ਮੰਡੀਅਾਂ ’ਚ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ : ਡਿਪਟੀ ਕਮਿਸ਼ਨਰ

11/14/2018 4:46:09 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਸਾਉਣੀ ਦੇ ਚਾਲੂ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ’ਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਅਤੇ ਮੰਡੀਆਂ ’ਚ ਸਹੂਲਤਾਂ ਦੀ ਕਮੀ-ਪੇਸ਼ੀ ਨਾਲ ਜੂਝਣਾ ਨਾ ਪਵੇ, ਇਸ ਮਕਸਦ ਲਈ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਧਰਮ ਪਾਲ ਗੁਪਤਾ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਸਮੇਤ ਜ਼ਿਲੇ ਦੀਆਂ ਮੰਡੀਆਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਐੱਸ. ਡੀ. ਐੱਮ. ਸੰਦੀਪ ਕੁਮਾਰ, ਜ਼ਿਲਾ ਖੁਰਾਕ ਸਪਲਾਈ ਕੰਟਰੋਲਰ ਗੀਤਾ ਬਿਸ਼ੰਬੂ, ਜ਼ਿਲਾ ਮੰਡੀ ਅਫ਼ਸਰ ਸਿਕੰਦਰ ਸਿੰਘ, ਮੰਡੀ ਬੋਰਡ ਬਰਨਾਲਾ ਦੇ ਸਕੱਤਰ ਸਮੇਤ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀ ਇਸ ਟੀਮ ਨਾਲ ਪਿੰਡ ਠੀਕਰੀਵਾਲ ਅਤੇ ਜੋਧਪੁਰ ਦੀ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਨੂੰ ਸੁੱਕੀ ਫ਼ਸਲ ਵੇਚਣ ਲਈ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸ਼੍ਰੀ ਧਰਮ ਪਾਲ ਗੁਪਤਾ ਨੇ ਦੱਸਿਆ ਕਿ ਜ਼ਿਲੇ ਦੀਆਂ ਮੰਡੀਆਂ ’ਚ ਹੁਣ ਤੱਕ 5 ਲੱਖ 94 ਹਜ਼ਾਰ 261 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ’ਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 5 ਲੱਖ 65 ਹਜ਼ਾਰ 104 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ’ਚੋਂ 4 ਲੱਖ 35 ਹਜ਼ਾਰ 796 ਮੀਟ੍ਰਿਕ ਟਨ ਝੋਨੇ ਦੀ ਲਿਫਟਿੰਗ ਕਰਵਾਈ ਗਈ ਹੈ ਅਤੇ ਖਰੀਦੇ ਗਏ ਝੋਨੇ ਦੀ ਅਦਾਇਗੀ ਵਜੋਂ ਕਿਸਾਨਾਂ ਨੂੰ 667.05 ਕਰੋਡ਼ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਸ਼੍ਰੀ ਗੁਪਤਾ ਨੇ ਦੱਸਿਆ ਕਿ ਖਰੀਦੇ ਗਏ ਝੋਨੇ ’ਚੋਂ ਪਨਗ੍ਰੇਨ ਵੱਲੋਂ 1 ਲੱਖ 85 ਹਜ਼ਾਰ 590 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ 1 ਲੱਖ 47 ਹਜ਼ਾਰ 508 ਮੀਟ੍ਰਿਕ ਟਨ, ਪਨਸਪ ਵੱਲੋਂ 1 ਲੱਖ 38 ਹਜ਼ਾਰ 520 ਮੀਟ੍ਰਿਕ ਟਨ, ਵੇਅਰ ਹਾਊਸ ਵੱਲੋਂ 42 ਹਜ਼ਾਰ 300 ਮੀਟ੍ਰਿਕ ਟਨ, ਪੰਜਾਬ ਐਗਰੋ ਵੱਲੋਂ 50 ਹਜ਼ਾਰ 474 ਮੀਟ੍ਰਿਕ ਟਨ, ਐੱਫ. ਸੀ. ਆਈ. ਵੱਲੋਂ 154 ਮੀਟ੍ਰਿਕ ਟਨ ਤੇ ਵਪਾਰੀਆਂ ਵੱਲੋਂ 558 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਗੁਪਤਾ ਨੇ ਖਰੀਦ ਨਾਲ ਸਬੰਧਤ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲੇ ਦੀਆਂ ਦਾਣਾ ਮੰਡੀਆਂ ਦੇ ਦੌਰੇ ਕਰਕੇ ਕਿਸਾਨਾਂ ਅਤੇ ਆਡ਼੍ਹਤੀਆਂ ਤੋਂ ਖਰੀਦ ਪ੍ਰਬੰਧਾਂ ਦੀ ਜਾਣਕਾਰੀ ਲਈ ਜਾਵੇ ਅਤੇ ਜੇਕਰ ਕਿਸੇ ਮੰਡੀ ’ਚ ਖਰੀਦ, ਅਦਾਇਗੀ, ਲਿਫਟਿੰਗ ਜਾਂ ਕਿਸੇ ਹੋਰ ਬੁਨਿਆਦੀ ਸਹੂਲਤ ਸਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਉਸ ਬਾਰੇ ਪਾਰਦਰਸ਼ੀ ਰਿਪੋਰਟ ਭੇਜੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਮੰਡੀਆਂ ’ਚ ਪੂਰੀ ਤਰ੍ਹਾਂ ਸੁੱਕਿਆ ਝੋਨਾ ਹੀ ਲੈ ਕੇ ਆਉਣ ਤਾਂ ਕਿ ਉਨ੍ਹਾਂ ਨੂੰ ਨਮੀ ਦੀ ਮਿਕਦਾਰ ਜ਼ਿਆਦਾ ਹੋਣ ਕਰਕੇ ਫ਼ਸਲ ਵੇਚਣ ਲਈ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।