼੍ਹਨ ਲਈ ਜਾਂਦੇ ਹਨ ਪਰ ਗਲੀ ’ਚ ਨਾਲੀਆਂ ਦਾ ਗੰਦਾ ਪਾਣੀ ਖਡ਼੍ਹਨ ਕਾਰਨ ਸਕੂਲੀ ਬੱਚਿਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਦੋਂ ਇਸ ਸਬੰਧੀ ਵਾਰਡ ਨੰਬਰ 3 ਦੇ ਐੱਮ. ਸੀ. ਗੁਰਦੀਪ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਮੱਸਿਆ ਸਬੰਧੀ ਕਈ ਵਾਰ ਨਗਰ ਕੌਂਸਲ ਦੇ ਪ੍ਰਧਾਨ, ਈ.ਓ., ਸੈਕਟਰੀ ਅਤੇ ਇੰਸਪੈਕਟਰ ਨੂੰ ਜਾਣੂ ਕਰਵਾ ਚੁੱਕੇ ਹਨ ਪਰ ਇਸ ਸਮੱਸਿਆ ਦਾ ਕੋਈ ਵੀ ਠੋਸ ਹੱਲ ਨਹੀਂ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਇਸ ਸਮੱਸਿਆ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਉਹ ਰਾਏਕੋਟ ਰੋਡ ਮੁੱਖ ਮਾਰਗ ਜਾਮ ਕਰ ਕੇ ਧਰਨਾ ਲਾਉਣ ਲਈ ਮਜਬੂਰ ਹੋਣਗੇ।