‘ਅਾਪ’ ਵਰਕਰਾਂ ਦੀ ਫੁੱਟ ਆਈ ਸਾਹਮਣੇ

11/09/2018 3:05:57 PM

ਸੰਗਰੂਰ (ਯਾਸੀਨ)- ਆਮ ਆਦਮੀ ਪਾਰਟੀ ਦੀ ਮਾਲੇਰਕੋਟਲਾ ’ਚ ਉਦੋਂ ਫੁੱਟ ਸਾਫ ਦਿਖਾਈ ਦਿੱਤੀ ਜਦੋਂ ਅੱਜ ਕਮਲ ਸਿਨੇਮਾ ਨੇਡ਼ੇ ਪ੍ਰੈੱਸਕਾਨਫਰੰਸ ਕਰ ਕੇ ਪਾਰਟੀ ਦੇ ਬਲਾਕ ਪ੍ਰਧਾਨ ਮੁਮਤਾਜ਼ ਅਹਿਮਦ ਨਾਗੀ, ਬਲਾਕ ਯੂਥ ਪ੍ਰਧਾਨ ਮੁਹੰਮਦ ਅਸਲਮ ਕਿਲ੍ਹਾ ਅਤੇ ਜੁਅਾਇੰਟ ਜ਼ਿਲਾ ਸਕੱਤਰ ਮੁਹੰਮਦ ਸ਼ਹਿਬਾਜ਼ ਰਾਣਾ ਨੇ ਦੋਸ਼ ਲਾਇਆ ਕਿ ਅੱਜ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸ. ਭਗਵੰਤ ਮਾਨ ਮਾਲੇਰਕੋਟਲਾ ਵਿਖੇ ਪਹੁੰਚੇ ਹੋਏ ਹਨ ਪਰ ਕੁੱਝ ਦਿਨ ਪਹਿਲਾਂ ਪਾਰਟੀ ਵੱਲੋਂ ਨਾਮਜ਼ਦ ਕੀਤੇ ਗਏ ਹਲਕਾ ਇੰਚਾਰਜ ਡਾ. ਜ਼ਮੀਲ ਉਰ ਰਹਿਮਾਨ ਵੱਲੋਂ ਉਨ੍ਹਾਂ ਨੂੰ ਕੋਈ ਸੁਨੇਹਾ ਨਹੀਂ ਲਾਇਆ ਗਿਆ।ਆਗੂਆਂ ਨੇ ਹੋਰ ਕਿਹਾ ਕਿ ਪਾਰਟੀ ਨੇ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਸਮੇਂ ਵੀ ਪਾਰਟੀ ਦੇ ਅਹੁਦੇਦਾਰਾਂ ਤੇ ਫਾਊਂਡਰ ਮੈਂਬਰਾਂ ਤੋਂ ਪੁੱਛੇ ਬਿਨਾਂ ਅਰਸ਼ਦ ਡਾਲੀ ਨੂੰ ਟਿਕਟ ਦਿੱਤੀ ਸੀ ਅਤੇ ਬੁਰੀ ਤਰ੍ਹਾਂ ਹਾਰ ਦਾ ਮੂੰਹ ਦੇਖਿਆ ਸੀ ਅਤੇ ਹੁਣ ਇਕ ਵਾਰ ਫਿਰ ਜ਼ਮੀਲ ਉਰ ਰਹਿਮਾਨ ਨੂੰ ਬਿਨਾਂ ਕਿਸੇ ਵੀ ਅਹੁਦੇਦਾਰ ਤੇ ਫਾਊਂਡਰ ਮੈਂਬਰ ਨੂੰ ਵਿਸ਼ਵਾਸ ’ਚ ਲਏ ਹਲਕਾ ਇੰਚਾਰਜ ਲਾਇਆ ਗਿਆ ਹੈ ਜੋ ਉਨ੍ਹਾਂ ਨੂੰ ਉੱਕਾ ਹੀ ਮਨਜ਼ੂਰ ਨਹੀਂ ਹੈ।

ਉਨ੍ਹਾਂ ਕਿਹਾ ਕਿ ਰਹਿਮਾਨ ਕਈ ਪਾਰਟੀਅਾਂ ਹੁਣ ਤੱਕ ਬਦਲ ਚੁੱਕੇ ਹਨ ਅਤੇ ਉਨ੍ਹਾਂ ਕੋਲ ਦਰਜਨ ਦੇ ਕਰੀਬ ਲੋਕਾਂ ਦਾ ਇਕ ਟੋਲਾ ਹੈ, ਜਿਸ ਨੂੰ ਉਹ ਹਰ ਪਾਰਟੀ ’ਚ ਲਿਜਾਂਦੇ ਹਨ ਅਤੇ ਆਮ ਆਦਮੀ ਪਾਰਟੀ ਦਾ ਕੋਈ ਵੀ ਅਹੁਦੇਦਾਰ ਜਾਂ ਫਾਊਂਡਰ ਮੈਂਬਰ ਉਨ੍ਹਾਂ ਦੇ ਹੱਕ ’ਚ ਨਹੀਂ ਹੈ। ਆਗੂਆਂ ਨੇ ਕਿਹਾ ਕਿ ਨਵ-ਨਿਯੁਕਤ ਹਲਕਾ ਇੰਚਾਰਜ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਇਕ 62 ਮੈਂਬਰੀ ਕੋਰ ਕਮੇਟੀ ਗਠਿਤ ਕੀਤੀ ਸੀ, ਜਿਸ ’ਚ ਉਨ੍ਹਾਂ ’ਚੋਂ ਕਿਸੇ ਨੂੰ ਵੀ ਨਹੀਂ ਲਿਆ ਗਿਆ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਅਤੇ ਮੈਂਬਰ ਪਾਰਲੀਮੈਂਟ ਨੇ ਉਨ੍ਹਾਂ ਦੇ ਰੋਸ ਵੱਲ ਧਿਆਨ ਨਾ ਦਿੱਤਾ ਤਾਂ ਉਨ੍ਹਾਂ ਨੂੰ ਜਲਦ ਹੀ ਕੋਈ ਫੈਸਲਾ ਕਰਨਾ ਪਵੇਗਾ। ਜਦੋਂ ਇਸ ਸਬੰਧੀ ਪਾਰਟੀ ਦੇ ਹਲਕਾ ਇੰਚਾਰਜ ਜ਼ਮੀਲ ਉਰ ਰਹਿਮਾਨ ਨਾਲ ਫੋਨ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕਿਸੇ ਸਮਾਜ ਸੇਵੀ ਕਲੱਬ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ’ਚ ਉਨ੍ਹਾਂ ਨੇ ਹੀ ਆਪਣੇ ਤੌਰ ’ਤੇ ਪਾਰਟੀ ਵਰਕਰਾਂ ਜਾਂ ਹੋਰ ਲੋਕਾਂ ਨੂੰ ਸੁਨੇਹੇ ਦੇਣੇ ਸਨ।